- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਨੀਆ ਦੀ ਇਹ ਪੁਸਤਕ ਵੀ ਅਜਿਹੀ ਹੀ ਇਕ ਕੋਸ਼ਿਸ਼ ਜਾਪਦੀ ਹੈ। ਦੁਨੀਆ ਨੇ ਹੁਣ ਤੱਕ ਸੋਨੀਆ ਨੂੰ ਦੂਜਿਆਂ ਦੀ ਨਜ਼ਰ ਨਾਲ ਦੇਖਿਆ ਹੈ, ਪਰ ਪਹਿਲੀ ਵਾਰ ਲੋਕਾਂ ਨੂੰ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਨਜ਼ਰ ਨਾਲ ਦੇਖਣ ਦਾ ਮੌਕਾ ਮਿਲਿਆ ਹੈ। ਉਹ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਵੱਲੋਂ ਬਣਾਈ ਗਈ ਤਸਵੀਰ ਰਾਹੀਂ ਨਹੀਂ, ਸਗੋਂ ਆਪਣੀਆਂ ਯਾਦਾਂ ਦੇ ਆਧਾਰ ’ਤੇ ਸਮਝਾਉਂਦੇ ਹਨ।

ਰਾਜੀਵ ਸ਼ੁਕਲਾ
ਕੁਝ ਪਰਿਵਾਰ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਜਨਤਕ ਇਤਿਹਾਸ ਦਾ ਹਿੱਸਾ ਬਣ ਜਾਂਦੀ ਹੈ। ਉਨ੍ਹਾਂ ਦੇ ਘਰਾਂ ’ਚ ਹੋਣ ਵਾਲੀਆਂ ਗੱਲਾਂਬਾਤਾਂ, ਰਿਸ਼ਤਿਆਂ ’ਚ ਪੈਦਾ ਹੋਣ ਵਾਲੀਆਂ ਦੂਰੀਆਂ, ਪਰਿਵਾਰਕ ਸਮਾਗਮ ਅਤੇ ਨਿੱਜੀ ਦੁਖਾਂਤ ਵੀ ਕਿਸੇ ਨਾ ਕਿਸੇ ਰੂਪ ’ਚ ਦੇਸ਼ ਦੀ ਰਾਜਨੀਤੀ ਅਤੇ ਕੌਮੀ ਯਾਦਾਂ ਨਾਲ ਜੁੜ ਜਾਂਦੇ ਹਨ। ਨਹਿਰੂ-ਗਾਂਧੀ ਪਰਿਵਾਰ ਵੀ ਅਜਿਹਾ ਹੀ ਇਕ ਪਰਿਵਾਰ ਹੈ। ਹੁਣ ਤੱਕ ਇਸ ਪਰਿਵਾਰ ਨੂੰ ਮੁੱਖ ਤੌਰ ’ਤੇ ਸੱਤਾ, ਆਜ਼ਾਦੀ ਦੀ ਲਹਿਰ, ਪ੍ਰਧਾਨ ਮੰਤਰੀ ਦੇ ਅਹੁਦੇ, ਸਿਆਸੀ ਸੰਘਰਸ਼ਾਂ ਤੇ ਚੋਣਾਂ ਨਾਲ ਜੁੜੀਆਂ ਘਟਨਾਵਾਂ ਦੇ ਮਾਧਿਅਮ ਰਾਹੀਂ ਸਮਝਿਆ ਜਾਂਦਾ ਰਿਹਾ ਹੈ ਪਰ ਸੋਨੀਆ ਗਾਂਧੀ ਦੀ ਪੁਸਤਕ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ ਇਸ ਪਰਿਵਾਰ ਨੂੰ ਦੇਖਣ ਲਈ ਇਕ ਵੱਖਰੀ ਖਿੜਕੀ ਖੋਲ੍ਹਦੀ ਹੈ। ਇਹ ਸੱਤਾ ਦੇ ਗਲਿਆਰਿਆਂ ਨਾਲੋਂ ਵੱਧ ਪਰਿਵਾਰ ਤੇ ਉਨ੍ਹਾਂ ਯਾਦਾਂ ਦੀ ਕਿਤਾਬ ਹੈ, ਜਿਨ੍ਹਾਂ ਨੂੰ ਅਕਸਰ ਜਨਤਕ ਇਤਿਹਾਸ ’ਚ ਥਾਂ ਨਹੀਂ ਮਿਲਦੀ।
ਇਕ ਇਨਸਾਨ ਦੂਜੇ ਇਨਸਾਨ ਨੂੰ ਮਿਲਦਾ ਹੈ ਅਤੇ ਪਿਆਰ ’ਚ ਬਹੁਤ ਕੁਝ ਪਿੱਛੇ ਰਹਿ ਜਾਂਦਾ ਹੈ ਪਰ ਜਦੋਂ ਪਿਆਰ ਹੀ ਜ਼ਿੰਦਗੀ ’ਚੋਂ ਚਲਾ ਜਾਵੇ ਤਾਂ ਇਨਸਾਨ ਦੇ ਹਿੱਸੇ ਕੀ ਬਚਦਾ ਹੈ? ਕੁਝ ਯਾਦਾਂ, ਕੁਝ ਰਿਸ਼ਤੇ ਤੇ ਇਕੱਲਾਪਣ। ਸੋਨੀਆ ਦੇ ਹਿੱਸੇ ਵੀ ਇਹ ਇਕੱਲਾਪਣ ਆਇਆ, ਪਰ ਉਨ੍ਹਾਂ ਦੇ ਹਿੱਸੇ ਇਕ ਪੂਰਾ ਦੇਸ਼ ਵੀ ਆਇਆ। ਉਹ ਦੇਸ਼, ਜਿਸ ਨੂੰ ਉਨ੍ਹਾਂ ਨੇ ਪਿਆਰ ਸਦਕਾ ਅਪਣਾਇਆ ਅਤੇ ਜੋ ਹੌਲੀ-ਹੌਲੀ ਉਨ੍ਹਾਂ ਦੀ ਪਛਾਣ ਦਾ ਹਿੱਸਾ ਬਣ ਗਿਆ। ਭਾਰਤ ਉਨ੍ਹਾਂ ਲਈ ਸਿਰਫ਼ ਰਹਿਣ ਦੀ ਥਾਂ ਨਹੀਂ ਰਿਹਾ, ਸਗੋਂ ਉਨ੍ਹਾਂ ਦੀਆਂ ਜ਼ਿੰਦਗੀ ਦੀਆਂ ਯਾਦਾਂ, ਖ਼ੁਸ਼ੀਆਂ ਤੇ ਦੁੱਖਾਂ ਦਾ ਘਰ ਬਣ ਗਿਆ। ਕਈ ਵਾਰ ਇਨਸਾਨ ਪਿੱਛੇ ਮੁੜ ਕੇ ਆਪਣੇ ਸਫ਼ਰ ਨੂੰ ਦੇਖਦਾ ਹੈ ਤਾਂ ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ, ਜੋ ਮਨ ’ਚ ਰਹਿ ਜਾਂਦੀਆਂ ਹਨ ਅਤੇ ਕੁਝ ਭਾਵਨਾਵਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਸ਼ਬਦਾਂ ਦਾ ਰੂਪ ਦੇਣਾ ਜ਼ਰੂਰੀ ਲੱਗਦਾ ਹੈ। ਸੋਨੀਆ ਦੀ ਇਹ ਪੁਸਤਕ ਵੀ ਅਜਿਹੀ ਹੀ ਇਕ ਕੋਸ਼ਿਸ਼ ਜਾਪਦੀ ਹੈ। ਦੁਨੀਆ ਨੇ ਹੁਣ ਤੱਕ ਸੋਨੀਆ ਨੂੰ ਦੂਜਿਆਂ ਦੀ ਨਜ਼ਰ ਨਾਲ ਦੇਖਿਆ ਹੈ, ਪਰ ਪਹਿਲੀ ਵਾਰ ਲੋਕਾਂ ਨੂੰ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਨਜ਼ਰ ਨਾਲ ਦੇਖਣ ਦਾ ਮੌਕਾ ਮਿਲਿਆ ਹੈ। ਉਹ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਵੱਲੋਂ ਬਣਾਈ ਗਈ ਤਸਵੀਰ ਰਾਹੀਂ ਨਹੀਂ, ਸਗੋਂ ਆਪਣੀਆਂ ਯਾਦਾਂ ਦੇ ਆਧਾਰ ’ਤੇ ਸਮਝਾਉਂਦੇ ਹਨ। ਜਵਾਹਰ ਲਾਲ ਨਹਿਰੂ ਦੀ ਸਵੈਜੀਵਨੀ ਦੇ ਪ੍ਰਕਾਸ਼ਨ ਤੋਂ ਲਗਭਗ ਨੌਂ ਦਹਾਕਿਆਂ ਬਾਅਦ ਸੋਨੀਆ ਦੀ ਇਹ ਆਤਮਕਥਾਤਮਕ ਪੁਸਤਕ ਸਾਹਮਣੇ ਆਈ ਹੈ। ਨਹਿਰੂ ਨੇ ਆਜ਼ਾਦੀ ਦੀ ਲਹਿਰ, ਜੇਲ੍ਹ, ਦੇਸ਼ ਤੇ ਆਪਣੇ ਵਿਚਾਰਾਂ ਦੇ ਦਰਮਿਆਨ ਆਪਣੀ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਸੋਨੀਆ ਨੇ ਪਿਆਰ, ਪਰਿਵਾਰ, ਦੁੱਖ ਅਤੇ ਰਾਜਨੀਤੀ ਦੇ ਵਿਚਕਾਰ ਆਪਣੇ ਲੰਮੇ ਸਫ਼ਰ ਨੂੰ ਸ਼ਬਦ ਦਿੱਤੇ ਹਨ।
ਸੋਨੀਆ ਦੀ ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਵੀ ਨਹਿਰੂ ਜੀ ਵਾਂਗ ਸੰਵੇਦਨਸ਼ੀਲਤਾ ਤੇ ਜਨਤਕ ਜੀਵਨ ਦੀਆਂ ਸਖ਼ਤ ਹਕੀਕਤਾਂ ਨਾਲੋ-ਨਾਲ ਚੱਲਦੀਆਂ ਰਹੀਆਂ ਹਨ। ਉਹ ਰਾਜਨੀਤੀ ’ਚ ਨਹੀਂ ਆਉਣਾ ਚਾਹੁੰਦੇ ਸਨ, ਪਰ ਹਾਲਾਤ ਉਨ੍ਹਾਂ ਨੂੰ ਕਾਂਗਰਸ ਵਰਗੀ ਵੱਡੀ ਸਿਆਸੀ ਸੰਸਥਾ ਦੀ ਅਗਵਾਈ ਤੱਕ ਲੈ ਗਏ। ਇਕ ਪਾਸੇ ਰਾਜਨੀਤੀ ਤੋਂ ਦੂਰ ਰਹਿਣ ਦੀ ਇੱਛਾ ਸੀ ਤੇ ਦੂਜੇ ਪਾਸੇ ਇਸ ਨਾਲ ਜੁੜੇ ਫ਼ੈਸਲਿਆਂ ਤੇ ਸੰਘਰਸ਼ਾਂ ਨੂੰ ਸਵੀਕਾਰ ਕਰਨ ਦੀ ਮਜਬੂਰੀ। ਸ਼ਾਇਦ ਕਿਸੇ ਵਿਅਕਤੀ ਨੂੰ ਸਮਝਣ ਲਈ ਉਸ ਦੇ ਅੰਦਰ ਮੌਜੂਦ ਇਨ੍ਹਾਂ ਵਿਰੋਧਾਭਾਸਾਂ ਨੂੰ ਸਮਝਣਾ ਵੀ ਜ਼ਰੂਰੀ ਹੁੰਦਾ ਹੈ। ਕੈਂਬਰਿਜ ’ਚ ਸੋਨੀਆ ਗਾਂਧੀ ਦੀ ਰਾਜੀਵ ਗਾਂਧੀ ਨਾਲ ਹੋਈ ਮੁਲਾਕਾਤ ਪਿਆਰ ’ਚ ਬਦਲ ਗਈ ਤੇ ਫਿਰ ਦੋਵਾਂ ਦਾ ਵਿਆਹ ਹੋ ਗਿਆ। ਪਾਇਲਟ ਵਜੋਂ ਕੰਮ ਕਰਨਾ ਰਾਜੀਵ ਲਈ ਸਿਰਫ਼ ਇਕ ਕਿੱਤਾ ਨਹੀਂ ਸੀ, ਸਗੋਂ ਆਪਣੀ ਪਸੰਦ ਦਾ ਜੀਵਨ ਜਿਊਣ ਦਾ ਇਕ ਤਰੀਕਾ ਸੀ। ਦੇਸ਼ ਨੇ ਰਾਜੀਵ ਨੂੰ ਪ੍ਰਧਾਨ ਮੰਤਰੀ ਵਜੋਂ ਜਾਣਿਆ, ਪਰ ਘਰ ਦੇ ਅੰਦਰ ਉਹ ਇਕ ਪਤੀ, ਪਿਤਾ ਅਤੇ ਆਪਣੇ ਸ਼ੌਕ ਨੂੰ ਪਿਆਰ ਕਰਨ ਵਾਲੇ ਇਨਸਾਨ ਸਨ।
ਭਾਰਤ ਆਉਣ ਤੋਂ ਬਾਅਦ ਸੋਨੀਆ ਲਈ ਭਾਸ਼ਾ, ਖਾਣ-ਪੀਣ, ਮੌਸਮ ਤੇ ਸਮਾਜਿਕ ਵਿਹਾਰ ਸਭ ਕੁਝ ਨਵਾਂ ਸੀ। ਸ਼ੁਰੂਆਤੀ ਦਿਨਾਂ ’ਚ ਤੇਜ਼ੀ ਬੱਚਨ ਦਾ ਪਿਆਰ ਅਤੇ ਸਨੇਹ ਉਨ੍ਹਾਂ ਨੂੰ ਇਕ ਨਵੇਂ ਦੇਸ਼ ’ਚ ਆਪਣੇਪਣ ਦਾ ਅਹਿਸਾਸ ਕਰਵਾਉਂਦਾ ਹੈ। ਸੋਨੀਆ ਦੀਆਂ ਯਾਦਾਂ ’ਚ ਇੰਦਰਾ ਸਿਰਫ਼ ਪ੍ਰਧਾਨ ਮੰਤਰੀ ਨਹੀਂ, ਸਗੋਂ ਇਕ ਮਾਂ, ਦਾਦੀ ਅਤੇ ਘਰ ਸੰਭਾਲਣ ਵਾਲੀ ਔਰਤ ਵੀ ਹਨ। ਕਾਂਗਰਸ ਦਾ ਇਤਿਹਾਸ ਵੀ ਇਸ ਪਰਿਵਾਰ ਦੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਚੱਲਦਾ ਹੈ। ਸੋਨੀਆ ਦੀ ਪੁਸਤਕ ਦਾ ਸਭ ਤੋਂ ਮਾਰਮਿਕ ਪੱਖ ਉਨ੍ਹਾਂ ਦਾ ਨਿੱਜੀ ਦੁੱਖ ਹੈ। ਪਹਿਲੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਗੁਆ ਦੇਣਾ ਇਕ ਅਜਿਹਾ ਦਰਦ ਸੀ, ਜਿਸ ਨੂੰ ਕੋਈ ਵੀ ਸਿਆਸੀ ਪਛਾਣ ਘਟਾ ਨਹੀਂ ਸਕਦੀ। ਉਸ ਬੱਚੇ ਨੂੰ ਪਰਿਵਾਰ ਦੇ ਫਾਰਮ ਹਾਊਸ ’ਚ ਦਫ਼ਨਾਇਆ ਗਿਆ ਸੀ। ਬਾਅਦ ’ਚ ਰਾਹੁਲ ਦਾ ਜਨਮ ਹੋਇਆ ਅਤੇ ਪਰਿਵਾਰ ਵਿੱਚ ਨਵੀਆਂ ਖ਼ੁਸ਼ੀਆਂ ਆਈਆਂ। ਇੰਦਰਾ ਅਤੇ ਸੋਨੀਆ ਦੇ ਰਿਸ਼ਤਿਆਂ ਵਿੱਚ ਵੀ ਕਦੇ ਨੇੜਤਾ ਤੇ ਕਦੇ ਮਤਭੇਦ ਨਜ਼ਰ ਆਉਂਦੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਵੱਡੇ ਸਿਆਸੀ ਪਰਿਵਾਰਾਂ ਵਿੱਚ ਵੀ ਰਿਸ਼ਤੇ ਆਮ ਪਰਿਵਾਰਾਂ ਵਾਂਗ ਹੀ ਪਿਆਰ, ਅਸਹਿਮਤੀ ਅਤੇ ਭਾਵਨਾਵਾਂ ਨਾਲ ਬਣਦੇ ਹਨ।
1984 ’ਚ ਇੰਦਰਾ ਗਾਂਧੀ ਦੀ ਹੱਤਿਆ ਨੇ ਦੇਸ਼ ਤੇ ਪਰਿਵਾਰ ਦੋਵਾਂ ਨੂੰ ਡੂੰਘੇ ਸਦਮੇ ’ਚ ਪਾ ਦਿੱਤਾ। ਰਾਜੀਵ ਗਾਂਧੀ ਨੂੰ ਅਚਾਨਕ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲਣੀ ਪਈ। ਬੋਫੋਰਸ ਵਿਵਾਦ ਨੇ ਉਨ੍ਹਾਂ ਦੀ ਸਰਕਾਰ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਅਤੇ 1989 ’ਚ ਕਾਂਗਰਸ ਸੱਤਾ ਤੋਂ ਬਾਹਰ ਹੋ ਗਈ। 21 ਮਈ, 1991 ਨੂੰ ਸ੍ਰੀਪੇਰੰਬਦੂਰ ਵਿਖੇ ਉਨ੍ਹਾਂ ਦੀ ਹੱਤਿਆ ਨੇ ਸੋਨੀਆ ਤੇ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ। ਦੇਸ਼ ਨੇ ਇਕ ਸਾਬਕਾ ਪ੍ਰਧਾਨ ਮੰਤਰੀ ਤੇ ਵੱਡੇ ਆਗੂ ਨੂੰ ਗੁਆ ਦਿੱਤਾ, ਪਰ ਪਰਿਵਾਰ ਨੇ ਆਪਣਾ ਸਭ ਤੋਂ ਪਿਆਰਾ ਇਨਸਾਨ ਗੁਆਇਆ। ਸੋਨੀਆ ਦੇ ਬਿਆਨ ਵਿੱਚ ਉਸ ਰਾਤ ਪ੍ਰਿਯੰਕਾ ਵੱਲੋਂ ਆਪਣੀ ਮਾਂ ਨੂੰ ਸੰਭਾਲਣਾ, ਰਾਹੁਲ ਦਾ ਵਿਦੇਸ਼ ਤੋਂ ਪਰਤਣਾ ਅਤੇ ਅੰਤਿਮ ਸੰਸਕਾਰ ਦੇ ਦ੍ਰਿਸ਼ ਸਿਰਫ਼ ਕਿਸੇ ਸਿਆਸੀ ਘਟਨਾ ਦਾ ਵੇਰਵਾ ਨਹੀਂ ਹਨ। ਇਹ ਉਸ ਦੁੱਖ ਦੀਆਂ ਯਾਦਾਂ ਹਨ, ਜਿਸ ਨੂੰ ਸ਼ਬਦਾਂ ’ਚ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ। ਰਾਜੀਵ ਦੀ ਮੌਤ ਤੋਂ ਬਾਅਦ ਸੋਨੀਆ ਨੇ ਲੰਮੇ ਸਮੇਂ ਤੱਕ ਰਾਜਨੀਤੀ ਤੋਂ ਦੂਰੀ ਬਣਾਈ ਰੱਖੀ, ਪਰ ਕਾਂਗਰਸ ਦਾ ਕਮਜ਼ੋਰ ਹੁੰਦਾ ਸੰਗਠਨ ਅਤੇ ਲੀਡਰਸ਼ਿਪ ਦਾ ਸੰਕਟ ਉਨ੍ਹਾਂ ਨੂੰ ਜਨਤਕ ਜੀਵਨ ਵਿੱਚ ਲੈ ਆਇਆ। 1998 ਵਿੱਚ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੇ ਅਜਿਹੀ ਪਾਰਟੀ ਦੀ ਜ਼ਿੰਮੇਵਾਰੀ ਸੰਭਾਲੀ, ਜੋ ਆਪਣਾ ਸਿਆਸੀ ਪ੍ਰਭਾਵ ਗੁਆ ਰਹੀ ਸੀ। ਪ੍ਰਧਾਨ ਮੰਤਰੀ ਦਾ ਅਹੁਦਾ ਸਵੀਕਾਰ ਨਾ ਕਰਨ ਅਤੇ ਮਨਮੋਹਨ ਸਿੰਘ ਨੂੰ ਇਸ ਜ਼ਿੰਮੇਵਾਰੀ ਲਈ ਅੱਗੇ ਕਰਨ ਦਾ ਉਨ੍ਹਾਂ ਦਾ ਫ਼ੈਸਲਾ ਭਾਰਤੀ ਰਾਜਨੀਤੀ ਦੀਆਂ ਵੱਡੀਆਂ ਘਟਨਾਵਾਂ ’ਚ ਸ਼ਾਮਲ ਰਿਹਾ। ਇਸ ਤੋਂ ਬਾਅਦ ਕਾਂਗਰਸ ਦੀ ਅਗਵਾਈ ਕਰਨਾ, ਗੱਠਜੋੜ ਨੂੰ ਸੰਭਾਲਣਾ ਤੇ ਸਿਆਸੀ ਚੁਣੌਤੀਆਂ ਦੇ ਦਰਮਿਆਨ ਪਾਰਟੀ ਨੂੰ ਕਾਇਮ ਰੱਖਣਾ ਉਨ੍ਹਾਂ ਦੇ ਲੰਮੇ ਜਨਤਕ ਜੀਵਨ ਦਾ ਹਿੱਸਾ ਬਣਿਆ।
ਸੋਨੀਆ ਦੀ ਪੁਸਤਕ ਪੜ੍ਹਦਿਆਂ ਇਹ ਸਮਝ ਆਉਂਦੀ ਹੈ ਕਿ ਕਿਸੇ ਵਿਅਕਤੀ ਦੀ ਜ਼ਿੰਦਗੀ ਸਿਰਫ਼ ਉਸ ਦੇ ਅਹੁਦਿਆਂ ਅਤੇ ਫ਼ੈਸਲਿਆਂ ਨਾਲ ਨਹੀਂ ਬਣਦੀ। ਉਸ ਦੇ ਅੰਦਰ ਕੁਝ ਅਜਿਹੇ ਪਹਿਲੂ ਵੀ ਹੁੰਦੇ ਹਨ, ਜਿਨ੍ਹਾਂ ਨੂੰ ਦੁਨੀਆ ਕਦੇ ਦੇਖ ਨਹੀਂ ਪਾਉਂਦੀ। ਸ਼ਾਇਦ ਇਸ ਪੁਸਤਕ ਦਾ ਅਰਥ ਇਸ ਦੇ ਸਿਰਲੇਖ ’ਚ ਹੀ ਛੁਪਿਆ ਹੋਇਆ ਹੈ। ਆਪਣੇਪਣ ਦਾ ਅਹਿਸਾਸ ਹਮੇਸ਼ਾ ਜਨਮ ਤੋਂ ਨਹੀਂ ਮਿਲਦਾ। ਕਈ ਵਾਰ ਪਿਆਰ ਕਿਸੇ ਇਨਸਾਨ ਨੂੰ ਇਕ ਨਵੇਂ ਦੇਸ਼ ਨਾਲ ਜੋੜ ਦਿੰਦਾ ਹੈ ਤੇ ਸਮੇਂ ਦੇ ਨਾਲ ਉਹੀ ਦੇਸ਼ ਉਸ ਦਾ ਘਰ ਬਣ ਜਾਂਦਾ ਹੈ। ਕਿਸੇ ਆਤਮਕਥਾ ਦੀ ਸਭ ਤੋਂ ਵੱਡੀ ਸਫ਼ਲਤਾ ਵੀ ਇਹੀ ਹੁੰਦੀ ਹੈ ਕਿ ਉਹ ਆਪਣੇ ਸਮੇਂ ਦੇ ਇਤਿਹਾਸ ਦੇ ਵਿਚਕਾਰ ਉਸ ਇਨਸਾਨ ਨੂੰ ਲੱਭ ਲਵੇ, ਜਿਸ ਨੂੰ ਦੁਨੀਆ ਅਕਸਰ ਭੁੱਲ ਜਾਂਦੀ ਹੈ। (ਲੇਖਕ ਕਾਂਗਰਸ ਦੇ ਰਾਜ ਸਭਾ ਮੈਂਬਰ ਹਨ।)