- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਕਰਨ ਵਾਲੇ ਲਈ ਘਰ ਦੀ ਇੱਜ਼ਤ, ਮਾਂ ਬਾਪ ਦੇ ਅਥਰੂ, ਠੰਢਾ ਚੁੱਲ੍ਹਾ ਜਾਂ ਘਰ ਦੇ ਕਿਸੇ ਪਰਿਵਾਰਿਕ ਮੈਂਬਰ ਦੀ ਗੰਭੀਰ ਬਿਮਾਰੀ ਦੀ ਕੋਈ ਚਿੰਤਾ ਨਹੀਂ ਹੁੰਦੀ। ਹੁਣ ਤਾਂ ਕਈ ਥਾਵਾਂ ’ਤੇ ਨਸ਼ੇੜੀਆਂ ਨੇ ਨਸ਼ਿਆਂ ਦੀ ਪੂਰਤੀ ਲਈ ਆਪਣੇ ਪੁੱਤਾਂ ਨੂੰ ਤਸਕਰਾਂ ਕੋਲ ਵੇਚ ਕੇ ਉਨ੍ਹਾਂ ਦੀ ਜ਼ਿੰਦਗੀ ਧੁਆਂਖਣ ਦੀਆਂ ਮਨਹੂਸ ਖ਼ਬਰਾਂ ਨੇ ਸਮਾਜ ਚਿੰਤਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

- ਮੋਹਨ ਸ਼ਰਮਾ
ਨਸ਼ੇੜੀਆਂ ਨੇ ਆਪਣੇ ਝੱਸ ਪੂਰੇ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥ ਕੰਡਿਆਂ ਦੇ ਨਾਲ-ਨਾਲ ਮਾਪਿਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈ। ਸਵੇਰੇ-ਸਵੇਰੇ ਮਾਪਿਆਂ ਦੇ ਗੱਲ ਅੰਗੂਠਾ ਦੇ ਕੇ ਨਸ਼ੇ ਲਈ ਪੈਸੇ ਮੰਗਣਾ, ਨਾਂਹ ਕਰਨ ’ਤੇ ਕੁੱਟਮਾਰ, ਘਰੋਂ ਕੀਮਤੀ ਸਮਾਨ ਚੁੱਕ ਕੇ ਕੌਡੀਆਂ ਦੇ ਭਾਅ ਵੇਚਣਾ ਉਨ੍ਹਾਂ ਦਾ ਰੁਟੀਨ ਹੈ। ਕਈ ਨਸ਼ੇੜੀਆਂ ਦੇ ਘਰ ਬੂਹੇ-ਬਾਰੀਆਂ ਤੋਂ ਸੱਖਣੇ, ਭਾਂਅ ਭਾਂਅ ਕਰਦੀ ਰਸੋਈ, ਮਾਂ ਦੀ ਸੁੰਨੀ ਪੇਟੀ ਤੋਂ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਨਸ਼ੇੜੀ ਪੁੱਤ ਨੇ ਮਾਪਿਆਂ ਨੂੰ ਅਰਸ਼ ਤੋਂ ਫਰਸ਼ ਤੇ ਪਟਕਾ ਕੇ ਮਾਰਿਆ ਹੈ।
ਨਸ਼ਾ ਕਰਨ ਵਾਲੇ ਲਈ ਘਰ ਦੀ ਇੱਜ਼ਤ, ਮਾਂ ਬਾਪ ਦੇ ਅਥਰੂ, ਠੰਢਾ ਚੁੱਲ੍ਹਾ ਜਾਂ ਘਰ ਦੇ ਕਿਸੇ ਪਰਿਵਾਰਿਕ ਮੈਂਬਰ ਦੀ ਗੰਭੀਰ ਬਿਮਾਰੀ ਦੀ ਕੋਈ ਚਿੰਤਾ ਨਹੀਂ ਹੁੰਦੀ। ਹੁਣ ਤਾਂ ਕਈ ਥਾਵਾਂ ’ਤੇ ਨਸ਼ੇੜੀਆਂ ਨੇ ਨਸ਼ਿਆਂ ਦੀ ਪੂਰਤੀ ਲਈ ਆਪਣੇ ਪੁੱਤਾਂ ਨੂੰ ਤਸਕਰਾਂ ਕੋਲ ਵੇਚ ਕੇ ਉਨ੍ਹਾਂ ਦੀ ਜ਼ਿੰਦਗੀ ਧੁਆਂਖਣ ਦੀਆਂ ਮਨਹੂਸ ਖ਼ਬਰਾਂ ਨੇ ਸਮਾਜ ਚਿੰਤਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ ਮਾਂ ਭੈਣ ਅਤੇ ਪਤਨੀ ਦੇ ਰੂਪ ’ਚ ਇਸ ਪਰਕੋਪ ਦਾ ਸ਼ਿਕਾਰ ਔਰਤ ਭੋਗਦੀ ਹੈ। ਪੋਟਾ-ਪੋਟਾ ਦੁਖੀ ਮਾਂ ਆਪਣੇ ਨਸ਼ੇੜੀ ਪੁੱਤ ਦੀਆਂ ਕਰਤੂਤਾਂ ਤੇ ਪਰਦਾ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਵਿਆਹੀ ਹੋਈ ਭੈਣ ਰੱਖੜੀ ਵਾਲੇ ਦਿਨ ਬੜੇ ਚਾਅ ਨਾਲ ਇਕਲੌਤੇ ਭਰਾ ਕੋਲੋਂ ਰੱਖੜੀ ਬੰਨ੍ਹਣ ਲਈ ਆਉਂਦੀ ਹੈ ਪਰ ਪੇਕੇ ਆ ਕੇ ਉਹਨੂੰ ਪਤਾ ਲੱਗਦਾ ਹੈ ਕਿ ਨਸ਼ੇੜੀ ਭਰਾ ਤਾਂ ਦੋ ਦਿਨ ਦਾ ਘਰੇ ਹੀ ਨਹੀਂ ਵੜ੍ਹਿਆ। ਆਪਣੇ ਨਸ਼ੇੜੀ ਸਾਥੀਆਂ ਨਾਲ ਮਿਲ ਕੇ ਪਤਾ ਨਹੀਂ ਕਿੱਥੇ ਕਿੱਥੇ ਚੋਰੀਆਂ, ਚੈਨ ਝਪਟਮਾਰੀਆਂ, ਲੁੱਟਾਂ ਖੋਹਾਂ ’ਚ ਸ਼ਾਮਲ ਹੋ ਕੇ ਆਪਣੀ ਜਿੰਦਗੀ ਧੁਆਂਖ ਰਿਹਾ ਹੋਵੇਗਾ। ਭੈਣ ਹਉਕਾ ਭਰ ਕੇ ਸਹੁਰੇ ਪਰਤ ਜਾਂਦੀ ਹੈ। ਸਹੁਰੇ ਘਰ ਜਾ ਕੇ ਉਸ ਨੂੰ ਵੀ ਆਪਣੇ ਭਰਾ ਸਬੰਧੀ ਮਜ਼ਬੂਰ ਹੋ ਕੇ ਪੋਚੇ ਮਾਰਨੇ ਪੈਂਦੇ ਨੇ। ਨਸ਼ੇੜੀ ਦੀ ਪਤਨੀ ਆਪਣੇ ਪਤੀ ਦੀਆਂ ਘਟੀਆਂ ਪੱਧਰ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ ਆਪਣੇ ਆਪ ਨੂੰ ਨਾ ਹੀ ਸੁਹਾਗਣ ਸਮਝਦੀ ਹੈ ਅਤੇ ਨਾ ਹੀ ਵਿਧਵਾ। ਬਸ, ਅੱਥਰੂਆਂ ਭਿੱਜੀ ਸੋਗੀ ਮੁਸਕਰਾਹਟ ਨਾਲ ਵਕਤ ਨੂੰ ਧੱਕਾ ਦਿੰਦੀ ਹੈ। ਅਜਿਹਾ ਹੀ ਇਕ ਕੇਸ ਮੇਰੇ ਸੰਪਰਕ ’ਚ ਆਇਆ। ਸਜ ਵਿਆਹੀ ਮੁਟਿਆਰ ਆਪਣੇ ਨਸ਼ੇੜੀ ਪਤੀ ਨੂੰ ਲੈ ਕੇ ਆ ਗਈ। ਕੁੜੀ ਨੂੰ ਮੁਖ਼ਾਤਿਬ ਹੁੰਦਿਆਂ ਮੈਂ ਕਿਹਾ, ‘ਹਾਂ ਬੀਬੀ ਦੱਸੋ? ਕੀ ਦਿੱਕਤ ਹੈ ਤੁਹਾਡੇ ਪਤੀ ਨੂੰ?’ ਮੇਰੇ ਸ਼ਬਦਾਂ ਦੇ ਪ੍ਰਤੀਕਰਮ ਵਜੋਂ ਕੁੜੀ ਭੁੱਬੀ ਰੋ ਪਈ। ਅਥਰੂ ਵਹਾਉਂਦਿਆਂ ਉਸ ਨੇ ਹਟਕੋਰਿਆਂ ਭਰੀ ਆਵਾਜ਼ ’ਚ ਦੱਸਿਆ, ‘ਸਰ, ਸਾਡੇ ਵਿਆਹ ਨੂੰ ਮਹੀਨਾ ਕੁ ਹੋਇਆ ਹੈ। ਮੇਰੇ ਮਾਪਿਆਂ ਨੇ ਚੰਗਾ ਘਰ-ਵਾਰ ਅਤੇ ਜ਼ਮੀਨ ਵੇਖ ਕੇ ਇਹਦੇ ਲੜ ਲਾ ਦਿੱਤਾ। ਵੀਹ ਬਾਈ ਦਿਨ ਤਾਂ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਸਵੇਰੇ ਘਰੋਂ ਨਿਕਲ ਕੇ ਇਹ ਦਿਨ ਢਲੇ ਹੀ ਘਰੇ ਪਰਤਦਾ। ਇਹਦੀਆਂ ਅੱਖਾਂ ਲਾਲ ਸੁਰਖ ਹੁੰਦੀਆਂ। ਜਦੋਂ ਮੈਂ ਥੋੜ੍ਹੀ ਜਿਹੀ ਗੌਰ ਕੀਤੀ ਤਾਂ ਮੇਰੀਆਂ ਸਾਂਭ ਕੇ ਰੱਖੀਆਂ ਟੂਮਾਂ ਅਤੇ ਸ਼ਗਨਾਂ ਵਾਲੇ ਪੈਸੇ ਗੁੰਮ ਸਨ। ਇਸ ਨੂੰ ਪੁੱਛਿਆ ਤਾਂ ਇਸ ਨੇ ਪੈਰਾਂ ’ਤੇ ਪਾਣੀ ਨਹੀਂ ਪੈਣ ਦਿੱਤਾ। ਪਰਸੋਂ ਦੀ ਗੱਲ ਹੈ ਸਰ, ਇਹ ਮਰੇ ਹੋਏ ਕੁੱਤੇ ਵਾਂਗ ਮੰਜੇ ’ਤੇ ਪਿਆ। ਕਈ ਥਾਈਂ ਇਹ ਟੈਲੀਫੋਨ ਕਰਕੇ ਵੀ ‘ਚਿੱਟੇ’ ਦੇ ਜੁਗਾੜ ਲਈ ਹੱਥ ਪੈਰ ਮਾਰਦਾ ਰਿਹਾ। ਇਸ ਨੂੰ ਮੈਂ ਪੁੱਛਿਆ ਕਿ ਕੁਝ ਦੁਖਦਾ ਹੈ ਤਾਂ ਡਾਕਟਰ ਨੂੰ ਵਿਖਾ ਦਿੰਦੇ ਹਾਂ। ਦੂਸਰੇ ਕਮਰੇ ’ਚੋਂ ਮੈਂ ਆਪਣੇ ਸੱਸ ਸਹੁਰੇ ਨੂੰ ਬੁਲਾਉਣ ਲਈ ਜਾਣ ਲੱਗੀ ਤਾਂ ਇਸ ਨੇ ਰੋਕ ਦਿੱਤਾ। ਫਿਰ ਮੈਨੂੰ ਆਪਣੇ ਕੋਲ ਬਿਠਾਕੇ ਕਹਿਣ ਲੱਗਿਆ, ‘ਤੂੰ ਮੈਨੂੰ ਜਿਉਂਦਾ ਵੇਖਣਾ ਚਾਹੁੰਦੀ ਹੈਂ?’ ਮੈਂ ਬੜੀ ਚਿੰਤਾ ਅਤੇ ਹਲੀਮੀ ਨਾਲ ਕਿਹਾ, ‘ਤੁਸੀਂ ਮੇਰੇ ਸੁਹਾਗ ਹੋ। ਭਲਾਂ ਪਤੀ ਤੋਂ ਬਿਨਾਂ ਔਰਤ ਦੀ ਜ਼ਿੰਦਗੀ ਹੀ ਕੀ ਹੈ। ਨਾਲੇ ਆਪਾਂ ਨੇ ਤਾਂ ਹਾਲੇ ਵਿਆਹੁਤਾ ਜ਼ਿੰਦਗੀ ਸ਼ੁਰੂ ਹੀ ਕੀਤੀ। ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰਦੇ ਹੋਂ?’ ਫਿਰ ਉਸਨੇ ਪਤੀ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਵਿਹੰਦਿਆਂ ਦੱਸਿਆ ਕਿ ਇਸ ਨੇ ਚਿੱਟੇ ਦੀ ਪੂਰਤੀ ਲਈ ਮੈਨੂੰ ਕਿਹਾ, ‘ਤੈਨੂੰ ਥਹੁ-ਟਿਕਾਣਾ ਮੈਂ ਦੱਸ ਦਿੰਦਾ ਹਾਂ। ਉੱਥੇ ਜਾ ਕੇ ਉਹਨਾਂ ਕੋਲੋਂ ਮੇਰੇ ਲਈ ਚਿੱਟਾ ਫੜ ਕੇ ਲੈ ਆ। ਜੇ ਉਹ ਕੁਝ ਕਹਿਣ...।’ ਹਾਲਾਂ ਉਹ ਕੁਝ ਹੋਰ ਕਹਿਣ ਹੀ ਲੱਗਿਆ ਸੀ ਕਿ ਮੈਂ ਸ਼ੇਰਨੀ ਵਾਂਗ ਦਹਾੜ ਮਾਰੀ ‘ਤੂੰ ਕੀ ਸਮਝਦੈ ਬਈ ਤੇਰੇ ਚਿੱਟੇ ਪਿੱਛੇ ਉਹਨਾਂ ਮਲੰਗਾ ਨਾਲ ਇੱਜ਼ਤ ਦਾ ਸੌਦਾ ਕਰਾਂ? ਖ਼ਬਰਦਾਰ...। ਸਰ, ਕੱਲ੍ਹ ਦਾ ਦਿਨ ਅਤੇ ਰਾਤ ਇਹਦੇ ਗਲੂਕੋਜ ਲਾ ਕੇ ਇਹਨੂੰ ਥੋੜ੍ਹਾ ਜਿਹਾ ਥਹੁ ਠਿਕਾਣੇ ਰੱਖਿਐ। ਮੇਰੇ ਸੱਸ ਸਹੁਰੇ ਨੂੰ ਪਹਿਲਾਂ ਹੀ ਇਹਦੀਆਂ ਕਰਤੂਤਾਂ ਦਾ ਪਤਾ ਸੀ ਪਰ ਉਨ੍ਹਾਂ ਨੇ ਪਰਦਾ ਪਾ ਕੇ ਰੱਖਿਐ।’ ਕੁੱਝ ਪਲ ਕਮਰੇ ’ਚ ਖ਼ਾਮੋਸ਼ੀ ਛਾਈ ਰਹੀ। ਕੁੜੀ ਨੇ ਖ਼ਾਮੋਸ਼ੀ ਤੋੜਦਿਆਂ ਭੁੱਬਾਂ ਮਾਰ ਕੇ ਕਿਹਾ, ‘ਸਰ, ਇੱਥੇ ਕੋਈ ਬੇਗਾਨਾ ਨਹੀਂ, ਸਗੋਂ ਮੇਰਾ ਪਤੀ ਹੀ ਮੇਰਾ ਚੀਰ ਹਰਨ ਕਰਵਾ ਰਿਹਾ ਹੈ। ਹਾੜ੍ਹਾ ਜੀ, ਮੇਰੀ ਰੱਖਿਆ ਕਰੋ। ਇਹਨੂੰ ਦਾਖਲ ਕਰਕੇ ਇਹਨੂੰ ਨਸ਼ਾ ਮੁਕਤ ਕਰੋ।’ ਕਾਗਜ਼ੀ ਕਾਰਵਾਈ ਉਪਰੰਤ ਮੁੰਡਾ ਦਾਖ਼ਲ ਕਰ ਲਿਆ। ਕੁੜੀ ਦੇ ਸਿਰ ’ਤੇ ਹੱਥ ਰੱਖਦਿਆਂ ਕਿਹਾ, ‘ਇਸ ਨੂੰ ਦਾਖ਼ਲ ਕਰ ਲਿਆ ਹੈ। ਬੱਸ ਤੂੰ ਇੱਥੇ ਵਾਰ-ਵਾਰ ਗੇੜਾ ਨਾ ਮਾਰੀਂ। ਠੀਕ ਹੋਣ ਉਪਰੰਤ ਫੋਨ ਕਰਾਂਗੇ। ਉਸ ਦਿਨ ਆ ਕੇ ਲੈ ਜਾਣਾ। ਡੇਢ ਕੁ ਮਹੀਨੇ ਦੇ ਇਲਾਜ ਉਪਰੰਤ ਉਹ ਠੀਕ ਹੋ ਗਿਆ। ਉਸ ਦੀ ਪਤਨੀ ਨੂੰ ਘਰ ਲੈ ਕੇ ਜਾਣ ਲਈ ਸੁਨੇਹਾ ਦੇ ਦਿੱਤਾ। ਘਰਵਾਲੀ ਦੀ ਆਮਦ ’ਤੇ ਉਸਨੇ ਡਾਢੇ ਹੀ ਮੋਹ ਨਾਲ ਉਸ ਦਾ ਹੱਥ ਫੜਦਿਆਂ ਕਿਹਾ, ਮੈਨੂੰ ਮਾਫ਼ ਕਰਦੇ, ਨਸ਼ੇ ਦੀ ਤੋੜ ਬੰਦੇ ਨੂੰ ਕਾਸੇ ਜੋਗਾ ਨਹੀਂ ਛੱਡਦੀ।’ ਕੁੜੀ ਨੇ ਨਿਹੋਰਾਂ ਮਾਰਦਿਆਂ ਕਿਹਾ, ‘ਮੈਨੂੰ ਹੁਣ ਤਾਂ ਨਹੀਂ, ਕਿਸੇ ਤਸਕਰ ਕੋਲ ਭੇਜਦਾ?’ ਮੁੰਡੇ ਨੇ ਗੰਭੀਰ ਹੋ ਕੇ ਜਵਾਬ ਦਿੱਤਾ, ‘ਬੀਤੇ ਸਮੇਂ ਦੀ ਰਾਖ਼ ਨੂੰ ਫਰੋਲਣ ਦਾ ਕੀ ਫਾਇਦਾ? ਹੁਣ ਆਪਾਂ ਚੰਗੀ ਜ਼ਿੰਦਗੀ ਬਤੀਤ ਕਰਾਂਗੇ।’ ਫਿਰ ਦੋਨੋਂ ਖਿੜਖਿੜਾ ਕੇ ਹੱਸ ਪਏ। ਉਹਨਾਂ ਦੇ ਚਿਹਰਿਆਂ ’ਤੇ ਜ਼ਿੰਦਗੀ ਜਿਉਣ ਦਾ ਚਾਅ ਡੁੱਲ੍ਹ ਡੁੱਲ੍ਹ ਪੈਂਦਾ ਸੀ।