- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਬਦ ਸਿਰਫ਼ ਅੱਖਰਾਂ ਦਾ ਜੋੜ ਨਹੀਂ ਹੁੰਦੇ, ਇਹ ਸਮਾਜ ਦੀ ਸੋਚ ਨੂੰ ਦਿਸ਼ਾ ਦੇਣ ਤੇ ਸਮੇਂ ਦੀਆਂ ਘਟਨਾਵਾਂ ਨੂੰ ਇਤਿਹਾਸ ਦੇ ਪੰਨਿਆਂ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ। ਕਈ ਵਾਰ ਇਕ ਖ਼ਬਰ ਕਿਸੇ ਦੇ ਚਿਹਰੇ ’ਤੇ ਮੁਸਕਰਾਹਟ ਲਿਆਉਂਦੀ ਹੈ, ਕਿਸੇ ਦੀ ਆਵਾਜ਼ ਬਣਦੀ ਹੈ ਅਤੇ ਕਈ ਵਾਰ ਸਮਾਜ ਨੂੰ ਕਿਸੇ ਨਵੇਂ ਵਿਚਾਰ ਨਾਲ ਜੋੜ ਦਿੰਦੀ ਹੈ।

ਸ਼ਬਦ ਸਿਰਫ਼ ਅੱਖਰਾਂ ਦਾ ਜੋੜ ਨਹੀਂ ਹੁੰਦੇ, ਇਹ ਸਮਾਜ ਦੀ ਸੋਚ ਨੂੰ ਦਿਸ਼ਾ ਦੇਣ ਤੇ ਸਮੇਂ ਦੀਆਂ ਘਟਨਾਵਾਂ ਨੂੰ ਇਤਿਹਾਸ ਦੇ ਪੰਨਿਆਂ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ। ਕਈ ਵਾਰ ਇਕ ਖ਼ਬਰ ਕਿਸੇ ਦੇ ਚਿਹਰੇ ’ਤੇ ਮੁਸਕਰਾਹਟ ਲਿਆਉਂਦੀ ਹੈ, ਕਿਸੇ ਦੀ ਆਵਾਜ਼ ਬਣਦੀ ਹੈ ਅਤੇ ਕਈ ਵਾਰ ਸਮਾਜ ਨੂੰ ਕਿਸੇ ਨਵੇਂ ਵਿਚਾਰ ਨਾਲ ਜੋੜ ਦਿੰਦੀ ਹੈ। ਕਲਮ ਦੀ ਇਹ ਤਾਕਤ ਹੀ ਪੱਤਰਕਾਰੀ ਨੂੰ ਸਿਰਫ਼ ਇਕ ਕਿੱਤਾ ਨਹੀਂ ਸਗੋਂ ਲੋਕਾਂ ਨਾਲ ਜੁੜੀ ਮਹੱਤਵਪੂਰਨ ਸਮਾਜਿਕ ਜ਼ਿੰਮੇਵਾਰੀ ਬਣਾਉਂਦੀ ਹੈ। ਸਮਾਂ ਬਦਲਦਾ ਹੈ, ਤਕਨੀਕ ਬਦਲਦੀ ਹੈ, ਖ਼ਬਰਾਂ ਪੜ੍ਹਨ ਤੇ ਦੇਖਣ ਦੇ ਢੰਗ ਬਦਲਦੇ ਹਨ ਪਰ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੀ ਅਹਿਮੀਅਤ ਕਦੇ ਘੱਟ ਨਹੀਂ ਹੁੰਦੀ। ਇਸੇ ਜ਼ਿੰਮੇਵਾਰੀ, ਆਜ਼ਾਦੀ ਅਤੇ ਲੋਕਤੰਤਰ ’ਚ ਪ੍ਰੈੱਸ ਦੀ ਅਹਿਮ ਭੂਮਿਕਾ ਨੂੰ ਯਾਦ ਕਰਨ ਦਾ ਮੌਕਾ ਹੈ ਰਾਸ਼ਟਰੀ ਪ੍ਰੈੱਸ ਦਿਵਸ। ਭਾਰਤ ’ਚ ਦਿਨ ਹਰ ਸਾਲ 16 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਸਬੰਧ ਪ੍ਰੈੱਸ ਕੌਂਸਲ ਆਫ਼ ਇੰਡੀਆ ਨਾਲ ਹੈ, ਜਿਸ ਨੇ 16 ਨਵੰਬਰ 1966 ਨੂੰ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਦਿਵਸ ਦਾ ਮੁੱਖ ਉਦੇਸ਼ ਦੇਸ਼ ’ਚ ਆਜ਼ਾਦ ਅਤੇ ਜ਼ਿੰਮੇਵਾਰ ਪੱਤਰਕਾਰੀ ਦੀ ਮਹੱਤਤਾ ਨੂੰ ਉਜਾਗਰ ਕਰਨਾ ਅਤੇ ਪੱਤਰਕਾਰੀ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਲੋਕਤੰਤਰ ’ਚ ਪ੍ਰੈੱਸ ਦੀ ਭੂਮਿਕਾ ਸਿਰਫ਼ ਘਟਨਾਵਾਂ ਦੀ ਜਾਣਕਾਰੀ ਦੇਣ ਤੱਕ ਸੀਮਤ ਨਹੀਂ ਸਗੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜਿਕ ਵਿਕਾਸ ’ਚ ਯੋਗਦਾਨ ਪਾਉਣ ਤੱਕ ਫੈਲੀ ਹੋਈ ਹੈ।
ਪੱਤਰਕਾਰੀ ਦਾ ਬਦਲਦਾ ਸਰੂਪ
ਇਕ ਸਮਾਂ ਸੀ, ਜਦੋਂ ਲੋਕ ਸਵੇਰ ਦੀ ਸ਼ੁਰੂਆਤ ਅਖ਼ਬਾਰ ਪੜ੍ਹ ਕੇ ਕਰਦੇ ਸਨ। ਅਖ਼ਬਾਰਾਂ ਦੀ ਉਡੀਕ, ਰੇਡੀਓ ਤੋਂ ਖ਼ਬਰਾਂ ਸੁਣਨਾ ਅਤੇ ਟੈਲੀਵਿਜ਼ਨ ’ਤੇ ਨਿਰਧਾਰਤ ਸਮੇਂ ਖ਼ਬਰਾਂ ਦੇਖਣਾ ਰੋਜ਼ਾਨਾ ਜੀਵਨ ਦਾ ਹਿੱਸਾ ਹੁੰਦਾ ਸੀ। ਅੱਜ ਤਸਵੀਰ ਕਾਫ਼ੀ ਬਦਲ ਚੁੱਕੀ ਹੈ। ਮੋਬਾਈਲ ਫੋਨ ਦੀ ਸਕਰੀਨ ’ਤੇ ਦੁਨੀਆ ਭਰ ਦੀਆਂ ਖ਼ਬਰਾਂ ਕੁਝ ਹੀ ਸਕਿੰਟਾਂ ’ਚ ਪਹੁੰਚ ਜਾਂਦੀਆਂ ਹਨ। ਈ-ਪੇਪਰ, ਨਿਊਜ਼ ਪੋਰਟਲ, ਵੈੱਬਸਾਈਟਾਂ, ਯੂਟਿਊਬ ਚੈਨਲ ਤੇ ਸੋਸ਼ਲ ਮੀਡੀਆ ਨੇ ਖ਼ਬਰਾਂ ਦੀ ਪਹੁੰਚ ਨੂੰ ਹੋਰ ਵਿਸ਼ਾਲ ਬਣਾ ਦਿੱਤਾ ਹੈ। ਇਸ ਬਦਲਾਅ ਨੇ ਪੱਤਰਕਾਰੀ ਲਈ ਨਵੇਂ ਮੌਕੇ ਵੀ ਪੈਦਾ ਕੀਤੇ ਹਨ। ਹੁਣ ਛੋਟੇ ਸ਼ਹਿਰਾਂ, ਪਿੰਡਾਂ ਤੇ ਦੂਰ-ਦੁਰਾਡੇ ਦੇ ਇਲਾਕਿਆਂ ਦੀਆਂ ਖ਼ਬਰਾਂ ਵੀ ਵੱਡੇ ਪੱਧਰ ’ਤੇ ਲੋਕਾਂ ਤੱਕ ਪਹੁੰਚ ਸਕਦੀਆਂ ਹਨ। ਸਥਾਨਕ ਸਮੱਸਿਆਵਾਂ, ਸੱਭਿਆਚਾਰ, ਲੋਕ ਕਲਾਵਾਂ, ਖੇਡਾਂ, ਸਿੱਖਿਆ, ਖੇਤੀਬਾੜੀ ਤੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੂੰ ਪਹਿਲਾਂ ਨਾਲੋਂ ਵਧੇਰੇ ਮੰਚ ਮਿਲ ਰਿਹਾ ਹੈ। ਇਹ ਪੱਤਰਕਾਰੀ ਦੇ ਵਿਸਥਾਰ ਦਾ ਸ਼ਲਾਘਾਯੋਗ ਪਹਿਲੂ ਹੈ।
ਜਾਣਕਾਰੀ ਦੇ ਨਾਲ ਵਿਸ਼ਵਾਸ ਵੀ ਜ਼ਰੂਰੀ
ਅਜੋਕੇ ਸਮੇਂ ’ਚ ਜਾਣਕਾਰੀ ਦੀ ਕੋਈ ਕਮੀ ਨਹੀਂ ਪਰ ਸਹੀ ਤੇ ਭਰੋਸੇਯੋਗ ਜਾਣਕਾਰੀ ਦੀ ਮਹੱਤਤਾ ਪਹਿਲਾਂ ਨਾਲੋਂ ਹੋਰ ਵਧ ਗਈ ਹੈ। ਸੋਸ਼ਲ ਮੀਡੀਆ ’ਤੇ ਕੋਈ ਵੀ ਜਾਣਕਾਰੀ ਬਹੁਤ ਤੇਜ਼ੀ ਨਾਲ ਫੈਲ ਸਕਦੀ ਹੈ। ਅਜਿਹੇ ਮਾਹੌਲ ’ਚ ਤੱਥਾਂ ਦੀ ਜਾਂਚ, ਖ਼ਬਰ ਦੇ ਸਰੋਤ ਦੀ ਪੁਸ਼ਟੀ ਅਤੇ ਦੋਵੇਂ ਪੱਖਾਂ ਨੂੰ ਸਮਝਣਾ ਪੱਤਰਕਾਰੀ ਦੇ ਬੁਨਿਆਦੀ ਸਿਧਾਂਤ ਹਨ। ਖ਼ਬਰ ਦੀ ਤੇਜ਼ੀ ਜਿੰਨੀ ਮਹੱਤਵਪੂਰਨ ਹੈ, ਉਸ ਦੀ ਸੱਚਾਈ ਵੀ ਓਨੀ ਹੀ ਅਹਿਮ ਹੈ। ਕਿਸੇ ਵੀ ਜਾਣਕਾਰੀ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਜਾਂਚਣਾ ਜ਼ਰੂਰੀ ਹੈ। ਤੱਥਾਂ ਤੇ ਵਿਚਾਰਾਂ ਵਿਚਲਾ ਅੰਤਰ ਸਪੱਸ਼ਟ ਰਹਿਣਾ ਚਾਹੀਦਾ ਹੈ। ਇਸ ਨਾਲ ਪਾਠਕਾਂ ਤੇ ਦਰਸ਼ਕਾਂ ਦਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ।
ਨਵੀਂ ਤਕਨੀਕ ਤੇ ਪੱਤਰਕਾਰੀ ਦਾ ਭਵਿੱਖ
ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏਆਈ) ਨੇ ਪੱਤਰਕਾਰੀ ਦੇ ਖੇਤਰ ’ਚ ਨਵੇਂ ਰਾਹ ਖੋਲ੍ਹੇ ਹਨ। ਜਾਣਕਾਰੀ ਇਕੱਠੀ ਕਰਨ, ਅੰਕੜਿਆਂ ਦਾ ਵਿਸ਼ਲੇਸ਼ਣ ਕਰਨ, ਅਨੁਵਾਦ ਕਰਨ ਤੇ ਸਮੱਗਰੀ ਨੂੰ ਵਿਵਸਥਿਤ ਕਰਨ ਵਿਚ ਨਵੀਂ ਤਕਨੀਕ ਸਹਾਇਕ ਸਾਬਤ ਹੋ ਰਹੀ ਹੈ ਪਰ ਤਕਨੀਕ ਦੀ ਵਰਤੋਂ ਦੇ ਨਾਲ ਮਨੁੱਖੀ ਸਮਝ ਤੇ ਸੰਵੇਦਨਸ਼ੀਲਤਾ ਵੀ ਓਨੀ ਹੀ ਜ਼ਰੂਰੀ ਹੈ। ਤਕਨੀਕ ਸਾਧਨ ਹੋ ਸਕਦੀ ਹੈ ਪਰ ਖ਼ਬਰ ਦੀ ਸੱਚਾਈ ਅਤੇ ਸਮਾਜਿਕ ਪ੍ਰਭਾਵ ਨੂੰ ਸਮਝਣ ਦੀ ਜ਼ਿੰਮੇਵਾਰੀ ਮਨੁੱਖੀ ਸੋਚ ਨਾਲ ਹੀ ਜੁੜੀ ਰਹਿੰਦੀ ਹੈ। ਇਸ ਦੇ ਨਾਲ ਹੀ ਪੱਤਰਕਾਰਾਂ ਲਈ ਨਵੇਂ ਹੁਨਰ ਸਿੱਖਣਾ, ਡਿਜੀਟਲ ਪਲੇਟਫਾਰਮਾਂ ਦੀ ਸਮਝ ਵਿਕਸਿਤ ਕਰਨਾ ਤੇ ਬਦਲਦੀ ਤਕਨੀਕ ਨਾਲ ਕਦਮ ਮਿਲਾ ਕੇ ਚੱਲਣਾ ਸਮੇਂ ਦੀ ਲੋੜ ਹੈ।
ਸਮਾਜ ਦੀ ਆਵਾਜ਼ ਬਣਨ ਦਾ ਸੁਹਿਰਦ ਯਤਨ
ਪੱਤਰਕਾਰੀ ਦਾ ਮਹੱਤਵਪੂਰਨ ਪੱਖ ਸਮਾਜ ਦੇ ਹਰ ਵਰਗ ਦੀ ਗੱਲ ਨੂੰ ਥਾਂ ਦੇਣਾ ਹੈ। ਕਿਸਾਨਾਂ ਦੀ ਮਿਹਨਤ, ਮਜ਼ਦੂਰਾਂ ਦਾ ਯੋਗਦਾਨ, ਵਿਦਿਆਰਥੀਆਂ ਦੀਆਂ ਪ੍ਰਾਪਤੀਆਂ, ਔਰਤਾਂ ਦੀ ਸਫਲਤਾ, ਖਿਡਾਰੀਆਂ ਦੀਆਂ ਉਪਲੱਬਧੀਆਂ, ਵਿਗਿਆਨਕ ਖੋਜਾਂ ਅਤੇ ਆਮ ਲੋਕਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦੀਆਂ ਹਨ। ਅਜਿਹੀਆਂ ਖ਼ਬਰਾਂ ਨਾ ਸਿਰਫ਼ ਜਾਣਕਾਰੀ ਦਿੰਦੀਆਂ ਹਨ ਸਗੋਂ ਦੂਜਿਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। ਪੰਜਾਬੀ ਪੱਤਰਕਾਰੀ ਦੇ ਸੰਦਰਭ ਵਿਚ ਵੀ ਇਹ ਜ਼ਿੰਮੇਵਾਰੀ ਹੋਰ ਅਹਿਮ ਹੋ ਜਾਂਦੀ ਹੈ। ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ, ਵਿਰਸੇ, ਲੋਕ-ਕਲਾਵਾਂ ਤੇ ਨਵੀਂ ਪੀੜ੍ਹੀ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਮਾਂ-ਬੋਲੀ ਦੀ ਸੇਵਾ ਦਾ ਮਹੱਤਵਪੂਰਨ ਮਾਧਿਅਮ ਹੈ। ਪਿੰਡਾਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਪੰਜਾਬੀ ਭਾਈਚਾਰੇ ਦੀਆਂ ਸਰਗਰਮੀਆਂ ਨੂੰ ਮੰਚ ਦੇਣਾ ਸਾਡੀ ਸੱਭਿਆਚਾਰਕ ਪਛਾਣ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ।
ਰਾਸ਼ਟਰੀ ਪ੍ਰੈੱਸ ਦਿਵਸ ਸਿਰਫ਼ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਜਾਂ ਪੱਤਰਕਾਰੀ ਦੇ ਯੋਗਦਾਨ ਨੂੰ ਯਾਦ ਕਰਨ ਦਾ ਦਿਨ ਨਹੀਂ ਸਗੋਂ ਇਸ ਖੇਤਰ ਨਾਲ ਜੁੜੀ ਜ਼ਿੰਮੇਵਾਰੀ ਤੇ ਵਿਸ਼ਵਾਸ ਨੂੰ ਨਵਿਆਉਣ ਦਾ ਮੌਕਾ ਵੀ ਹੈ। ਇਕ ਚੰਗੀ ਖ਼ਬਰ ਸਮਾਜ ਨੂੰ ਜਾਣਕਾਰੀ ਦਿੰਦੀ ਹੈ, ਸੁਚੱਜਾ ਵਿਸ਼ਲੇਸ਼ਣ ਸੋਚਣ ਦੀ ਦਿਸ਼ਾ ਦਿੰਦਾ ਹੈ ਤੇ ਸੰਵੇਦਨਸ਼ੀਲ ਰਿਪੋਰਟ ਕਿਸੇ ਦੀ ਜ਼ਿੰਦਗੀ ਵਿਚ ਬਦਲਾਅ ਦਾ ਕਾਰਨ ਬਣ ਸਕਦੀ ਹੈ। ਸਮੇਂ ਦੀ ਮੰਗ ਹੈ ਕਿ ਪੱਤਰਕਾਰੀ ਆਪਣੀ ਆਜ਼ਾਦੀ, ਨਿਰਪੱਖਤਾ, ਸੱਚਾਈ ਅਤੇ ਲੋਕ-ਹਿੱਤ ਦੀ ਭਾਵਨਾ ਨੂੰ ਨਾਲ ਲੈ ਕੇ ਅੱਗੇ ਵਧੇ ਕਿਉਂਕਿ ਜਦੋਂ ਕਲਮ ਦੇ ਸ਼ਬਦਾਂ ਵਿਚ ਸੱਚਾਈ, ਸੋਚ ਵਿਚ ਸੰਵੇਦਨਸ਼ੀਲਤਾ ਅਤੇ ਮਕਸਦ ਵਿੱਚ ਲੋਕ-ਭਲਾਈ ਹੋਵੇ ਤਾਂ ਪੱਤਰਕਾਰੀ ਸੱਚਮੁੱਚ ਸਮਾਜ ਲਈ ਚਾਨਣ ਮੁਨਾਰਾ ਬਣ ਜਾਂਦੀ ਹੈ।
-ਵਰਸ਼ਾ ਵਰਮਾ