- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖ, ਔਰਤ ਦੀ ਕਦਰ ਕਰਨ ਦਾ ਢੰਡੋਰਾ ਪਿੱਟਦਾ ਹੈ ਪਰ ਜ਼ਿਆਦਾਤਰ ਔਰਤਾਂ ਦੀ ਹਾਲਤ ਦਿੱਤੇ ਜਾ ਰਹੇ ਨਾਆਰਿਆਂ ਦੇ ਤੁਲ ਨਹੀਂ ਹੈ। ਜੇ ਇਹ ਸੱਚ ਹੁੰਦਾ ਤਾਂ ਮਨੁੱਖ ਨੇ ਮਾਂ ਦੀ ਕੁੱਖ ’ਚ ਹੀ ਧੀਆਂ ਨੂੰ ਮਾਰਨ ਦਾ ਪਾਪ ਨਹੀਂ ਸੀ ਕਰਨਾ। ਇਹੋ ਵਜ੍ਹਾ ਹੈ ਕਿ ਪੰਜਾਬ ’ਚ ਮੁੰਡਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਹੋਰ ਘਟੀ ਹੈ। ਪਿਛਲੇ ਪੰਜ ਸਾਲਾਂ ਦੇ ਮੁਕਾਬਲੇ 2025 ਨੂੰ ਲੜਕੀਆਂ ਦੀ ਗਿਣਤੀ ਹੋਰ ਹੇਠਾਂ ਡਿੱਗੀ ਹੈ।

- ਕਮਲਜੀਤ ਸਿੰਘ ਬਨਵੈਤ
ਰੱਬ ਨੇ ਚਿੜੀਆਂ ਤੇ ਕੁੜੀਆਂ ਦੇ ਇੱਕੋ ਜਿਹੇ ਲੇਖ ਲਿਖੇ ਹਨ। ਇਨਸਾਨ ਦੀਆਂ ਗ਼ਲਤੀਆਂ ਕਾਰਨ ਕੁੜੀਆਂ ਤੇ ਚਿੜੀਆਂ ਦੀ ਗਿਣਤੀ ਘਟਣ ਲੱਗੀ ਹੈ। ਰੱਬ ਨੇ ਔਰਤ ਨੂੰ ਕੋਮਲ ਰੂਹ ਬਣਾ ਕੇ ਸੰਸਾਰ ’ਚ ਭੇਜਿਆ ਹੈ। ਮਾਂ ਦੀ ਗੋਦ ਮੁੱਢਲੀ ਯੂਨੀਵਰਸਿਟੀ ਹੈ। ਮਾਂ ਦੀ ਗੋਦ ’ਚ ਕੌਮਾਂ ਪਲਦੀਆਂ ਹਨ। ਮਾਂ ਹੈ ਤਾਂ ਪੈਰਾਂ ਥੱਲੇ ਜੰਨਤ ਹੈ। ਮਾਂ ਦੀ ਨਰਾਜ਼ਗੀ ਨੂੰ ਰੱਬ ਦੀ ਨਰਾਜ਼ਗੀ ਦੱਸਿਆ ਗਿਆ ਹੈ।
ਕੁੜੀ ਆਪਣਾ ਬਚਪਨ ਤੇ ਜਵਾਨੀ ਮਾਪਿਆਂ ਦੇ ਘਰ ਗੁਜ਼ਾਰਦੀ ਹੈ। ਰਹਿੰਦੀ ਜ਼ਿੰਦਗੀ ਉਹ ਦੂਜੇ ਘਰ ’ਚ ਗੁਜ਼ਾਰਦੀ ਹੈ। ਦੁੱਖ ਇਹ ਕਿ ਔਰਤ ਦਾ ਸਾਰੀ ਉਮਰ ਨਾਂ ਆਪਣਾ ਪੇਕਾ ਘਰ ਹੋਇਆ ਤੇ ਨਾ ਹੀ ਸਹੁਰਾ ਘਰ। ਜ਼ਿਆਦਾ ਕਰਕੇ ਦੂਜੇ ਘਰ ’ਚ ਉਸ ਨਾਲ ਜ਼ਿਆਦਾਤੀਆਂ ਸ਼ੁਰੂ ਹੋ ਜਾਂਦੀਆਂ ਹਨ, ਹਾਲਾਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਦੀਆਂ ਪਹਿਲਾਂ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ’ ਦਾ ਹੋਕਾ ਦੇ ਗਏ ਸਨ।
ਮਨੁੱਖ, ਔਰਤ ਦੀ ਕਦਰ ਕਰਨ ਦਾ ਢੰਡੋਰਾ ਪਿੱਟਦਾ ਹੈ ਪਰ ਜ਼ਿਆਦਾਤਰ ਔਰਤਾਂ ਦੀ ਹਾਲਤ ਦਿੱਤੇ ਜਾ ਰਹੇ ਨਾਆਰਿਆਂ ਦੇ ਤੁਲ ਨਹੀਂ ਹੈ। ਜੇ ਇਹ ਸੱਚ ਹੁੰਦਾ ਤਾਂ ਮਨੁੱਖ ਨੇ ਮਾਂ ਦੀ ਕੁੱਖ ’ਚ ਹੀ ਧੀਆਂ ਨੂੰ ਮਾਰਨ ਦਾ ਪਾਪ ਨਹੀਂ ਸੀ ਕਰਨਾ। ਇਹੋ ਵਜ੍ਹਾ ਹੈ ਕਿ ਪੰਜਾਬ ’ਚ ਮੁੰਡਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਹੋਰ ਘਟੀ ਹੈ। ਪਿਛਲੇ ਪੰਜ ਸਾਲਾਂ ਦੇ ਮੁਕਾਬਲੇ 2025 ਨੂੰ ਲੜਕੀਆਂ ਦੀ ਗਿਣਤੀ ਹੋਰ ਹੇਠਾਂ ਡਿੱਗੀ ਹੈ। ਰਜਿਸਟਰਾਰ ਜਨਰਲ ਐਂਡ ਸੈਂਸਿਸ ਕਮਿਸ਼ਨਰ ਆਫ਼ ਇੰਡੀਆ ਦੀ ਇਕ ਜੁਲਾਈ ਦੀ ਰਿਪੋਰਟ ਅਨੁਸਾਰ ਪੰਜਾਬ ’ਚ 1000 ਪਿੱਛੇ ਲੜਕੀਆਂ ਦੀ ਗਿਣਤੀ 921 ਹੈ। ਸਿਤਮ ਦੀ ਗੱਲ ਇਹ ਕਿ ਸਰਵੇ ’ਚ ਸ਼ਾਮਲ 27 ਸੂਬਿਆਂ ’ਚੋਂ ਪੰਜਾਬ 18ਵੇਂ ਨੰਬਰ ’ਤੇ ਹੈ।
ਰਿਪੋਰਟ ਮੁਤਾਬਿਕ 2020 ਨੂੰ ਪੰਜਾਬ ’ਚ 1000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 1925 ਸੀ। ਉਸ ਤੋਂ ਅਗਲੇ ਸਾਲ ਇਹ ਗਿਣਤੀ 924 ਰਹਿ ਗਈ। ਸਾਲ 2022 ਨੂੰ ਇਹ ਗਿਣਤੀ 923 ਅਤੇ 2024 ਨੂੰ ਰਹਿ ਗਈ ਸੀ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਸਾਲ ਇਹ ਗਿਣਤੀ ਵੱਧ ਕੇ 926 ਨੂੰ ਪੁੱਜ ਗਈ ਹੈ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਅਜਿਹਾ ਹੈ, ਜਿੱਥੇ ਪੰਜਾਬ ਭਰ ’ਚੋਂ ਲੜਕਿਆਂ ਦੇ ਮੁਕਾਬਲੇ ਲੜਕਿਆਂ ਦੀ ਗਿਣਤੀ ਸਭ ਤੋਂ ਘੱਟ ਹੈ। ਫਤਹਿਗੂੜ੍ਹ ਸਾਹਿਬ ’ਚ 1000 ਮੁੰਡਿਆਂ ਪਿੱਛੇ ਲੜਕੀਆਂ ਦੀ ਗਿਣਤੀ 895 ਦੱਸੀ ਗਈ ਹੈ। ਗੁਰਦਾਸਪੁਰ ’ਚ 1000 ਲੜਕਿਆਂ ਪਿੱਛੇ 899 ਲੜਕੀਆਂ ਹਨ, ਜਦਕਿ ਬਠਿੰਡਾ ਤੇ ਸੰਗਰੂਰ ’ਚ 1000 ਲੜਕਿਆਂ ਪਿੱਛੇ ਲੜਕਿਆਂ ਦੀ ਗਿਣਤੀ 901 ਹੈ। ਮੋਹਾਲੀ ਅਤੇ ਸ਼ਹੀਦ ਭਗਤ ਸਿੰਘ ਨਗਰ ’ਚ 1000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 904 ਹੈ।
ਸਿਹਤ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਬੱਚੇ ਪੈਦਾ ਕਰਨ ਕਰਕੇ ਵੀ ਲੜਕੀਆਂ ਦੀ ਗਿਣਤੀ ਘਟੀ ਹੈ। ਡਾਇਗਨੋਸਟਿਕ ਸੈਂਟਰਾਂ ’ਚ ਬੱਚੇ ਦਾ ਲਿੰਗ ਦਾ ਪਤਾ ਲਾ ਕੇ ਕਈ ਮਾਪੇ ਮਾਂ ਦੀ ਕੁੱਖ ’ਚ ਹੀ ਮਾਰਨ ਲੱਗੇ ਹਨ ਹਾਲਾਂਕਿ ਇਹ ਕਾਨੂੰਨੀ ਅਪਰਾਧ ਹੈ। ਇਸ ਲਈ ਮਾਪੇ ਹੀ ਨਹੀਂ ਸਗੋਂ ਡਾਇਗਨੋਸਟਿਕ ਸੈਂਟਰਾਂ ਦੇ ਮਾਲਕ ਵੀ ਬਰਾਬਰ ਦੇ ਦੋਸ਼ੀ ਹਨ। ਦੁੱਖ ਦੀ ਗੱਲ ਇਹ ਕਿ ਕਈ ਡਾਇਗਨੋਸਟਿਕ ਸੈਂਟਰਾਂ ਦੇ ਖ਼ਿਲਾਫ਼ ਪੁਲਿਸ ਕੇਸ ਦਰਜ ਕੀਤੇ ਗਏ ਹਨ ਪਰ ਹਾਲੇ ਤੱਕ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ ਗਈ ਹੈ। ਕਈ ਅਜਿਹੇ ਵੀ ਹਨ ਜਿਹੜੇ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਲੈ ਗਏ ਹਨ ਤੇ ਉਹ ਗ਼ੈਰ-ਕਾਨੂੰਨੀ ਕੰਮ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਪੁਲਿਸ ਵੀ ਗ਼ੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਨੱਥ ਪਾਉਣ ’ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ, ਜਿਸ ਕਰਕੇ ਲਿੰਗ ਦੱਸਣ ਦਾ ਧੰਦਾ ਲਗਾਤਾਰ ਚੱਲ ਰਿਹਾ ਹੈ।
ਦੂਜੇ ਬੰਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਅੰਕੜੇ ਲੜਕੀਆਂ ਦੀ ਜਨਮ ਦਰ ’ਚ ਸੁਧਾਰ ਦੱਸਣ ਲੱਗੇ ਹਨ। ਵਿਭਾਗ ਵੱਲੋਂ ਨਵੇਂ ਅੰਕੜੇ ਜਲਦੀ ਹੀ ਜਨਤਕ ਕੀਤੇ ਜਾਣਗੇ। ਸਿਹਤ ਵਿਭਾਗ ਦੀ ਡਾਇਰੈਕਟਰ ਡਾਕਟਰ ਅਦਿਤੀ ਸਲਾਰੀਆ ਦਾ ਕਹਿਣਾ ਹੈ ਕਿ ਪੀਸੀਪੀਐੱਨਡੀਟੀ ਐਕਟ ਤਹਿਤ ਛਾਪੇ ਮਾਰੇ ਜਾ ਰਹੇ ਹਨ ਅਤੇ ਪਹਿਲਾਂ ਨਾਲੋਂ ਵੀ ਵੱਧ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ।
ਸਿਹਤ ਵਿਭਾਗ ਦੀ ਇਕ ਸਾਬਕਾ ਸਿਵਲ ਸਰਜਨ ਅਤੇ ਔਰਤ ਰੋਗਾਂ ਦੀ ਮਾਹਰ ਡਾਕਟਰ ਜਸਬੀਰ ਔਲਖ ਦਾ ਕਹਿਣਾ ਹੈ ਕਿ ਡਾਇਗਨੋਸਟਿਕ ਸੈਂਟਰਾਂ ਦੇ ਮਾਲਕਾਂ ਨੂੰ ਸਿਆਸੀ ਲੀਡਰਾਂ ਦੀ ਸਰਪ੍ਰਸਤੀ ਹਾਸਿਲ ਹੈ। ਉਹ ਬੇਝਿਜਕ ਹੋ ਕੇ ਕਹਿੰਦੇ ਹਨ ਕਿ ਬੜੀ ਵਾਰ ਇੰਝ ਵੀ ਹੋਇਆ ਹੈ ਕਿ ਛਾਪੇ ਮਾਰਨ ਬਾਰੇ ਜਾਂ ਸਖ਼ਤੀ ਕਰਨ ਵਾਲੇ ਅਧਿਕਾਰੀਆਂ ਨੂੰ ਬਦਲ ਦਿੱਤਾ ਜਾਂਦਾ ਹੈ। ਸਿਆਸੀ ਦਬਾਅ ਅੱਗੇ ਬਹੁਤ ਵਾਰ ਅਧਿਕਾਰੀਆਂ ਦੇ ਹੱਥ ਬੰਨੇ ਜਾਂਦੇ ਹਨ।
ਗੁਆਂਢੀ ਰਾਜ ਹਰਿਆਣਾ ਦੀ ਗੱਲ ਕਰੀਏ ਤਾਂ ਇੱਥੇ 1000 ਲੜਕਿਆਂ ਪਿੱਛੇ ਲੜਕੀਆਂ ਦੀ ਗਿਣਤੀ 910 ਹੈ। ਹਿਮਾਚਲ ਪ੍ਰਦੇਸ਼ ’ਚ 1000 ਲੜਕਿਆਂ ਪਿੱਛੇ 934 ਅਤੇ ਮੇਘਾਲਿਆ ’ਚ 974 ਲੜਕੀਆਂ ਹਨ। ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ’ਚ 1000 ਲੜਕੀਆਂ ਪਿੱਛੇ ਲੜਕੀਆਂ ਦੀ ਗਿਣਤੀ 984 ਹੈ। ਅਰੁਣਾਚਲ ਪ੍ਰਦੇਸ਼ ਸ਼ਾਬਾਸ਼ ਦਾ ਹੱਕਦਾਰ ਹੈ, ਜਿੱਥੇ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਜ਼ਿਆਦਾ 750 ਹੈ। ਭਾਵ ਉੱਥੇ ਲੜਕੀਆਂ ਜ਼ਿਆਦਾ ਅਤੇ ਲੜਕੇ ਘੱਟ ਹਨ।
ਹਰ ਸਾਲ ਕੌਮਾਂਤਰੀ ਮਹਿਲਾ ਦਿਵਸ ਮਨਾਏ ਜਾਂਦੇ ਹਨ। ਸਰਕਾਰਾਂ ਵੱਡੇ-ਵੱਡੇ ਵਾਅਦੇ ਕਰਦੀਆਂ ਹਨ। ਸਮਾਜ ਸੇਵੀ ਸੰਸਥਾਵਾਂ ਵੀ ਔਰਤਾਂ ਦੇ ਹੱਕ ’ਚ ਖੜ੍ਹਣ ਦਾ ਦਮ ਭਰਦੀਆਂ ਹਨ। ਉਦੋਂ ਦੁੱਖ ਹੋਰ ਹੋ ਜਾਂਦਾ ਹੈ ਜਦੋਂ ਬੇਟੀਆਂ ਨੂੰ ਕੁੱਖਾਂ ਦੇ ਮਾਰਨ ਦੇ ਮਾਮਲੇ ’ਚ ਔਰਤ ਹੀ ਔਰਤ ਵੀ ਦੁਸ਼ਮਣ ਬਣ ਟੱਕਰਦੀ ਹੈ। ਔਰਤ ਦੇ ਹੱਕ ’ਚ ਢੰਡੋਰਾ ਪਿੱਟਣ ਵਾਲਿਆਂ ਦੀ ਆਤਮਾ ਵੀ ਲੜਕੇ ਨਾਲ ਵੰਸ਼ ਵਧਣ ਦੀ ਲਾਲਸਾ ਦੇ ਭਾਰ ਹੇਠ ਦੱਬ ਕੇ ਰਹਿ ਜਾਂਦੀ ਹੈ।
ਹੁਣ ਜਦੋਂ ਲੜਕੀਆਂ, ਲੜਕਿਆਂ ਨੂੰ ਹਰ ਖੇਤਰ ’ਚ ਪਛਾੜਨ ਲੱਗੀਆਂ ਹਨ ਤਦ ਘੱਟੋ ਘੱਟ ਇਨਸਾਨ ਨੂੰ ਇਹ ਪਾਪ ਕਰਨ ਤੋਂ ਬਾਜ਼ ਆ ਜਾਣਾ ਚਾਹੀਦਾ ਹੈ। ਆਪਣੇ ਕੀਤੇ ’ਤੇ ਸ਼ਰਮਸ਼ਾਰ ਹੋਣਾ ਬਣਦਾ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਇਕ ਮਹਿਲਾ ਰਹਿ ਚੁੱਕੀ ਹੈ। ਅੱਜ ਭਾਰਤ ਦੀ ਰਾਸ਼ਟਰਪਤੀ ਵੀ ਮਹਿਲਾ ਦਰੋਪਦੀ ਮੁਰਮੂ ਹੈ। ਔਰਤ ਹੈ ਜਿਹੜੀ ਕਿ ਉਸ ਤੋਂ ਪਹਿਲਾਂ ਚੰਦਰਮਾਂ ਨੂੰ ਹੱਥ ਲਾ ਕੇ ਮੁੜੀ ਹੈ। ਇਨਸਾਨ ਹਾਲੇ ਵੀ ਨਾ ਸਮਝਿਆ ਤਾਂ ਫਿਰ ਰੱਬ ਹੀ ਰਾਖਾ। (ਸੰਪਰਕ : 98147-34035)।