- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਰੋਧੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਕੱਲੀ ਇਸ ਘਟਨਾ ਨੂੰ ਸਿਆਸਤ ਦੇ ਕੇਂਦਰ ’ਚ ਰੱਖ ਕੇ ਸੜਕ ਹਾਦਸਿਆਂ ਦਾ ਗ੍ਰਾਫ ਨਹੀਂ ਘਟਾਇਆ ਜਾ ਸਕਦਾ। ਇਸ ਘਟਨਾ ਦਾ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਸੂਬੇ ’ਚ ‘ਸੜਕੀ ਅੱਤਵਾਦ’ ਲੋਕਾਂ ਦੀਆਂ ਜਾਨਾਂ ਲੈਂਦਾ ਰਿਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਪਿਛਲੇ ਸਾਲ 2025 ’ਚ 1 ਜਨਵਰੀ ਤੋਂ 30 ਸਤੰਬਰ 2025 ਤੱਕ ਪੰਜਾਬ ’ਚ 4 ਹਜ਼ਾਰ 360 ਤੋਂ ਵੱਧ ਸੜਕ ਹਾਦਸੇ ਦਰਜ ਕੀਤੇ ਗਏ।

ਕਸਬਾ ਨੌਸ਼ਹਿਰਾ ਪਨੂੰਆਂ ਲਾਗੇ ਬੀਤੇ ਕੱਲ੍ਹ ਦੋ ਬੱਸਾਂ ਦੇ ਆਪਸ ’ਚ ਟਕਰਾਉਣ ਤੇ ਇਸ ਕਾਰਨ ਪੰਜ ਮੌਤਾਂ ਦੀ ਘਟਨਾ ਆਪਣੇ ਪਿੱਛੇ ਵੱਡੇ ਸਵਾਲ ਖੜ੍ਹੇ ਕਰ ਗਈ ਹੈ। ਜ਼ਖਮੀਆਂ ਵੱਲੋਂ ਦੱਸੇ ਮੁਤਾਬਕ ਇਹ ਹਾਦਸਾ ਇਕ ਮੋਟਰਸਾਈਕਲ ਨੂੰ ਬਚਾਉਂਦਿਆਂ ਵਾਪਰਿਆ ਹੈ। ਮੌਕੇ ’ਤੇ ਹਾਲਾਤ ਇਹ ਬਣੇ ਕਿ ਮੁੱਖ ਮੰਤਰੀ ਤੀਰਥ ਯੋਜਨਾ ਤਹਿਤ ਹਾਦਸੇ ਦਾ ਸ਼ਿਕਾਰ ਹੋਈਆਂ ਇਨ੍ਹਾਂ ਬੱਸਾਂ ਦੇ ਪਰਖੱਚੇ ਉੱਡ ਗਏ ਤੇ ਸਵਾਰੀਆਂ ਇਨ੍ਹਾਂ ਦਾ ਸ਼ਿਕਾਰ ਬਣ ਗਈਆਂ। ਇਹ ਦੋਵੇਂ ਬੱਸਾਂ ਤੀਰਥ ਯਾਤਰਾ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀਆਂ ਸਨ। ਹਾਲਾਂਕਿ ਪੰਜਾਬ ਦੀਆਂ ਸੜਕਾਂ ’ਤੇ ਇਹ ਕੋਈ ਪਹਿਲਾ ਹਾਦਸਾ ਨਹੀਂ ਹੈ, ਜਿਸ ਕਾਰਨ ਇਸ ਤਰ੍ਹਾਂ ਕੀਮਤੀ ਜਾਨਾਂ ਗਈਆਂ ਹੋਣ। ਸੂਬੇ ’ਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਸੜਕ ਹਾਦਸੇ ਸੜਕੀ ਤੇ ਆਵਾਜਾਈ ਨੂੰ ਕੰਟਰੋਲ ਕਰਨ ਵਾਲੇ ਪ੍ਰਬੰਧਾਂ ’ਤੇ ਵੱਡੇ ਸਵਾਲ ਚੁੱਕਦੇ ਹਨ। ਤਰਨਤਾਰਨ ਦਾ ਇਹ ਹਾਦਸਾ ਇਸ ਲਈ ਵੱਧ ਧਿਆਨ ਖਿੱਚ ਰਿਹਾ ਹੈ ਕਿਉਂਕਿ ਇਹ ਦੋਵੇਂ ਬੱਸਾਂ ਤੀਰਥ ਯਾਤਰਾ ਸਕੀਮ ਨਾਲ ਸਬੰਧਤ ਹਨ। ਸਰਕਾਰੀ ਪੱਧਰ ’ਤੇ ਇਸ ਹਾਦਸੇ ਦੀ ਜਾਂਚ ਬੇਹੱਦ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ। ਦੂਜੇ ਪਾਸੇ ਇਹ ਵੀ ਹੈ ਕਿ ਜੇਕਰ ਵਿਰੋਧੀ ਧਿਰਾਂ ਇਨ੍ਹਾਂ ਬੱਸਾਂ ਦੀ ਸਮਰੱਥਾ, ਸੜਕਾਂ ’ਤੇ ਚੱਲਣ ਦੀ ਮਿਆਦ ਤੇ ਬੱਸਾਂ ਤੋਂ ਪ੍ਰਦੂਸ਼ਣ ਦੀ ਸਥਿਤੀ ਨਾਲ ਸਬੰਧਤ ਇਨ੍ਹਾਂ ਨੂੰ ਨਿਯਮਾਂ ਨੂੰ ਛਿੱਕੇ ਟੰਗ ਕੇ ਚਲਾਏ ਜਾਣ ’ਤੇ ਸਵਾਲ ਕਰ ਰਹੀਆਂ ਹਨ ਤਾਂ ਸਰਕਾਰ ਨੂੰ ਇਹ ਸਵਾਲ ਆਪਣੇ ‘ਨੱਕ ਦੇ ਸਵਾਲ’ ਵਾਂਗ ਨਹੀਂ ਲੈਣੇ ਚਾਹੀਦੇ। ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ-ਨਾਲ ਜਵਾਬਦੇਹੀ ਤਿਆਰ ਕਰਨੀ ਚਾਹੀਦੀ, ਜਿਸ ਕਰਕੇ ਇਹ ਬੱਸਾਂ ਨਿਸ਼ਾਨੇ ’ਤੇ ਆਈਆਂ ਹਨ। ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਵਿਰੋਧੀਆਂ ਵੱਲੋਂ ਤੀਰਥ ਯਾਤਰਾ ਨਾਲ ਸਬੰਧਤ ਸਾਰੀਆਂ ਬੱਸਾਂ ’ਤੇ ਲਾਏ ਜਾ ਰਹੇ ਵੱਖ-ਵੱਖ ਇਲਜ਼ਾਮਾਂ ਪਿੱਛੇ ਕੋਈ ਸੱਚਾਈ ਹੈ? ਕੀ ਸਹੀ ਮਾਅਨਿਆਂ ’ਚ ਇਹ ਬੱਸਾਂ ਸੂਬੇ ਦੇ ਸੜਕੀ ਸੁਰੱਖਿਆ ਪ੍ਰਬੰਧਾਂ ਤੇ ਖ਼ਜ਼ਾਨੇ ਨੂੰ ਖੋਰਾ ਲਾ ਰਹੀਆਂ ਹਨ? ਕਿਉਂਕਿ ਇਹ ਹਾਦਸਾ ਮਨੁੱਖੀ ਜ਼ਿੰਦਗੀਆਂ ਨਾਲ ਜੁੜਿਆ ਹੋਇਆ ਹੈ ਤੇ ਹਾਲੇ ਵੀ ਸੂਬੇ ’ਚ ਕਈ ਥਾਈਂ ਸਰਕਾਰ ਦੀ ਇਸ ਯੋਜਨਾ ਤਹਿਤ ਬੱਸਾਂ ਦੌੜ ਰਹੀਆਂ ਹਨ। ਵਿਰੋਧੀਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇਕੱਲੀ ਇਸ ਘਟਨਾ ਨੂੰ ਸਿਆਸਤ ਦੇ ਕੇਂਦਰ ’ਚ ਰੱਖ ਕੇ ਸੜਕ ਹਾਦਸਿਆਂ ਦਾ ਗ੍ਰਾਫ ਨਹੀਂ ਘਟਾਇਆ ਜਾ ਸਕਦਾ। ਇਸ ਘਟਨਾ ਦਾ ਸਿਆਸੀ ਲਾਹਾ ਲੈਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਸੂਬੇ ’ਚ ‘ਸੜਕੀ ਅੱਤਵਾਦ’ ਲੋਕਾਂ ਦੀਆਂ ਜਾਨਾਂ ਲੈਂਦਾ ਰਿਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਪਿਛਲੇ ਸਾਲ 2025 ’ਚ 1 ਜਨਵਰੀ ਤੋਂ 30 ਸਤੰਬਰ 2025 ਤੱਕ ਪੰਜਾਬ ’ਚ 4 ਹਜ਼ਾਰ 360 ਤੋਂ ਵੱਧ ਸੜਕ ਹਾਦਸੇ ਦਰਜ ਕੀਤੇ ਗਏ। ਜਦਕਿ ਇਸ ਤੋਂ ਪਿਛਲੇ ਸਾਲ 2024 ’ਚ ਬੱਸ ਹਾਦਸਿਆਂ ਕਾਰਨ 32 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਸੀ। ਇਸ ਤੋਂ ਪਹਿਲਾਂ 2023 ’ਚ ਸੂਬੇ ’ਚ ਬੱਸਾਂ ਕਾਰਨ 63 ਤੋਂ ਜ਼ਿਆਦਾ ਸੜਕ ਹਾਦਸੇ ਰਿਕਾਰਡ ਕੀਤੇ ਗਏ। ਇਨ੍ਹਾਂ ਸੜਕ ਹਾਦਸਿਆਂ ਨੂੰ ਨਿੱਜੀ ਤੇ ਸਰਕਾਰੀ ਬੱਸਾਂ ਦੀ ਮੌਜੂਦਾ ਹਾਲਤ ਦੇ ਲਿਹਾਜ਼ ਨਾਲ ਵਿਚਾਰਿਆ ਜਾਣਾ ਜ਼ਿਆਦਾ ਜ਼ਰੂਰੀ ਹੈ। ਨਿੱਜੀ ਬੱਸਾਂ ਦੀ ਤੇਜ਼ ਰਫ਼ਤਾਰੀ ਤੇ ਸਰਕਾਰੀ ਬੱਸਾਂ ਦੀ ਹਾਲਤ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਹਨ। ਖ਼ਾਸਕਰ ਨਿੱਜੀ ਅਦਾਰਿਆਂ ਵੱਲੋਂ ਬੱਸਾਂ ਨੂੰ ਨਿਯਮ-ਕਾਨੂੰਨ ਦਰੜ ਕੇ ਚਲਾਏ ਜਾਣ ਕਾਰਨ ਵੱਡੇ ਹਾਦਸੇ ਵਾਪਰਨ ਦੇ ਇਲਜ਼ਾਮ ਵੀ ਲੱਗਦੇ ਰਹੇ ਹਨ। ਪੰਜਾਬ ’ਚ ਲੋਕਾਂ ਦਾ ਬਹੁਤਾ ਨਿੱਤ ਦਾ ਸਫ਼ਰ ਇਨ੍ਹਾਂ ਨਿੱਜੀ ਤੇ ਸਰਕਾਰੀ ਬੱਸਾਂ ਦੇ ਪਹੀਆਂ ’ਤੇ ਹੀ ਟਿਕਿਆ ਹੋਇਆ ਹੈ। ਟਰਾਂਸਪੋਰਟ ਦੇ ਇਨ੍ਹਾਂ ਸਾਧਨਾਂ ਦਾ ਹਰ ਪੱਖੋ ਦਰੁਸਤ ਹੋਣਾ ਬੇਹੱਦ ਜ਼ਰੂਰੀ ਹੈ। ਸਰਕਾਰੀ ਤੇ ਖ਼ਾਸਕਰ ਨਿੱਜੀ ਬੱਸਾਂ ’ਚ ਸਮਰੱਥਾ ਤੋਂ ਵੱਧ ਸਵਾਰੀਆਂ ਲੱਦਣ ਦੇ ਦੋਸ਼ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਇਹੀ ਲਾਪਰਵਾਹੀਆਂ ਫਿਰ ਹਾਦਸਿਆਂ ਦੇ ਕਾਰਨ ਬਣਦੀਆਂ ਹਨ•। ਜਿਸ ’ਤੇ ਹਰ ਹੀਲੇ ਸਖ਼ਤੀ ਹੋਣੀ ਚਾਹੀਦੀ ਹੈ। ਬੱਸਾਂ ਚਾਹੇ ਸਰਕਾਰੀ ਹੋਣ ਤੇ ਜਾਂ ਫਿਰ ਨਿੱਜੀ, ਦੋਵਾਂ ਨੂੰ ਕੋਈ ਹੱਕ ਨਹੀਂ ਕਿ ਉਹ ਲੋਕਾਂ ਦੀ ਸੜਕਾਂ ’ਤੇ ਸੁਰੱਖਿਆ ਨਾਲ ਸਮਝੌਤਾ ਕਰਨ।