- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਪਾਰਕ ਖੇਤਰ ’ਚ ਮੁਕਾਬਲੇ ਕਾਰਨ ਕੰਪਨੀਆਂ ਵਧੀਆ ਗੁਣਵੱਤਾ ਵਾਲੀਆਂ ਚੀਜ਼ਾਂ ਘੱਟ ਕੀਮਤ ’ਤੇ ਦੇਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਜਦੋਂ ਮੁਕਾਬਲਾ ਹੱਦ ਤੋਂ ਵੱਧ ਜਾਵੇ ਤਾਂ ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆਉਂਦੇ ਹਨ। ਵਿਦਿਆਰਥੀਆਂ ਉੱਤੇ ਚੰਗੇ ਨਤੀਜੇ ਲਿਆਉਣ ਦਾ ਬੇਲੋੜਾ ਦਬਾਅ ਪੈ ਸਕਦਾ ਹੈ। ਦੂਜਿਆਂ ਨਾਲ ਆਪਣੀ ਤੁਲਨਾ ਕਰਨ ਨਾਲ ਮਾਨਸਿਕ ਤਣਾਅ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ।

ਅਜੋਕਾ ਯੁੱਗ ਮੁਕਾਬਲੇਬਾਜ਼ੀ ਦਾ ਯੁੱਗ ਹੈ, ਜੀਵਨ ਦੇ ਹਰ ਖੇਤਰ ’ਚ ਮੁਕਾਬਲੇਬਾਜ਼ੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਸੀਮਤ ਮੌਕੇ ਅਤੇ ਸਫ਼ਲਤਾ ਦੀ ਵਧਦੀ ਇੱਛਾ ਨੇ ਇਸ ਮੁਕਾਬਲੇ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਵਿਦਿਆਰਥੀ ਜੀਵਨ ’ਚ ਵੀ ਮੁਕਾਬਲੇਬਾਜ਼ੀ ਦਾ ਬਹੁਤ ਪ੍ਰਭਾਵ ਹੈ। ਅੱਜ ਹਰ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਜਮਾਤ ’ਚ ਪਹਿਲਾ ਸਥਾਨ ਹਾਸਲ ਕਰਨਾ ਚਾਹੁੰਦਾ ਹੈ। ਉੱਚ ਸਿੱਖਿਆ ਲਈ ਦਾਖ਼ਲਾ ਲੈਣ ਤੇ ਚੰਗੇ ਕੋਰਸ ’ਚ ਦਾਖਲੇ ਲਈ ਵੀ ਵਿਦਿਆਰਥੀਆਂ ਨੂੰ ਸਖ਼ਤ ਮੁਕਾਬਲੇ ’ਚੋਂ ਲੰਘਣਾ ਪੈਂਦਾ ਹੈ। ਇਸੇ ਤਰ੍ਹਾਂ ਨੌਜਵਾਨਾਂ ਨੂੰ ਚੰਗੀ ਨੌਕਰੀ ਲਈ ਮੁਕਾਬਲੇ ਦੀਆਂ ਕਈ ਪ੍ਰੀਖਿਆਵਾਂ ’ਚੋਂ ਲੰਘਣਾ ਪੈਂਦਾ ਹੈ। ਵਪਾਰ ਦੇ ਖੇਤਰ ’ਚ ਵੀ ਵੱਖ-ਵੱਖ ਕੰਪਨੀਆਂ ਆਪਣੇ ਉਤਪਾਦਾਂ ਨੂੰ ਬਿਹਤਰ ਬਣਾਉਣ ਅਤੇ ਗਾਹਕਾਂ ਨੂੰ ਅਕਰਸ਼ਿਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੀਆਂ ਹਨ। ਮੁਕਾਬਲੇਬਾਜ਼ੀ ਦੇ ਕੁਝ ਚੰਗੇ ਪੱਖ ਵੀ ਹਨ। ਸਿਹਤਮੰਦ ਮੁਕਾਬਲਾ ਮਨੁੱਖ ਨੂੰ ਮਿਹਨਤ ਕਰਨ ਅਤੇ ਆਪਣੀਆਂ ਯੋਗਤਾਵਾਂ ਨੂੰ ਨਿਖਾਰਨ ਲਈ ਪ੍ਰੇਰਿਤ ਕਰਦਾ ਹੈ। ਇਸ ਨਾਲ ਅਸੀਂ ਨਵੀਆਂ ਚੀਜ਼ਾਂ ਸਿੱਖਦੇ ਹਾਂ ਤੇ ਆਪਣੇ ਕੰਮ ’ਚ ਸੁਧਾਰ ਲਿਆਉਂਦੇ ਹਾਂ। ਵਿਦਿਆਰਥੀਆਂ ’ਚ ਵੀ ਚੰਗਾ ਮੁਕਾਬਲਾ ਉਨ੍ਹਾਂ ਨੂੰ ਨਿਯਮਿਤ ਪੜ੍ਹਾਈ ਕਰਨ ਅਤੇ ਆਪਣੇ ਟੀਚੇ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਦਾ ਹੈ। ਵਪਾਰਕ ਖੇਤਰ ’ਚ ਮੁਕਾਬਲੇ ਕਾਰਨ ਕੰਪਨੀਆਂ ਵਧੀਆ ਗੁਣਵੱਤਾ ਵਾਲੀਆਂ ਚੀਜ਼ਾਂ ਘੱਟ ਕੀਮਤ ’ਤੇ ਦੇਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਜਦੋਂ ਮੁਕਾਬਲਾ ਹੱਦ ਤੋਂ ਵੱਧ ਜਾਵੇ ਤਾਂ ਇਸ ਦੇ ਮਾੜੇ ਪ੍ਰਭਾਵ ਵੀ ਸਾਹਮਣੇ ਆਉਂਦੇ ਹਨ। ਵਿਦਿਆਰਥੀਆਂ ਉੱਤੇ ਚੰਗੇ ਨਤੀਜੇ ਲਿਆਉਣ ਦਾ ਬੇਲੋੜਾ ਦਬਾਅ ਪੈ ਸਕਦਾ ਹੈ। ਦੂਜਿਆਂ ਨਾਲ ਆਪਣੀ ਤੁਲਨਾ ਕਰਨ ਨਾਲ ਮਾਨਸਿਕ ਤਣਾਅ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ। ਅਸੀਂ ਆਪਣੀਆਂ ਪ੍ਰਾਪਤੀਆਂ ਤੇ ਖੁਸ਼ ਹੋਣ ਦੀ ਬਜਾਏ ਦੂਜਿਆਂ ਦੀਆਂ ਸਫ਼ਲਤਾਵਾਂ ਤੋਂ ਵਧੇਰੇ ਦੁਖੀ ਰਹਿੰਦੇ ਹਾਂ। ਕੁਝ ਲੋਕ ਸਫ਼ਲ ਹੋਣ ਦੀ ਦੌੜ ’ਚ ਇਮਾਨਦਾਰੀ ਅਤੇ ਨੈਤਿਕਤਾ ਨੂੰ ਵੀ ਭੁੱਲ ਜਾਂਦੇ ਹਨ। ਉਹ ਦੂਜਿਆਂ ਨੂੰ ਪਿੱਛੇ ਛੱਡਣ ਦੀ ਦੌੜ ਵਿੱਚ ਹਰ ਸਹੀ-ਗ਼ਲਤ ਤਰੀਕਾ ਅਪਣਾਉਣ ਲੱਗ ਪੈਂਦੇ ਹਨ। ਇਸ ਨਾਲ ਸਮਾਜ ’ਚ ਈਰਖਾ, ਬੇਈਮਾਨੀ ਤੇ ਅਸੰਤੁਸ਼ਟੀ ਵਧਦੀ ਹੈ। ਸਾਡਾ ਮੁਕਾਬਲਾ ਦੂਜਿਆਂ ਨਾਲੋਂ ਵੱਧ ਆਪਣੇ ਆਪ ਨਾਲ ਹੋਣਾ ਚਾਹੀਦਾ ਹੈ। ਸਾਨੂੰ ਬੀਤੇ ਕੱਲ੍ਹ ਨਾਲੋਂ ਅੱਜ ਆਪਣੇ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਿਹਨਤ, ਇਮਾਨਦਾਰੀ, ਸਬਰ ਅਤੇ ਆਤਮ-ਵਿਸ਼ਵਾਸ ਨੂੰ ਆਪਣਾ ਆਧਾਰ ਬਣਾਉਣਾ ਚਾਹੀਦਾ ਹੈ। ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਸਿਹਤਮੰਦ ਮੁਕਾਬਲਾ ਤਰੱਕੀ ਦਾ ਸਬੱਬ ਬਣਦਾ ਹੈ ਜਦੋਂਕਿ ਮੁਕਾਬਲੇਬਾਜ਼ੀ ਦੀ ਅੰਨ੍ਹੀ ਦੌੜ ਜੀਵਨ ’ਚ ਤਣਾਅ ਅਤੇ ਪਰੇਸ਼ਾਨੀ ਦਾ ਕਾਰਨ ਬਣਦੀ ਹੈ।
-ਨਵਨੀਤ ਕੌਰ, ਬਰਨਾਲਾ, ਸੰਪਰਕ 9888484026