ਅੱਜ ਲੋਹੜੀ ਵਾਲੇ ਦਿਨ ਬਾਦਸ਼ਾਹ ਦਰਵੇਸ਼, ਸਾਹਿਬ-ਏ-ਕਮਾਲ, ਸਰਬੰਸਦਾਨੀ, ਸ਼ਾਹਿ-ਸ਼ਹਨਸ਼ਾਹ, ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਹੈ। ਸਮੇਂ-ਸਮੇਂ ਦੁਨੀਆ ਵਿਚ ਅਨੇਕਾਂ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ, ਸ਼ਹਿਨਸ਼ਾਹਾਂ ਅਤੇ ਸੁਲਤਾਨਾਂ ਨੇ ਰਾਜ ਕੀਤਾ ਹੈ ਪਰ 'ਬਾਦਸ਼ਾਹ-ਦਰਵੇਸ਼' ਦਾ ਖ਼ਿਤਾਬ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਹਾਸਲ ਹੋਇਆ ਹੈ। 'ਬਾਦਸ਼ਾਹ' ਅਤੇ 'ਦਰਵੇਸ਼' ਦੋਵੇਂ ਫ਼ਾਰਸੀ ਮੂਲ ਦੇ ਸ਼ਬਦ ਹਨ। ਦਰਵੇਸ਼ ਦਾ ਸ਼ਾਬਦਿਕ ਅਰਥ ਕਰਤਾਰ ਦੇ ਦਰ ਦਾ ਯਾਚਕ ਹੈ ਅਤੇ ਬਾਦਸ਼ਾਹ ਤੋਂ ਭਾਵ ਬਾਦ (ਤਖ਼ਤ) ਦਾ ਸ਼ਾਹ (ਸਵਾਮੀ) ਹੈ। ਬਾਦਸ਼ਾਹਾਂ ਜਾਂ ਸ਼ਹਿਨਸ਼ਾਹਾਂ ਦਾ ਰਾਜ, ਕਿਸੇ ਭੂਗੋਲਿਕ ਖਿੱਤੇ ਵਿਚ ਹੁੰਦਾ ਹੈ ਪਰ ਲੋਕਾਂ ਦੇ ਦਿਲਾਂ 'ਤੇ ਹਕੂਮਤ ਕਰਨ ਵਾਲੇ ਨੂੰ ਹੀ ਬਾਦਸ਼ਾਹ ਦਰਵੇਸ਼ ਮੰਨਿਆ ਜਾ ਸਕਦਾ ਹੈ। ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਨੂੰ 'ਸ਼ਾਹਿ ਸ਼ਹਨਸ਼ਾਹ' ਅਤੇ 'ਬਾਦਸ਼ਾਹ ਦਰਵੇਸ਼' ਕਹਿ ਕੇ ਸੀਸ ਝੁਕਾਇਆ ਹੈ। 'ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ/ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ£' ਪੋਹ ਤੇ ਮਾਘ ਦੇ ਕਕਰੀਲੇ ਤੇ ਯੱਖ ਮਹੀਨੇ, ਬਾਦਸ਼ਾਹ ਦਰਵੇਸ਼ ਦੇ ਨਾਮ ਹਨ। ਆਨੰਦਪੁਰ ਦੀ ਨਗਰੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਰਸਾ ਨਦੀ 'ਤੇ ਪਰਿਵਾਰ ਦਾ ਸਦੀਵੀ ਵਿਛੋੜਾ ਪੈ ਗਿਆ। ਵਿਛੋੜਾ ਪਾਉਣ ਵਾਲੀ ਨਦੀ ਨੂੰ ਜਦੋਂ ਸੰਗਤ ਵੇਖਦੀ ਹੈ ਤਾਂ ਇਸ ਦਾ ਪਾਣੀ ਅੱਜ ਵੀ ਅੱਖਾਂ 'ਚੋਂ ਨੀਰ ਬਣ ਕੇ ਵਹਿ ਤੁਰਦਾ ਹੈ। ਸੱਤ ਪੋਹ ਸੰਮਤ 1761 ਨੂੰ ਚਾਲੀ ਸਿੰਘ ਅਤੇ 'ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਜੀ ਸਣੇ ਚਮਕੌਰ ਦੀ ਗੜ੍ਹੀ ਪੁੱਜ ਜਾਂਦੇ ਹਨ। ਬਾਦਸ਼ਾਹ ਦਰਵੇਸ਼ ਦੀ ਸੈਨਾ ਤੇ ਬਾਦਸ਼ਾਹੀ ਸੈਨਾ ਦਾ ਟਾਕਰਾ ਹੁੰਦਾ ਹੈ। ਇਸ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣ ਦਿੱਤਾ ਗਿਆ ਅਤੇ ਮਾਤਾ ਗੁਜਰੀ ਜੀ ਠੰਢੇ ਬੁਰਜ ਵਿਚ ਠੰਢੇ ਹਉਕੇ ਲੈਂਦੇ ਅਗੰਮ ਜੋਤ ਵਿਚ ਸਮਾ ਜਾਂਦੇ ਹਨ। ਮਾਛੀਵਾੜੇ ਦੇ ਘਣੇ ਜੰਗਲ ਵਿਚ ਨੀਲੇ ਦਾ ਅਸਵਾਰ ਨੀਲੇ ਅੰਬਰ ਨੂੰ ਨਿਹਾਰਦਾ ਹੈ। ਰੱਬ ਦਾ ਭਾਣਾ ਸਿਦਕਦਿਲੀ ਨਾਲ ਮੰਨਣ ਦੀ ਇਸ ਤੋਂ ਵੱਡੀ ਮਿਸਾਲ ਦੁਨੀਆ ਦੀ ਕਿਸੇ ਤਵਾਰੀਖ਼ ਵਿਚ ਨਹੀਂ ਹੈ। ਸਰਬੰਸ ਵਾਰਨ ਤੋਂ ਬਾਅਦ ਪੈਰਾਂ ਦੀਆਂ ਬਿਆਈਆਂ 'ਚੋਂ ਭਾਵੇਂ ਤੱਤਾ ਖ਼ੂਨ ਰਿਸ ਰਿਹਾ ਸੀ ਫਿਰ ਵੀ ਬਾਦਸ਼ਾਹ ਦਰਵੇਸ਼ ਦਾ ਹੌਸਲਾ ਚੱਟਾਨ ਤੋਂ ਵੱਧ ਮਜ਼ਬੂਤ ਸੀ। ਉਸ ਨੇ ਰੱਬ ਨੂੰ ਉਲਾਂਭਾ ਦੇਣ ਦੀ ਥਾਂ ਉਸ ਨੂੰ 'ਮਿੱਤਰ ਪਿਆਰਾ' ਕਹਿ ਕੇ ਹੀ ਸੰਬੋਧਨ ਕੀਤਾ ਹੈ-ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਿਣਾ£ ਤੁਧੁ ਬਿਨੁ ਰੋਗੁ ਰਜਾਈਯਾ ਦਾ ਓਡਣੁ ਨਾਗ ਨਿਵਾਸਾ ਦਾ ਰਹਣਾ£ ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਈਯਾ ਦਾ ਸਹਣਾ। ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਣਾ

ਕੀ ਦੁਨੀਆ ਵਿਚ ਕੋਈ ਅਜਿਹਾ ਪ੍ਰਾਣੀ ਹੈ ਜੋ ਆਪਣਾ ਸਰਬੰਸ ਦਾਨ ਕਰਨ ਤੋਂ ਬਾਅਦ 'ਮਿੱਤਰ ਪਿਆਰੇ' ਦੇ ਦਿੱਤੇ ਹੋਏ ਸੱਥਰ (ਭੂਮੀ-ਆਸਨ) ਨੂੰ ਖਿੜੇ ਮੱਥੇ ਪਰਵਾਨ ਕਰਨ ਦਾ ਹੌਸਲਾ ਰੱਖਦਾ ਹੋਵੇ? ਬਾਦਸ਼ਾਹ ਦਰਵੇਸ਼ ਦੇ ਧਰਮ ਯੁੱਧ ਨੇ ਤਾਂ ਜਿੱਤ, ਹਾਰ ਦੇ ਅਰਥ ਹੀ ਬਦਲ ਦਿੱਤੇ ਹਨ। ਸ਼ਹਾਦਤ ਦੀ ਪਰਿਭਾਸ਼ਾ ਤਾਂ ਆਪ ਨੇ ਪੰਜ ਪਿਆਰੇ ਸਾਜਣ ਵੇਲੇ ਹੀ ਬਦਲ ਦਿੱਤੀ ਸੀ। ਗੁਰੂ ਦੀ ਲਲਕਾਰ ਸੁਣ ਕੇ ਅੰਬਰ 'ਤੇ ਬਿਜਲੀ ਚਮਕਣ ਲੱਗੀ ਸੀ। ਅਗੰਮੀ ਗੜਗੜਾਹਟ ਨੇ ਜ਼ਾਲਮ ਮੁਗ਼ਲ ਸੈਨਾ ਨੂੰ ਭਾਜੜਾਂ ਪਾ ਦਿੱਤੀਆਂ ਸਨ। ਖ਼ਾਲਸਾ ਪੰਥ ਦੀ ਸਾਜਨਾ ਵੇਲੇ ਪੰਜ ਪਿਆਰਿਆਂ ਨੇ ਆਪਣੇ ਸੀਸ ਗੁਰੂ ਨੂੰ ਅਮਾਨਤ ਵਜੋਂ ਭੇਟ ਕਰਦਿਆਂ ਕਿਹਾ ਸੀ ਕਿ ਜਦੋਂ ਲੋੜ ਹੋਈ ਉਨ੍ਹਾਂ ਨੂੰ ਵਰਤ ਲਿਆ ਜਾਵੇ। ਜ਼ਿੰਦਾ ਸ਼ਹੀਦਾਂ ਦੀ ਫ਼ੌਜ ਪਹਿਲੀ ਵਾਰ ਤਿਆਰ ਹੋਈ ਸੀ, ਜਿਨ੍ਹਾਂ ਦੇ ਖ਼ਵਾਬ ਵਿਚ ਵੀ ਮੌਤ ਦਾ ਡਰ ਨਹੀਂ ਸੀ। ਆਨੰਦਪੁਰ ਸਾਹਿਬ ਦੀ ਨਗਰੀ ਵਿਚ ਦਰਅਸਲ ਪੰਜ ਨਹੀਂ ਸਗੋਂ ਛੇ ਪਿਆਰੇ ਸਾਜੇ ਗਏ ਸਨ। ਬਾਦਸ਼ਾਹ ਦਰਵੇਸ਼ ਨੇ ਪੰਜ ਪਿਆਰਿਆਂ ਤੋਂ ਖ਼ੁਦ ਅੰਮ੍ਰਿਤ ਦੀ ਦਾਤ ਲੈ ਕੇ ਆਪਣਾ ਸੀਸ ਦੇਸ਼ ਤੇ ਕੌਮ ਨੂੰ ਇਮਾਨਤ ਵਜੋਂ ਭੇਟਾ ਕਰ ਦਿੱਤਾ ਸੀ। ਇਹ ਵਰਤਾਰਾ ਵੀ ਅਸਲੋਂ ਨਿਵੇਕਲਾ ਸੀ ਜਦੋਂ ਮਰਦ ਅਗੰਮੜਾ ਤੇ ਗੁਰੂ ਖ਼ੁਦ ਚੇਲਾ ਬਣ ਬੈਠਾ ਸੀ। ਨੀਲੇ ਬਾਣੇ ਵਾਲਾ 'ਉੱਚ ਦਾ ਪੀਰ' ਤਾੜੀ ਮਾਰ ਕੇ ਮੁਗ਼ਲ ਸੈਨਾ ਨੂੰ ਚੀਰਦਾ ਹੋਇਆ ਨਿਕਲਿਆ ਤਾਂ ਮਾਛੀਵਾੜੇ ਦੇ ਜੰਗਲ ਦਾ ਹਰ ਰੁੱਖ ਉਸ ਨੂੰ ਝੁਕ ਝੁਕ ਕੇ ਸਲਾਮ ਕਰ ਰਿਹਾ ਸੀ। ਰਾਹ ਖ਼ੁਦ-ਬਖ਼ੁਦ ਬਣਦੇ ਗਏ। ਉਸ ਦੀ ਹਰ ਪੈੜ, ਹਰ ਕਦਮ ਤੇ ਸੰਦਲੀ ਪੈਂਡੇ ਨੂੰ ਨਾਪਣ ਲਈ ਜਰੀਬਾਂ ਕਾਹਲੀਆਂ ਸਨ। ਪੁੰਨਿਆਂ ਦਾ ਚੰਨ ਉਸ ਦੀ ਪਰਿਕਰਮਾ ਕਰਦਾ ਨਾ ਥੱਕਦਾ। ਹਵਾਵਾਂ ਪੈੜਾਂ ਨੂੰ ਚੁੰਮਦੀਆਂ ਮਦਹੋਸ਼ ਹੋ ਜਾਂਦੀਆਂ। ਦਰਿਆਵਾਂ ਕੋਲੋਂ ਲੰਘਦਾ ਤਾਂ ਜਲ-ਤਰੰਗ ਮੰਤਰ-ਮੁਗਧ ਕਰਦੀ। ਸ਼ਮਸ਼ੀਰ ਦੀਆਂ ਚਿਲਕੋਰਾਂ ਦਿਸਹੱਦਿਆਂ ਤੋਂ ਪਾਰ ਨਿਕਲ ਜਾਂਦੀਆਂ। ਉਸ ਦੀ ਕਲਗੀ ਨੂੰ ਚੁੰਮਣ ਲਈ ਬਦਲੋਟੀਆਂ ਧਰਤੀ 'ਤੇ ਉਤਰ ਆਉਂਦੀਆਂ। ਰਿਸ਼ਮਾਂ ਉਸ ਦਾ ਮਸਤਕ ਚੁੰਮ ਕੇ ਬਲਿਹਾਰੇ ਜਾਂਦੀਆਂ। ਉਸ ਦੇ ਬਾਜ਼ ਦਾ ਆਲ੍ਹਣਾ ਸੱਤਵੇਂ ਅਸਮਾਨੀ! ਉਸ ਦੀ ਇਕ ਛੋਹ ਧਰਤੀ ਦਾ ਖਮੀਰ ਬਦਲ ਦੇਵੇ। ਜਾਂਬਾਜ਼ ਉਸ ਦੇ ਅੰਗ-ਸੰਗ ਰਹਿਣ। ਉਸ ਦੀ ਇਕ ਤੱਕਣੀ ਨਾਲ ਮੌਤ ਨੂੰ ਵੀ ਗਸ਼ਾਂ ਪੈਣ। ਇਹ ਕੇਹਾ ਰਾਹੀ ਮੰਜ਼ਿਲਾਂ ਜਿਸ ਦੀ ਚਰਨ-ਧੂਲ ਲਈ ਤਰਸਣ। ਅਲਬੇਲੇ ਕਵੀ ਦੀ ਕਲਮ 'ਚੋਂ ਬਾਣੀ ਦਾ ਨਿਰਮਲ ਝਰਨਾ ਵਹੇ। ਹੇ ਬਾਦਸ਼ਾਹ ਦਰਵੇਸ਼! ਤੂੰ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਦੇ ਹਰ ਟੇਪੇ 'ਚ ਸਮਾਇਆ। ਹੇ ਬਾਦਸ਼ਾਹ ਦਰਵੇਸ਼! ਤੇਰੀ ਮਹਿਮਾ ਗਾਉਣ ਲਈ ਦੁਨੀਆ ਦਾ ਹਰ ਸ਼ਬਦਕੋਸ਼ ਬੌਣਾ। ਹੇ ਬਾਜ਼ਾਂ ਵਾਲਿਆ ਤੂੰ ਕਿਸ ਖ਼ਾਤਰ ਲੜਿਆ? ਬਾਦਸ਼ਾਹ ਦਰਵੇਸ਼ਾਂ ਦਾ ਭਲਾ ਕਿਸ ਨਾਲ ਵੈਰ! ਘੁੱਗ ਵੱਸਦੀ ਸੀ ਆਨੰਦਪੁਰ ਨਗਰੀ, ਰੱਬ ਦੇ ਰੰਗ ਵਿਚ ਰੰਗਿਆ ਸੀ ਤੇਰਾ ਪਰਿਵਾਰ। ਲੋਕਾਈ ਖ਼ਾਤਰ ਕੌਣ ਕਰਦਾ ਹੈ ਆਪਣਾ ਆਲ੍ਹਣਾ ਤੀਲਾ-ਤੀਲਾ। ਅਜਿਹੀ ਕੁਰਬਾਨੀ ਬਾਦਸ਼ਾਹਾਂ ਦੇ ਨਹੀਂ ਬਾਦਸ਼ਾਹ ਦਰਵੇਸ਼ ਦੇ ਹਿੱਸੇ ਹੀ ਆ ਸਕਦੀ ਸੀ। ਕੋਟਕਪੂਰੇ ਦਾ ਕਪੂਰਾ ਜੇ ਬਾਦਸ਼ਾਹ ਦਰਵੇਸ਼ ਨੂੰ ਠਾਹਰ ਦੇ ਦਿੰਦਾ ਤਾਂ ਅੱਜ ਇਹ ਸ੍ਰੀ ਕੋਟਕਪੂਰਾ ਸਾਹਿਬ ਹੁੰਦਾ। ਢਾਬਾਂ ਤਾਂ ਥਾਂ-ਥਾਂ ਹੁੰਦੀਆਂ ਸਨ ਤੇ ਫਿਰ ਖਿਦਰਾਣੇ ਦੀ ਢਾਬ ਨੇ ਸੁਨਹਿਰੀ ਇਤਿਹਾਸ ਥੋੜ੍ਹਾ ਬਣਨਾ ਸੀ। 'ਟੁੱਟੀ' ਗੰਢ ਕੇ ਖਿਦਰਾਣੇ ਦੀ ਢਾਬ ਵਾਲੀ ਧਰਤੀ ਦੇ ਭਾਗ ਜਾਗ ਉੱਠੇ। ਸਿੰਘਾਂ ਨੇ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) 'ਤੇ ਕਬਜ਼ਾ ਕਰ ਕੇ ਸ਼ਾਹੀ ਸੈਨਾ ਨਾਲ ਅਸਾਵੀਂ ਜੰਗ ਲੜੀ ਤੇ ਸੁਨਹਿਰੀ ਇਤਿਹਾਸ ਰਚ ਦਿੱਤਾ। ਸਭ ਤੋਂ ਪਹਿਲਾਂ ਮਾਈ ਭਾਗੋ ਅਤੇ ਉਸ ਦੇ ਸਾਥੀ ਸਿੰਘਾਂ ਨੇ ਸ਼ਾਹੀ ਸੈਨਾ ਦਾ ਡਟ ਕੇ ਮੁਕਾਬਲਾ ਕੀਤਾ। ਭਾਈ ਮਹਾ ਸਿੰਘ ਨੇ ਕਲਗੀਧਰ ਕੋਲੋਂ ਬੇਦਾਵਾ ਚਾਕ ਕਰਵਾ ਕੇ ਇਸ ਪਵਿੱਤਰ ਧਰਤੀ 'ਤੇ ਸਿੱਖੀ ਗੰਢ ਲਈ। ਬਾਦਸ਼ਾਹ ਦਰਵੇਸ਼ ਨੇ ਸ਼ਹੀਦ ਸਿੰਘਾਂ ਨੂੰ ਮੁਕਤਿਆਂ ਦੀ ਪਦਵੀ ਬਖ਼ਸ਼ ਕੇ ਤਾਲ (ਖਿਦਰਾਣੇ ਦੀ ਢਾਬ) ਦਾ ਨਾਮ ਮੁਕਤਸਰ ਰੱਖਿਆ ਅਤੇ ਆਪਣੇ ਹੱਥੀਂ ਸ਼ਹੀਦਾਂ ਦੇ ਦੇਹ ਸਸਕਾਰੇ। ਜ਼ਿੰਦਾ ਸ਼ਹੀਦ ਆਵਾਗੌਣ ਦੇ ਚੱਕਰ 'ਚੋਂ ਮੁਕਤ ਹੋ ਗਏ ਤੇ ਸੂਰਜ, ਚੰਨ, ਤਾਰੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਨਿਹਾਲ ਹੋ ਜਾਂਦੇ ਹਨ।

Posted By: Sarabjeet Kaur