- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਕਸਰ ਹੀ ਸਪੀਕਰ ਦੇ ਆਸਣ ਦੇ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਨਾ, ਦਸਤਾਵੇਜ਼ ਫਾੜਨਾ, ਮਾਈਕ ਤੋੜਨਾ ਤੇ ਇੱਕ-ਦੂਜੇ ਨੂੰ ਸ਼ਰੇਆਮ ਲਲਕਾਰਨਾ ਆਮ ਗੱਲ ਹੋ ਗਈ ਹੈ। ਇਹ ਦ੍ਰਿਸ਼ ਸਦਨ ਦੇ ਅੰਦਰਲੇ ਅਨੁਸ਼ਾਸਨ ਨੂੰ ਤਾਂ ਭੰਗ ਕਰਦੇ ਹੀ ਹਨ, ਨਾਲ ਹੀ ਬਾਹਰ ਬੈਠੀ ਜਨਤਾ ’ਚ ਵੀ ਨਿਰਾਸ਼ਾ ਤੇ ਗੁੱਸਾ ਪੈਦਾ ਕਰਦੇ ਹਨ।

ਪੰਜਾਬ ਦੀ ਸਿਆਸਤ ਤੇ ਲੋਕਤੰਤਰ ਦਾ ਸਭ ਤੋਂ ਪਵਿੱਤਰ ਮੰਦਰ ‘ਪੰਜਾਬ ਵਿਧਾਨ ਸਭਾ’ ਨੂੰ ਮੰਨਿਆ ਜਾਂਦਾ ਹੈ, ਜਿੱਥੇ ਸੂਬੇ ਦੇ ਕਰੋੜਾਂ ਲੋਕ ਆਪਣੇ ਨੁਮਾਇੰਦਿਆਂ ਨੂੰ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ, ਬੁਨਿਆਦੀ ਮਸਲਿਆਂ ’ਤੇ ਚਰਚਾ ਕਰਨ ਅਤੇ ਬਿਹਤਰੀਨ ਨੀਤੀਆਂ ਬਣਾਉਣ ਲਈ ਚੁਣ ਕੇ ਭੇਜਦੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਵਿਧਾਨ ਸਭਾ ਦੇ ਅੰਦਰੂਨੀ ਹਾਲਾਤ ਜਿਸ ਦਿਸ਼ਾ ਵੱਲ ਜਾ ਰਹੇ ਹਨ। ਉਨ੍ਹਾਂ ਨੇ ਹਰ ਸੰਜੀਦਾ ਨਾਗਰਿਕ ਨੂੰ ਚਿੰਤਤ ਕਰ ਦਿੱਤਾ ਹੈ। ਅੱਜ ਵਿਧਾਨ ਸਭਾ ਜਨਤਕ ਮੁੱਦਿਆਂ ’ਤੇ ਸਾਰਥਕ ਤੇ ਗੰਭੀਰ ਬਹਿਸ ਦਾ ਕੇਂਦਰ ਬਣਨ ਦੀ ਬਜਾਏ ਹੰਗਾਮੇਬਾਜ਼ੀ, ਇਕ-ਦੂਜੇ ’ਤੇ ਤੋਹਮਤਬਾਜ਼ੀ ਤੇ ਸਿਆਸੀ ਬਦਲਾਖੋਰੀ ਲਈ ਲਲਕਾਰੇ ਮਾਰਨ ਦਾ ‘ਕੁਸ਼ਤੀ ਦਾ ਅਖਾੜਾ’ ਬਣਦੀ ਨਜ਼ਰ ਆ ਰਹੀ ਹੈ, ਜੋ ਕਿ ਸਾਡੇ ਸਦਨ ਤੇ ਲੋਕਤੰਤਰ ਲਈ ਬਹੁਤ ਹੀ ਮੰਦਭਾਗੀ ਗੱਲ ਹੈ। ਵਿਧਾਨ ਸਭਾ ਦੇ ਇਜਲਾਸ ਦੌਰਾਨ ਜਦੋਂ ਵਿਧਾਇਕਾਂ ਨੂੰ ਸੂਬੇ ਦੇ ਅਹਿਮ ਮਸਲਿਆਂ ਜਿਵੇਂ ਕਿ ਕਿਸਾਨੀ ਸੰਕਟ, ਬੇਰੋਜ਼ਗਾਰੀ, ਘੱਟ ਰਿਹਾ ਪੀਣ ਵਾਲਾ ਪਾਣੀ, ਨਸ਼ਿਆਂ ਦੀ ਸਮੱਸਿਆ, ਸਿੱਖਿਆ ਤੇ ਸਿਹਤ ਸਹੂਲਤਾਂ ਦਾ ਬੁਰਾ ਹਾਲ ਆਦਿ ’ਤੇ ਗੰਭੀਰਤਾ ਨਾਲ ਗੱਲ ਕਰਨੀ ਚਾਹੀਦੀ ਹੈ, ਉਦੋਂ ਸਦਨ ਦਾ ਕੀਮਤੀ ਸਮਾਂ ਇਕ-ਦੂਜੇ ਦੇ ਨਿੱਜੀ ਜੀਵਨ ’ਤੇ ਚਿੱਕੜ ਸੁੱਟਣ ਅਤੇ ਸਿਆਸੀ ਹਿਸਾਬ-ਕਿਤਾਬ ਚੁਕਤਾ ਕਰਨ ’ਚ ਬਰਬਾਦ ਕਰ ਦਿੱਤਾ ਜਾਂਦਾ ਹੈ। ਸੱਤਾਪੱਖ ਅਤੇ ਵਿਰੋਧੀ ਧਿਰਾਂ ਦੋਵੇਂ ਹੀ ਲੋਕ ਹਿੱਤਾਂ ਨਾਲ ਜੁੜੇ ਪ੍ਰਸ਼ਨਾਂ ’ਤੇ ਚਰਚਾ ਕਰਨ ਦੀ ਥਾਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ’ਚ ਆਪਣੀ ਸ਼ਕਤੀ ਲਗਾ ਰਹੇ ਹਨ। ਸਦਨ ਦੇ ਅੰਦਰ ਵਰਤੀ ਜਾਣ ਵਾਲੀ ਭਾਸ਼ਾ ਦਾ ਮਿਆਰ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਹੈ। ਅਕਸਰ ਹੀ ਸਪੀਕਰ ਦੇ ਆਸਣ ਦੇ ਸਾਹਮਣੇ ਆ ਕੇ ਨਾਅਰੇਬਾਜ਼ੀ ਕਰਨਾ, ਦਸਤਾਵੇਜ਼ ਫਾੜਨਾ, ਮਾਈਕ ਤੋੜਨਾ ਤੇ ਇੱਕ-ਦੂਜੇ ਨੂੰ ਸ਼ਰੇਆਮ ਲਲਕਾਰਨਾ ਆਮ ਗੱਲ ਹੋ ਗਈ ਹੈ। ਇਹ ਦ੍ਰਿਸ਼ ਸਦਨ ਦੇ ਅੰਦਰਲੇ ਅਨੁਸ਼ਾਸਨ ਨੂੰ ਤਾਂ ਭੰਗ ਕਰਦੇ ਹੀ ਹਨ, ਨਾਲ ਹੀ ਬਾਹਰ ਬੈਠੀ ਜਨਤਾ ’ਚ ਵੀ ਨਿਰਾਸ਼ਾ ਤੇ ਗੁੱਸਾ ਪੈਦਾ ਕਰਦੇ ਹਨ। ਸਦਨ ਦੀ ਕਾਰਵਾਈ ਚਲਾਉਣ ਲਈ ਜਨਤਾ ਦੇ ਟੈਕਸਾਂ ’ਚੋਂ ਲੱਖਾਂ-ਕਰੋੜਾਂ ਰੁਪਏ ਖ਼ਰਚ ਹੁੰਦੇ ਹਨ। ਹਰ ਮਿੰਟ ਦੀ ਕਾਰਵਾਈ ਕੀਮਤੀ ਹੁੰਦੀ ਹੈ। ਜਦੋਂ ਇਹ ਇਜਲਾਸ ਬਿਨਾਂ ਕਿਸੇ ਠੋਸ ਨਤੀਜੇ ਦੇ ਹੰਗਾਮੇ ਦੀ ਭੇਟ ਚੜ੍ਹ ਜਾਂਦੇ ਹਨ, ਤਾਂ ਇਹ ਲੋਕਾਂ ਦੇ ਪੈਸੇ ਅਤੇ ਸਮੇਂ ਦੀ ਸਿੱਧੀ ਬਰਬਾਦੀ ਹੈ। ਵਿਰੋਧੀ ਧਿਰ ਦਾ ਕੰਮ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਨਾ ਅਤੇ ਲੋਕ ਹਿਤੈਸ਼ੀ ਸੁਝਾਅ ਦੇਣਾ ਹੁੰਦਾ ਹੈ, ਜਦਕਿ ਸੱਤਾਪੱਖ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਵਿਰੋਧੀ ਪੱਖ ਦੀਆਂ ਗੱਲਾਂ ਨੂੰ ਧੀਰਜ ਨਾਲ ਸੁਣੇ ਅਤੇ ਠੋਸ ਜਵਾਬ ਦੇਵੇ ਪਰ ਅਜੋਕੇ ਦੌਰ ’ਚ ਦੋਵੇਂ ਧਿਰਾਂ ਆਪਣੀ ਮਰਿਆਦਾ ਭੁੱਲ ਕੇ ਮਹਿਜ਼ ਇਕ-ਦੂਜੇ ’ਤੇ ਦੋਸ਼-ਮੜ੍ਹਨ ਦੀ ਨੀਤੀ ’ਤੇ ਚੱਲ ਰਹੀਆਂ ਹਨ। ਟੀਵੀ ਤੇ ਸੋਸ਼ਲ ਮੀਡੀਆ ’ਤੇ ਲਾਈਵ ਚੱਲਦੀਆਂ ਇਨ੍ਹਾਂ ਕਾਰਵਾਈਆਂ ਕਾਰਨ ਆਮ ਲੋਕਾਂ ’ਚ ਸਾਡੇ ਰਾਜਨੀਤਿਕ ਢਾਂਚੇ ਪ੍ਰਤੀ ਵਿਸ਼ਵਾਸ ਘਟ ਰਿਹਾ ਹੈ। ਸਾਡੀ ਨਵੀਂ ਪੀੜ੍ਹੀ ਆਪਣੇ ਆਗੂਆਂ ਤੋਂ ਕੀ ਸਿੱਖੇਗੀ? ਜੇਕਰ ਸਾਡੇ ਲੋਕ ਨੁਮਾਇੰਦੇ ਹੀ ਅਨੁਸ਼ਾਸਨ ਅਤੇ ਸਤਿਕਾਰ ਦੀਆਂ ਧੱਜੀਆਂ ਉਡਾਉਣਗੇ? ਇਸ ਸਥਿਤੀ ਨੂੰ ਸੁਧਾਰਨ ਲਈ ਸਦਨ ਦੀ ਮਰਿਆਦਾ ਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ ਹੈ। ਵਿਧਾਨ ਸਭਾ ਸਪੀਕਰ ਨੂੰ ਪੱਖਪਾਤ ਤੋਂ ਉੱਪਰ ਉੱਠ ਕੇ ਸਦਨ ’ਚ ਅਨੁਸ਼ਾਸਨ ਬਣਾਏ ਰੱਖਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਵਿਧਾਇਕਾਂ ਲਈ ਵਿਵਹਾਰ ਤੈਅ ਕਰਨਾ ਚਾਹੀਦਾ ਹੈ ਤਾਂ ਜੋ ਸਦਨ ’ਚ ਕੇਵਲ ਸੂਬੇ ਦੇ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਿਲਾਂ ’ਤੇ ਹੀ ਚਰਚਾ ਹੋ ਸਕੇ। ਵਿਧਾਇਕਾਂ ਨੂੰ ਇਹ ਸਮਝਣਾ ਪਵੇਗਾ ਕਿ ਉਹ ਜਨਤਾ ਦੇ ਸੇਵਕ ਹਨ, ਕਿਸੇ ਅਖਾੜੇ ਦੇ ਪਹਿਲਵਾਨ ਨਹੀਂ। ਜੇਕਰ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਜਾਣਾ ਹੈ, ਤਾਂ ਵਿਧਾਨ ਸਭਾ ਨੂੰ ਮੁੜ ਤੋਂ ਵਿਚਾਰ-ਵਟਾਂਦਰੇ, ਤਰਕਸ਼ੀਲਤਾ ਅਤੇ ਲੋਕ-ਕਲਿਆਣਕਾਰੀ ਨੀਤੀਆਂ ਦਾ ਕੇਂਦਰ ਬਣਾਉਣਾ ਪਵੇਗਾ, ਨਾ ਕਿ ਨਿੱਜੀ ਰੰਜਿਸ਼ਾਂ ਕੱਢਣ ਦਾ ਮੈਦਾਨ।
-ਬਿੰਦਰ ਸਿੰਘ ਖੁੱਡੀ ਕਲਾਂ। ਸੰਪਰਕ : 98786-05965