- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸੇ ਵਰਗਾ ਬਣਨ ਦਾ ਅਰਮਾਨ ਲੈਣਾ ਕੋਈ ਬੁਰੀ ਗੱਲ ਨਹੀਂ ਪਰ ਉਸ ਦੇ ਸੰਘਰਸ਼ ਨੂੰ ਨਜ਼ਰਅੰਦਾਜ਼ ਕਰਨਾ ਗੁਨਾਹ ਹੈ, ਜੋ ਜਗ ਹਸਾਈ ਦਾ ਸਬੱਬ ਹੋ ਨਿੱਬੜਦਾ ਹੈ। ਸੋਸ਼ਲ ਮੀਡੀਆ ਦੀਆਂ ਰੀਲਾਂ ਤੇ ਪ੍ਰੇਰਨਾ ਦੇਣ ਦੇ ਨਾਮ ’ਤੇ ਚੀਕਣ ਵਾਲਿਆਂ ਨੂੰ ਸੁਣ ਕੇ ਕਿਸੇ ਨਿਸ਼ਾਨੇ ਪ੍ਰਤੀ ਕੁਝ ਸਮੇਂ ਲਈ ਉਤਸ਼ਾਹਿਤ ਹੋ ਜਾਣਾ ਜਦਕਿ ਉਸ ਤਰ੍ਹਾਂ ਦੀ ਪ੍ਰਤਿਭਾ ਦਾ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ।

ਡਾ. ਗੁਰਤੇਜ ਸਿੰਘ
ਸਮੁੰਦਰ ਕੰਢੇ ਖੜ੍ਹ ਕੇ ਕਦੇ ਤੱਕੋ, ਉਸ ’ਚ ਜਵਾਰਭਾਟਾ ਰੋਜ਼ਾਨਾ ਆਉਂਦਾ ਹੈ ਪਰ ਸਭ ਤੋਂ ਉੱਚਾ ਜਵਾਰਭਾਟਾ ਕਦੋਂ ਆਉਂਦਾ ਹੈ, ਪੂਰਨਮਾਸ਼ੀ ਵਾਲੇ ਦਿਨ। ਜਵਾਰਭਾਟਾ ਪੂਰਨਮਾਸ਼ੀ ਦੇ ਚੰਦਰਮਾ ਦੀ ਆਮਦ ਨੂੰ ਉਡੀਕਦਾ ਹੈ, ਉਸੇ ਤਰ੍ਹਾਂ ਜ਼ਿੰਦਗੀ ’ਚ ਕੁਝ ਵੱਡਾ ਕਰਨ ਲਈ ਠੀਕ ਸਮੇਂ ਦਾ ਇੰਤਜ਼ਾਰ ਕਰਨਾ ਹੀ ਪੈਂਦਾ ਹੈ। ਸਮੁੰਦਰ ਕਦੇ ਵੀ ਅੱਧੇ ਚੰਦ ਨੂੰ ਦੇਖ ਕੇ ਝੂਰਦਾ ਨਹੀਂ ਤੇ ਨਾਂ ਹੀ ਤੁਲਨਾ ਕਰਕੇ ਆਪਣੇ ਆਪ ਨੂੰ ਛੋਟਾ ਸਮਝਦਾ ਹੈ। ਉਹ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਸ ਦਾ ਪੂਰਾ ਉਛਾਲ ਪੂਰਨਮਾਸ਼ੀ ਵਾਲੇ ਦਿਨ ਹੀ ਆਵੇਗਾ। ਬਿਲਕੁਲ ਇਸੇ ਤਰ੍ਹਾਂ ਜ਼ਿੰਦਗੀ ਦਾ ਫਲਸਫਾ ਹੈ। ਹਰ ਕਿਸੇ ਦੀ ਯਾਤਰਾ ਦਾ ਪੂਰਨਮਾਸ਼ੀ ਵਾਲਾ ਦਿਨ ਵੱਖਰਾ ਹੈ। ਕਿਸੇ ਦਾ ਚੰਦ 22 ਸਾਲ ਦੀ ਉਮਰ ’ਚ ਪੂਰਾ ਚਮਕਦਾ ਹੈ, ਕਿਸੇ ਦਾ 50 ਸਾਲ ਦੀ ਉਮਰ ’ਚ ਪਰ ਅਸੀਂ ਆਪਣੇ ਚੰਦ ਦੀ ਉਡੀਕ ਕਰਨ ਦੀ ਬਜਾਏ ਦੂਜੇ ਦੇ ਚੰਦ ਨਾਲ ਆਪਣੀ ਤੁਲਨਾ ਕਰਨ ਲੱਗ ਪੈਂਦੇ ਹਾਂ ਤੇ ਆਪਣੀ ਯਾਤਰਾ ਨੂੰ ਫਿੱਕਾ ਕਰ ਲੈਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਜ਼ਿੰਦਗੀ ਕੋਈ ਸੌ ਮੀਟਰ ਦੀ ਦੌੜ ਨਹੀਂ, ਇਹ ਇਕ ਲੰਬੀ ਯਾਤਰਾ ਹੈ, ਜਿੱਥੇ ਹਰ ਕਿਸੇ ਦਾ ਸ਼ੁਰੂਆਤੀ ਪੁਆਇੰਟ, ਰਸਤਾ ਤੇ ਮੰਜ਼ਿਲ ਵੱਖਰੀ ਹੈ। ਕਹਿੰਦੇ ਹਨ ਇਕ ਵਾਰ ਜੰਗਲ ’ਚ ਪ੍ਰਤੀਯੋਗਤਾ ਹੋਈ, ਮੁਕਾਬਲਾ ਸੀ ਦਰੱਖਤ ’ਤੇ ਚੜ੍ਹਨ ਦਾ। ਜੰਗਲ ਦੇ ਮਹਾਂਰਥੀ ਇਸ ’ਚ ਭਾਗ ਲੈ ਰਹੇ ਸਨ। ਉਨ੍ਹਾਂ ਸਾਰਿਆਂ ’ਚੋਂ ਬਾਂਦਰ ਛੇਤੀ ਹੀ ਰੁਖ ’ਤੇ ਚੜ੍ਹ ਗਿਆ, ਹਾਥੀ, ਮੱਛੀ ਤੇ ਸ਼ੇਰ ਅਣਥੱਕ ਯਤਨਾਂ ਦੇ ਬਾਵਜੂਦ ਫੇਲ੍ਹ ਹੋ ਗਏ। ਕੀ ਇਸ ਦਾ ਮਤਲਬ ਹਾਥੀ, ਸ਼ੇਰ, ਮੱਛੀ ਆਦਿ ਬਾਂਦਰ ਦੇ ਮੁਕਾਬਲੇ ਕਮਜ਼ੋਰ ਸਨ, ਬਿਲਕੁਲ ਨਹੀਂ। ਜੰਗਲ ’ਚ ਦਰੱਖਤ ’ਤੇ ਚੜ੍ਹਨ ਲਈ ਬਾਂਦਰ ਦਾ ਮੁਕਾਬਲਾ ਹਾਥੀ ਨਾਲ ਨਹੀਂ ਹੋ ਸਕਦਾ। ਹਾਥੀ ਦੀ ਤਾਕਤ ਦਰੱਖਤ ਪੁੱਟਣ ’ਚ ਹੈ, ਉਸ ’ਤੇ ਚੜ੍ਹਨ ’ਚ ਨਹੀਂ। ਸ਼ੇਰ ਦੀ ਤਾਕਤ ਸ਼ਿਕਾਰ ਕਰਨ ’ਚ ਹੈ, ਦਰੱਖਤ ’ਤੇ ਚੜ੍ਹਨ ’ਚ ਨਹੀਂ। ਇਕ ਮੱਛੀ ਪਾਣੀ ’ਚ ਰਾਣੀ ਹੈ। ਉਹ ਤੇਜ਼ ਤੈਰਦੀ ਹੈ, ਲਹਿਰਾਂ ਨਾਲ ਖੇਡਦੀ ਹੈ। ਅਗਰ ਉਹ ਮੱਛੀ ਪਾਣੀ ਤੋਂ ਬਾਹਰ ਆ ਕੇ ਦਰੱਖਤਾਂ ’ਤੇ ਚੜ੍ਹਨ ਦਾ ਮੁਕਾਬਲਾ ਕਰੇਗੀ ਤਾਂ ਉਹ ਮੌਤ ਨੂੰ ਗਲ ਲਾ ਬੈਠੇਗੀ। ਉਸ ਦਾ ਮਰਨਾ ਉਸ ਦੀ ਕਮਜ਼ੋਰੀ ਕਰ ਕੇ ਨਹੀਂ ਹੋਵੇਗਾ, ਸਗੋਂ ਗ਼ਲਤ ਮੁਕਾਬਲਾ ਚੁਣਨ ਕਰ ਕੇ ਹੋਵੇਗਾ। ਅੱਜ ਬਹੁਤੇ ਮਨੁੱਖ ਉਹੀ ਮੱਛੀ ਬਣੇ ਹੋਏ ਹਨ ਜੋ ਆਪਣਾ ਤਲਾਬ ਛੱਡ ਕੇ ਹੋਰਾਂ ਦੀ ਦੇਖਾ-ਦੇਖੀ ਸੜਕ ’ਤੇ ਦੌੜਨ ਦੀ ਨਾਕਾਮ ਕੋਸ਼ਿਸ਼ ਕਰ ਕੇ ਮਾਨਸਿਕ ਦੁਬਿਧਾ ਤੇ ਚਿੰਤਾ ’ਚ ਜਿਉਣ ਲਈ ਮਜਬੂਰ ਹਨ। ਕਿਸੇ ਸਫ਼ਲ ਸ਼ਖ਼ਸੀਅਤ ਦੀ ਚਕਾਚੌਂਧ ਦੇਖ ਕੇ ਉਸ ਵਰਗਾ ਬਣਨ ਦੀ ਅੰਨ੍ਹੀ ਦੌੜ ’ਚ ਅਸੀਂ ਆਪਣੀ ਅਸਲੀ ਪ੍ਰਤਿਭਾ ਨੂੰ ਹੀ ਮਾਰ ਦਿੰਦੇ ਹਾਂ। ਕਿਸੇ ਵਰਗਾ ਬਣਨ ਦਾ ਅਰਮਾਨ ਲੈਣਾ ਕੋਈ ਬੁਰੀ ਗੱਲ ਨਹੀਂ ਪਰ ਉਸ ਦੇ ਸੰਘਰਸ਼ ਨੂੰ ਨਜ਼ਰਅੰਦਾਜ਼ ਕਰਨਾ ਗੁਨਾਹ ਹੈ, ਜੋ ਜਗ ਹਸਾਈ ਦਾ ਸਬੱਬ ਹੋ ਨਿੱਬੜਦਾ ਹੈ। ਸੋਸ਼ਲ ਮੀਡੀਆ ਦੀਆਂ ਰੀਲਾਂ ਤੇ ਪ੍ਰੇਰਨਾ ਦੇਣ ਦੇ ਨਾਮ ’ਤੇ ਚੀਕਣ ਵਾਲਿਆਂ ਨੂੰ ਸੁਣ ਕੇ ਕਿਸੇ ਨਿਸ਼ਾਨੇ ਪ੍ਰਤੀ ਕੁਝ ਸਮੇਂ ਲਈ ਉਤਸ਼ਾਹਿਤ ਹੋ ਜਾਣਾ ਜਦਕਿ ਉਸ ਤਰ੍ਹਾਂ ਦੀ ਪ੍ਰਤਿਭਾ ਦਾ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ। ਇਹ ਤੁਲਨਾ ਮਨੁੱਖ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਦੀ। ਕੁਦਰਤ ਨੇ ਹਰ ਇਕ ਨੂੰ ਵੱਖਰੀ ਕਰਮ-ਭੂਮੀ ਅਤੇ ਹੁਨਰ ਦਿੱਤਾ ਹੈ। ਸ਼ੇਰ ਦੀ ਕਰਮ-ਭੂਮੀ ਜੰਗਲ ਹੈ, ਮੱਛੀ ਦੀ ਪਾਣੀ ਹੈ, ਪੰਛੀ ਦੀ ਅਸਮਾਨ ਹੈ। ਜੇ ਅਸੀਂ ਸ਼ੇਰ ਨੂੰ ਪਾਣੀ ’ਚ ਸੁੱਟ ਦੇਈਏ ਤੇ ਮੱਛੀ ਨੂੰ ਜੰਗਲ ’ਚ, ਤਾਂ ਦੋਵੇਂ ਮਰ ਜਾਣਗੇ। ਇਸ ਲਈ ਆਪਣੀ ਕਰਮ-ਭੂਮੀ ਤੇ ਪ੍ਰਤਿਭਾ ਨੂੰ ਪਛਾਣੋ। ਕਿਸੇ ਦੂਜੇ ਦੀ ਕਰਮ-ਭੂਮੀ ’ਚ ਜਾ ਕੇ ਕਦੇ ਵੀ ਸਫਲਤਾ ਨਹੀਂ ਮਿਲਦੀ। ਅਸੀਂ ਅਕਸਰ ਇਕੋ ਕਤਾਰ ’ਚ ਖੜ੍ਹੇ ਦੋ ਲੋਕਾਂ ਦੀ ਤੁਲਨਾ ਕਰ ਦਿੰਦੇ ਹਾਂ, ਪਰ ਅਸੀਂ ਇਹ ਨਹੀਂ ਵੇਖਦੇ ਕਿ ਉਹ ਆਏ ਕਿੱਥੋਂ ਹਨ। ਕੋਈ ਬੱਚਾ ਜੰਮਦਿਆਂ ਹੀ ਸੋਨੇ ਦਾ ਚਮਚਾ ਮੂੰਹ ’ਚ ਲੈ ਕੇ ਆਉਂਦਾ ਹੈ, ਕਿਸੇ ਨੂੰ ਉਹੀ ਚਮਚਾ ਬਣਾਉਣ ਲਈ ਸਾਰੀ ਉਮਰ ਲੋਹਾ ਕੁੱਟਣਾ ਪੈਂਦਾ ਹੈ। ਇਕ ਵਿਅਕਤੀ ਜੋ ਮੰਜ਼ਿਲ ਦੇ ਨੇੜੇ ਖੜ੍ਹਾ ਹੈ, ਹੋ ਸਕਦਾ ਹੈ ਉਸ ਨੇ ਬਹੁਤ ਪਹਿਲਾਂ ਤੁਰਨਾ ਸ਼ੁਰੂ ਕੀਤਾ ਹੋਵੇ। ਕੋਈ ਬੱਚਾ ਪਹਿਲੀ ਜਮਾਤ ਤੋਂ ਹੀ ਇਲਾਕੇ ਦੇ ਮਿਆਰੀ ਸਕੂਲ, ਟਿਊਸ਼ਨ, ਮਾਂ-ਬਾਪ ਪੜ੍ਹੇ-ਲਿਖੇ ਆਦਿ ਸਹੂਲਤਾਂ ਨਾਲ ਲੈਸ ਹੁੰਦਾ ਹੈ। ਦੂਜਾ ਬੱਚਾ ਪਛੜੇ ਇਲਾਕੇ, ਆਮ ਜਿਹੇ ਸਕੂਲ ’ਚ, ਸ਼ਾਮ ਨੂੰ ਖੇਤ ’ਚ ਕੰਮ ਵੀ ਕਰਦਾ ਹੈ, ਮਾਂ-ਬਾਪ ਅਨਪੜ੍ਹ ਹਨ। ਦੋਹਾਂ ਦੇ ਨੰਬਰਾਂ ਦੀ ਤੁਲਨਾ ਕਰਨਾ ਬੇਈਮਾਨੀ ਹੈ। ਹਰ ਕਿਸੇ ਦੀ ਆਰਥਿਕ ਭੂਮੀ ਵੱਖਰੀ ਹੈ। ਇਕ ਅਮੀਰ ਘਰ ਦਾ ਬੱਚਾ ਫੇਲ੍ਹ ਹੋ ਕੇ ਵੀ ਦੁਬਾਰਾ ਖੜ੍ਹਾ ਹੋ ਸਕਦਾ ਹੈ, ਕਿਉਂਕਿ ਉਸ ਕੋਲ ਪੈਸੇ ਦੀ ਗੱਦੀ ਹੈ, ਉਸ ਕੋਲ ਨੈੱਟਵਰਕ ਹੈ। ਇਕ ਗਰੀਬ ਘਰ ਦੇ ਬੱਚੇ ਕੋਲ ਫੇਲ੍ਹ ਹੋਣ ਦੀ ਵੀ ਸਹੂਲਤ ਨਹੀਂ ਹੁੰਦੀ। ਉਸ ਦੀ ਇਕ ਫੇਲ੍ਹ ਹੋਣੀ ਉਸ ਨੂੰ ਸਾਲਾਂ ਪਿੱਛੇ ਸੁੱਟ ਦਿੰਦੀ ਹੈ। ਇਸ ਲਈ ਜੇ ਤੁਹਾਡੇ ਕੋਲ ਘੱਟ ਸਾਧਨ ਹਨ ਅਤੇ ਤੁਸੀਂ ਫਿਰ ਵੀ ਲੜ ਰਹੇ ਹੋ, ਤਾਂ ਤੁਸੀਂ ਸਭ ਤੋਂ ਵੱਡੇ ਯੋਧੇ ਹੋ। ਆਪਣੀ ਤੁਲਨਾ ਕਿਸੇ ਰਜਵਾੜੇ ਦੇ ਬੱਚੇ ਨਾਲ ਨਾ ਕਰੋ। ਕੋਈ 22 ਸਾਲ ਦੀ ਉਮਰ ’ਚ ਨੌਕਰੀ ਲੱਗ ਜਾਂਦਾ ਹੈ, ਕੋਈ 35 ਸਾਲ ਦੀ ਉਮਰ ’ਚ। ਕੋਈ 25 ਸਾਲ ਦੀ ਉਮਰ ’ਚ ਸਫਲ ਬਿਜ਼ਨਸਮੈਨ ਬਣ ਜਾਂਦਾ ਹੈ, ਕੋਈ 50 ਸਾਲ ਦੀ ਉਮਰ ’ਚ। ਕਰਨਲ ਸੈਂਡਰਸ ਨੇ 65 ਸਾਲ ਦੀ ਉਮਰ ’ਚ ਕੇਐੱਫਸੀ ਸ਼ੁਰੂ ਕੀਤਾ ਸੀ। ਅਮਿਤਾਭ ਬੱਚਨ ਨੂੰ 70 ਸਾਲ ਦੀ ਉਮਰ ’ਚ ਦੁਬਾਰਾ ਸੁਪਰਸਟਾਰਡਮ ਮਿਲਿਆ। ਸਾਡੀ ਸਮੱਸਿਆ ਇਹ ਹੈ ਕਿ ਅਸੀਂ ਦੂਜੇ ਦੀ ਘੜੀ ਵੇਖ ਕੇ ਆਪਣੀ ਘੜੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਯਾਦ ਰੱਖੋ, ਘੜੀ ਨੇ ਸਮੇਂ ਮੁਤਾਬਕ ਹੀ ਚੱਲਣਾ ਹੈ। ਸਮੁੰਦਰ ਵਾਂਗ ਧੀਰਜ ਰੱਖੋ। ਜਦੋਂ ਪੂਰਨਮਾਸ਼ੀ ਆਵੇਗੀ, ਜਵਾਰਭਾਟਾ ਸਭ ਤੋਂ ਉੱਚਾ ਹੋਵੇਗਾ। ਉਦੋਂ ਤੱਕ ਆਪਣੀ ਤਿਆਰੀ ਕਰੋ, ਆਪਣੇ ਆਪ ਨੂੰ ਡੂੰਘਾ ਕਰੋ। ਇਹ ਜ਼ਰੂਰੀ ਨਹੀਂ ਕਿ ਸਬਰ ਦਾ ਫਲ ਹਮੇਸ਼ਾ ਮਿੱਠਾ ਹੀ ਹੋਵੇ, ਪਰ ਇਹ ਜ਼ਰੂਰੀ ਹੈ ਕਿ ਸਹੀ ਵੇਲੇ ’ਤੇ ਮਿਲਿਆ ਫਲ ਹੀ ਮਿੱਠਾ ਲੱਗਦਾ ਹੈ। ਵੇਲੇ ਦੀ ਨਮਾਜ਼ ਹੀ ਕਬੂਲ ਹੁੰਦੀ ਹੈ, ਕੁਵੇਲੇ ਦੀਆਂ ਟੱਕਰਾਂ ਨਹੀਂ। ਜੇ ਸਫ਼ਲਤਾ ਬਹੁਤ ਦੇਰ ਨਾਲ ਮਿਲੇ ਤਾਂ ਉਹ ਫਿੱਕੀ ਲੱਗਣ ਲੱਗ ਪੈਂਦੀ ਹੈ। ਇਸ ਲਈ ਆਪਣੇ ਸਮੇਂ ਦਾ ਸਤਿਕਾਰ ਕਰੋ, ਪਰ ਦੂਜੇ ਦੇ ਸਮੇਂ ਨਾਲ ਆਪਣੀ ਤੁਲਨਾ ਨਾ ਕਰੋ। ਅੱਜ ਤੋਂ 20 ਸਾਲ ਪਹਿਲਾਂ ਤੁਲਨਾ ਸਿਰਫ਼ ਗੁਆਂਢ ਤੱਕ ਸੀ। ਅੱਜ ਤੁਲਨਾ ਪੂਰੀ ਦੁਨੀਆਂ ਨਾਲ ਹੈ। ਇੰਸਟਾਗ੍ਰਾਮ, ਫੇਸਬੁੱਕ ’ਤੇ ਹਰ ਕੋਈ ਆਪਣੀ ਜ਼ਿੰਦਗੀ ਦੀ ਹਾਈਲਾਈਟ ਫਿਲਮ ਦਿਖਾਉਂਦਾ ਹੈ। ਕੋਈ ਦੁਬਈ ਘੁੰਮ ਰਿਹਾ ਹੈ, ਕੋਈ ਨਵੀਂ ਥਾਰ ਲੈ ਰਿਹਾ ਹੈ, ਕੋਈ ਮਹਿੰਗੇ ਰੈਸਟੋਰੈਂਟ ’ਚ ਖਾ ਰਿਹਾ ਹੈ। ਕੋਈ ਵੀ ਆਪਣੀ ਅਸਫਲਤਾ, ਆਪਣਾ ਕਰਜ਼ਾ, ਆਪਣੀ ਇਕੱਲਤਾ, ਆਪਣੇ ਰਾਤ ਦੇ ਹੰਝੂ ਨਹੀਂ ਦਿਖਾਉਂਦਾ। ਅਸੀਂ ਆਪਣੀ ਜ਼ਿੰਦਗੀ ਦੀ ਪੂਰੀ, ਦੁੱਖਾਂ-ਸੁੱਖਾਂ ਭਰੀ ਫਿਲਮ ਦੀ ਤੁਲਨਾ ਦੂਜਿਆਂ ਦੀ 30 ਸੈਕਿੰਡ ਦੀ ਐਡੀਟਿਡ ਰੀਲ ਨਾਲ ਕਰਦੇ ਹਾਂ ਅਤੇ ਡਿਪਰੈਸ਼ਨ ’ਚ ਚਲੇ ਜਾਂਦੇ ਹਾਂ। ਮੋਰ ਆਪਣੇ ਖੰਭਾਂ ’ਤੇ ਮਾਣ ਕਰਦਾ ਹੈ, ਪਰ ਉਹ ਬਾਜ਼ ਜਿੰਨਾ ਉੱਚਾ ਉੱਡ ਨਹੀਂ ਸਕਦਾ। ਬਾਜ਼ ਕੋਲ ਮੋਰ ਵਰਗੇ ਖੰਭ ਨਹੀਂ ਪਰ ਉਹ ਸਭ ਤੋਂ ਉੱਚਾ ਉੱਡਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਨੁੱਖ ਆਪਣੀ ਯਾਤਰਾ ਨੂੰ ਕਿਵੇਂ ਸਮਝੇ ਅਤੇ ਮਾਣੇ, ਇਸ ਸਬੰਧੀ ਕੁਝ ਨੁਕਤੇ ਅਪਣਾਏ ਜਾ ਸਕਦੇ ਹਨ। ਆਪਣੀ ਪੂਰਨਮਾਸ਼ੀ ਦੀ ਉਡੀਕ ਕਰੋ: ਜਵਾਰਭਾਟੇ ਵਾਂਗ ਧੀਰਜ ਰੱਖੋ। ਆਪਣੇ ਸਮੇਂ ’ਤੇ ਭਰੋਸਾ ਰੱਖੋ। ਜਦੋਂ ਤੱਕ ਤੁਹਾਡਾ ਚੰਦ ਪੂਰਾ ਨਹੀਂ ਹੁੰਦਾ, ਆਪਣੇ ਆਪ ਨੂੰ ਤਿਆਰ ਕਰੋ, ਆਪਣੀ ਡੂੰਘਾਈ ਵਧਾਓ। ਆਪਣੇ ਆਪ ਨਾਲ ਮੁਕਾਬਲਾ ਕਰੋ: ਦੁਨੀਆਂ ’ਚ ਸਿਰਫ਼ ਇਕ ਹੀ ਵਿਅਕਤੀ ਹੈ, ਜਿਸ ਨਾਲ ਤੁਲਨਾ ਕਰਨੀ ਚਾਹੀਦੀ ਹੈ ਉਹ ਹੈ ਕੱਲ੍ਹ ਵਾਲਾ ਤੁਸੀਂ। ਕੀ ਤੁਸੀਂ ਕੱਲ੍ਹ ਨਾਲੋਂ ਅੱਜ ਬਿਹਤਰ ਹੋ? ਬਸ ਇਹੀ ਕਾਫੀ ਹੈ।ਆਪਣੀ ਕਰਮ-ਭੂਮੀ ਨੂੰ ਪਿਆਰ ਕਰੋ: ਮੱਛੀ ਨੂੰ ਪਾਣੀ ਨਾਲ ਪਿਆਰ ਕਰਨਾ ਚਾਹੀਦਾ ਹੈ, ਅਸਮਾਨ ਨਾਲ ਨਹੀਂ। ਜੋ ਤੁਹਾਡੇ ਕੋਲ ਹੈ, ਉਸੇ ਵਿੱਚ ਆਪਣੀ ਦੁਨੀਆਂ ਬਣਾਓ। ਦੂਜਿਆਂ ਨੂੰ ਵੇਖਣਾ ਬੰਦ ਕਰੋ। ਆਪਣੇ ਬੀਜ ਨੂੰ ਪਾਣੀ ਦਿਓ। ਤੁਲਨਾ ਛੱਡੋ, ਯਾਤਰਾ ਦਾ ਆਨੰਦ ਮਾਣੋ, ਕਿਉਂਕਿ ਮੰਜ਼ਿਲ ਨਾਲੋਂ ਯਾਤਰਾ ਜ਼ਿਆਦਾ ਸੋਹਣੀ ਹੁੰਦੀ ਹੈ।
ਸੰਪਰਕ: 95173-96001