- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੜਕੀ ਦੀ ਮਾਂ ਨੂੰ ਸਲਾਹ ਦਿੱਤੀ ਕਿ ਇਸ ਨੂੰ ਕਿਸੇ ਹੋਰ ਚੰਗੇ ਹਸਤਾਲ ’ਚ ਦਿਖਾਉਣਾ ਚਾਹੀਦਾ ਹੈ। ਉਸ ਦੀ ਮਾਂ ਹੋਰ ਭਾਵੁਕ ਹੋ ਗਈ ਤੇ ਕਹਿਣ ਲੱਗੀ ਕਿ ‘ਪੁੱਤ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ, ਜਿਸ ਨਾਲ ਮੈਂ ਇਸ ਦਾ ਇਲਾਜ ਕਿਸੇ ਚੰਗੇ ਹਸਪਤਾਲ ’ਚ ਕਰਵਾ ਸਕਾਂ।’ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਭਰ ਗਿਆ। ਅਸੀਂ ਚਾਰਾਂ ਨੇ ਆਪਣੀਆਂ-ਆਪਣੀਆਂ ਜੇਬਾਂ ’ਚੋਂ ਪੈਸੇ ਕੱਢੇ ਅਤੇ ਜਿੰਨੇ ਵੀ ਪੈਸੇ ਇਕੱਠੇ ਹੋਏ (ਜੋ ਬਹੁਤੇ ਜ਼ਿਆਦਾ ਨਹੀਂ ਸਨ) ਉਨ੍ਹਾਂ ਨੂੰ ਦੇਣ ਦਾ ਫ਼ੈਸਲਾ ਕੀਤਾ। ਜੋ ਉਸ ਦੀ ਮਾਤਾ ਨੇ ਕਾਫ਼ੀ ਜ਼ੋਰ ਪਾਉਣ ’ਤੇ ਪ੍ਰਵਾਨ ਕਰ ਲਏ।

ਜਸਵੰਤ ਸਿੰਘ ਸੈਣੀ
ਅੱਜ ਦੇ ਜ਼ਮਾਨੇ ’ਚ ਹਰ ਵਿਅਕਤੀ ਇਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ’ਚ ਹੈ। ਇਸ ਵਰਤਾਰੇ ਕਾਰਨ ਉਹ ਰਿਸ਼ਤਿਆਂ ਨਾਤਿਆਂ ਨੂੰ ਵੀ ਪੱਛੜ ਰਿਹਾ ਹੈ। ਦਿਲਾਂ ਅੰਦਰ ਕੁੜੱਤਣ ਭਰਦਾ ਜਾ ਰਿਹਾ ਹੈ। ਜੇਕਰ ਕੋਈ ਭਲਾ-ਮਾਣਸ ਕਿਸੇ ਦੀ ਨਿਸ਼ਕਾਮ ਮਦਦ ਕਰਦਾ ਵੀ ਹੈ ਤਾਂ ਉਸ ’ਤੇ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਇਸ ਮਦਦ ’ਚ ਉਸ ਦਾ ਵੀ ਕੋਈ ਸਵਾਰਥ ਜ਼ਰੂਰ ਹੋਵੇਗਾ।
ਅਜਿਹਾ ਹੀ ਇਕ ਵਾਕਿਆ ਸਾਂਝਾ ਕਰ ਰਿਹਾ ਹਾਂ। ਮੇਰੇ ਸੈਕੰਡਰੀ ਦੇ ਇਮਤਿਹਾਨਾਂ ਬਾਅਦ ਨਤੀਜੇ ਆਉਣ ਲਈ ਡੇਢ ਕੁ ਮਹੀਨੇ ਦਾ ਸਮਾਂ ਸੀ। ਮੇਰੇ ਪਿਤਾ ਜੀ ਨੇ ਮੈਨੂੰ ਇਨ੍ਹਾਂ ਵਿਹਲੇ ਦਿਨਾਂ ’ਚ ਪੰਜਾਬੀ ਅਤੇ ਅੰਗਰੇਜ਼ੀ ਟਾਇਪ ਸਿੱਖਣ ਲਈ ਸ਼ਹਿਰ ਦੇ ਇਕ ਟਾਇਪ ਕਾਲਜ ’ਚ ਲਗਾ ਦਿੱਤਾ। ਸ਼ਹਿਰ ਸਾਡੇ ਪਿੰਡ ਤੋਂ ਤਕਰੀਬਨ 12 ਕਿਲੋਮੀਟਰ ਦੂਰ ਸੀ। ਮੇਰੇ ਨਾਲ ਤਿੰਨ ਹੋਰ ਦੋਸਤਾਂ ਨੇ ਵੀ ਉਸੇ ਕਾਲਜ ’ਚ ਦਾਖ਼ਲਾ ਲੈ ਲਿਆ। ਬੇਸ਼ੱਕ ਅਸੀਂ ਘਰੇਲੂ ਪਰਿਵਾਰਾਂ ਨਾਲ ਸਬੰਧਿਤ ਸੀ ਪਰ ਕਾਲਜ ’ਚ ਸਾਨੂੰ ਅਮੀਰ ਜ਼ਿੰਮੀਦਾਰਾਂ ਦੇ ਮੁੰਡਿਆਂ ਵਜੋਂ ਸਮਝਿਆ ਜਾਣ ਲੱਗਿਆ। ਸਾਡਾ ਪਰਿਵਾਰ ਬਹੁਤ ਵੱਡਾ ਹੈ ਅਤੇ ਇਲਾਕੇ ’ਚ ਕਾਫ਼ੀ ਮਾਣ-ਸਤਿਕਾਰ ਹੈ। ਉਸ ਸਮੇਂ ਮੁੰਡੇ-ਕੁੜੀਆਂ ਕਲਾਸ ’ਚ ਵੀ ਇਕ-ਦੂਜੇ ਨਾਲ ਘੱਟ ਹੀ ਬੋਲਦੇ ਹੁੰਦੇ ਸੀ। ਕਾਲਜ ’ਚ ਕਿਸੇ ਸਾਥੀ ਦਾ ਜਨਮ ਦਿਨ ਜਾਂ ਕੋਈ ਖੁਸ਼ੀ ਦਾ ਦਿਹਾੜਾ ਹੁੰਦਾ ਤਾਂ ਅਸੀਂ ਰਲ ਕੇ ਉਸ ਖੁਸ਼ੀ ਨੂੰ ਮਨਾਉਂਦੇ ਅਤੇ ਇਕ ਯਾਦਗਾਰ ਬਣਾ ਦਿੰਦੇ। ਇਕ ਮਹੀਨਾ ਬੀਤ ਗਿਆ ਸੀ। ਐਤਵਾਰ ਦੀ ਛੁੱਟੀ ਤੋਂ ਬਾਅਦ ਜਦੋਂ ਅਸੀਂ ਚਾਰੇ ਦੋਸਤ ਕਾਲਜ ਗਏ ਤਾਂ ਵੇਖਿਆ ਕਿ ਉੱਥੇ ਵਿਦਿਆਰਥੀਆਂ ਦੇ ਮੂੰਹ ਉਤਰੇ ਹੋਏ ਸਨ ਤੇ ਸਾਰੇ ਸੁੰਨ-ਸਾਨ ਬੈਠੇ ਸਨ। ਅਸੀਂ ਆਪਣੇ ਸੁਭਾਅ ਮੁਤਾਬਕ ਉਨ੍ਹਾਂ ਨੂੰ ਟਿੱਚਰਾਂ ਕੀਤੀਆਂ ਪਰ ਇਕ ਕੋਨੇ ’ਚ ਬੈਠੀਆਂ ਦੋ ਲੜਕੀਆਂ ਨੇ ਸਾਡੇ ਵੱਲ ਘੂਰ ਕੇ ਵੇਖਿਆ ਅਤੇ ਮੂੰਹ ’ਚ ਕੁਝ ਬੋਲਣ ਲੱਗੀਆਂ। ਸਾਨੂੰ ਇਹ ਵੇਖ ਕੇ ਹੈਰਾਨੀ ਹੋਈ ਤੇ ਅਸੀਂ ਉਨ੍ਹਾਂ ਨੂੰ ਸਿੱਧਾ ਕੁਝ ਪੁੱਛਣ ਦੀ ਬਜਾਏ ਇਕ ਹੋਰ ਲੜਕੀ, ਜੋ ਸਾਡੇ ਨਾਲ ਕਦੇ-ਕਦੇ ਬੋਲ ਲੈਂਦੀ ਸੀ, ਨੂੰ ਉਨ੍ਹਾਂ ਦੇ ਇਸ ਵਤੀਰੇ ਦਾ ਕਾਰਨ ਪੁੱਛਿਆ। ਉਸ ਲੜਕੀ ਨੇ ਸਾਨੂੰ ਦਸਿਆ ਕਿ ਸਾਡੇ ਕਾਲਜ ’ਚ ਇਕ ਹੋਰ ਲੜਕੀ ਆਉਂਦੀ ਸੀ ਜੋ ਪਿਛਲੇ ਇਕ ਹਫ਼ਤੇ ਤੋਂ ਬਿਮਾਰ ਹੈ ਤੇ ਹਸਤਾਲ ’ਚ ਦਾਖ਼ਲ ਹੈ। ਉਸ ਨੇ ਸਾਨੂੰ ਦੱਸਿਆ ਕਿ ਉਸ ਲੜਕੀ ਦੇ ਪਿਤਾ ਦੀ ਕਾਫ਼ੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਇਸ ਦਾ ਕੋਈ ਭਰਾ ਵੀ ਨਹੀਂ ਹੈ, ਸਿਰਫ਼ ਦੋ ਭੈਣਾਂ ਹੀ ਹਨ। ਮਾਤਾ ਜੀ ਹਨ ਜੋ ਕਾਫ਼ੀ ਆਰਥਿਕ ਪੱਖੋਂ ਕਾਫ਼ੀ ਕਮਜ਼ੋਰ ਹਨ, ਜਿਸ ਕਾਰਨ ਉਹ ਆਪਣੀ ਧੀ ਦਾ ਇਲਾਜ ਕਿਸੇ ਚੰਗੇ ਹਸਪਤਾਲ ’ਚ ਨਹੀਂ ਕਰਵਾ ਸਕਦੇ। ਉਸ ਲੜਕੀ ਨੇ ਦੱਸਿਆ ਕਿ ਉਹ ਦੋ ਲੜਕੀਆਂ ਤੁਹਾਨੂੰ ਇਸ ਕਰਕੇ ਘੂਰ ਰਹੀਆਂ ਸਨ ਕਿ ਉਨ੍ਹਾਂ ਨੂੰ ਲੱਗਿਆ ਕਿ ਤੁਹਾਨੂੰ ਬਿਮਾਰ ਲੜਕੀ ਦੇ ਪਤਾ ਹੁੰਦਿਆਂ ਵੀ ਤੁਸੀਂ ਕਾਲਜ ’ਚ ਹਾਸਾ-ਮਖੌਲ ਕਰ ਰਹੇ ਹੋ। ਉਸ ਨੇ ਸਾਨੂੰ ਦੱਸਿਆ ਕਿ ਉਸ ਲੜਕੀ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਜੇਕਰ ਉਸ ਦਾ ਛੇਤੀ ਚੰਗੇ ਹਸਪਤਾਲ ’ਚ ਇਲਾਜ ਨਾ ਕਰਵਾਇਆ ਗਿਆ ਤਾਂ ਕੁਝ ਵੀ ਹੋ ਸਕਦਾ ਹੈ। ਅਸੀਂ ਚਾਰਾਂ ਦੋਸਤਾਂ ਨੇ ਸਲਾਹ ਕੀਤੀ ਕਿ ਇਸ ਬਿਮਾਰ ਲੜਕੀ ਦੀ ਮਦਦ ਕੀਤੀ ਜਾਵੇ। ਅਸੀਂ ਉਸ ਲੜਕੀ ਦੀ ਖ਼ਬਰਸਾਰ ਲੈਣ ਲਈ ਚਲੇ ਗਏ। ਹਸਪਤਾਲ ’ਚ ਉਸ ਦੀ ਤਕਲੀਫ਼ ਵੇਖੀ ਨਹੀਂ ਸੀ ਜਾ ਰਹੀ। ਲੜਕੀ ਦੀ ਮਾਂ ਨੂੰ ਸਲਾਹ ਦਿੱਤੀ ਕਿ ਇਸ ਨੂੰ ਕਿਸੇ ਹੋਰ ਚੰਗੇ ਹਸਤਾਲ ’ਚ ਦਿਖਾਉਣਾ ਚਾਹੀਦਾ ਹੈ। ਉਸ ਦੀ ਮਾਂ ਹੋਰ ਭਾਵੁਕ ਹੋ ਗਈ ਤੇ ਕਹਿਣ ਲੱਗੀ ਕਿ ‘ਪੁੱਤ ਮੇਰੇ ਕੋਲ ਇੰਨੇ ਪੈਸੇ ਨਹੀਂ ਹਨ, ਜਿਸ ਨਾਲ ਮੈਂ ਇਸ ਦਾ ਇਲਾਜ ਕਿਸੇ ਚੰਗੇ ਹਸਪਤਾਲ ’ਚ ਕਰਵਾ ਸਕਾਂ।’ ਉਸ ਦੀ ਗੱਲ ਸੁਣ ਕੇ ਮੇਰਾ ਦਿਲ ਭਰ ਗਿਆ। ਅਸੀਂ ਚਾਰਾਂ ਨੇ ਆਪਣੀਆਂ-ਆਪਣੀਆਂ ਜੇਬਾਂ ’ਚੋਂ ਪੈਸੇ ਕੱਢੇ ਅਤੇ ਜਿੰਨੇ ਵੀ ਪੈਸੇ ਇਕੱਠੇ ਹੋਏ (ਜੋ ਬਹੁਤੇ ਜ਼ਿਆਦਾ ਨਹੀਂ ਸਨ) ਉਨ੍ਹਾਂ ਨੂੰ ਦੇਣ ਦਾ ਫ਼ੈਸਲਾ ਕੀਤਾ। ਜੋ ਉਸ ਦੀ ਮਾਤਾ ਨੇ ਕਾਫ਼ੀ ਜ਼ੋਰ ਪਾਉਣ ’ਤੇ ਪ੍ਰਵਾਨ ਕਰ ਲਏ। ਅਸੀਂ ਮਾਤਾ ਜੀ ਨੂੰ ਲੜਕੀ ਨੂੰ ਕਿਸੇ ਹੋਰ ਹਸਪਤਾਲ ਦਾਖ਼ਲ ਕਰਵਾਉਣ ਲਈ ਜ਼ੋਰ ਪਾਇਆ। ਉਸ ਦੀ ਮਾਤਾ ਨੇ ਇਕ ਹੋਰ ਜਾਣ-ਪਛਾਣ ਵਾਲੇ ਸਰਕਾਰੀ ਡਾਕਟਰ ਕੋਲ ਉਸ ਨੂੰ ਲਿਜਾਣ ਬਾਰੇ ਦੱਸਿਆ, ਜੋ ਕਿਸੇ ਦੂਜੇ ਸ਼ਹਿਰ ’ਚ ਸੀ ਪਰ ਮਾਤਾ ਨੇ ਦੱਸਿਆ ਕਿ ਮੇਰੇ ਕੋਲ ਇਸ ਨੂੰ ਦੂਜੇ ਸ਼ਹਿਰ ਜਾਣ ਲਈ ਐਂਬੂਲੈਂਸ ਦਾ ਕਿਰਾਇਆ ਨਹੀਂ ਹੈ ਅਤੇ ਨਾ ਹੀ ਕੋਈ ਹੋਰ ਵਾਹਨ ਹੈ, ਜਿਸ ਸਦਕਾ ਮੈਂ ਇਸ ਨੂੰ ਦੂਜੇ ਡਾਕਟਰ ਕੋਲ ਲਿਜਾ ਸਕਾਂ। ਸ਼ਾਮ ਦੇ 4 ਵੱਜ ਗਏ ਸਨ ਤੇ ਉਸ ਦਿਨ ਕੋਈ ਤਿਉਹਾਰ ਸੀ, ਜਿਸ ਕਾਰਨ ਸਾਰਾ ਸ਼ਹਿਰ ਬੰਦ ਹੋ ਗਿਆ ਸੀ। ਉਸ ਸਮੇਂ ਕੋਈ ਆਟੋ ਰਿਕਸ਼ਾ ਵਾਲਾ ਵੀ ਨਹੀਂ ਮਿਲਿਆ। ਮੇਰੇ ਦੋਸਤਾਂ ਨੇ ਫ਼ੈਸਲਾ ਲਿਆ ਕਿ ਅਸੀਂ ਇਸ ਲੜਕੀ ਨੂੰ ਆਪਣੇ ਸਕੂਟਰ ’ਤੇ ਬਿਠਾ ਕੇ ਦੂਜੇ ਸ਼ਹਿਰ ਲੈ ਚੱਲਦੇ ਹਾਂ। ਇਸ ਗੱਲ ’ਤੇ ਉਸ ਦੀ ਮਾਂ ਸਹਿਮਤ ਹੋ ਗਈ ਅਤੇ ਇਕ ਸਕੂਟਰ ’ਤੇ ਮੇਰੇ ਨਾਲ ਮਾਂ ਅਤੇ ਉਸ ਦੀ ਬੇਟੀ ਬੈਠ ਗਏ ਅਤੇ ਦੂਜੇ ਸਕੂਟਰ ’ਤੇ ਮੇਰੇ ਦੋਸਤ ਵੀ ਨਾਲ ਚੱਲ ਪਏ। ਉਸ ਲੜਕੀ ਦੇ ਪੇਟ ’ਚ ਕਾਫ਼ੀ ਦਰਦ ਹੋ ਰਿਹਾ ਸੀ ਤੇ ਉਹ ਸਕੂਟਰ ’ਤੇ ਬੈਠੀ ਕਾਫ਼ੀ ਤਕਲੀਫ਼ ਮਹਿਸੂਸ ਕਰ ਰਹੀ ਸੀ। ਅਸੀਂ ਘੰਟੇ ਕੁ ’ਚ ਦੂਜੇ ਸ਼ਹਿਰ ਡਾਕਟਰ ਸਾਹਬ ਦੇ ਘਰ ਪਹੁੰਚ ਗਏ ਕਿਉਂਕਿ ਹਸਪਤਾਲ ’ਚ ਛੁੱਟੀ ਹੋ ਚੁੱਕੀ ਸੀ। ਡਾਕਟਰ ਸਾਹਬ ਨੇ ਤੁਰੰਤ ਰਾਹਤ ਦੇਣ ਲਈ ਇੰਜੈਕਸ਼ਨ ਲਗਾਇਆ। ਡਾਕਟਰ ਨੇ ਸਾਨੂੰ ਕੁਝ ਸਮਾਂ ਹੋਰ ਉੱਥੇ ਰੁਕਣ ਲਈ ਕਿਹਾ। ਲੜਕੀ ਦੀ ਹਾਲਤ ’ਚ ਸੁਧਾਰ ਵੇਖ ਕੇ ਅਸੀਂ ਟਹਿਲਦੇ ਹੋਏ ਮਾਰਕਿਟ ਵੱਲ ਆ ਗਏ। ਬਜ਼ਾਰ ’ਚ ਘੁੰਮਦਿਆਂ ਮੇਰੇ ਨਾਲ ਦੇ ਇਕ ਦੋਸਤ ਦਾ ਇਕ ਖ਼ਾਸ ਰਿਸ਼ਤੇਦਾਰ ਮਿਲ ਗਿਆ। ਉਸ ਨੇ ਸਾਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਮੇਰੇ ਦੋਸਤ ਨੇ ਸਾਰੀ ਘਟਨਾ ਬਾਰੇ ਉਸ ਨੂੰ ਦੱਸ ਦਿਤਾ। ਸਾਰਾ ਕੁਝ ਸੁਣ ਕੇ ਉਸ ਦੇ ਰਿਸ਼ਤੇਦਾਰ ਨੇ ਆਪਣੀ ਸੋਚ ਅਨੁਸਾਰ ਮਤਲਬ ਕੱਢਣੇ ਸ਼ੁਰੂ ਕਰ ਦਿੱਤੇ ਤੇ ਉਹ ਗੱਲਾਂ-ਗੱਲਾਂ ’ਚ ਸਾਡੇ ਉਤੇ ਵਿਅੰਗ ਕੱਸਣ ਲੱਗਿਆ। ਖ਼ੈਰ, ਉਹ ਚਲਾ ਗਿਆ ਅਤੇ ਉਸ ਦੇ ਜਾਣ ਤੋਂ ਬਾਅਦ ਮੇਰੇ ਦੋਸਤ ਨੇ ਕਿਹਾ ਕਿ ਇਹ ਬੰਦਾ ਸਾਡੇ ਘਰ ਵਾਲਿਆਂ ਨੂੰ ਪਤਾ ਨਹੀਂ ਕੀ-ਕੀ ਆਖੇਗਾ? ਇਹ ਗੱਲ ਸੁਣ ਕੇ ਮੈਂ ਵੀ ਬਹੁਤ ਡਰ ਗਿਆ ਕਿ ਪਤਾ ਨਹੀਂ ਹੁਣ ਸਾਡਾ ਕੀ ਬਣੇਗਾ? ਦੂਜੇ ਦਿਨ ਫਿਰ ਦਿਖਾਉਣ ਲਈ ਆਖ ਕੇ ਡਾਕਟਰ ਸਾਹਬ ਨੇ ਉਸ ਨੂੰ ਛੁੱਟੀ ਦੇ ਦਿੱਤੀ। ਅਸੀਂ ਸਕੂਟਰਾਂ ’ਤੇ ਬਿਠਾ ਕੇ ਉਨ੍ਹਾਂ ਨੂੰ ਘਰ ਛੱਡਣ ਚੱਲ ਪਏ। ਘਰ ਪਹੁੰਚ ਕੇ ਉਸ ਦੀ ਮਾਤਾ ਸਾਡਾ ਵਾਰ-ਵਾਰ ਧੰਨਵਾਦ ਕਰ ਰਹੀ ਸੀ ਪਰ ਮੈਂ ਮਾਤਾ ਜੀ ਨੂੰ ਕਿਹਾ ਕਿ ਜੇਕਰ ਇਹ ਮੇਰੀ ਸਕੀ ਭੈਣ ਹੁੰਦੀ ਤਾਂ ਕੀ ਮੈਂ ਇਸ ਦੀ ਮਦਦ ਨਾ ਕਰਦਾ? ਇਹ ਸੁਣ ਕੇ ਮਾਤਾ ਦੀਆਂ ਅੱਖਾਂ ਭਰ ਆਈਆਂ ਤੇ ਉਸ ਨੇ ਮੈਨੂੰ ਗਲ ਨਾਲ ਲਾ ਲਿਆ। ਫਿਰ ਅਸੀਂ ਆਪਣੇ ਘਰ ਨੂੰ ਚੱਲ ਪਏ। ਘਰ ਪਹੁੰਚਦਿਆਂ ਸਾਨੂੰ ਕਾਫ਼ੀ ਰਾਤ ਪੈ ਗਈ ਸੀ। ਸਾਡੇ ਘਰਦਿਆਂ ਨੇ ਮੇਰੇ ਲੇਟ ਆਉਣ ਦਾ ਕਾਰਨ ਪੁੱਛਿਆ। ਇਸ ਤੋਂ ਪਹਿਲਾਂ ਕਿ ਕੋਈ ਘਰਵਾਲਿਆਂ ਨੂੰ ਸਾਡੇ ਬਾਰੇ ਗ਼ਲਤ ਜਾਣਕਾਰੀ ਦੇਵੇ ਤਾਂ ਮੈਂ ਇਹ ਸਾਰਾ ਵਰਤਾਰਾ ਖੁਦ ਹੀ ਉਨ੍ਹਾਂ ਨੂੰ ਸੁਣਾ ਦਿੱਤਾ। ਮੇਰੇ ਦੋਸਤ ਦੀ ਭਵਿੱਖਬਾਣੀ ਅਨੁਸਾਰ ਉਹ ਰਿਸ਼ਤੇਦਾਰ ਦੂਜੇ ਦਿਨ ਸਾਡੇ ਪਿੰਡ ਆਇਆ ਤੇ ਸਾਡੇ ਘਰਵਾਲਿਆਂ ਨੂੰ ਬੀਤੇ ਕੱਲ੍ਹ ਦੀ ਕਹਾਣੀ ਆਪਣੇ ਅੰਦਾਜ਼ ’ਚ ਪੇਸ਼ ਕੀਤੀ ਪਰ ਸਾਡੇ ਮਾਪਿਆਂ ’ਤੇ ਉਸ ਦੀਆਂ ਕਹੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ। ਉਲਟਾ ਉਨ੍ਹਾਂ ਨੇ ਸਾਡੀ ਉਨ੍ਹਾਂ ਦੀ ਮਦਦ ਕਰਨ ਲਈ ਸ਼ਲਾਘਾ ਕੀਤੀ ਤੇ ਉਹ ਮੂੰਹ ਬਣਾਉਂਦਾ ਹੋਇਆ ਵਾਪਸ ਚਲਾ ਗਿਆ। ਅੱਜ 26 ਸਾਲ ਬੀਤ ਜਾਣ ਮਗਰੋਂ ਵੀ ਇਹ ਯਾਦ ਮੇਰੇ ਦਿਮਾਗ਼ ’ਚ ਹਾਲੇ ਵੀ ਤਾਜ਼ਾ ਹੈ ਪਰ ਮੈਂ ਹੈਰਾਨ ਹਾਂ ਇਹੋ ਜਿਹੇ ਬੰਦਿਆਂ ਦੇ ਜੋ ਬਿਨਾਂ ਕੁਝ ਸੋਚੇ ਸਮਝੇ ਕਈ ਗ਼ਲਤ ਅੰਦਾਜ਼ੇ ਲਗਾ ਲੈਂਦੇ ਹਨ ਤੇ ਸਮਾਜ ’ਚ ਜਿਹੜੇ ਲੋਕ ਕਿਸੇ ਦੀ ਬਿਨਾਂ ਸਵਾਰਥ ਮਦਦ ਕਰਨਾ ਚਾਹੁੰਦੇ ਹਨ ਉਹ ਅਜਿਹੇ ਬੰਦਿਆਂ ਕਾਰਨ ਆਪਣੇ ਪੈਰ ਪਿੱਛੇ ਕਰ ਲੈਂਦੇ ਹਨ। ਜੇਕਰ ਤੁਸੀਂ ਨਿਸ਼ਕਾਮ ਕਿਸੇ ਦੀ ਮਦਦ ਕਰਦੇ ਹੋ ਤਾਂ ਅਜਿਹੇ ਲੋਕਾਂ ਦੀ ਪ੍ਰਵਾਹ ਨਾ ਕਰੋ, ਕਿਉਂਕਿ ਜ਼ਰੂਰਤਮੰਦਾਂ ਦੀ ਮਦਦ ਕਰਨ ਵਾਲਿਆਂ ਦੇ ਸਿਰ ’ਤੇ ਹਮੇਸ਼ਾ ਪ੍ਰਮਾਤਮਾ ਦਾ ਹੱਥ ਹੁੰਦਾ ਹੈ।
(ਸੰਪਰਕ : 97819-31791)।