- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੀਹ ਸਾਲਾਂ ਬਾਅਦ ਵੀ ਉਨ੍ਹਾਂ ਨੇ ਸਾਨੂੰ ਪਛਾਣ ਲਿਆ। ਫਿਰ ਜੋ ਹੋਇਆ, ਉਹ ਸਰ ਦੀ ਸ਼ਖ਼ਸੀਅਤ ਦਾ ਸਭ ਤੋਂ ਸੋਹਣਾ ਪੱਖ ਸੀ। ਉਸ ਸਮੇਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੀ ਦਿੱਲੀ ਤੋਂ ਆਏ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਚੱਲ ਰਹੀ ਸੀ ਪਰ ਸਰ ਸਾਨੂੰ ਲੈ ਕੇ ਸਿੱਧੇ ਪ੍ਰਿੰਸੀਪਲ ਦੇ ਦਫ਼ਤਰ ਵੱਲ ਤੁਰ ਪਏ। ਅਸੀਂ ਸ਼ਾਇਦ ਮਨ ਹੀ ਮਨ ਸੋਚ ਰਹੇ ਸਾਂ-‘ਸਰ, ਅੱਜ ਵੀ ਕੋਈ ਡੰਡਾ ਨਾ ਪਵਾ ਦਿਓ!’ ਪਰ ਇਸ ਵਾਰ ਡੰਡਾ ਨਹੀਂ ਸੀ।

.jpeg)
ਗੁਰਦੀਪ ਸਿੰਘ ਮਾਨ
ਸੁਖਦਰਸ਼ਨ ਸਿੱਧੂ, ਸਖ਼ਤੀ ਦੇ ਪਿੱਛੇ ਨਿੱਘ, ਡਾਂਟ ਦੇ ਅੰਦਰ ਪਿਆਰ ਅਤੇ ਹਰ ਸਬਕ ਵਿੱਚ ਜ਼ਿੰਦਗੀ ਕੁਝ ਅਧਿਆਪਕ ਸਾਨੂੰ ਸਿਰਫ਼ ਪੜ੍ਹਾਉਂਦੇ ਹਨ। ਕੁਝ ਸਾਨੂੰ ਇਮਤਿਹਾਨ ਪਾਸ ਕਰਵਾਉਂਦੇ ਹਨ ਪਰ ਕੁਝ ਅਜਿਹੇ ਹੁੰਦੇ ਹਨ, ਜੋ ਸਾਡੀ ਪੂਰੀ ਜ਼ਿੰਦਗੀ ਦਾ ਹਿਸਾਬ-ਕਿਤਾਬ ਠੀਕ ਕਰ ਜਾਂਦੇ ਹਨ। ਪ੍ਰੋ. ਸੁਖਦਰਸ਼ਨ ਸਿੰਘ ਸਿੱਧੂ ਮੇਰੇ ਲਈ ਅਜਿਹੇ ਹੀ ਅਧਿਆਪਕ ਸਨ। ਅੱਜ ਜਦੋਂ ਉਨ੍ਹਾਂ ਦੇ ਭੋਗ ਮੌਕੇ ਉਨ੍ਹਾਂ ਨੂੰ ਯਾਦ ਕਰ ਰਿਹਾ ਹਾਂ ਤਾਂ ਯਾਦਾਂ ਦੀ ਕਿਤਾਬ ਦਾ ਇਕ-ਇਕ ਸਫ਼ਾ ਆਪਣੇ ਆਪ ਖੁੱਲ੍ਹ ਰਿਹਾ ਹੈ। ਅਜੀਬ ਗੱਲ ਹੈ, ਉਸ ਕਿਤਾਬ ਵਿਚ ਡਰ ਵੀ ਹੈ, ਹਾਸਾ ਵੀ ਹੈ, ਸਖ਼ਤੀ ਵੀ ਹੈ, ਪਿਆਰ ਵੀ ਹੈ ਅਤੇ ਅੰਤ ਵਿਚ ਇਕ ਅਜਿਹੀ ਕ੍ਰਿਤੱਗਤਾ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਔਖਾ ਹੈ। ਮੈਂ ਅੱਠਵੀਂ ਤੋਂ ਦਸਵੀਂ ਜਮਾਤ ਤੱਕ ਉਨ੍ਹਾਂ ਤੋਂ ਗਣਿਤ ਪੜ੍ਹਿਆ। ਉਸ ਵੇਲੇ ਸਾਡੇ ਲਈ ਗਣਿਤ ਦੇ ਸਵਾਲਾਂ ਨਾਲੋਂ ਵੱਡਾ ਸਵਾਲ ਇਹ ਹੁੰਦਾ ਸੀ ਕਿ ਅੱਜ ਸਰ ਦਾ ਡੰਡਾ ਕਿੰਨੇ ਨੰਬਰਾਂ ਦਾ ਪਵੇਗਾ! ਸੁਖਦਰਸ਼ਨ ਸਰ ਦੀ ਆਪਣੀ ਇਕ ਅਜੀਬੋ-ਗਰੀਬ ‘ਮਾਰਕਿੰਗ ਸਕੀਮ’ ਸੀ। ਟੈਸਟ ਵਿਚ ਜਿੰਨੇ ਨੰਬਰ ਘੱਟ ਆਏ, ਹੱਥ ਦੀ ਹਥੇਲੀ ਉੱਤੇ ਓਨੇ ਹੀ ਡੰਡੇ। ਅੱਜ ਦੇ ਬੱਚੇ ਸ਼ਾਇਦ ਇਹ ਸੁਣ ਕੇ ਯਕੀਨ ਨਾ ਕਰਨ, ਪਰ ਸਾਡੇ ਸਮੇਂ ਵਿਚ ‘ਮਾਈਨਸ ਮਾਰਕਿੰਗ’ ਦਾ ਅਸਲੀ ਮਤਲਬ ਅਸੀਂ ਹੱਥਾਂ ’ਤੇ ਮਹਿਸੂਸ ਕੀਤਾ ਹੈ। ਕਦੇ ਪੰਜ ਨੰਬਰ ਘੱਟ ਆਏ ਤਾਂ ਪੰਜ। ਦਸ ਘੱਟ ਆਏ ਤਾਂ ਦਸ! ਉਸ ਵੇਲੇ ਹਥੇਲੀ ਲਾਲ ਹੁੰਦੀ ਸੀ ਤੇ ਅਸੀਂ ਸੋਚਦੇ ਸਾਂ-ਸਰ ਨੇ ਅੱਜ ਤਾਂ ਹਿਸਾਬ ਬਰਾਬਰ ਕਰ ਦਿੱਤਾ ਪਰ ਅੱਜ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਹ ਸਾਡੇ ਨੰਬਰਾਂ ਦਾ ਨਹੀਂ, ਸਾਡੇ ਭਵਿੱਖ ਦਾ ਹਿਸਾਬ ਠੀਕ ਕਰ ਰਹੇ ਸਨ। ਕਲਾਸ ਵਿਚ ਦੇਰ ਨਾਲ ਪਹੁੰਚਣਾ ਲਗਭਗ ਅਪਰਾਧ ਸੀ। ਅਧੂਰਾ ਕੰਮ ਕਰਨਾ ਉਸ ਤੋਂ ਵੀ ਵੱਡਾ। ਜੇ ਅਸੀਂ ਇਹ ਸੋਚ ਕੇ ਖੇਡ ਦੇ ਮੈਦਾਨ ਵਿਚ ਨਿਕਲ ਜਾਂਦੇ ਕਿ ਸਰ ਨੂੰ ਪਤਾ ਨਹੀਂ ਲੱਗਣਾ-ਤਾਂ ਇਹ ਸਾਡੀ ਸਭ ਤੋਂ ਵੱਡੀ ਭੁੱਲ ਹੁੰਦੀ। ਸਰ ਨੂੰ ਸਭ ਪਤਾ ਹੁੰਦਾ ਸੀ। ਅਸੀਂ ਮੈਦਾਨ ਵਿਚ ਕ੍ਰਿਕਟ ਖੇਡ ਰਹੇ ਹੁੰਦੇ, ਕਬੱਡੀ ਪਾ ਰਹੇ ਹੁੰਦੇ ਜਾਂ ਸਿਰਫ਼ ਮੌਜਾਂ ਕਰ ਰਹੇ ਹੁੰਦੇ, ਉੱਪਰੋਂ ਆਵਾਜ਼ ਆਉਂਦੀ-‘ਓਏ ਇੱਧਰ ਆਓ! ਕੰਮ ਪੂਰਾ ਕੀਤਾ?’ ਤੇ ਫਿਰ ਖੇਡ ਦਾ ਮੈਦਾਨ ਅਦਾਲਤ ਬਣ ਜਾਂਦਾ ਅਤੇ ਅਸੀਂ ਮੁਲਜ਼ਮ! ਕਈ ਵਾਰ ਤਾਂ ਸਾਨੂੰ ‘ਮੁਰਗਾ’ ਬਣਨ ਦਾ ਉਹ ਮਾਣ ਵੀ ਪ੍ਰਾਪਤ ਹੁੰਦਾ ਸੀ, ਜਿਸ ਨੂੰ ਅੱਜ ਯਾਦ ਕਰਕੇ ਹਾਸਾ ਵੀ ਆਉਂਦਾ ਹੈ ਤੇ ਪਿਆਰ ਵੀ ਪਰ ਇਸ ਸਖ਼ਤੀ ਦੇ ਪਿੱਛੇ ਇੱਕ ਬੇਮਿਸਾਲ ਨਿੱਘ ਸੀ। ਸਰ ਸਾਨੂੰ ਸਾਰਿਆਂ ਨੂੰ ਨਾਮ ਲੈ ਕੇ ਜਾਣਦੇ ਸਨ। ਉਨ੍ਹਾਂ ਦੀ ਕਲਾਸ ’ਚ ਹਾਜ਼ਰੀ ਸਿਰਫ਼ ਰਜਿਸਟਰ ’ਚ ਨਹੀਂ ਲੱਗਦੀ ਸੀ, ਉਹ ਸਾਡੇ ਜੀਵਨ ਵਿਚ ਵੀ ਲੱਗਦੀ ਸੀ। ਉਨ੍ਹਾਂ ਲਈ ਸਮਾਂ ਸਿਰਫ਼ ਘੜੀ ਦੀਆਂ ਸੂਈਆਂ ਨਹੀਂ ਸੀ, ਸਗੋਂ ਜ਼ਿੰਮੇਵਾਰੀ ਦਾ ਦੂਜਾ ਨਾਮ ਸੀ। ਅੱਜ ਜਦੋਂ ਸਰਕਾਰੀ ਸੇਵਾ ਵਿਚ ਹਾਂ ਤੇ ਸਮੇਂ, ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਅਹਿਮੀਅਤ ਸਮਝਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਗੱਲਾਂ ਦੀ ਪਹਿਲੀ ਟ੍ਰੇਨਿੰਗ ਸਾਨੂੰ ਕਿਸੇ ਪ੍ਰਬੰਧਕੀ ਸੰਸਥਾ ਨੇ ਨਹੀਂ, ਸੁਖਦਰਸ਼ਨ ਸਰ ਦੀ ਕਲਾਸ ਨੇ ਦਿੱਤੀ ਸੀ। ਸ਼ਾਇਦ ਇਸੇ ਲਈ ਉਨ੍ਹਾਂ ਦੇ ਵਿਦਿਆਰਥੀਆਂ ਦੀ ਕਹਾਣੀ ਵੀ ਆਪਣੇ ਆਪ ’ਚ ਇਕ ਸੁੰਦਰ ਜਵਾਬ ਹੈ। ਮੇਰੇ ਨਾਲ ਪੜ੍ਹਨ ਵਾਲੇ ਜਸਵਿੰਦਰ ਚਾਹਲ ਅੱਜ ਪੰਜਾਬ ਸਰਕਾਰ ਵਿਚ ਅਫ਼ਸਰ ਹਨ ਅਤੇ ਇਸ ਵੇਲੇ ਜੀ.ਐੱਮ. ਰੋਡਵੇਜ਼ ਵਜੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਹਨ। ਸਾਡਾ ਇਕ ਹੋਰ ਸਾਥੀ ਜਗਰੂਪ ਸਿੰਘ ਅੱਜ ਸਰਕਾਰੀ ਅਧਿਆਪਕ ਹੈ। ਕਰਨਪਾਲ ਵੀ ਆਪਣਾ ਸੋਹਣਾ ਕਾਰੋਬਾਰ ਕਰ ਰਿਹਾ ਹੈ ਤੇ ਮੈਂ ਵੀ ਪੰਜਾਬ ਸਰਕਾਰ ’ਚ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਵੱਜੋਂ ਸੇਵਾ ਨਿਭਾ ਰਿਹਾ ਹਾਂ। ਇਹ ਸਿਰਫ਼ ਤਿੰਨ ਵਿਦਿਆਰਥੀਆਂ ਦੀ ਗੱਲ ਨਹੀਂ। ਸਾਡੇ ਵਰਗੇ ਅਨੇਕਾਂ ਵਿਦਿਆਰਥੀ ਅੱਜ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਕਦੇ ਜਿਹੜੇ ਹੱਥ ਸਰ ਦੀ ਛੜੀ ਨਾਲ ਦਰਦ ਕਰਦੇ ਸਨ, ਅੱਜ ਉਹੀ ਹੱਥ ਸਰਕਾਰੀ ਫਾਈਲਾਂ ਉੱਤੇ ਦਸਤਖ਼ਤ ਕਰਦੇ ਹਨ। ਕਦੇ ਜਿਨ੍ਹਾਂ ਹੱਥਾਂ ਨਾਲ ਅਸੀਂ ਗਣਿਤ ਦੇ ਗਲਤ ਜਵਾਬ ਲਿਖਦੇ ਸਾਂ, ਅੱਜ ਉਹੀ ਹੱਥ ਲੋਕਾਂ ਦੇ ਕੰਮਾਂ ਦੇ ਸਹੀ ਫ਼ੈਸਲੇ ਲਿਖਦੇ ਹਨ। ਇਸ ਤੋਂ ਵੱਡੀ ਕਿਸੇ ਅਧਿਆਪਕ ਦੀ ‘ਮਾਰਕਸ਼ੀਟ’ ਹੋਰ ਕੀ ਹੋ ਸਕਦੀ ਹੈ! ਪਰ ਸਰ ਦੀ ਇਕ ਯਾਦ ਇਸ ਸਭ ਤੋਂ ਵੀ ਵੱਧ ਕੀਮਤੀ ਹੈ। ਕੁਝ ਸਮਾਂ ਪਹਿਲਾਂ, ਲਗਭਗ ਤੀਹ ਸਾਲ ਬਾਅਦ, ਅਸੀਂ ਆਪਣੇ ਪੁਰਾਣੇ ਸਕੂਲ ਗਏ। ਉਮਰ ਬਦਲ ਚੁੱਕੀ ਸੀ, ਚਿਹਰੇ ਬਦਲ ਚੁੱਕੇ ਸਨ, ਅਹੁਦੇ ਬਦਲ ਚੁੱਕੇ ਸਨ ਪਰ ਸਕੂਲ ਦੀਆਂ ਕੰਧਾਂ ’ਚ ਸਾਡਾ ਬਚਪਨ ਅਜੇ ਵੀ ਉੱਥੇ ਹੀ ਖੜ੍ਹਾ ਸੀ। ਅਸੀਂ ਸੋਚਿਆ ਸੀ ਕਿ ਅਸੀਂ ਸਕੂਲ ਨੂੰ ਮਿਲਣ ਜਾ ਰਹੇ ਹਾਂ ਪਰ ਉੱਥੇ ਪਹੁੰਚ ਕੇ ਲੱਗਿਆ ਕਿ ਸਕੂਲ ਵੀ ਸਾਨੂੰ ਮਿਲਣ ਲਈ ਤਿਆਰ ਬੈਠਾ ਸੀ। ਸਰ ਨੂੰ ਜਦੋਂ ਪਤਾ ਲੱਗਿਆ ਕਿ ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਆਏ ਹਨ ਤਾਂ ਉਹ ਵਿਸ਼ੇਸ਼ ਤੌਰ ’ਤੇ ਸਕੂਲ ਦੇ ਗੇਟ ’ਤੇ ਸਾਨੂੰ ਮਿਲਣ ਆਏ। ਤੀਹ ਸਾਲਾਂ ਬਾਅਦ ਵੀ ਉਨ੍ਹਾਂ ਨੇ ਸਾਨੂੰ ਪਛਾਣ ਲਿਆ। ਫਿਰ ਜੋ ਹੋਇਆ, ਉਹ ਸਰ ਦੀ ਸ਼ਖ਼ਸੀਅਤ ਦਾ ਸਭ ਤੋਂ ਸੋਹਣਾ ਪੱਖ ਸੀ। ਉਸ ਸਮੇਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੀ ਦਿੱਲੀ ਤੋਂ ਆਏ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਚੱਲ ਰਹੀ ਸੀ ਪਰ ਸਰ ਸਾਨੂੰ ਲੈ ਕੇ ਸਿੱਧੇ ਪ੍ਰਿੰਸੀਪਲ ਦੇ ਦਫ਼ਤਰ ਵੱਲ ਤੁਰ ਪਏ। ਅਸੀਂ ਸ਼ਾਇਦ ਮਨ ਹੀ ਮਨ ਸੋਚ ਰਹੇ ਸਾਂ-‘ਸਰ, ਅੱਜ ਵੀ ਕੋਈ ਡੰਡਾ ਨਾ ਪਵਾ ਦਿਓ!’ ਪਰ ਇਸ ਵਾਰ ਡੰਡਾ ਨਹੀਂ ਸੀ। ਇਸ ਵਾਰ ਸਰ ਸਾਡੇ ਲਈ ਮਾਣ ਲੈ ਕੇ ਆਏ ਸਨ। ਉਨ੍ਹਾਂ ਨੇ ਪ੍ਰਿੰਸੀਪਲ ਸਾਹਿਬ ਨਾਲ ਸਾਡੀ ਮੁਲਾਕਾਤ ਕਰਵਾਈ ਤੇ ਵੱਡੇ ਮਾਣ ਨਾਲ ਸਾਡੇ ਸਾਰਿਆਂ ਦੀ ਕਾਮਯਾਬੀਆਂ ਬਾਰੇ ਦੱਸਿਆ। ਫ਼ਰਕ ਸਿਰਫ਼ ਇਹ ਸੀ ਕਿ ਇਸ ਵਾਰ ਸਵਾਲ ਜ਼ਿੰਦਗੀ ਦਾ ਸੀ ਅਤੇ ਜਵਾਬ ਸਾਡੇ ਕੋਲ ਸੀ। ਉਸ ਦਿਨ ਸਮਝ ਆਇਆ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕਦੇ ਰਿਟਾਇਰ ਨਹੀਂ ਕਰਦਾ। ਉਸ ਦੀ ਕਲਾਸ ਵਿੱਚੋਂ ਨਿਕਲਿਆ ਵਿਦਿਆਰਥੀ ਭਾਵੇਂ ਕਿੰਨਾ ਵੀ ਵੱਡਾ ਅਫ਼ਸਰ ਬਣ ਜਾਵੇ, ਉਸ ਦੇ ਅਧਿਆਪਕ ਦੀਆਂ ਅੱਖਾਂ ਵਿੱਚ ਉਹ ਹਮੇਸ਼ਾ ਉਹੀ ਬੱਚਾ ਰਹਿੰਦਾ ਹੈ। ਅੱਜ ਸੁਖਦਰਸ਼ਨ ਸਰ ਸਰੀਰਕ ਰੂਪ ’ਚ ਸਾਡੇ ਵਿਚਕਾਰ ਨਹੀਂ ਹਨ। ਇਹ ਗੱਲ ਮੰਨਣੀ ਔਖੀ ਹੈ ਪਰ ਸ਼ਾਇਦ ਅਧਿਆਪਕਾਂ ਦੀ ਮੌਤ ਨਹੀਂ ਹੁੰਦੀ। ਉਹ ਆਪਣੇ ਵਿਦਿਆਰਥੀਆਂ ਵਿੱਚ ਜੀਊਂਦੇ ਰਹਿੰਦੇ ਹਨ। ਸੁਖਦਰਸ਼ਨ ਸਰ ਨੇ ਸਾਨੂੰ ਸਿਰਫ਼ ਗਣਿਤ ਨਹੀਂ ਸਿਖਾਇਆ। ਜਿਸ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਤੋਂ ਉਮੀਦ ਹੋਵੇ, ਉਹ ਸਿਰਫ਼ ਪਾਠ ਨਹੀਂ ਪੜ੍ਹਾਉਂਦਾ-ਉਹ ਭਵਿੱਖ ਤਿਆਰ ਕਰਦਾ ਹੈ।ਸਰ, ਤੁਸੀਂ ਸਾਨੂੰ ਗਣਿਤ ਦੇ ਕਈ ਸਵਾਲ ਹੱਲ ਕਰਵਾਏ ਪਰ ਜ਼ਿੰਦਗੀ ਦਾ ਸਭ ਤੋਂ ਵੱਡਾ ਸਵਾਲ ਵੀ ਤੁਸੀਂ ਹੀ ਸਮਝਾ ਗਏ-ਮਿਹਨਤ ਕਰਨੀ ਹੈ, ਹਾਰ ਨਹੀਂ ਮੰਨਣੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਹੈ। ਜਿਨ੍ਹਾਂ ਹੱਥਾਂ ਨੂੰ ਕਦੇ ਤੁਹਾਡੀ ਛੜੀ ਨੇ ਦਰਦ ਦਿੱਤਾ ਸੀ, ਉਹੀ ਹੱਥ ਅੱਜ ਤੁਹਾਨੂੰ ਸ਼ਰਧਾਂਜਲੀ ਦੇਣ ਲਈ ਜੁੜੇ ਹੋਏ ਹਨ।ਇਸ ਤੋਂ ਵੱਡਾ ਗੁਰੂ-ਦਕਸ਼ਿਣਾ ਦਾ ਪਲ ਹੋਰ ਕੀ ਹੋ ਸਕਦਾ ਹੈ? ਸਰ, ਤੁਹਾਡੀ ਕਲਾਸ ਮੁੱਕ ਗਈ ਹੈ ਪਰ ਤੁਹਾਡਾ ਸਬਕ ਅਜੇ ਵੀ ਜਾਰੀ ਹੈ ।
(ਲੇਖਕ ਫ਼ਾਜ਼ਿਲਕਾ ਦੇ ਲੋਕ ਸੰਪਰਕ ਅਫ਼ਸਰ ਹਨ, ਮੋਬਾਈਲ : 98157-44451)।