- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿੰਦਗੀ ਦੇ ਹਰ ਖੇਤਰ ਵਿਚ ਅਨੁਸ਼ਾਸ਼ਨ ਦੀ ਅਹਿਮੀਅਤ ਨੂੰ ਕਿਸੇ ਵੀ ਕੀਮਤ 'ਤੇ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਹਰ ਸੰਸਥਾ, ਹਰ ਕਲੱਬ ਅਨੁਸ਼ਾਸਨ ਸਦਕਾ ਹੀ ਲੰਬੇ ਸਮੇਂ ਤਕ ਆਪਣੀ ਹੋਂਦ ਬਰਕਰਾਰ ਰੱਖ ਸਕਦਾ ਹੈ।

ਜ਼ਿੰਦਗੀ ਦੇ ਹਰ ਖੇਤਰ ਵਿਚ ਅਨੁਸ਼ਾਸ਼ਨ ਦੀ ਅਹਿਮੀਅਤ ਨੂੰ ਕਿਸੇ ਵੀ ਕੀਮਤ 'ਤੇ ਦਰਕਿਨਾਰ ਨਹੀਂ ਕੀਤਾ ਜਾ ਸਕਦਾ। ਹਰ ਸੰਸਥਾ, ਹਰ ਕਲੱਬ ਅਨੁਸ਼ਾਸਨ ਸਦਕਾ ਹੀ ਲੰਬੇ ਸਮੇਂ ਤਕ ਆਪਣੀ ਹੋਂਦ ਬਰਕਰਾਰ ਰੱਖ ਸਕਦਾ ਹੈ। ਇਸ ਦੇ ਉਲਟ ਅਨੁਸ਼ਾਸਨਹੀਣਤਾ ਵਾਲੀ ਸਭਾ, ਸੰਸਥਾ/ਕਲੱਬ ਦੀ ਹਾਲਤ ਕੱਟੇ ਹੋਏ ਪਤੰਗ ਵਾਂਗ ਹੋ ਜਾਂਦੀ ਹੈ। ਘਰ-ਪਰਿਵਾਰ ਵਿਚ ਵੀ ਅਨੁਸ਼ਾਸਨ ਦੀ ਬਹੁਤ ਅਹਿਮੀਅਤ ਹੁੰਦੀ ਹੈ। ਜਿਸ ਘਰ ਵਿਚ ਅਨੁਸ਼ਾਸ਼ਨ ਦਾ ਸਿੱਕਾ ਚੱਲਦਾ ਹੈ ਉਹ ਕਾਟੋ-ਕਲੇਸ਼ ਤੋਂ ਮੁਕਤੀ ਪਾ ਸਕਦਾ ਹੈ। ਅਨੁਸ਼ਾਸ਼ਨ ਦੀ ਚੜ੍ਹਤ ਵਾਲੇ ਘਰ ਨੂੰ ਕਰਮਾਂ ਵਾਲਾ ਕਿਹਾ ਜਾ ਸਕਦਾ ਹੈ। ਐਸੇ ਘਰ ਵਿਚ ਸਮੇਂ ਸਿਰ ਸਾਰੇ ਕੰਮ ਕੀਤੇ ਜਾਂਦੇ ਹਨ। ਬੱਚਿਆਂ ਨੂੰ ਸਮੇਂ ਸਿਰ ਉੱਠਣ, ਖਾਣ-ਪੀਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪਰਿਵਾਰ ਦੇ ਮੈਂਬਰਾਂ ਦੀ ਸੁਰ ਮਿਲਣ ਕਾਰਨ ਟਕਰਾਅ ਦੀ ਨੌਬਤ ਆਉਣ ਦੀ ਸੰਭਾਵਨਾ ਨਾਮਾਤਰ ਹੁੰਦੀ ਹੈ। ਖ਼ਾਸ ਮੌਕਿਆਂ 'ਤੇ ਸਲਾਹ-ਮਸ਼ਵਰੇ ਰਾਹੀਂ ਅੱਗੇ ਕਦਮ ਵਧਾਇਆ ਜਾਂਦਾ ਹੈ। ਹਰ ਸਮੱਸਿਆ ਦਾ ਹੱਲ ਆਪਸੀ ਵਿਚਾਰ-ਵਟਾਂਦਰਾ ਕਰ ਕੇ ਕੀਤਾ ਜਾਂਦਾ ਹੈ। ਅਨੁਸ਼ਾਸਨ ਦੇ ਰੰਗ ਵਿਚ ਰੰਗੇ ਘਰ ਦੀ ਆਂਢ-ਗੁਆਂਢ, ਗਲੀ-ਮੁਹੱਲੇ 'ਚ ਇੱਜ਼ਤ ਹੁੰਦੀ ਹੈ। ਅਨੁਸ਼ਾਸਨ ਵਿਚ ਰਹਿਣ ਵਾਲੇ ਪਰਿਵਾਰ ਵਿਚ ਨਿੰਦਾ-ਚੁਗਲੀ, ਖਹਿਬਾਜ਼ੀ ਲਈ ਕੋਈ ਥਾਂ ਨਹੀਂ ਹੁੰਦੀ। ਪ੍ਰਸਿੱਧ ਲੇਖਕ/ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੇ ਘਰ ਜਾ ਕੇ ਮੈਨੂੰ ਮਾਨਸਿਕ ਸ਼ਾਂਤੀ ਨਸੀਬ ਹੁੰਦੀ ਸੀ ਕਿਉਂਕਿ ਉੱਥੇ ਅਨੁਸ਼ਾਸਨ ਦਾ ਰਾਜ ਸੀ। ਮੇਰੇ ਆਂਢ-ਗੁਆਂਢ 'ਚ ਵੀ ਅਨੁਸ਼ਾਸਨ ਦਾ ਬੋਲਬਾਲਾ ਹੈ। ਲੜਾਈ-ਝਗੜੇ ਦੀ ਆਵਾਜ਼ ਕੰਨੀਂ ਨਹੀਂ ਪੈਂਦੀ। ਦੂਜੇ ਪਾਸੇ ਜਿਸ ਘਰ ਵਿਚ ਅਨੁਸ਼ਾਸਨ ਦੀ ਕੋਈ ਕਦਰ ਨਹੀਂ ਹੁੰਦੀ, ਓਥੇ ਅਸ਼ਾਂਤੀ ਤੇ ਆਪੋ-ਧਾਪੀ ਭਾਰੂ ਰਹਿੰਦੀ ਹੈ। ਅਜਿਹੇ ਘਰ ਵਿਚ ਬੱਚਿਆਂ ਦੀ ਸ਼ਖ਼ਸੀਅਤ 'ਤੇ ਮਾਰੂ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਬੱਚੇ ਜ਼ਿੰਦਗੀ ਵਿਚ ਪੱਛੜ ਜਾਂਦੇ ਹਨ। ਅਨੁਸ਼ਾਸਨਹੀਣਤਾ ਦੇ ਸ਼ਿਕਾਰ ਘਰ ਵਿਚ ਲੋਕ ਨਾਜਾਇਜ਼ ਦਖ਼ਲਅੰਦਾਜ਼ੀ ਕਰਨ ਲੱਗਦੇ ਹਨ। ਘਰ ਦੀ ਇੱਜ਼ਤ ਮਿੱਟੀ ਵਿਚ ਮਿਲ ਜਾਂਦੀ ਹੈ। ਅਜਿਹੇ ਅਨੁਸ਼ਾਸਨਹੀਣ ਘਰਾਂ 'ਚ ਜ਼ਮੀਨ-ਜਾਇਦਾਦ ਦੇ ਝਗੜੇ ਜਾਨਲੇਵਾ ਸਿੱਧ ਹੁੰਦੇ ਹਨ। ਮੁੱਕਦੀ ਗੱਲ ਇਹ ਕਿ ਜਿਸ ਘਰ ਵਿਚ ਅਨੁਸ਼ਾਸਨ ਦਾ ਪਹਿਰਾ ਹੈ, ਉਸ ਨੂੰ ਕੋਈ ਉਂਗਲਾਂ 'ਤੇ ਨਹੀਂ ਨਚਾ ਸਕਦਾ। ਨਸ਼ੇ ਘਰ ਵਿਚ ਦਾਖ਼ਲ ਨਹੀਂ ਹੋ ਸਕਦੇ। ਅਜਿਹੇ ਘਰ ਵਿਚ ਲਹਿਰਾਂ-ਬਹਿਰਾਂ ਹੁੰਦੀਆਂ ਹਨ। ਅਨੁਸ਼ਾਸਨ ਤੋਂ ਸੱਖਣੇ ਘਰ-ਪਰਿਵਾਰ ਖੇਰੂ-ਖੇਰੂ ਹੋ ਜਾਂਦੇ ਹਨ। ਅਨੁਸ਼ਾਸਨ ਵਾਲੇ ਘਰ-ਪਰਿਵਾਰ ਦੀ ਕਾਟੋ ਫੁੱਲਾਂ 'ਤੇ ਖੇਡਦੀ ਹੈ ਜਦਕਿ ਅਨੁਸ਼ਾਸਨਹੀਣਤਾ ਵਾਲਾ ਘਰ ਨਰਕ ਸਮਾਨ ਬਣ ਜਾਂਦਾ ਹੈ। ਅਜਿਹੇ ਬਦਨਸੀਬ ਘਰਾਂ ਦੇ ਜੀਅ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਕੇ ਬਿਮਾਰੀਆਂ ਸਹੇੜ ਲੈਂਦੇ ਹਨ।
-ਸੁੰਦਰਪਾਲ 'ਪ੍ਰੇਮੀ' ਜੈਤੋ (ਫ਼ਰੀਦਕੋਟ)। (98140-51099)