- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ’ਚ ਭਾਰਤੀ ਉੱਦਮੀਆਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਭਾਰਤ ਸਰਕਾਰ ਦੇ ਨੀਤੀ-ਘਾੜੇ ਅਤੇ ਭਾਰਤੀ ਉੱਦਮੀ ਇਸ ਗੱਲ ਨੂੰ ਅਣਡਿੱਠ ਨਹੀਂ ਕਰ ਸਕਦੇ ਕਿ ਆਸੀਆਨ ਦੇਸ਼ ਕਈ ਖੇਤਰਾਂ ’ਚ ਭਾਰਤ ਤੋਂ ਕਾਫ਼ੀ ਅੱਗੇ ਨਿਕਲ ਗਏ ਹਨ। ਇਸ ਦੇ ਨਤੀਜੇ ਵਜੋਂ ਇਨ੍ਹਾਂ ਦੇਸ਼ਾਂ ਦੇ ਆਮ ਲੋਕਾਂ ਦਾ ਜੀਵਨ ਪੱਧਰ ਵੀ ਸੁਧਰਿਆ ਹੈ। ਕਿਉਂਕਿ ਇਹ ਦੇਸ਼ ਇਕ ਮਜ਼ਬੂਤ ਆਰਥਿਕ ਸਮੂਹ ਬਣ ਚੁੱਕੇ ਹਨ, ਇਸ ਲਈ ਦੁਨੀਆ ਦੇ ਪ੍ਰਮੁੱਖ ਦੇਸ਼ ਆਸੀਆਨ ਦੇ ਮੰਚ ਨੂੰ ਆਪਣੇ ਲਈ ਇਕ ਮੌਕੇ ਵਜੋਂ ਦੇਖ ਰਹੇ ਹਨ।

ਭਾਰਤ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ ਆਸੀਆਨ ਦਾ ਮੈਂਬਰ ਨਾ ਹੁੰਦੇ ਹੋਏ ਵੀ ਜਿਸ ਤਰ੍ਹਾਂ ਇਸ ਦੇ ਸੰਮੇਲਨਾਂ ’ਚ ਸ਼ਮੂਲੀਅਤ ਕਰਦਾ ਹੈ ਤੇ ਇਸ ਸੰਗਠਨ ਦੇ ਦੇਸ਼ ਉਸ ਨੂੰ ਮਹੱਤਵ ਦਿੰਦੇ ਹਨ, ਉਸ ਤੋਂ ਭਾਰਤ ਦੇ ਵਧਦੇ ਕੱਦ ਦਾ ਹੀ ਅੰਦਾਜ਼ਾ ਲੱਗਦਾ ਹੈ। ਕਿਉਂਕਿ ਆਸੀਆਨ ਦੱਖਣ-ਪੂਰਬੀ ਏਸ਼ੀਆ ਦੇ 11 ਦੇਸ਼ਾਂ ਦਾ ਸਮੂਹ ਹੈ ਤੇ ਭਾਰਤ ਦੱਖਣੀ ਏਸ਼ੀਆ ’ਚ ਸਥਿਤ ਹੈ, ਇਸ ਲਈ ਉਹ ਇਸ ਦਾ ਮੈਂਬਰ ਤਾਂ ਨਹੀਂ ਬਣ ਸਕਦਾ ਪਰ ਇਸ ਸੰਗਠਨ ਨਾਲ ਆਪਣਾ ਆਰਥਿਕ ਤੇ ਵਪਾਰਕ ਸਹਿਯੋਗ ਵਧਾ ਕੇ ਵੱਡੇ ਲਾਭ ਜ਼ਰੂਰ ਉਠਾ ਸਕਦਾ ਹੈ ਤੇ ਉਸ ਨੂੰ ਅਜਿਹਾ ਕਰਨਾ ਵੀ ਚਾਹੀਦਾ ਹੈ। ਆਸੀਆਨ ਦੇ ਸੰਵਾਦ ਭਾਈਵਾਲ ਤੇ ਰਣਨੀਤਕ ਭਾਈਵਾਲ ਵਜੋਂ ਭਾਰਤ ਨੂੰ ਇਸ ਸੰਗਠਨ ਨਾਲ ਆਪਣੇ ਸਬੰਧ ਹੋਰ ਮਜ਼ਬੂਤ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ, ਤਾਂ ਜੋ ਸਾਰੇ ਮੈਂਬਰ ਦੇਸ਼ ਭਾਰਤ ਲਈ ਇੱਕ ਵੱਡੀ ਮੰਡੀ ਬਣ ਸਕਣ। ਇਹ ਸਹੀ ਹੈ ਕਿ ਭਾਰਤ ਨੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਨਾਲ ਆਪਣੇ ਸਬੰਧ ਵਧਾਉਣ ਲਈ ‘ਐਕਟ ਈਸਟ ਨੀਤੀ’ ਅਪਣਾਈ ਹੋਈ ਹੈ ਤੇ ਇਸ ਦੇ ਸਿੱਟੇ ਵਜੋਂ ਇਨ੍ਹਾਂ ਦੇਸ਼ਾਂ ਨਾਲ ਉਸ ਦਾ ਵਪਾਰ ਵੀ ਵਧਿਆ ਹੈ ਪਰ ਇਸ ਤੱਥ ਨੂੰ ਵੀ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਇਨ੍ਹਾਂ ਦੇਸ਼ਾਂ ਨੂੰ ਬਰਾਮਦ ਘੱਟ ਕਰਦਾ ਹੈ ਅਤੇ ਦਰਾਮਦ ਵੱਧ। ਕਿਉਂਕਿ ਆਸੀਆਨ ਦੇਸ਼ ਚੀਨ ਦੇ ਆਰਥਿਕ ਅਤੇ ਵਪਾਰਕ ਦਬਦਬੇ ਦੇ ਨਾਲ-ਨਾਲ ਉਸ ਦੀਆਂ ਵਿਸਥਾਰਵਾਦੀ ਨੀਤੀਆਂ ਤੋਂ ਵੀ ਪ੍ਰੇਸ਼ਾਨ ਹਨ, ਇਸ ਲਈ ਭਾਰਤ ਨੂੰ ਇਨ੍ਹਾਂ ਦੇਸ਼ਾਂ ਨਾਲ ਸਹਿਯੋਗ ਵਧਾਉਣ 'ਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ। ਭਾਰਤ ਨੂੰ ਉਨ੍ਹਾਂ ਕਾਰਨਾਂ ਦਾ ਵੀ ਹੱਲ ਕਰਨਾ ਪਵੇਗਾ, ਜਿਨ੍ਹਾਂ ਕਰ ਕੇ ਉਸ ਨੇ ਆਪਣੇ ਆਪ ਨੂੰ ਆਸੀਆਨ ਦੀ ਅਗਵਾਈ ਵਾਲੇ ਮੁਕਤ ਵਪਾਰ ਸਮਝੌਤੇ ਤੋਂ ਬਾਹਰ ਰੱਖਿਆ ਸੀ। ਇਸ ਦਾ ਇੱਕ ਵੱਡਾ ਕਾਰਨ ਇਹ ਖ਼ਦਸ਼ਾ ਸੀ ਕਿ ਇਸ ਸਮਝੌਤੇ ’ਚ ਸ਼ਾਮਲ ਹੋਣ ਨਾਲ ਭਾਰਤ ’ਚ ਚੀਨੀ ਵਸਤਾਂ ਦੀ ਦਰਾਮਦ ਵਧ ਜਾਵੇਗੀ ਪਰ ਅਜਿਹਾ ਤਾਂ ਹੁਣ ਵੀ ਹੋ ਰਿਹਾ ਹੈ। ਚੀਨ ਨਾਲ ਭਾਰਤ ਦਾ ਵਪਾਰ ਘਾਟਾ ਘਟਣ ਦਾ ਨਾਂ ਨਹੀਂ ਲੈ ਰਿਹਾ। ਸਪੱਸ਼ਟ ਹੈ ਕਿ ਭਾਰਤ ਨੂੰ ਆਸੀਆਨ ਦੇਸ਼ਾਂ ਨਾਲ ਮਿਲ ਕੇ ਚੀਨ ਦੇ ਆਰਥਿਕ ਦਬਦਬੇ ਦਾ ਮੁਕਾਬਲਾ ਕਰਨ ਲਈ ਕਮਰ ਕੱਸਣੀ ਹੀ ਪਵੇਗੀ। ਇਸ ’ਚ ਭਾਰਤੀ ਉੱਦਮੀਆਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਭਾਰਤ ਸਰਕਾਰ ਦੇ ਨੀਤੀ-ਘਾੜੇ ਅਤੇ ਭਾਰਤੀ ਉੱਦਮੀ ਇਸ ਗੱਲ ਨੂੰ ਅਣਡਿੱਠ ਨਹੀਂ ਕਰ ਸਕਦੇ ਕਿ ਆਸੀਆਨ ਦੇਸ਼ ਕਈ ਖੇਤਰਾਂ ’ਚ ਭਾਰਤ ਤੋਂ ਕਾਫ਼ੀ ਅੱਗੇ ਨਿਕਲ ਗਏ ਹਨ। ਇਸ ਦੇ ਨਤੀਜੇ ਵਜੋਂ ਇਨ੍ਹਾਂ ਦੇਸ਼ਾਂ ਦੇ ਆਮ ਲੋਕਾਂ ਦਾ ਜੀਵਨ ਪੱਧਰ ਵੀ ਸੁਧਰਿਆ ਹੈ। ਕਿਉਂਕਿ ਇਹ ਦੇਸ਼ ਇਕ ਮਜ਼ਬੂਤ ਆਰਥਿਕ ਸਮੂਹ ਬਣ ਚੁੱਕੇ ਹਨ, ਇਸ ਲਈ ਦੁਨੀਆ ਦੇ ਪ੍ਰਮੁੱਖ ਦੇਸ਼ ਆਸੀਆਨ ਦੇ ਮੰਚ ਨੂੰ ਆਪਣੇ ਲਈ ਇਕ ਮੌਕੇ ਵਜੋਂ ਦੇਖ ਰਹੇ ਹਨ। ਅੱਜ ਜਦੋਂ ਭਾਰਤ ਇਕ ਵੱਡੀ ਸ਼ਕਤੀ ਵਜੋਂ ਉੱਭਰ ਰਿਹਾ ਹੈ ਤੇ ਆਪਣੀ ਸੰਤੁਲਨਕਾਰੀ ਨੀਤੀ ਕਾਰਨ ਵੱਖ-ਵੱਖ ਕੌਮਾਂਤਰੀ ਸੰਗਠਨਾਂ ਵਿੱਚ ਸ਼ਾਮਲ ਹੈ, ਤਾਂ ਉਸ ਨੂੰ ਆਸੀਆਨ ਵਰਗੇ ਉਨ੍ਹਾਂ ਸਮੂਹਾਂ ਨੂੰ ਹੋਰ ਵੀ ਵੱਧ ਮਹੱਤਵ ਦੇਣਾ ਪਵੇਗਾ, ਜਿਹੜੇ ਉਸ ਲਈ ਵਧੇਰੇ ਲਾਹੇਵੰਦ ਸਾਬਤ ਹੋ ਸਕਦੇ ਹਨ। ਆਸੀਆਨ ਦੇਸ਼ਾਂ ’ਚ ਭਾਰਤ ਆਪਣਾ ਪ੍ਰਭਾਵ ਇਸ ਲਈ ਵੀ ਆਸਾਨੀ ਨਾਲ ਕਾਇਮ ਕਰ ਸਕਦਾ ਹੈ, ਕਿਉਂਕਿ ਇਸ ਸੰਗਠਨ ਦੇ ਸਾਰੇ ਦੇਸ਼ਾਂ ਵਿੱਚ ਭਾਰਤੀ ਸੱਭਿਆਚਾਰ ਦਾ ਕਾਫ਼ੀ ਪ੍ਰਭਾਵ ਹੈ। ਇਸ ਸੱਭਿਆਚਾਰਕ ਸਾਂਝ ਦਾ ਲਾਭ ਵੀ ਉਠਾਇਆ ਜਾਣਾ ਚਾਹੀਦਾ ਹੈ।