- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੱਛੇ ਜਿਹੇ ਦੀ ਗੱਲ ਹੈ। ਮੈਂ ਪਟਿਆਲਾ ਵਿਖੇ ਇਕ ਪੁਸਤਕ ਲੋਕ-ਅਰਪਣ ਸਮਾਗਮ ਵਿਚ ਮੁੱਖ ਵਕਤਾ ਦੇ ਤੌਰ ’ਤੇ ਜਾਣਾ ਸੀ। ਸਮਾਗਮ ਪ੍ਰਬੰਧਕਾਂ ਦੀ ਤਾਕੀਦ ਸੀ ਕਿ ਮੈਂ ਠੀਕ ਸਮੇਂ ’ਤੇ ਪੁੱਜ ਜਾਵਾਂ ਤਾਂ ਕਿ ਗਰਮੀ ਦੀ ਭਿਆਨਕਤਾ ਨੂੰ ਦੇਖਦੇ ਹੋਏ ਆਪਣਾ ਪ੍ਰੋਗਰਾਮ ਠੀਕ ਦਸ ਵਜੇ ਸ਼ੁਰੂ ਕਰ ਕੇ ਬਾਰਾਂ-ਸਾਢੇ ਬਾਰਾਂ ਤੱਕ ਖ਼ਤਮ ਕਰ ਦਿੱਤਾ ਜਾਵੇ। ਮੇਰੇ ਭਾਸ਼ਣ ਮਗਰੋਂ ਪੁਸਤਕ ਨੂੰ ਰਿਲੀਜ਼ ਕੀਤਾ ਜਾਣਾ ਸੀ। ਮੈਂ ਹਮੇਸ਼ਾ ਸਮੇਂ ਦਾ ਪਾਬੰਦ ਰਹਿਣ ਦੀ ਕੋਸ਼ਿਸ਼ ਕੀਤੀ ਹੈ।

- ਡਾ. ਧਰਮਪਾਲ ਸਾਹਿਲ
ਪਿੱਛੇ ਜਿਹੇ ਦੀ ਗੱਲ ਹੈ। ਮੈਂ ਪਟਿਆਲਾ ਵਿਖੇ ਇਕ ਪੁਸਤਕ ਲੋਕ-ਅਰਪਣ ਸਮਾਗਮ ਵਿਚ ਮੁੱਖ ਵਕਤਾ ਦੇ ਤੌਰ ’ਤੇ ਜਾਣਾ ਸੀ। ਸਮਾਗਮ ਪ੍ਰਬੰਧਕਾਂ ਦੀ ਤਾਕੀਦ ਸੀ ਕਿ ਮੈਂ ਠੀਕ ਸਮੇਂ ’ਤੇ ਪੁੱਜ ਜਾਵਾਂ ਤਾਂ ਕਿ ਗਰਮੀ ਦੀ ਭਿਆਨਕਤਾ ਨੂੰ ਦੇਖਦੇ ਹੋਏ ਆਪਣਾ ਪ੍ਰੋਗਰਾਮ ਠੀਕ ਦਸ ਵਜੇ ਸ਼ੁਰੂ ਕਰ ਕੇ ਬਾਰਾਂ-ਸਾਢੇ ਬਾਰਾਂ ਤੱਕ ਖ਼ਤਮ ਕਰ ਦਿੱਤਾ ਜਾਵੇ। ਮੇਰੇ ਭਾਸ਼ਣ ਮਗਰੋਂ ਪੁਸਤਕ ਨੂੰ ਰਿਲੀਜ਼ ਕੀਤਾ ਜਾਣਾ ਸੀ। ਮੈਂ ਹਮੇਸ਼ਾ ਸਮੇਂ ਦਾ ਪਾਬੰਦ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਮੈਂ ਹਰ ਹਾਲ ਵਿਚ ਦਸ ਵਜੇ ਤੋਂ ਪਹਿਲਾਂ ਪੁੱਜ ਜਾਵਾਂਗਾ। ਫਗਵਾੜਾ ਬੱਸ ਸਟੈਂਡ ’ਤੇ ਜਦੋਂ ਲੰਬਾ ਸਮਾਂ ਕੋਈ ਬੱਸ ਨਹੀਂ ਆਈ ਤਾਂ ਮੈਨੂੰ ਚਿੰਤਾ ਹੋਣ ਲੱਗੀ। ਖ਼ੈਰ, ਇਕ ਪ੍ਰਾਈਵੇਟ ਕੰਪਨੀ ਦੀ ਬੱਸ ਆਈ। ਇਹ ਜਾਣਦਿਆਂ ਕਿ ਪ੍ਰਾਈਵੇਟ ਬੱਸਾਂ ਵਾਲੇ ਥਾਂ-ਥਾਂ ’ਤੇ ਬੱਸ ਰੋਕ ਕੇ ਸਵਾਰੀਆਂ ਚੁੱਕਦੇ ਨੇ, ਇਸ ਲਈ ਮੈਂ ਰੋਡਵੇਜ਼ ਦੀ ਬੱਸ ਦੀ ਉਡੀਕ ਕਰਦਾ ਰਿਹਾ। ਇਸ ਦੌਰਾਨ ਉਸ ਬੱਸ ਦੇ ਕੰਡਕਟਰ ਨੇ ਮੈਨੂੰ ਕਈ ਵਾਰ ਕਿਹਾ, “ਬਾਬੂ ਜੀ, ਬੈਠੋ, ਤੁਹਾਨੂੰ ਰੋਡਵੇਜ਼ ਵਾਲੀ ਬੱਸ ਤੋਂ ਪਹਿਲਾਂ ਪੁਜਾਵਾਂਗੇ” ਪਰ ਮੈਂ ਉਸ ਨੂੰ ਨਜ਼ਰਅੰਦਾਜ਼ ਕਰਦਾ ਰਿਹਾ। ਜਦੋਂ ਕਾਫ਼ੀ ਦੇਰ ਰੋਡਵੇਜ਼ ਦੀ ਕੋਈ ਬੱਸ ਨਹੀਂ ਆਈ ਤਾਂ ਮੈਂ ਸਸ਼ੋਪੰਜ ਵਿਚ ਪੈ ਗਿਆ। ਪ੍ਰਾਈਵੇਟ ਬੱਸ ਦੇ ਕੰਡਕਟਰ ਨੇ ਲੰਮੀ ਸੀਟੀ ਮਾਰ ਕੇ ਬੱਸ ਚਲਾਉਣ ਦਾ ਇਸ਼ਾਰਾ ਕੀਤਾ। ਉਸ ਨੇ ਇਕ ਵਾਰ ਫਿਰ ਮੈਨੂੰ ਚੱਲਣ ਲਈ ਕਿਹਾ। ਮੈਂ ਉਸ ਨੂੰ ਸਪਸ਼ਟ ਸ਼ਬਦਾਂ ਵਿਚ ਪੁੱਛਿਆ, “ਬੱਸ ਲੁਧਿਆਣਾ ਬਾਈਪਾਸ ਤੋਂ ਸਿੱਧੀ ਪਟਿਆਲਾ ਜਾਵੇਗੀ ਨਾ?”ਉਸ ਨੇ ਕਿਹਾ, “ਬਾਬੂ ਜੀ, ਤੁਸੀਂ ਵਿਸ਼ਵਾਸ ਕਿਉਂ ਨਹੀਂ ਕਰਦੇ, ਕਿਹਾ ਨਾ ਤੁਹਾਨੂੰ ਕਿ ਸਮੇਂ ਸਿਰ ਪਟਿਆਲਾ ਪੁਜਾਵਾਂਗੇ। ਸਾਡਾ ਰੋਜ਼ ਦਾ ਕੰਮ ਹੈ। ਹੋਰ ਵੀ ਸਵਾਰੀਆਂ ਬੈਠੀਆਂ ਨੇ।” ਮੈਂ ਕੰਡਕਟਰ ਵੱਲੋਂ ਵਿਸ਼ਵਾਸ ਦਿਵਾਉਣ ’ਤੇ ਬੱਸ ’ਚ ਬੈਠ ਗਿਆ। ਮਨ ਨੂੰ ਫਿਰ ਵੀ ਯਕੀਨ ਜਿਹਾ ਨਾ ਆਵੇ। ਮੈਂ ਬੱਸ ਅੰਦਰ ਡਰਾਈਵਰ ਨੂੰ ਵੀ ਜਾ ਕੇ ਪੁੱਛਿਆ, ‘‘ਬੱਸ ਲੁਧਿਆਣਾ ਬਾਈਪਾਸ ਤੋਂ ਸਿੱਧੀ ਪਟਿਆਲਾ ਜਾਵੇਗੀ ਨਾ?” ਉਸ ਨੇ ਵੀ ਮੈਨੂੰ ਵਿਸ਼ਵਾਸ ਦਿਵਾਇਆ, ‘‘ਤੁਸੀਂ ਬੈਠੋ, ਅਸੀਂ ਸਿੱਧੇ ਪਟਿਆਲਾ ਹੀ ਜਾਣਾ ਹੈ।” ਦੋਹਾਂ ਵੱਲੋਂ ਵਿਸ਼ਵਾਸ ਦਿਵਾਏ ਜਾਣ ’ਤੇ ਮੈਂ ਸੀਟ ’ਤੇ ਬੈਠ ਗਿਆ ਤੇ ਕੰਡਕਟਰ ਤੋਂ ਪਟਿਆਲਾ ਦੀ ਸਿੱਧੀ ਟਿਕਟ ਵੀ ਲੈ ਲਈ।ਆਪਣੀ ਆਦਤ ਮੁਤਾਬਕ ਥਾਂ-ਥਾਂ ਤੋਂ ਸਵਾਰੀਆਂ ਚੁੱਕਦੀ ਬੱਸ ਲੁਧਿਆਣਾ ਦੇ ਸਮਰਾਲਾ ਚੌਕ ਟੱਪ ਕੇ ਇਕ ਸਟਾਪ ’ਤੇ ਰੁਕ ਗਈ। ਕੰਡਕਟਰ ਨੇ ਪਟਿਆਲਾ ਜਾਣ ਵਾਲੀਆਂ 7-8 ਸਵਾਰੀਆਂ ਨੂੰ ਬੱਸੋਂ ਹੇਠਾਂ ਉਤਰਨ ਲਈ ਕਿਹਾ। ਇਨ੍ਹਾਂ ਵਿਚ ਕਈ ਬਿਰਧ ਔਰਤਾਂ, ਮਰਦ ਤੇ ਬੱਚੇ ਵੀ ਸਨ। ਅਸੀਂ ਤੇਜ਼ ਧੁੱਪ ਵਿਚ ਖੜ੍ਹੇ ਸਾਂ। ਮੈਂ ਸਮਝ ਗਿਆ ਕਿ ਕੰਡਕਟਰ ਤੇ ਡਰਾਈਵਰ, ਦੋਹਾਂ ਨੇ ਸਾਡੇ ਨਾਲ ਝੂਠ ਬੋਲਿਆ ਹੈ। ਇਸ ਬੱਸ ਨੇ ਪਟਿਆਲਾ ਨਹੀਂ ਜਾਣਾ ਹੈ ਤੇ ਸਾਨੂੰ ਦੂਸਰੀ ਬੱਸ ਵਿਚ ਚੜ੍ਹਾ ਦੇਣਾ ਹੈ। ਉੱਥੇ ਪਹਿਲੋਂ ਹੀ ਖੜ੍ਹੀ ਇਕ ਹੋਰ ਪ੍ਰਾਈਵੇਟ ਬੱਸ ਦੇ ਕੰਡਕਟਰ ਨਾਲ ਸਾਡੀ ਬੱਸ ਵਾਲਾ ਕੰਡਕਟਰ ਸੌਦੇਬਾਜ਼ੀ ਕਰਨ ਲੱਗ ਪਿਆ। ਦੂਸਰੀ ਬੱਸ ਵਾਲਾ ਸਾਡੇ ਜਿੰਨੇ ਪੈਸੇ ਮੰਗ ਰਿਹਾ ਸੀ, ਸਾਡਾ ਕੰਡਕਟਰ ਦੇਣ ਲਈ ਤਿਆਰ ਨਹੀਂ ਸੀ ਹੋ ਰਿਹਾ। ਜਦੋਂ ਸੌਦੇਬਾਜ਼ੀ ਸਿਰੇ ਨਾ ਚੜ੍ਹੀ ਤਾਂ ਉਹ ਬੱਸ ਚਲੀ ਗਈ ਤਾਂ ਸਾਡੇ ਕੰਡਕਟਰ ਨੇ ਸਾਨੂੰ ਮੁੜ ਆਪਣੀ ਬੱਸ ਅੰਦਰ ਬੈਠਣ ਲਈ ਕਿਹਾ। ਮੈਨੂੰ ਉਨ੍ਹਾਂ ਵੱਲੋਂ ਬੋਲੇ ਗਏ ਝੂਠ ’ਤੇ ਬਹੁਤ ਗੁੱਸਾ ਆ ਰਿਹਾ ਸੀ। ਸਮਾਂ ਲੰਘਦਾ ਜਾਂਦਾ ਸੀ। ਉਨ੍ਹਾਂ ਨੇ ਕੁਝ ਦੇਰ ਹੋਰ ਕਿਸੇ ਪ੍ਰਾਈਵੇਟ ਬੱਸ ਦੀ ਉਡੀਕ ਕੀਤੀ। ਦੋ-ਤਿੰਨ ਵਾਰ ਫੋਨ ਵੀ ਕੀਤੇ। ਫਿਰ ਉਨ੍ਹਾਂ ਬੱਸ ਪਟਿਆਲੇ ਲਿਜਾਣ ਦੀ ਬਜਾਏ ਲੁਧਿਆਣਾ ਬੱਸ ਸਟੈਂਡ ਵੱਲ ਮੋੜ ਲਈ।
ਸਪਸ਼ਟ ਸੀ ਕਿ ਲੁਧਿਆਣਾ ਬੱਸ ਸਟੈਂਡ ’ਤੇ ਆਉਣ-ਜਾਣ ਦਾ ਮਤਲਬ ਹੈ, ਘੱਟੋ-ਘੱਟ ਇਕ ਘੰਟਾ ਬਰਬਾਦ ਹੋਣਾ। ਮੈਂ ਕੰਡਕਟਰ ਨੂੰ ਕਿਹਾ ਵੀ, ਸਾਡੇ ਪੈਸੇ ਮੋੜ ਦਿਉ, ਅਸੀਂ ਇੱਥੋਂ ਸਿੱਧੀ ਪਟਿਆਲੇ ਦੀ ਹੋਰ ਬੱਸ ਫੜ ਲਵਾਂਗੇ ਪਰ ਉਹ ਨਹੀਂ ਮੰਨਿਆ। ਕਹਿਣ ਲੱਗਾ ਕਿ ਜਿਹੜੀ ਬੱਸ ਸਟੈਂਡ ਤੋਂ ਪਟਿਆਲਾ ਵਾਲੀ ਬੱਸ ਆ ਰਹੀ ਹੋਵੇਗੀ, ਉਸ ਨੂੰ ਰੋਕ ਕੇ ਤੁਹਾਨੂੰ ਬਿਠਾ ਦਿਆਂਗਾ। ਅਸੀਂ ਉਸ ਸਮੇਂ ਆਪਣੇ-ਆਪ ਨੂੰ ਬੰਧਕ ਮਹਿਸੂਸ ਕਰ ਰਹੇ ਸਾਂ। ਫਿਰ ਮੈਂ ਨੋਟ ਕੀਤਾ ਕਿ ਕੰਡਕਟਰ ਨਾਲ ਮੈਂ ਇੱਕਲਾ ਹੀ ਖਹਿਬੜ ਰਿਹਾ ਸਾਂ। ਬਾਕੀ ਸਵਾਰੀਆਂ ਖਾਮੋਸ਼ ਹੋ ਕੇ ਆਪਣੇ ਮੋਬਾਈਲਾਂ ’ਤੇ ਵਿਅਸਤ ਸਨ। ਉਨ੍ਹਾਂ ਨੂੰ ਜਿਵੇਂ ਆਪਣੇ ਬਰਬਾਦ ਹੁੰਦੇ ਵਕਤ ਦੀ ਕੋਈ ਪਰਵਾਹ ਨਹੀਂ ਸੀ। ਮੈਂ ਆਪਣੇ ਨਾਲ ਬੈਠੇ ਬਜ਼ੁਰਗ ਨੂੰ ਕਿਹਾ ਵੀ, ਇਹ ਸਾਡੇ ਨਾਲ ਸ਼ਰੇਆਮ ਵਧੀਕੀ ਹੋ ਰਹੀ ਹੈ। ਤੁਸੀਂ ਕੁਝ ਬੋਲਦੇ ਕਿਉਂ ਨਹੀਂ?”
“ਇਹ ਪ੍ਰਾਈਵੇਟ ਬੱਸਾਂ ਵਾਲੇ ਮਨਮਰਜ਼ੀਆਂ ਕਰਦੇ ਨੇ, ਇਨ੍ਹਾਂ ਨੂੰ ਕੌਣ ਰੋਕ ਸਕਦਾ ਹੈ।” ਬਜ਼ੁਰਗ ਨੇ ਆਪਣੇ ਲੰਮੇ ਤਜਰਬੇ ਤੋਂ ਗੱਲ ਹੀ ਮੁਕਾ ਦਿੱਤੀ ਸੀ। ਰਸਤੇ ਵਿਚ ਪਟਿਆਲੇ ਵਾਲੀ ਕੋਈ ਬੱਸ ਨਹੀਂ ਆਈ। ਸਾਡੀ ਬੱਸ ਲੰਮਾ ਪੈਂਡਾ ਤੈਅ ਕਰ ਕੇ ਸ਼ਹਿਰ ਅੰਦਰ ਬੱਸ ਸਟੈਂਡ ’ਤੇ ਪੁੱਜ ਗਈ। ਪਹਿਲਾਂ ਬੱਸ ਪਾਰਕਿੰਗ ’ਤੇ ਖੜ੍ਹੀ ਕੀਤੀ ਗਈ। ਕੰਡਕਟਰ-ਡਰਾਈਵਰ ਕਿਸੇ ਦੇ ਸਮੇਂ ਦੀ ਪਰਵਾਹ ਕੀਤੇ ਬਿਨਾਂ ਸ਼ਾਇਦ ਨਾਸ਼ਤਾ-ਪਾਣੀ ਕਰਨ ਚਲੇ ਗਏ। 15-20 ਮਿੰਟ ਪਾਰਕਿੰਗ ਮਗਰੋਂ ਬੱਸ ਕਾਊਂਟਰ ’ਤੇ ਲਾਈ ਗਈ। ਮੈਨੂੰ ਪਟਿਆਲਾ ਤੋਂ ਪ੍ਰੋਗਰਾਮ ਵਾਲਿਆਂ ਦੇ ਵਾਰ-ਵਾਰ ਫੋਨ ਆ ਰਹੇ ਸਨ। ਉਹ ਪੁੱਛ ਰਹੇ ਸਨ, “ਹੁਣ ਕਿੱਥੇ ਪੁੱਜੇ ਹੋ ਜੀ, ਅਸੀਂ ਤੁਹਾਨੂੰ ਲੈਣ ਲਈ ਪਟਿਆਲਾ ਬਾਈਪਾਸ ’ਤੇ ਗੱਡੀ ਭੇਜ ਦਿੱਤੀ ਹੈ।’’ ਮੈਂ ਜਦੋਂ ਉਨ੍ਹਾਂ ਨੂੰ ਅਸਲੀਅਤ ਤੋਂ ਵਾਕਿਫ਼ ਕਰਾਇਆ ਤਾਂ ਉਹ ਬੜੇ ਪਰੇਸ਼ਾਨ ਹੋਣ ਲੱਗੇ। ਤੁਹਾਨੂੰ ਪ੍ਰਾਈਵੇਟ ਬੱਸ ਨਹੀਂ ਫੜਨੀ ਚਾਹੀਦੀ ਸੀ। ਇਹ ਲੋਕ ਸਵਾਰੀਆਂ ਨੂੰ ਹਮੇਸ਼ਾ ਖ਼ਰਾਬ ਕਰਦੇ ਨੇ। ਦਸ ਵਜੇ ਦੇ ਸਮੇਂ ਮੁਤਾਬਕ ਸਾਡਾ ਹਾਲ ਭਰ ਗਿਆ ਹੈ। ਇਸ ਤਰ੍ਹਾਂ ਤੁਸੀਂ ਗਿਆਰਾਂ-ਸਾਢੇ ਗਿਆਰਾਂ ਤੋਂ ਪਹਿਲਾਂ ਨਹੀਂ ਪੁੱਜ ਸਕਦੇ।” ਮੈਂ ਕਿਹਾ ਹਾਂ ਇਹ ਮੈਥੋਂ ਬਹੁਤ ਵੱਡੀ ਗ਼ਲਤੀ ਹੋ ਗਈ ਹੈ। ਮੈਂ ਇਕ ਵਾਰ ਫਿਰ ਉੱਠ ਕੇ ਡਰਾਈਵਰ ਨੂੰ ਸ਼ਿਕਾਇਤ ਕੀਤੀ। ਮੈਂ ਸੇਵਾ ਮੁਕਤ ਪ੍ਰਿੰਸੀਪਲ ਹਾਂ। ਲੇਖਕ ਹਾਂ। ਸੀਨੀਅਰ ਸਿਟੀਜ਼ਨ ਹਾਂ। ਮੇਰਾ ਦਸ ਵਜੇ ਲੈਕਚਰ ਸੀ। ਸੌ ਬੰਦਾ ਮੇਰਾ ਇੰਤਜ਼ਾਰ ਕਰ ਰਿਹਾ ਹੈ। ਤੁਸੀਂ ਮੇਰੇ ਨਾਲ ਝੂਠ ਬੋਲ ਕੇ ਮੈਨੂੰ ਲੇਟ ਕੀਤਾ ਹੈ। ਡਰਾਈਵਰ ਦੇ ਨਾਲ ਦੀ ਸੀਟ ’ਤੇ ਜੋ ਸ਼ਾਇਦ ਬੱਸ ਨਾਲ ਚੱਲਦਾ ਉੱਚਾ-ਤਕੜਾ ਬਾਊਂਸਰ ਸੀ, ਉਹ ਰੁੱਖਾ ਬੋਲਿਆ, ‘‘ਤੂੰ ਡਰਾਈਵਰ ਨੂੰ ਗੱਡੀ ਚਲਾਉਣ ਦੇ ਤੇ ਆਪਣੀ ਸੀਟ ’ਤੇ ਚੁੱਪ ਕਰਕੇ ਬੈਠ ਜਾ।’’ ਮੈਂ ਆਪਣੇ-ਆਪ ਨੂੰ ਬੇਹੱਦ ਬੇਵੱਸ ਮਹਿਸੂਸ ਕਰ ਰਿਹਾ ਸਾਂ। ਮੈਂ ਨਿਮੋਝੂਣਾ ਹੋ ਕੇ ਆਪਣੀ ਸੀਟ ’ਤੇ ਆ ਬੈਠਾ ਤੇ ਸੋਚਣ ਲੱਗਾ, ਅਸੀਂ ਆਪਣੇ-ਆਪ ਨੂੰ ਕਲਮ ਦੇ ਸਿਪਾਹੀ ਅਖਵਾਉਂਦੇ ਹਾਂ। ਅਸੀਂ ਕਲਮ ਨਾਲ ਇਸ ਨਿਜ਼ਾਮ ਨੂੰ ਬਦਲਣ ਦੇ ਦਮਗ਼ਜੇ ਮਾਰਦੇ ਹਾਂ। ਕੀ ਇਹੋ ਕਦਰ ਹੈ ਪੜ੍ਹੇ-ਲਿਖੇ ਤੇ ਲੇਖਕ ਹੋਣ ਦੀ। ਅਸੀਂ ਇਨ੍ਹਾਂ ਵੱਡੇ-ਵੱਡੇ ਟਰਾਂਸਪੋਰਟਰਾਂ ਲਈ ਇਨਸਾਨ ਨਹੀਂ ਸਗੋਂ ਭੇਡਾਂ-ਬੱਕਰੀਆਂ ਹਾਂ। ਦਸ ਵਜੇ ਦੀ ਥਾਂ ਮੈਂ ਪ੍ਰੋਗਰਾਮ ਵਿਚ ਸਾਢੇ ਗਿਆਰਾਂ ਵਜੇ ਪੁੱਜਾ ਸਕਿਆ। ਮੇਰੇ ਵੱਲੋਂ ਸਫ਼ਾਈ ਦੇਣ ਅਤੇ ਮਾਫ਼ੀ ਮੰਗਣ ਦੇ ਬਾਵਜੂਦ ਮੇਰੇ ਲੇਟ ਹੋਣ ਕਰਕੇ ਆਯੋਜਕਾਂ ਦੀ ਨਾਰਾਜ਼ਗੀ ਉਨ੍ਹਾਂ ਦੀ ਬਣਾਉਟੀ ਮੁਸਕਰਾਹਟ ਪਿੱਛੇ ਵੀ ਨਹੀਂ ਸੀ ਲੁਕ ਰਹੀ।
-ਮੋਬਾਈਲ : 98761-56964