- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਭਾਰਤੀ ਲੋਕ ਸਭ ਤਰ੍ਹਾਂ ਦੇ ਮਸਲਿਆਂ ਲਈ ਗੰਭੀਰ ਹਾਂ। ਇਹ ਮਸਲੇ ਚਾਹੇ ਰਾਜਨੀਤਕ ਹੋਣ ਸਮਾਜਿਕ ਹੋਣ ਜਾਂ ਧਾਰਮਿਕ ਹੋਣ ਇਸ ਲਈ ਅਸੀਂ ਇਕੱਠੇ ਹੋ ਸੜਕਾਂ ’ਤੇ ਨਿਕਲ ਆਉਂਦੇ ਹਾਂ। ਆਪਣੇ ਆਪ ਦਾ ਵਿਖਾਵਾ ਕਰਨ , ਵੱਡੀਆਂ ਗੱਡੀਆਂ, ਉੱਚੀਆਂ ਕੋਠੀਆਂ, ਮਹਿੰਗੇ ਕੱਪੜੇ ਅਤੇ ਸਮਾਗਮਾਂ ਤੇ ਬੇਤਹਾਸ਼ਾ ਪੈਸਾ ਖ਼ਰਚ ਕਰਕੇ ਅਸੀਂ ਆਪਣੀ ਹਾਊਮੈ ਨੂੰ ਪੱਠੇ ਪਾਉਣ ਦੀ ਕੋਈ ਕਸਰ ਅਸੀਂ ਬਾਕੀ ਨਹੀਂ ਰਹਿਣ ਦੇਂਦੇ ਪਰ ਜਿੱਥੇ ਜੀਵਨ ਦਾ ਮਸਲਾ ਹੁੰਦਾ ਹੈ, ਜਿੱਥੇ ਸਾਡੀ ਜ਼ਿੰਦਗੀ ਨਾਲ ਸਿੱਧੇ ਤੌਰ ’ਤੇ ਜੀਵਨ ਨੂੰ ਪ੍ਰਭਾਵਤ ਕਰਨ ਵਾਲੇ ਸੰਕਟ ਹੁੰਦੇ ਹਨ, ਉੱਥੇ ਅਸੀਂ ਅਕਸਰ ਖਾਮੋਸ਼ ਰਹਿੰਦੇ ਹਾਂ।

ਗੁਰਚਰਨ ਸਿੰਘ ਨੂਰਪੁਰ
ਇਹਨਾਂ ਦਿਨਾਂ ਦੌਰਾਨ ਜੇਕਰ ਤੁਸੀਂ ਆਪਣੇ ਮੋਬਾਇਲ ਫੋਨ ’ਤੇ ਪੰਜਾਬ ਦੀ ਹਵਾ ਦੀ ਸ਼ੁਧਤਾ ਨੂੰ, ਜਿਸ ਨੂੰ ਅਸੀਂ ਏਅਰ ਕੁਆਲਟੀ ਇੰਡੈਕਸ ਕਹਿੰਦੇ ਹਾਂ ਚੈੱਕ ਕਰੋਗੇ ਤਾਂ ਤੁਸੀਂ ਪਾਓਗੇ ਕਿ ਪਿਛਲੇ ਦੋ ਮਹੀਨਿਆਂ ਤੋਂ ਅਸੀਂ ਰੈੱਡ ਜੋਨ ’ਚ ਰਹਿ ਰਹੇ ਹਾਂ। ਹਰ ਸਾਲ ਇਨ੍ਹਾਂ ਦਿਨਾਂ ਦੌਰਾਨ ਸਾਡੀ ਹਵਾ ਇਕ ਖਾਮੋਸ਼ ਕਾਤਲ ਬਣ ਜਾਂਦੀ ਹੈ। ਇਹ ਸਿਲਸਿਲਾ ਹਰ ਸਾਲ ਪਹਿਲਾਂ ਨਾਲੋਂ ਵੱਧ ਘਾਤਕ ਹੋ ਰਿਹਾ ਹੈ ਪਰ ਅਸੀਂ ਸਾਰੇ ਇਸ ਪ੍ਰਤੀ ਬੇਖ਼ਬਰ ਹਾਂ। ਇਸੇ ਸਾਲ ਇਕ ਖ਼ਬਰ ਨੇ ਮੇਰੇ ਜ਼ਿਹਨ ’ਚ ਪਹਿਲਾਂ ਤੋਂ ਚੱਲ ਰਹੀ ਬੇਚੈਨੀ ਨੂੰ ਕਈ ਗੁਣਾਂ ਵਧਾ ਦਿੱਤਾ। ਖ਼ਬਰ ਇਹ ਸੀ ਕਿ ਡੈਨਮਾਰਕ ਦੇ ਵਿਸ਼ਵ ਦੇ ਨੰਬਰ 3 ਖਿਡਾਰੀ ਐਡਰਸ ਅਟੋਨਸੇਨ ਨੇ ਕਿਹਾ ਕਿ ਦਿੱਲੀ ਦੇ ਇਨ੍ਹੀਂ ਦਿਨੀ ਗੰਭੀਰ ਪ੍ਰਦੂਸ਼ਣ ਕਾਰਨ ਉਹ ਬੈਡਮਿੰਟਨ ਟੂਰਨਾਮੈਂਟ ’ਚ ਹਿੱਸਾ ਲੈਣ ਨਹੀਂ ਲੈਣਗੇ। ਇਸ ਬੈਡਮਿੰਟਨ ਖਿਡਾਰੀ ਦਾ ਸਾਡੇ ਦੇਸ਼ ’ਚ ਨਾ ਆਉਣ ਦਾ ਕਾਰਨ ਪ੍ਰਦੂਸ਼ਣ ਹੋਵੇ ਜਾਂ ਕੁਝ ਹੋਰ, ਆਪਾਂ ਨੂੰ ਇਸ ਦੀ ਵਿਆਖਿਆ ਕਰਨ ਦੀ ਲੋੜ ਨਹੀਂ। ਇਕ ਗੱਲ ਪੱਕੀ ਜ਼ਰੂਰ ਹੈ ਕਿ ਦਿੱਲੀ ਸਮੇਤ ਉੱਤਰੀ ਭਾਰਤੀ ਰਾਜਾਂ ਜਿਹਨਾਂ ’ਚ ਖ਼ਾਸ ਤੌਰ ’ਤੇ ਪੰਜਾਬ ਤੇ ਹਰਿਆਣਾ ਹੁਣ ਯੂਪੀ ਤੇ ਹਿਮਾਚਲ ਪ੍ਰਦੇਸ਼ ਵੀ ਇਸ ਤੋਂ ਪਾਸੇ ਨਹੀਂ ਰਹੇ ਇਹਨਾਂ ਰਾਜਾਂ ’ਚ ਨਵੰਬਰ 2025 ਤੋਂ ਜਨਵਰੀ 26 ਤੱਕ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦ ਤੱਕ ਲਗਾਤਾਰ ਬਣਿਆ ਹੋਇਆ ਹੈ। ਏਅਰ ਕੁਆਲਟੀ ਇੰਡੈਕਸ ਜੋ ਸਾਫ ਹਵਾ ਲਈ 50 ਦੇ ਆਸ ਪਾਸ ਹੋਣਾ ਚਾਹੀਦਾ ਹੈ, ਉਹ ਜ਼ਿਆਦਾਤਰ ਇਲਾਕਿਆਂ ’ਚ 200 ਤੋਂ 550 ਤੱਕ ਹੈ। ਇਹ ਖ਼ਤਰਨਾਕ ਸਥਿਤੀ ਪਿਛਲੇ ਦੋ ਮਹੀਨਿਆਂ ਤੋਂ ਬਣੀ ਹੋਈ ਹੈ। ਹਵਾ ਦਾ ਇਹ ਪ੍ਰਦੂਸ਼ਣ ਜੀਵਨ ਲਈ ਇੰਨਾ ਖ਼ਤਰਨਾਕ ਹੈ ਕਿ ਅਸੀਂ ਸਾਰੇ ਇਨ੍ਹਾਂ ਦਿਨਾਂ ਦੌਰਾਨ 16 ਤੋਂ 20 ਸਿਗਰਟਾਂ ਜਿੰਨਾ ਧੂੰਆਂ ਆਪਣੇ ਅੰਦਰ ਖਿੱਚ ਰਹੇ ਹਾਂ। ਸੰਨ 2023 ’ਚ ਦੁਨੀਆ ਭਰ ’ਚ ਹਵਾ ਦੇ ਪ੍ਰਦੂਸ਼ਣ ਕਰਕੇ 78 ਲੱਖ ਮੌਤਾਂ ਹੋਈਆਂ। ਉੱਤਰੀ ਭਾਰਤ ਖ਼ਾਸ ਕਰ ਪੰਜਾਬ ’ਚ ਇਸ ਖ਼ਤਰਨਾਕ ਪ੍ਰਦੂਸ਼ਣ ਨਾਲ ਮੌਤਾਂ ਵੀ ਹੋ ਰਹੀਆਂ ਹਨ ਤੇ ਸਾਡੀ ਸਭ ਦੀ ਉਮਰ ਵੀ ਇਸ ਨਾਲ ਘਟ ਹੋ ਰਹੀ ਹੈ। ਇਕ ਵਿਗਿਆਨ ਖੋਜ ਅਨੁਸਾਰ ਹਵਾ ਦਾ ਪ੍ਰਦੂਸ਼ਣ ਜਦੋਂ 200 ਏਕਿਊਆਈ ਤੱਕ ਜਾਂ ਇਸ ਤੋਂ ਉਪਰ ਜਾਂਦਾ ਹੈ ਤਾਂ ਹਵਾ ’ਚ ਜੀਵਨ ਲਈ ਖ਼ਤਰਨਾਕ ਪੀਐੱਮ 2.5 ਅਤੇ ਪੀਐੱਮ 10 ਕਣਾਂ ’ਚ ਵਾਧਾ ਹੋ ਜਾਂਦਾ ਹੈ। ਇਨ੍ਹਾਂ ਸਿਰ ਦੇ ਵਾਲਾਂ ਤੋਂ 30 ਗੁਣਾਂ ਬਰੀਕ ਕਣਾਂ ਦੀ ਜਦੋਂ ਹਵਾ ਭਰਮਾਰ ਹੁੰਦੀ ਹੈ ਤਾਂ ਇਹ ਸਾਹ ਲੈਣ ਨਾਲ ਸਾਡੇ ਅੰਦਰ ਜਾਂਦੇ ਹਨ। ਇਹ ਵੱਡੀ ਪੱਧਰ ’ਤੇ ਲੋਕਾਂ ਲਈ ਹਾਰਟ ਅਟੈਕ, ਸਾਹ, ਦਮਾ, ਬਰੇਨ ਸਟਰੋਕ, ਫੈਫੜਿਆਂ ਦਾ ਕੈਂਸਰ, ਗੁਰਦਿਆਂ ਦੇ ਰੋਗ ਅਤੇ ਬਲੱਡ ਪ੍ਰੈਸ਼ਰ ਵਰਗੇ ਕਈ ਰੋਗਾਂ ਦਾ ਕਾਰਨ ਬਣਦੇ ਹਨ। ਪਲੀਤ ਹਵਾ ਦਾ ਇਹ ਪ੍ਰਕੋਪ ਸਾਡੇ ਹਰ ਇਕ ਦੀ 2.2 ਸਾਲ ਉਮਰ ਘੱਟ ਕਰ ਰਿਹਾ ਹੈ। ਹਵਾ ਦੇ ਪ੍ਰਦੂਸ਼ਣ ਦਾ ਮਾਨਸਿਕ ਬਿਮਾਰੀਆਂ ਨੂੰ ਵਧਾਉਣ ’ਚ ਵੀ ਵੱਡਾ ਹੱਥ ਹੈ। ਇਸ ਨਾਲ ਲੋਕਾਂ ਨੂੰ ਡਿਪਰੈਸ਼ਨ, ਐਂਗਜਾਇਟੀ ਤੇ ਮਾਨਸਿਕ ਤਣਾਅ ਵੱਧਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਜਿਵੇਂ ਉਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਤੇ ਉਹ ਇਸ ਸਥਿਤੀ ਤੋਂ ਡਰ ਕੇ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਜਾਂਦੇ ਹਨ। ਇਸ ਨਾਲ ਵੱਡੀ ਉਮਰ ਦੇ ਲੋਕਾਂ ’ਚ ਡੀਮੈਂਨਸ਼ੀਆ ਤੇ ਅਲਜਾਈਮਰ ਵਰਗੀਆਂ ਬਿਮਾਰੀਆਂ ਅਧਰੰਗ ਵਰਗੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋਣ ਲੱਗਦਾ ਹੈ ਤੇ ਕਈ ਤਰ੍ਹਾਂ ਦੀਆਂ ਇਨਫੈਂਕਸ਼ਨਾਂ ਦਾ ਖ਼ਤਰਾ ਵਧ ਜਾਂਦਾ ਹੈ। ਲੰਮਾਂ ਸਮਾਂ ਪ੍ਰਦੂਸ਼ਤ ਹਵਾ ’ਚ ਰਹਿਣ ਕਰ ਕੇ ਕਿਸੇ ਵੀ ਖਿੱਤੇ ’ਚ ਕੈਂਸਰ ਦੇ ਰੋਗੀਆਂ ਦੀ ਗਿਣਤੀ ਵਧਦੀ ਹੈ। ਇਹ ਬੱਚਿਆਂ ਨੂੰ ਮਾਨਸਿਕ ਤੋਰ ’ਤੇ ਕਮਜ਼ੋਰ ਕਰਨ ਤੇ ਇਨ੍ਹਾਂ ’ਚ ਸਿੱਖਣ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ। ਇਹ ਸਥਿਤੀ ਸਿਗਰਟ ਪੀਣ ਨਾਲੋਂ ਕਿਤੇ ਵੱਧ ਘਾਤਕ ਹੈ ਤੇ ਸ਼ਰਾਬ ਪੀਣ ਨਾਲੋਂ 3 ਗੁਣਾਂ ਵੱਧ ਖ਼ਤਰਨਾਕ ਹੈ। ਉੱਤਰੀ ਭਾਰਤੀ ਰਾਜਾਂ ’ਚ ਜੇਕਰ ਬਾਰਸ਼ ਹੁੰਦੀ ਤੇ ਇਸ ਮਗਰੋਂ ਹਵਾਵਾਂ ਚਲਦੀਆਂ ਤਾਂ ਹਵਾ ਦੀ ਗੁਣਵਤਾ ’ਚ ਕੁਝ ਸੁਧਾਰ ਹੋ ਸਕਦਾ ਸੀ ਪਰ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਧੀਮੀ ਮੌਤ ਦਾ ਪ੍ਰਕੋਪ ਲਗਾਤਾਰ ਬਰਕਰਾਰ ਹੈ।
ਅਸੀਂ ਭਾਰਤੀ ਲੋਕ ਸਭ ਤਰ੍ਹਾਂ ਦੇ ਮਸਲਿਆਂ ਲਈ ਗੰਭੀਰ ਹਾਂ। ਇਹ ਮਸਲੇ ਚਾਹੇ ਰਾਜਨੀਤਕ ਹੋਣ ਸਮਾਜਿਕ ਹੋਣ ਜਾਂ ਧਾਰਮਿਕ ਹੋਣ ਇਸ ਲਈ ਅਸੀਂ ਇਕੱਠੇ ਹੋ ਸੜਕਾਂ ’ਤੇ ਨਿਕਲ ਆਉਂਦੇ ਹਾਂ। ਆਪਣੇ ਆਪ ਦਾ ਵਿਖਾਵਾ ਕਰਨ , ਵੱਡੀਆਂ ਗੱਡੀਆਂ, ਉੱਚੀਆਂ ਕੋਠੀਆਂ, ਮਹਿੰਗੇ ਕੱਪੜੇ ਅਤੇ ਸਮਾਗਮਾਂ ਤੇ ਬੇਤਹਾਸ਼ਾ ਪੈਸਾ ਖ਼ਰਚ ਕਰਕੇ ਅਸੀਂ ਆਪਣੀ ਹਾਊਮੈ ਨੂੰ ਪੱਠੇ ਪਾਉਣ ਦੀ ਕੋਈ ਕਸਰ ਅਸੀਂ ਬਾਕੀ ਨਹੀਂ ਰਹਿਣ ਦੇਂਦੇ ਪਰ ਜਿੱਥੇ ਜੀਵਨ ਦਾ ਮਸਲਾ ਹੁੰਦਾ ਹੈ, ਜਿੱਥੇ ਸਾਡੀ ਜ਼ਿੰਦਗੀ ਨਾਲ ਸਿੱਧੇ ਤੌਰ ’ਤੇ ਜੀਵਨ ਨੂੰ ਪ੍ਰਭਾਵਤ ਕਰਨ ਵਾਲੇ ਸੰਕਟ ਹੁੰਦੇ ਹਨ, ਉੱਥੇ ਅਸੀਂ ਅਕਸਰ ਖਾਮੋਸ਼ ਰਹਿੰਦੇ ਹਾਂ। ਵਿਚਾਰਨ ਵਾਲੀ ਗੱਲ ਇਹ ਇਸ ਧੀਮੀ ਮੌਤ ਦੇ ਮਨੁੱਖ ਵੱਲੋਂ ਸਿਰਜੇ ਬਿਰਤਾਂਤ ’ਚ ਵੱਡੇ ਤੋਂ ਵੱਡੇ ਰਾਜਨੀਤਕ ਲੋਕਾਂ ਤੋਂ ਲੈ ਕੇ ਆਮ ਲੋਕ ਵੀ ਸਾਹ ਲੈਂਦੇ ਹਨ ਕਿ ਪਰ ਮਜਾਲ ਕੀ ਕਿ ਕਿਸੇ ਮੰਚ ’ਤੇ, ਕਿਸੇ ਚੈਨਲ ’ਤੇ ਜਾਂ ਕਿਸੇ ਸਭਾ ਇਕੱਠ ’ਚ ਇਸ ਸਬੰਧੀ ਗੰਭੀਰ ਚਰਚਾ ਹੋਈ ਹੋਵੇ। ਅਸੀਂ ਲੱਖਾਂ ਭਾਰਤੀ ਲੋਕ ਪਿਛਲੇ ਦੋ ਮਹੀਨਿਆਂ ਤੋਂ ਇਸ ਭਿਆਨਕ ਮੌਤ ਦੇ ਮਾਹੌਲ ’ਚ ਸਾਹ ਲੈ ਰਹੇ ਹਾਂ ਪਰ ਇਸ ਪ੍ਰਤੀ ਜੋ ਫਿਕਰਮੰਦੀ ਹੋਣੀ ਚਾਹੀਦੀ ਸੀ ਉਹ ਫ਼ਿਕਰ ਕਿੱਥੇ ਹੈ? ਇਸ ਸਬੰਧੀ ਜਦੋਂ ਮੈਂ ਆਪਣੇ ਦੋਸਤ ਮੋਗੇ ਦੇ ਇਕ ਮਸ਼ਹੂਰ ਦਿਲ ਦੇ ਮਾਹਿਰ ਡਾਕਟਰ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਸ ਦੱਸਿਆ ਕਿ ਇਨ੍ਹਾਂ ਦਿਨਾਂ ਦੌਰਾਨ ਬਹੁਤ ਘੱਟ ਉਮਰ ਦੇ ਲੋਕ ਵੀ ਦਿਲ ਦੇ ਰੋਗਾਂ ਦੇ ਮਰੀਜ਼ ਬਣਕੇ ਆ ਰਹੇ ਹਨ। ਪੰਜਾਬ ’ਚ ਇਹ ਉਹ ਦਿਨ ਹੁੰਦੇ ਹਨ, ਜਿਨ੍ਹਾਂ ਦਿਨਾਂ ਦੌਰਾਨ ਲੋਕਾਂ ਨੂੰ ਮੌਤਾਂ ਦੇ ਭੋਗਾਂ ਦੇ ਵੱਧ ਸੱਦੇ ਆਉਣ ਲੱਗਦੇ ਹਨ।
ਹਰ ਸਾਲ ਮੌਤ ਦੇ ਇਸ ਬਿਰਤਾਂਤ ਦੀ ਸ਼ੁਰੂਆਤ ਨਵੰਬਰ ਮਹੀਨੇ ਤੋਂ ਹੁੰਦੀ ਹੈ। ਇਸੇ ਸਮੇਂ ’ਚ ਹੀ ਦਿਵਾਲੀ ਦੌਰਾਨ ਉੱਤਰੀ ਭਾਰਤ ’ਚ ਬੇਤਹਾਸ਼ ਪਟਾਕੇ ਚਲਾਏ ਜਾਂਦੇ ਹਨ। ਕੀ ਦਿਵਾਲੀ, ਗੁਰਪੂਰਬ ਤੇ ਵਿਆਹ ਸ਼ਾਦੀਆਂ, ਜਨਮ ਦਿਨਾਂ ਦੌਰਾਨ ਚਲਾਏ ਜਾਂਦੇ ਪਟਾਕੇ ਬੰਦ ਨਹੀਂ ਕੀਤੇ ਜਾ ਸਕਦੇ? ਹੁਣ ਸਮਾਂ ਆ ਗਿਆ ਹੈ ਕਿ ਦੇਸ਼ ’ਚ ਪਟਾਕਿਆਂ ਨੂੰ ਬਣਾਉਣ ਜਾਂ ਇਹਨਾਂ ਦੀ ਵਿਕਰੀ ਤੇ ਪੂਰਨ ਤੌਰ ’ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ਸਾਡੇ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਪਟਾਕੇ ਇਤਿਹਾਸਕ ਤੌਰ ’ਤੇ ਕਿਸੇ ਤਿਉਹਾਰ ਨਾਲ ਜੁੜੀ ਹੋਈ ਰਸਮ ਨਹੀਂ ਹਨ। ਦਿਵਾਲੀ ਦੇ ਤਿਉਹਾਰ ਦੌਰਾਨ ਅਸੀਂ ਮਹਾਂਨਗਰਾਂ, ਸ਼ਹਿਰਾਂ, ਕਸਬਿਆਂ ਨੂੰ ਇੰਨਾ ਪਲੀਤ ਕਰ ਦਿੰਦੇ ਹਾਂ ਕਿ ਇਹਨਾਂ ਤੋਂ ਧੂੰਏ ਦੇ ਬੱਦਲਾਂ ਦੇ ਵੱਡੇ ਗੁਬਾਰ ਉੱਠਦੇ ਹਨ ਅਤੇ ਹਵਾ ਵਿੱਚ ਨਮੀ ਹੋਣ ਕਰਕੇ ਇਹ ਧੂੰਆਂ ਫਿਰ ਅਗਲੇ ਮਹੀਨਿਆਂ ਦੌਰਾਨ (ਜਿਵੇਂ ਇਸ ਵਾਰ ਹੋਇਆ ਹੈ) ਉੱਡ ਕੇ ਕਿਸੇ ਪਾਸੇ ਜਾਂਦਾ ਨਹੀਂ ਬਲਕਿ ਸਾਡੀ ਸਭ ਲਈ ਜਾਨ ਦਾ ਖੌਅ ਬਣਕੇ ਸਾਡੇ ਆਲੇ ਦੁਆਲੇ ਮੌਤ ਦਾ ਬਿਰਤਾਂਤ ਸਿਰਜਦਾ ਹੈ। ਇਹਨਾਂ ਹੀ ਦਿਨਾਂ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗਾਂ ਲੱਗਦੀਆਂ ਹਨ। ਇਸ ਰਾਹੀਂ ਮੀਥੇਨ ਗੈਸ ਵੱਡੀ ਮਾਤਰਾ ਵਿੱਚ ਹਵਾ ਵਿੱਚ ਘੁਲਦੀ ਹੈ। ਚਾਹੀਦਾ ਇਹ ਹੈ ਕਿ ਪਟਾਕਿਆਂ ‘ਤੇ ਪੂਰਨ ਤੌਰ ਤੇ ਪਾਬੰਦੀ ਹੋਵੇ ਜਾਂ ਇਹਨਾਂ ਦੀ ਵਿਕਰੀ ’ਤੇ ਇੰਨਾ ਟੈਕਸ ਲਗਾ ਦਿੱਤਾ ਜਾਵੇ ਕਿ ਇਹਨਾਂ ਨੂੰ ਖ਼ਰੀਦਣ ਵਾਲਾ ਸੌ ਵਾਰ ਸੋਚੇ।
ਸਾਡਾ ਪੰਜਾਬੀਆਂ ਦਾ ਇਹ ਖਾਸਾ ਹੈ ਕਿ ਅਸੀਂ ਰਾਜਨੀਤਕ ਤੇ ਧਾਰਮਿਕ ਮਾਮਲਿਆਂ ਪ੍ਰਤੀ ਅਕਸਰ ਸੰਵੇਦਨਸ਼ੀਲ ਰਹਿੰਦੇ ਹਾਂ ਪਰ ਜਿੱਥੇ ਜੀਵਨ ਨਾਲ ਜੁੜੇ ਮਸਲੇ ਹੋਣ ਉੱਥੇ ਅਸੀਂ ਬਿਲਕੁਲ ਹੀ ਗੰਭੀਰ ਨਹੀਂ ਹਾਂ। ਇਹ ਭਾਵੇਂ ਸਿਹਤ ਸਬੰਧੀ ਮਸਲੇ ਹੋਣ, ਦਰਿਆਵਾਂ ਦਾ ਪਲੀਤ ਹੋ ਰਿਹਾ ਪਾਣੀ, ਖਾਣ ਪੀਣ ਦੀਆਂ ਚੀਜਾਂ ਜਾਂ ਹਵਾ ਪਾਣੀ ਅਤੇ ਮਿੱਟੀ ਦੀ ਬਰਬਾਦੀ ਦਾ ਮਸਲਾ ਹੋਵੇ ਅਸੀਂ ਇਸ ਪ੍ਰਤੀ ਇੰਨੇ ਗੰਭੀਰ ਜਿੰਨੇ ਸਾਨੂੰ ਹੋਣਾ ਚਾਹੀਦਾ ਹੈ। ਸ਼ਾਇਦ ਇਸੇ ਕਰਕੇ ਅਸੀਂ ਆਪਣੇ ਆਲੇ ਦੁਆਲੇ ਮੌਤ ਦਾ ਬਿਰਤਾਂਤ ਸਿਰਜ ਲਿਆ ਹੈ। (ਸੰਪਰਕ : 98550-51099)।