- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਰਫ਼ ਭਾਸ਼ਣ ਤੇ ਨਾਅਰੇ ਕਾਫ਼ੀ ਨਹੀਂ ਹਨ ਸਗੋਂ ਠੋਸ ਕਦਮ ਚੁੱਕਣ ਦੀ ਲੋੜ ਹੈ ਜਿਸ ਤਹਿਤ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਦੇਣੇ ਹੋਣਗੇ, ਨਸ਼ੇ ਦੀ ਲਤ ਨਾਲ ਜੂਝ ਰਹੇ ਵਿਅਕਤੀਆਂ ਨੂੰ ਅਪਰਾਧੀ ਸਮਝਣ ਦੀ ਬਜਾਏ ਇਲਾਜ ਤੇ ਸਹਿਯੋਗ ਦੇਣਾ ਹੋਵੇਗਾ, ਨਸ਼ਾ ਤਸਕਰੀ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੇ ਨਿਰਪੱਖ ਕਾਰਵਾਈ ਹੋਣੀ ਚਾਹੀਦੀ ਹੈ।

ਸਮਾਜ ’ਚ ਜਦੋਂ ਕੋਈ ਵਿਅਕਤੀ ਲੋਕਾਂ ਦੇ ਹੱਕਾਂ, ਨੌਜਵਾਨਾਂ ਦੇ ਭਵਿੱਖ ਤੇ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਹੈ ਤਾਂ ਲੋਕ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕਰਦੇ ਹਨ, ਉਸ ਦੇ ਹੱਕ ’ਚ ਨਾਅਰੇ ਲਗਾਏ ਜਾਂਦੇ ਹਨ, ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤੇ ਉਸ ਨੂੰ ਆਪਣਾ ਹੀਰੋ ਮੰਨਿਆ ਜਾਂਦਾ ਹੈ ਪਰ ਇਕ ਸਵਾਲ ਸਾਡੇ ਸਾਹਮਣੇ ਖੜ੍ਹਾ ਹੁੰਦਾ ਹੈ ਕਿ ਕੀ ਸਿਰਫ਼ ਕਿਸੇ ਵਿਅਕਤੀ ਦਾ ਗੁਣਗਾਨ ਕਰਨ ਨਾਲ ਸਮਾਜ ਦੇ ਹਾਲਾਤ ਬਦਲ ਸਕਦੇ ਹਨ। ਪਰਮਿੰਦਰ ਸਿੰਘ ਝੋਟਾ ਦਾ ਨਾਂ ਵੀ ਅੱਜ ਸਮਾਜਿਕ ਚਰਚਾ ਦਾ ਵਿਸ਼ਾ ਹੈ ਤੇ ਉਨ੍ਹਾਂ ਨਾਲ ਜੁੜੀ ਹਰ ਗੱਲ ਨੂੰ ਸਿਰਫ਼ ਇਕ ਵਿਅਕਤੀ ਦੀ ਲੜਾਈ ਸਮਝਣ ਦੀ ਬਜਾਏ ਸਾਨੂੰ ਇਸ ਦੇ ਪਿੱਛੇ ਛੁਪੇ ਵੱਡੇ ਸਮਾਜਿਕ ਸਵਾਲਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਨਸ਼ਿਆਂ ਦਾ ਫੈਲਾਅ, ਨੌਜਵਾਨਾਂ ਦਾ ਭਵਿੱਖ, ਪ੍ਰਸ਼ਾਸਨ ਦੀ ਜਵਾਬਦੇਹੀ ਤੇ ਸਮਾਜ ਦੀ ਚੁੱਪ ਵਰਗੇ ਮੁੱਦੇ ਕਿਸੇ ਇਕ ਵਿਅਕਤੀ ਦੇ ਯਤਨਾਂ ਨਾਲ ਹੱਲ ਨਹੀਂ ਹੋ ਸਕਦੇ ਤੇ ਇਸ ਲਈ ਇਹ ਲੜਾਈ ਸਿਰਫ਼ ਕਿਸੇ ਇਕ ਦੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਜ਼ਿੰਮੇਵਾਰੀ ਹੈ। ਸਾਡੇ ਸਮਾਜ ਦੀ ਇਕ ਵੱਡੀ ਕਮਜ਼ੋਰੀ ਇਹ ਹੈ ਕਿ ਅਸੀਂ ਕਿਸੇ ਵਿਅਕਤੀ ਦੇ ਸੰਘਰਸ਼ ਦੀ ਪ੍ਰਸ਼ੰਸਾ ਤਾਂ ਬਹੁਤ ਕਰਦੇ ਹਾਂ ਪਰ ਉਸ ਦੇ ਮਕਸਦ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਅੱਗੇ ਨਹੀਂ ਆਉਂਦੇ, ਜਿਵੇਂ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਵਿਰੁੱਧ ਆਵਾਜ਼ ਉਠਾਉਂਦਾ ਹੈ ਤਾਂ ਸਾਡੀ ਜ਼ਿੰਮੇਵਾਰੀ ਸਿਰਫ਼ ਉਸ ਦੀ ਵੀਡੀਓ ਸਾਂਝੀ ਕਰਨਾ ਨਹੀਂ ਸਗੋਂ ਆਪਣੇ ਆਲੇ-ਦੁਆਲੇ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨਾ ਵੀ ਹੈ ਤਾਂ ਜੋ ਅਸੀਂ ਸੱਚਮੁੱਚ ਪੰਜਾਬ ਦੀ ਜਵਾਨੀ ਨੂੰ ਬਚਾ ਸਕੀਏ ਤੇ ਆਪਣੇ ਘਰਾਂ, ਪਿੰਡਾਂ, ਮੁਹੱਲਿਆਂ ਤੇ ਵਿਦਿਅਕ ਸੰਸਥਾਵਾਂ ਤੋਂ ਇਸ ਦੀ ਸ਼ੁਰੂਆਤ ਕਰ ਸਕੀਏ। ਜਦੋਂ ਸਾਡੇ ਆਲੇ-ਦੁਆਲੇ ਕੋਈ ਨੌਜਵਾਨ ਨਸ਼ਿਆਂ ਵੱਲ ਵਧਦਾ ਹੈ, ਕਿਸੇ ਪਰਿਵਾਰ ਦਾ ਘਰ ਉੱਜੜਦਾ ਹੈ ਜਾਂ ਕਿਸੇ ਗਲੀ-ਮੁਹੱਲੇ ’ਚ ਗ਼ਲਤ ਗਤੀਵਿਧੀਆਂ ਵਧਦੀਆਂ ਹਨ ਤਾਂ ਅਕਸਰ ਲੋਕ ਇਹ ਕਹਿ ਕੇ ਪਾਸਾ ਵੱਟ ਲੈਂਦੇ ਹਨ ਕਿ ਅਸੀਂ ਕੀ ਲੈਣਾ-ਦੇਣਾ ਹੈ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਮਾਜਿਕ ਬੁਰਾਈਆਂ ਕਦੇ ਵੀ ਕਿਸੇ ਇਕ ਘਰ ਤੱਕ ਸੀਮਤ ਨਹੀਂ ਰਹਿੰਦੀਆਂ ਕਿਉਂਕਿ ਅੱਜ ਕਿਸੇ ਹੋਰ ਦਾ ਬੱਚਾ ਇਸ ਦੀ ਲਪੇਟ ’ਚ ਹੈ ਤੇ ਕੱਲ੍ਹ ਇਹ ਸਮੱਸਿਆ ਸਾਡੇ ਘਰ ਤੱਕ ਵੀ ਪਹੁੰਚ ਸਕਦੀ ਹੈ, ਜਿਸ ਕਰ ਕੇ ਸਮਾਜ ਦੇ ਲੋਕਾਂ, ਪੰਚਾਇਤਾਂ, ਨੌਜਵਾਨ ਕਲੱਬਾਂ, ਧਾਰਮਿਕ ਸੰਸਥਾਵਾਂ, ਅਧਿਆਪਕਾਂ ਤੇ ਸਿਹਤ ਵਿਭਾਗ ਨੂੰ ਮਿਲ ਕੇ ਸਾਂਝੇ ਯਤਨ ਕਰਨੇ ਚਾਹੀਦੇ ਹਨ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਿਰਫ਼ ਭਾਸ਼ਣ ਤੇ ਨਾਅਰੇ ਕਾਫ਼ੀ ਨਹੀਂ ਹਨ ਸਗੋਂ ਠੋਸ ਕਦਮ ਚੁੱਕਣ ਦੀ ਲੋੜ ਹੈ ਜਿਸ ਤਹਿਤ ਨੌਜਵਾਨਾਂ ਨੂੰ ਖੇਡਾਂ, ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਦੇਣੇ ਹੋਣਗੇ, ਨਸ਼ੇ ਦੀ ਲਤ ਨਾਲ ਜੂਝ ਰਹੇ ਵਿਅਕਤੀਆਂ ਨੂੰ ਅਪਰਾਧੀ ਸਮਝਣ ਦੀ ਬਜਾਏ ਇਲਾਜ ਤੇ ਸਹਿਯੋਗ ਦੇਣਾ ਹੋਵੇਗਾ, ਨਸ਼ਾ ਤਸਕਰੀ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਤੇ ਨਿਰਪੱਖ ਕਾਰਵਾਈ ਹੋਣੀ ਚਾਹੀਦੀ ਹੈ, ਪਿੰਡਾਂ ਤੇ ਸ਼ਹਿਰਾਂ ’ਚ ਲੋਕਾਂ ਦੀ ਸ਼ਮੂਲੀਅਤ ਨਾਲ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ ਤੇ ਸਰਕਾਰ ਜਾਂ ਪ੍ਰਸ਼ਾਸਨ ਤੋਂ ਲਗਾਤਾਰ ਜਵਾਬਦੇਹੀ ਮੰਗਣੀ ਚਾਹੀਦੀ ਹੈ ਕਿਉਂਕਿ ਨਸ਼ੇ ਦੀ ਸਮੱਸਿਆ ਨੂੰ ਸਿਰਫ਼ ਪੁਲਿਸ ਜਾਂ ਸਰਕਾਰ ਦੀ ਜ਼ਿੰਮੇਵਾਰੀ ਸਮਝ ਕੇ ਅਸੀਂ ਆਪਣਾ ਫ਼ਰਜ਼ ਪੂਰਾ ਨਹੀਂ ਕਰ ਸਕਦੇ। ਅੱਜ ਅਸੀਂ ਕਿਸੇ ਵੀ ਵਿਅਕਤੀ ਨੂੰ ਕੁਝ ਮਿੰਟਾਂ ’ਚ ਸੋਸ਼ਲ ਮੀਡੀਆ ਦਾ ਹੀਰੋ ਬਣਾ ਸਕਦੇ ਹਾਂ ਤੇ ਉਸ ਦੀਆਂ ਤਸਵੀਰਾਂ, ਵੀਡੀਓ ਤੇ ਵਿਚਾਰ ਹਜ਼ਾਰਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਪਰ ਅਸਲ ਸਵਾਲ ਇਹ ਹੈ ਕਿ ਕੀ ਸਾਡੀ ਇਸ ਸਰਗਰਮੀ ਨਾਲ ਜ਼ਮੀਨੀ ਪੱਧਰ ’ਤੇ ਕੋਈ ਬਦਲਾਅ ਵੀ ਆ ਰਿਹਾ ਹੈ, ਇਸ ਲਈ ਜੇਕਰ ਅਸੀਂ ਕਿਸੇ ਦੇ ਵਿਚਾਰਾਂ ਨਾਲ ਸਹਿਮਤ ਹਾਂ ਤਾਂ ਸਾਨੂੰ ਉਨ੍ਹਾਂ ਚੰਗੇ ਵਿਚਾਰਾਂ ਨੂੰ ਅਮਲ ’ਚ ਲਿਆਉਣਾ ਚਾਹੀਦਾ ਹੈ, ਵਿਅਕਤੀ ਵਿਸ਼ੇਸ਼ ਦੀ ਪ੍ਰਸ਼ੰਸਾ ਕਰਨ ਦੇ ਨਾਲ-ਨਾਲ ਉਸ ਮਕਸਦ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਹੈ, ਜਿਸ ਲਈ ਉਹ ਆਵਾਜ਼ ਉਠਾ ਰਿਹਾ ਹੈ ਤੇ ਤੱਥਾਂ, ਕਾਨੂੰਨ ਤੇ ਲੋਕਤੰਤਰੀ ਮਰਿਆਦਾਵਾਂ ਨੂੰ ਮਹੱਤਵ ਦਿੰਦਿਆਂ ਕਿਸੇ ਵੀ ਸੰਘਰਸ਼ ਦੀ ਸਫ਼ਲਤਾ ਨੂੰ ਉਸ ਦੇ ਸਕਾਰਾਤਮਕ ਨਤੀਜਿਆਂ ਨਾਲ ਮਾਪਣਾ ਚਾਹੀਦਾ ਹੈ। ਪਰਮਿੰਦਰ ਸਿੰਘ ਝੋਟਾ ਹੋਣ ਜਾਂ ਸਮਾਜ ’ਚ ਬਦਲਾਅ ਲਈ ਯਤਨ ਕਰਨ ਵਾਲਾ ਕੋਈ ਹੋਰ ਵਿਅਕਤੀ, ਸਾਨੂੰ ਇਹ ਸਮਝਣਾ ਪਵੇਗਾ ਕਿ ਕੋਈ ਵੀ ਵਿਅਕਤੀ ਇਕੱਲਾ ਪੂਰੇ ਸਮਾਜ ਦੀ ਕਿਸਮਤ ਨਹੀਂ ਬਦਲ ਸਕਦਾ ਤੇ ਅਸੀਂ ਕਦੋਂ ਤੱਕ ਦੂਜਿਆਂ ਤੋਂ ਉਮੀਦ ਰੱਖਦੇ ਰਹਾਂਗੇ ਕਿ ਉਹ ਸਾਡੇ ਲਈ ਲੜਨ, ਸਾਡੇ ਹੱਕਾਂ ਦੀ ਆਵਾਜ਼ ਬਣਨ ਅਤੇ ਸਾਡੇ ਸਮਾਜ ਨੂੰ ਬਚਾਉਣ ਜਦੋਂ ਕਿ ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ। ਚੰਗੇ ਵਿਅਕਤੀਆਂ ਦਾ ਗੁਣਗਾਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਚੰਗੇ ਮਕਸਦਾਂ ਦਾ ਸਾਥ ਦੇਈਏ, ਨਸ਼ਿਆਂ ਵਿਰੁੱਧ ਸਿਰਫ਼ ਪੋਸਟਾਂ ਨਾ ਪਾਈਏ ਸਗੋਂ ਆਪਣੇ ਪਿੰਡ ਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਅਮਲੀ ਯਤਨ ਕਰੀਏ ਕਿਉਂਕਿ ਪੰਜਾਬ ਨੂੰ ਸਿਰਫ਼ ਹੀਰੋਆਂ ਦੀ ਲੋੜ ਨਹੀਂ ਸਗੋਂ ਜਾਗਰੂਕ, ਜ਼ਿੰਮੇਵਾਰ ਤੇ ਹਿੰਮਤੀ ਨਾਗਰਿਕਾਂ ਦੀ ਲੋੜ ਹੈ।
-ਚਾਨਣਦੀਪ ਸਿੰਘ ਔਲਖ, ਮਾਨਸਾ। ਸੰਪਰਕ : 9876888177