
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੁਸਾਂਝ ਦੀ ਇਸ ਮੌਤ ਨਾਲ ਪੰਜਾਬ ਦੀ ਮਿੱਟੀ ਅੱਜ ਉਦਾਸ ਹੈ। ਖੇਤਾਂ ਦੀਆਂ ਵੱਟਾਂ ’ਤੇ ਜਿਵੇਂ ਕੋਈ ਚੁੱਪ ਪਸਰ ਗਈ ਹੈ। ਇੱਕ ਅਜਿਹਾ ਮਨੁੱਖ, ਜਿਸ ਨੇ ਸਾਰੀ ਉਮਰ ਮਿੱਟੀ ਦੀ ਬੋਲੀ ਸੁਣੀ, ਪਾਣੀ ਦੀ ਪੀੜ ਨੂੰ ਮਹਿਸੂਸ ਕੀਤਾ, ਕਿਸਾਨੀ ਦੇ ਬਦਲਦੇ ਚਿਹਰੇ ਨੂੰ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਅਤੇ ਪੰਜਾਬ ਦੇ ਪੁਰਾਣੇ ਪੇਂਡੂ ਸੱਭਿਆਚਾਰ ਦੀਆਂ ਯਾਦਾਂ ਨੂੰ ਆਪਣੀ ਕਲਮ ਨਾਲ ਸੰਭਾਲਿਆ ਸੀ।

- ਪ੍ਰੋ.ਡਾ.ਕ੍ਰਿਸ਼ਨ ਕੁਮਾਰ ਰੱਤੂ
ਵਿਸ਼ੇਸ਼ ਸ਼ਰਧਾਂਜਲੀ : ਪੰਜਾਬ ਦੇ ਸ਼੍ਰੋਮਣੀ ਸਫ਼ਲ ਕਿਸਾਨ, ਪਾਣੀਆਂ ਤੇ ਧਰਤੀ ਦੇ ਕੌੜੇ ਹੋਣ ਬਾਰੇ ਜ਼ਮੀਨ ਦੇ ਸਿਆੜਾਂ ’ਚ ਬੈਠ ਕੇ ਦੁੱਖ ਦਰਦ ਤੇ ਕਿਸਾਨਾਂ ਦੀ ਵੇਦਨਾ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਵਾਲੇ ਮਹਿੰਦਰ ਸਿੰਘ ਦੁਸਾਂਝ ਇਸ ਦੁਨੀਆ ਤੋਂ ਵਿਦਾ ਹੋ ਗਏ ਹਨ।
ਜਿਉਂ ਹੀ ਅੱਜ ਦੁਪਹਿਰ ਉਹਨਾਂ ਦੀ ਇਸ ਦੁਨੀਆ ਤੋਂ ਵਿਦਾ ਹੋਣ ਦੀ ਖ਼ਬਰ ਆਈ ਤਾਂ ਉਹਨਾਂ ਨਾਲ ਬਿਤਾਏ ਹੋਏ ਪਿਛਲੇ ਪੰਜਾਹ ਸਾਲਾਂ ਦੀਆਂ ਮੁਲਾਕਾਤਾਂ ਅਤੇ ਉਹ ਸਾਰਾ ਦ੍ਰਿਸ਼ ਯਾਦਾਂ ਦੇ ਝਰੋਖਿਆਂ ’ਚੋਂ ਮਨ ਨੂੰ ਪੀੜ ਨਾਲ ਭਰ ਰਿਹਾ ਹੈ। ਉਹ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਨੂੰ ਮੈਂ 1974 ’ਚ ਪਹਿਲੀ ਵਾਰ ਆਕਾਸ਼ਵਾਣੀ ਜਲੰਧਰ ’ਚ ਮਿਲਿਆ ਸਾਂ ਅਤੇ ਬਾਅਦ ’ਚ ਫ਼ਿਰ ਆਪਣੇ ਦੂਰਦਰਸ਼ਨ ਦੇ ਸਫ਼ਰ ਦੇ ਦੌਰਾਨ ਜਲੰਧਰ ’ਚ ਸੈਂਕੜੇ ਮੁਲਾਕਾਤਾਂ ਉਹਨਾਂ ਨਾਲ ਹੋਈਆਂ। ਉਹ ਇਕ ਅਜਿਹੀ ਸ਼ਖਸ਼ੀਅਤ ਦੇ ਮਾਲਕ ਸਨ ਤੇ ਅਜਿਹੇ ਨਿਮਰ ਸੁਭਾਅ ਦੇ ਦੋਸਤ ਸਨ, ਜਿਨ੍ਹਾਂ ਨਾਲ ਘੰਟਿਆਂਬੱਧੀ ਘਰ ਪਰਿਵਾਰ ਤੋਂ ਲੈ ਕੇ ਪੰਜਾਬ ਦੀ ਮਿੱਟੀ, ਸੱਭਿਆਚਾਰ, ਜ਼ੁਬਾਨ ਤੇ ਪੰਜਾਬ ਦੀ ਕਿਸਾਨੀ ਦੇ ਮਸਲਿਆਂ ’ਤੇ ਗੱਲ ਕੀਤੀ ਜਾ ਸਕਦੀ ਸੀ।
ਉਹ ਸੱਚਮੁੱਚ ਪੰਜਾਬ ਦੀ ਧਰਤੀ ਦਾ ਜਿਊਂਦਾ ਜਾਗਦਾ ਇਕ ਇਨਸਾਈਕਲੋਪੀਡੀਆ ਸਨ। ਖੇਤਾਂ ਦੇ ਸਿਆੜਾਂ ਤੋਂ ਕਿਸਾਨਾਂ ਦੀ ਜ਼ਮੀਨ ਦੀ ਪੀੜ ਕੀ ਹੁੰਦੀ ਹੈ, ਉਹ ਮਹਿੰਦਰ ਸਿੰਘ ਦੁਸਾਂਝ ਦੇ ਨਾਲ ਗੱਲਾਂ ਕਰਦਿਆਂ ਦੇਖੀ ਜਾ ਸਕਦੀ ਸੀ। ਉਹ ਇਕ ਸੁਘੜ ਸਿਆਣੇ ਲੇਖਕ ਖੇਤੀ ਵਿਗਿਆਨੀ ਜ਼ਮੀਨ ਨਾਲ ਮੋਹ ਰੱਖਣ ਵਾਲੇ ਅਜਿਹੀ ਸ਼ਖਸ਼ੀਅਤ ਸਨ, ਜਿਨ੍ਹਾਂ ਨੇ ਪੰਜਾਬ ’ਚ ਖੇਤੀ ਦੀ ਅਹਿਮੀਅਤ ਅਤੇ ਜ਼ਮੀਨ ਦੇ ਬਾਰੇ ਜੋ ਕੁਝ ਲਿਖਿਆ ਉਹ ਅੱਜ ਸੱਚ ਹੈ।
ਪੰਜਾਬ ਦੇ ਖੇਤੀ ਦੇ ਦੁਖਾਂਤ ਤੇ ਜ਼ਮੀਨ ਦੀ ਹਾਲਤ ਬਾਰੇ ਉਹ ਸਦਾ ਚੁਕੰਨੇ ਰਹੇ। ਪਾਣੀਆਂ ਬਾਰੇ ਉਹਨਾਂ ਨੇ ਖੋਜ ਕਰਕੇ ਜੋ ਸਿੱਟਾ ਕੱਢਿਆ, ਉਹ ਅੱਜ ਪੰਜਾਬੀਆਂ ਲਈ ਇਕ ਡਾਰਕ ਜੋਨ ਬਣ ਗਿਆ ਹੈ। ਦੁਸਾਂਝ ਮਹਿਜ਼ ਕਿਸਾਨ ਨਹੀਂ ਸੀ, ਉਹ ਧਰਤੀ ਦਾ ਦਰਦ ਪੜ੍ਹਨ ਵਾਲਾ ਮਨੁੱਖ ਸੀ। ਦੋਸਤਾਂ ਨਾਲ ਖੁੱਲ੍ਹ ਕੇ ਮਿਲਣ ਵਾਲਾ ਤੇ ਖੁੱਲ੍ਹ ਕੇ ਗੱਲ ਕਰਨ ਵਾਲਾ ਉਹ ਸੰਜੀਦਾ ਮਨੁੱਖ ਪੰਜਾਬ ਦੀ ਧਰਤੀ ਦਾ ਇਕ ਅਜਿਹਾ ਪੁੱਤਰ ਸੀ, ਜਿਸ ਦੀ ਘਾਟ ਅੱਜ ਵਰ੍ਹਿਆਂ ਬਾਅਦ ਹੀ ਪੂਰੀ ਨਹੀਂ ਹੋ ਸਕਦੀ ਕਿਉਂਕਿ ਉਸ ਨੇ ਜ਼ਮੀਨ ਦੀ ਗੱਲ ਕੀਤੀ ਤੇ ਪਾਣੀ ਦੀ ਆਵਾਜ਼ ਉਠਾਈ ਸੀ, ਜੋ ਪੰਜਾਬ ਦੇ ਕਿਸਾਨ ਦੀ ਅੱਜ ਸਭ ਤੋਂ ਵੱਡੀ ਸਮੱਸਿਆ ਅਤੇ ਜ਼ਿੰਦਗੀ ਦਾ ਦਰਦ ਹੈ।
ਦੁਸਾਂਝ ਦੀ ਇਸ ਮੌਤ ਨਾਲ ਪੰਜਾਬ ਦੀ ਮਿੱਟੀ ਅੱਜ ਉਦਾਸ ਹੈ। ਖੇਤਾਂ ਦੀਆਂ ਵੱਟਾਂ ’ਤੇ ਜਿਵੇਂ ਕੋਈ ਚੁੱਪ ਪਸਰ ਗਈ ਹੈ। ਇੱਕ ਅਜਿਹਾ ਮਨੁੱਖ, ਜਿਸ ਨੇ ਸਾਰੀ ਉਮਰ ਮਿੱਟੀ ਦੀ ਬੋਲੀ ਸੁਣੀ, ਪਾਣੀ ਦੀ ਪੀੜ ਨੂੰ ਮਹਿਸੂਸ ਕੀਤਾ, ਕਿਸਾਨੀ ਦੇ ਬਦਲਦੇ ਚਿਹਰੇ ਨੂੰ ਆਪਣੀਆਂ ਅੱਖਾਂ ਸਾਹਮਣੇ ਵੇਖਿਆ ਅਤੇ ਪੰਜਾਬ ਦੇ ਪੁਰਾਣੇ ਪੇਂਡੂ ਸੱਭਿਆਚਾਰ ਦੀਆਂ ਯਾਦਾਂ ਨੂੰ ਆਪਣੀ ਕਲਮ ਨਾਲ ਸੰਭਾਲਿਆ ਸੀ। ਉਨ੍ਹਾਂ ਦਾ ਜਾਣਾ ਪੰਜਾਬ ਦੀ ਉਸ ਜ਼ਮੀਨੀ ਸੋਚ ਲਈ ਵੱਡਾ ਘਾਟਾ ਹੈ, ਜਿਹੜੀ ਖੇਤ ਨੂੰ ਸਿਰਫ਼ ਫ਼ਸਲ ਪੈਦਾ ਕਰਨ ਵਾਲੀ ਜ਼ਮੀਨ ਨਹੀਂ ਮੰਨਦੀ, ਸਗੋਂ ਉਸ ਨੂੰ ਜੀਵਨ, ਸੱਭਿਆਚਾਰ, ਪਰਿਵਾਰ ਤੇ ਪੰਜਾਬੀ ਹੋਂਦ ਦਾ ਕੇਂਦਰ ਸਮਝਦੀ ਹੈ।
ਦੁਸਾਂਝ ਉਨ੍ਹਾਂ ਲੋਕਾਂ ਵਿੱਚੋਂ ਸਨ, ਜਿਨ੍ਹਾਂ ਨੇ ਪੰਜਾਬ ਬਾਰੇ ਦੂਰ ਬੈਠ ਕੇ ਨਹੀਂ, ਪੰਜਾਬ ਦੀ ਮਿੱਟੀ ਉੱਤੇ ਖੜ੍ਹ ਕੇ ਗੱਲ ਕੀਤੀ। ਉਨ੍ਹਾਂ ਦਾ ਜੀਵਨ ਖੇਤ ਨਾਲ ਜੁੜਿਆ ਹੋਇਆ ਸੀ। ਲਗਭਗ ਛੇ ਦਹਾਕਿਆਂ ਤੱਕ ਉਹ ਆਪਣੀ ਜ਼ਮੀਨ ’ਤੇ ਖੇਤੀ ਕਰਦੇ ਰਹੇ। ਉਨ੍ਹਾਂ ਦੀ ਪਛਾਣ ਇਕ ਅਗਾਂਹਵਧੂ ਕਿਸਾਨ ਵਜੋਂ ਬਣੀ ਪਰ ਸਮੇਂ ਦੇ ਨਾਲ ਇਹ ਪਛਾਣ ਇਕ ਕਿਸਾਨ ਤੋਂ ਅੱਗੇ ਵਧ ਕੇ ਖੇਤੀ ਚਿੰਤਕ, ਲੇਖਕ ਅਤੇ ਪੇਂਡੂ ਸੱਭਿਆਚਾਰ ਦੇ ਦਸਤਾਵੇਜ਼ਕਾਰ ਵਜੋਂ ਸਥਾਪਿਤ ਹੋਈ। ਉਹ ਯੂਐੱਨਓ ਵੱਲੋਂ ਸਨਮਾਨਿਤ, ਪੀਏਯੂ ਤੇ ਸਰਕਾਰ ਨਾਲ ਪਿਛਲੇ 50 ਸਾਲ ਤੋਂ ਵੱਧ ਸਮੇਂ ਤੋਂ ਪਾਣੀ ਤੇ ਖੇਤੀ ਦੇ ਮਸਲਿਆਂ ਨਾਲ ਜੁੜੇ ਰਹੇ।
ਮਹਿੰਦਰ ਸਿੰਘ ਦੁਸਾਂਝ, ਜਿਨ੍ਹਾਂ ਨੇ 11 ਕਿਤਾਬਾਂ ਤੇ 7 ਰਿਸਰਚ ਪੇਪਰ ਵੀ ਲਿਖੇ ਹਨ, ਉਹ ਪਾਣੀ ਦੀ ਬਰਬਾਦੀ ਬਾਰੇ ਬੜਾ ਚਿੰਤਤ ਸਨ। ਪੰਜਾਬ ਦੇ ਪਾਣੀ ਸੰਕਟ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਅੱਖਾਂ ਬੰਦ ਕਰਨ ਨਾਲ ਸਮੱਸਿਆ ਨਹੀਂ ਟਲੇਗੀ, ਅੱਖਾਂ ਖੋਲ੍ਹ ਕੇ ਸੱਚਾਈ ਸਮਝਣੀ ਪਵੇਗੀ ਤੇ ਇਸ ਦਾ ਸਾਹਮਣਾ ਕਰਨਾ ਪਵੇਗਾ। ਜੇ ਇਹ ਨਹੀਂ ਕੀਤਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਮਾਫ਼ ਨਹੀਂ ਕਰਨਗੀਆਂ।
ਮਹਿੰਦਰ ਸਿੰਘ ਦੁਸਾਂਝ ਦੀ 2019 ’ਚ ਉਨ੍ਹਾਂ ਦੀ ਪੁਸਤਕ ‘ਪੇਂਡੂ ਪੰਜਾਬ ਤੇ ਕਿਸਾਨੀ ਦਾ ਪੁਰਾਤਨ ਸੱਭਿਆਚਾਰ’ ਲੋਕ ਅਰਪਣ ਹੋਈ ਸੀ। ਆਪਣੀ ਇਕ ਮੁਲਾਕਾਤ ’ਚ ਦਸਿਆ ਸੀ ਕਿ ਉਨ੍ਹਾਂ ਦੀ ਇਹ ਪੁਸਤਕ ਉਨ੍ਹਾਂ ਦੀ ਜ਼ਿੰਦਗੀ ਦੀ ਉਸ ਡੂੰਘੀ ਯਾਦ ਦਾ ਨਤੀਜਾ ਸੀ, ਜਿਸ ’ਚ ਪੰਜਾਬ ਦਾ ਪੁਰਾਣਾ ਪਿੰਡ, ਉਸ ਦੀਆਂ ਰਸਮਾਂ, ਰਿਵਾਜ, ਖੇਤੀ ਅਤੇ ਭਾਈਚਾਰਕ ਸਾਂਝ ਜਿਉਂਦੀ ਸੀ।
ਉਹ ਉਸ ਪੰਜਾਬ ਦੇ ਗਵਾਹ ਸਨ, ਜਿੱਥੇ ਖੇਤ ਸਿਰਫ਼ ਮਾਲਕੀ ਦਾ ਸਵਾਲ ਨਹੀਂ ਹੁੰਦਾ ਸੀ। ਖੇਤ ਪਰਿਵਾਰ ਦੀ ਰੋਟੀ ਸੀ, ਪਿੰਡ ਦੀ ਆਰਥਿਕਤਾ ਸੀ ਅਤੇ ਸੱਭਿਆਚਾਰ ਦੀ ਜੜ੍ਹ ਸੀ।
ਮੇਰੀਆਂ ਯਾਦਾਂ ’ਚ ਮਹਿੰਦਰ ਸਿੰਘ ਦੁਸਾਂਝ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਨੇ ਖੇਤੀ ਨੂੰ ਸਿਰਫ਼ ਉਤਪਾਦਨ ਦਾ ਗਣਿਤ ਨਹੀਂ ਬਣਨ ਦਿੱਤਾ। ਉਹਨਾਂ ਲਈ ਧਰਤੀ ਮਹਿਜ਼ ਜ਼ਮੀਨ ਹੀ ਨਹੀਂ, ਜ਼ਿੰਦਗੀ ਸੀ। ਉਹ ਜਾਣਦੇ ਸਨ ਕਿ ਪੰਜਾਬ ਦੀ ਕਿਸਾਨੀ ਦਾ ਭਵਿੱਖ ਸਿਰਫ਼ ਫ਼ਸਲ ਦੇ ਝਾੜ ਨਾਲ ਤੈਅ ਨਹੀਂ ਹੋਣਾ। ਜੇ ਮਿੱਟੀ ਥੱਕ ਗਈ, ਪਾਣੀ ਮੁੱਕ ਗਿਆ ਅਤੇ ਕਿਸਾਨ ਆਪਣੀ ਜ਼ਮੀਨ ਤੋਂ ਹੀ ਨਿਰਾਸ਼ ਹੋ ਗਿਆ ਤਾਂ ਵੱਧ ਝਾੜ ਵੀ ਪੰਜਾਬ ਨੂੰ ਨਹੀਂ ਬਚਾ ਸਕੇਗਾ। ਦੁਸਾਂਝ ਨੇ ਰੇਡੀਓ, ਟੈਲੀਵਿਜ਼ਨ ਯੂਟਿਊਬ, ਜਨ ਮੰਚ ਅਤੇ ਹੋਰ ਥਾਵਾਂ ’ਤੇ ਵਿਚਰਦਿਆਂ ਹੋਇਆਂ ਸਦਾ ਪੰਜਾਬ ਦੀ ਜ਼ਮੀਨ ਅਤੇ ਖੇਤੀ ਬਾਰੇ ਲਿਖਿਆ ਤੇ ਬੋਲਿਆ। ਉਹਨਾਂ ਦੀਆਂ ਲਿਖਤਾਂ ’ਚ ਪਾਣੀ, ਮਿੱਟੀ, ਫ਼ਸਲੀ ਚੱਕਰ, ਪਰਾਲੀ, ਝੋਨਾ, ਕਿਸਾਨ-ਮਜ਼ਦੂਰ ਸਬੰਧ ਅਤੇ ਖੇਤੀ ਦੀ ਭਵਿੱਖੀ ਦਿਸ਼ਾ ਵਾਰ-ਵਾਰ ਸਾਹਮਣੇ ਆਉਂਦੇ ਹਨ। ਅੱਜ ਜਦੋਂ ਧਰਤੀ ਹੇਠਲਾ ਪਾਣੀ ਪੰਜਾਬ ਦੀ ਸਭ ਤੋਂ ਵੱਡੀ ਚਿੰਤਾ ਬਣ ਚੁੱਕਾ ਹੈ, ਦੁਸਾਂਝ ਦੀਆਂ ਚੇਤਾਵਨੀਆਂ ਹੋਰ ਵੀ ਅਰਥਵਾਨ ਹੋ ਜਾਂਦੀਆਂ ਹਨ। ਉਨ੍ਹਾਂ ਨੇ ਪਾਣੀ ਨੂੰ ਕੇਵਲ ਖੇਤੀ ਦੀ ਲੋੜ ਨਹੀਂ ਮੰਨਿਆ, ਸਗੋਂ ਜੀਵਨ ਦਾ ਆਧਾਰ ਮੰਨਿਆ।
ਉਨ੍ਹਾਂ ਦਾ ਸਵਾਲ ਸਧਾਰਨ ਸੀ-ਜੇ ਪਾਣੀ ਹੀ ਨਹੀਂ ਰਹੇਗਾ ਤਾਂ ਪੰਜਾਬ ਦੀ ਕਿਸਾਨੀ ਕਿੱਥੇ ਰਹੇਗੀ। ਮਹਿੰਦਰ ਸਿੰਘ ਦੁਸਾਂਝ ਦੀ ਕਲਮ ਵੀ ਉਨ੍ਹਾਂ ਦੇ ਹਲ ਜਿੰਨੀ ਹੀ ਮਹੱਤਵਪੂਰਨ ਸੀ। ਉਨ੍ਹਾਂ ਦੀ ਪੁਸਤਕ ‘ਪੇਂਡੂ ਪੰਜਾਬ ਤੇ ਕਿਸਾਨੀ ਦਾ ਪੁਰਾਤਨ ਸੱਭਿਆਚਾਰ’ ਕੇਵਲ ਇਕ ਕਿਤਾਬ ਨਹੀਂ, ਪੁਰਾਣੇ ਪੰਜਾਬ ਦੀ ਇੱਕ ਸਮਾਜਕ ਯਾਦ ਹੈ। ਉਨ੍ਹਾਂ ਨੇ 1945 ਤੋਂ 1960 ਦੇ ਦਰਮਿਆਨ ਦੇ ਪੇਂਡੂ ਜੀਵਨ ਨੂੰ ਆਪਣੀਆਂ ਯਾਦਾਂ ਤੇ ਅਨੁਭਵਾਂ ਰਾਹੀਂ ਦਰਜ ਕੀਤਾ।
ਉਹ ਜਾਣਦੇ ਸਨ ਕਿ ਜਿਹੜੀਆਂ ਪੀੜ੍ਹੀਆਂ ਆਪਣੀਆਂ ਜੜ੍ਹਾਂ ਨੂੰ ਭੁੱਲ ਜਾਂਦੀਆਂ ਹਨ, ਉਹ ਭਵਿੱਖ ਦੀ ਇਮਾਰਤ ਮਜ਼ਬੂਤ ਨਹੀਂ ਕਰ ਸਕਦੀਆਂ।
ਉਨ੍ਹਾਂ ਦਾ ਕਿਸਾਨ ਤੇ ਸਾਹਿਤਕਾਰ ਸ਼ਖ਼ਸੀਅਤ ਦਾ ਸਾਹਿਤਕ ਪੱਖ ਵੀ ਉਨ੍ਹਾਂ ਨੂੰ ਵਿਲੱਖਣ ਬਣਾਉਂਦਾ ਹੈ। ਉਹ ਜਗਤਪੁਰ ਲਿਖਾਰੀ ਸਭਾ ਨਾਲ ਜੁੜੇ ਰਹੇ। ਪੰਜਾਬੀ ਸਾਹਿਤਕ ਸਰਗਰਮੀਆਂ ਵਿੱਚ ਉਨ੍ਹਾਂ ਦੀ ਮੌਜੂਦਗੀ ਨੇ ਇਹ ਸਾਬਤ ਕੀਤਾ ਕਿ ਕਿਸਾਨੀ ਅਤੇ ਸਾਹਿਤ ਇੱਕ-ਦੂਜੇ ਤੋਂ ਵੱਖਰੀਆਂ ਦੁਨੀਆਂ ਨਹੀਂ। ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਜਾਣਕਾਰ ਸਨ। 2024 ’ਚ ਉਨ੍ਹਾਂ ਨੂੰ ਪ੍ਰੀਤਮ ਸਿੰਘ ਬਾਸੀ ਅੰਤਰਰਾਸ਼ਟਰੀ ਸਾਹਿਤਕ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੀ ਪੰਜਾਬੀ ਭਾਸ਼ਾ, ਸਾਹਿਤ, ਸਮਾਜ ਅਤੇ ਸੱਭਿਆਚਾਰ ਪ੍ਰਤੀ ਸੇਵਾ ਦੇ ਨਾਲ ਉਨ੍ਹਾਂ ਦੀ ਅਗਾਂਹਵਧੂ ਕਿਸਾਨੀ ਨੂੰ ਵੀ ਮਾਨਤਾ ਸੀ। ਮੈਨੂੰ ਹਮੇਸ਼ਾ ਲੱਗਦਾ ਰਿਹਾ ਹੈ ਕਿ ਇਕ ਕਿਸਾਨ ਲਈ ਸਾਹਿਤਕ ਸਨਮਾਨ ਅਤੇ ਇਕ ਸਾਹਿਤਕਾਰ ਲਈ ਖੇਤੀਬਾੜੀ ਦੇ ਖੇਤਰ ਵਿੱਚ ਮਾਣ—ਇਹ ਦੋਵੇਂ ਪਛਾਣਾਂ ਇੱਕੋ ਮਨੁੱਖ ਵਿੱਚ ਮਿਲਣੀਆਂ ਆਪਣੇ ਆਪ ਵਿੱਚ ਇੱਕ ਵੱਡੀ ਗੱਲ ਹੈ।
ਦੁਸਾਂਝ ਜੀ ਨੂੰ ਜ਼ਿੰਦਗੀ ਵਿੱਚ ਬਹੁਤ ਸਾਰੇ ਸਨਮਾਨ ਮਿਲੇ ਪਰ ਉਨ੍ਹਾਂ ਦੀ ਅਸਲ ਪਛਾਣ ਖੇਤਾਂ ਦੇ ਪਹਿਰੇਦਾਰ ਦੇ ਰੂਪ ਵਿੱਚ ਸੀ। 1986 ’ਚ ਕਣਕ ਦੀ ਖੇਤੀ ਨਾਲ ਸੰਬੰਧਤ ਵਿਸ਼ੇਸ਼ ਅੰਤਰਰਾਸ਼ਟਰੀ ਸਨਮਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਖੇਤੀਬਾੜੀ ਖੋਜ ਕੌਂਸਲ ਨਾਲ ਜੁੜਾਅ, 2007 ਦਾ ਦਲੀਪ ਸਿੰਘ ਮੈਮੋਰੀਅਲ ਅਤੇ ਮੁੱਖ ਮੰਤਰੀ ਐਵਾਰਡ ਅਤੇ 2011 ਦਾ ਪੰਜਾਬ ਸਰਕਾਰ ਸਟੇਟ ਐਵਾਰਡ—ਇਹ ਉਨ੍ਹਾਂ ਦੀ ਲੰਮੀ ਯਾਤਰਾ ਦੇ ਪੜਾਅ ਉਨ੍ਹਾਂ ਨੇ ਸਾਰੀ ਉਮਰ ਮਿੱਟੀ ਨਾਲ ਰਿਸ਼ਤਾ ਨਿਭਾਇਆ।
ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਵਾਲ ਜ਼ਿੰਦਾ ਹਨ। ਜਿਸ ਪੰਜਾਬ ਦੀ ਧਰਤੀ ਲਈ ਉਹ ਸਾਰੀ ਉਮਰ ਚਿੰਤਤ ਰਹੇ, ਉਹ ਧਰਤੀ ਅੱਜ ਵੀ ਪਾਣੀ ਦੇ ਸੰਕਟ ਵਿੱਚ ਹੈ। ਦੁਸਾਂਝ ਦਾ ਚਲੇ ਜਾਣਾ ਇੱਕ ਸਵਾਲ ਵੀ ਛੱਡ ਗਿਆ ਹੈ—ਕੀ ਅਸੀਂ ਉਨ੍ਹਾਂ ਦੀ ਗੱਲ ਸੁਣੀ ਸੀ।
ਹੁਣ ਜਦੋਂ ਵੀ ਪੰਜਾਬ ਦਾ ਕੋਈ ਕਿਸਾਨ ਆਪਣੀ ਸੁੱਕਦੀ ਜ਼ਮੀਨ ਵੱਲ ਵੇਖ ਕੇ ਪਾਣੀ ਬਾਰੇ ਸੋਚੇਗਾ, ਕੋਈ ਨੌਜਵਾਨ ਆਪਣੇ ਪਿੰਡ ਦੇ ਪੁਰਾਣੇ ਜੀਵਨ ਬਾਰੇ ਪੜ੍ਹੇਗਾ ਅਤੇ ਜਦੋਂ ਕੋਈ ਕਿਸਾਨ ਪੁੱਛੇਗਾ ਕਿ ਪੰਜਾਬ ਦੀ ਖੇਤੀ ਨੂੰ ਬਚਾਉਣ ਦਾ ਰਸਤਾ ਕੀ ਹੈ—ਉੱਥੇ ਕਿਤੇ ਨਾ ਕਿਤੇ ਸਾਡੇ ਮਹਾਨ ਦੋਸਤ ਮਹਿੰਦਰ ਸਿੰਘ ਦੁਸਾਂਝ ਦੀ ਆਵਾਜ਼ ਸੁਣਾਈ ਦੇਵੇਗੀ।
ਅਲਵਿਦਾ! ਦੋਸਤ ਮਹਿੰਦਰ ਸਿੰਘ ਦੁਸਾਂਝ ਜੀ, ਤੁਸੀਂ ਹਮੇਸ਼ਾ ਪੰਜਾਬ ਦੀ ਧਰਤੀ ਤੇ ਸਾਡੀਆਂ ਯਾਦਾਂ ’ਚ ਤਾਜ਼ਾ ਰਹੋਗੇ। (ਲੇਖਕ ਉੱਘੇ ਬ੍ਰਾਡਕਾਸਟਰ ਅਤੇ ਮੀਡੀਆ ਵਿਸ਼ਲੇਸ਼ਕ ਹਨ)।