
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਨੇ ਬਚਨੋ ਕੁਮਾਰੀ ਨੂੰ ਪਹਾੜ ਜਿੱਡੀ ਜ਼ਿੰਦਗੀ ਇਕੱਲਿਆਂ ਕੱਟਣ ਦੀ ਬਜਾਏ ਦੂਜਾ ਵਿਆਹ ਕਰਨ ਲਈ ਕਿਹਾ ਪਰ ਉਸ ਨੇ ਆਪਣੇ ਪਤੀ ਦੀ ਸ਼ਹੀਦੀ ਨੂੰ ਮਾਣ ਸਮਝਦਿਆਂ ਇਸ ਪੇਸ਼ਕਸ਼ ਨੂੰ ਸਵੀਕਾਰ ਨਾ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਪਤੀ ਦੀ ਸ਼ਹੀਦੀ ’ਤੇ ਮਾਣ ਹੈ ਤੇ ਉਹ ਚਰਨ ਦਾਸ ਨੂੰ ਮਰਿਆ ਹੋਇਆ ਨਹੀਂ ਸਗੋਂ ਆਪਣੀ ਜ਼ਿੰਦਗੀ ਦਾ ਜਿਉਂਦਾ ਹਿੱਸਾ ਸਮਝ ਕੇ ਉਸ ਦੀ ਯਾਦ ਨੂੰ ਸਾਂਭੇਗੀ।

ਯੁਗਾਂ-ਯੁਗਾਂਤਰਾਂ ਤੋਂ ਸਮਾਜ ਮੋਟੇ ਤੌਰ ’ਤੇ ਦੋ ਕਿਸਮ ਦੇ ਲੋਕਾਂ ਵਿਚ ਵੰਡਿਆ ਜਾਂਦਾ ਰਿਹਾ ਹੈ। ਇਕ ਉਹ ਹਨ, ਜੋ ਹਉਮੈ, ਲਾਲਚ, ਸੱਤਾ ਅਤੇ ਤਾਕਤ ਦੀ ਭੁੱਖ ਵਿਚ ਫਸ ਕੇ ਅਜਿਹੇ ਵਿਕਾਰਾਂ ਦੇ ਸ਼ਿਕਾਰ ਹੋ ਜਾਂਦੇ ਹਨ, ਜਿਹੜੇ ਦੇਸ਼, ਕੌਮ ਤੇ ਸਮਾਜ ਲਈ ਘਾਤਕ ਸਾਬਤ ਹੁੰਦੇ ਹਨ। ਦੂਜੇ ਉਹ ਹਨ, ਜੋ ਦੇਸ਼, ਕੌਮ, ਧਰਮ ਤੇ ਮਨੁੱਖਤਾ ਦੀ ਖ਼ਾਤਰ ਆਪਣੀ ਜ਼ਿੰਦਗੀ ਤੱਕ ਵਾਰ ਦਿੰਦੇ ਹਨ। ਇਨ੍ਹਾਂ ਵਿਚ ਅਜਿਹੀਆਂ ਮਹਾਨ ਔਰਤਾਂ ਵੀ ਸ਼ਾਮਲ ਹਨ, ਜੋ ਆਪਣੇ ਜੀਵਨ ਦੇ ਨਿੱਜੀ ਸੁੱਖਾਂ, ਇੱਛਾਵਾਂ ਤੇ ਐਸ਼ੋ-ਆਰਾਮ ਦਾ ਤਿਆਗ ਕਰ ਕੇ ਸ਼ਹੀਦਾਂ ਦੀ ਯਾਦ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲੈਂਦੀਆਂ ਹਨ। ਉਹ ਆਪਣੀ ਨਿੱਜੀ ਪੀੜ ਨੂੰ ਸਮਾਜਿਕ ਪ੍ਰੇਰਣਾ ਵਿਚ ਬਦਲ ਕੇ ਇਤਿਹਾਸ ਵਿਚ ਵੱਖਰੀ ਥਾਂ ਬਣਾ ਲੈਂਦੀਆਂ ਹਨ। ਅਜਿਹੀ ਹੀ ਇਕ ਵੀਰਾਂਗਣਾ ਹੈ ਜੰਮੂ ਜ਼ਿਲ੍ਹੇ ਦੀ ਬਚਨੋ ਕੁਮਾਰੀ, ਜਿਸ ਦੀ ਜ਼ਿੰਦਗੀ ਸ਼ਹੀਦ ਪਤੀ ਦੀ ਯਾਦ ਵਿਚ ਸਬਰ ਤੇ ਸਮਰਪਣ ਦੀ ਅਣਸੁਣੀ ਦਾਸਤਾਨ ਹੈ।
.jpg)
ਚਾਰ ਅਤੇ ਪੰਜ ਦਸੰਬਰ 1971 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੀ ਇਕ ਬ੍ਰਿਗੇਡ ਵੱਲੋਂ ਲੌਂਗੇਵਾਲਾ ਪੋਸਟ ’ਤੇ ਕੀਤੇ ਗਏ ਘਾਤਕ ਹਮਲੇ ਦਾ ਮੁੱਠੀ ਭਰ ਭਾਰਤੀ ਜਵਾਨਾਂ ਨੇ ਡਟ ਕੇ ਮੁਕਾਬਲਾ ਕੀਤਾ। 23 ਪੰਜਾਬ ਦੀ ਅਲਫਾ ਕੰਪਨੀ ਦੇ ਇਨ੍ਹਾਂ ਜਵਾਨਾਂ ਨੇ ਆਪਣੀ ਬਹਾਦਰੀ ਅਤੇ ਸੂਝਬੂਝ ਨਾਲ ਦੁਸ਼ਮਣ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਇਸ ਇਤਿਹਾਸਕ ਜੰਗ ਦੀ ਨਕਲ ’ਤੇ ਮਸ਼ਹੂਰ ਫਿਲਮ ‘ਬਾਰਡਰ’ ਵੀ ਬਣੀ, ਹਾਲਾਂਕਿ ਫਿਲਮ ਵਿਚ ਦਰਸਾਈ ਕਹਾਣੀ ਅਤੇ ਅਸਲ ਘਟਨਾਵਾਂ ਵਿਚ ਕਾਫ਼ੀ ਅੰਤਰ ਹੈ। ਫਿਲਮ ਵਿਚ ਮੇਜਰ ਕੁਲਦੀਪ ਸਿੰਘ ਚਾਂਦਪੁਰੀ ਤੋਂ ਇਲਾਵਾ ਬਾਕੀ ਲਗਪਗ ਸਾਰੇ ਜਵਾਨਾਂ ਨੂੰ ਸ਼ਹੀਦ ਹੋਏ ਦਿਖਾਇਆ ਗਿਆ ਹੈ, ਜਦੋਂਕਿ ਅਸਲ ਵਿਚ ਏਦਾਂ ਨਹੀਂ ਸੀ। ਇਸ ਲੜਾਈ ਨੂੰ ਵਿਸ਼ਵ ਦੀਆਂ ਮਹੱਤਵਪੂਰਨ ਜੰਗੀ ਜਿੱਤਾਂ ਵਿਚ ਗਿਣਿਆ ਜਾਂਦਾ ਹੈ। ਹੁਣ ਇਸ ਜੰਗ ਨਾਲ ਜੁੜੀ ਉਸ ਕਹਾਣੀ ਵੱਲ ਆਉਂਦੇ ਹਾਂ, ਜਿਸ ਵਿਚ ਬਹਾਦਰੀ ਦੇ ਨਾਲ-ਨਾਲ ਇਕ ਔਰਤ ਦਾ ਸਾਰੀ ਉਮਰ ਚੱਲਣ ਵਾਲਾ ਤਿਆਗ ਵੀ ਲੁਕਿਆ ਹੋਇਆ ਹੈ। ਇਸ ਲੜਾਈ ਵਿਚ ਤਿੰਨ ਜਵਾਨ ਜਗਜੀਤ ਸਿੰਘ, ਬਿਸ਼ਨ ਦਾਸ ਅਤੇ ਚਰਨ ਦਾਸ ਸ਼ਹੀਦ ਹੋਏ ਸਨ। ਚਰਨ ਦਾਸ ਦਾ ਵਿਆਹ 1969 ਵਿਚ ਬਚਨੋ ਕੁਮਾਰੀ ਨਾਲ ਹੋਇਆ ਸੀ। ਦੋਵਾਂ ਦੀ ਜੋੜੀ ਬੇਹੱਦ ਸੁੰਦਰ ਸੀ ਤੇ ਪਿੰਡ ਦੇ ਲੋਕ ਉਨ੍ਹਾਂ ਦੀ ਆਪਸੀ ਮੁਹੱਬਤ ਤੇ ਸੁੰਦਰਤਾ ਦੀਆਂ ਗੱਲਾਂ ਕਰਦੇ ਸਨ। ਵਿਆਹ ਤੋਂ ਬਾਅਦ ਉਨ੍ਹਾਂ ਦੇ ਜੀਵਨ ਵਿਚ ਖ਼ੁਸ਼ੀਆਂ ਦੇ ਉਹ ਦਿਨ ਆਏ, ਜਿਨ੍ਹਾਂ ਦੇ ਸਹਾਰੇ ਬਚਨੋ ਨੇ ਅਗਲੇ ਕਈ ਦਹਾਕੇ ਕੱਟਣੇ ਸਨ।
ਚਰਨ ਦਾਸ ਦੋ-ਤਿੰਨ ਵਾਰ ਹੀ ਛੁੱਟੀ ਕੱਟ ਕੇ ਆਪਣੇ ਪਰਿਵਾਰ ਕੋਲ ਆਇਆ। ਹਰ ਵਾਰ ਉਹ ਮੁੜ ਪਲਟਨ ਵਿਚ ਜਾਂਦਾ ਤਾਂ ਬਚਨੋ ਨਾਲ ਅਗਲੀ ਛੁੱਟੀ ’ਚ ਵਾਪਸ ਆਉਣ ਦੇ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਦਾ। ਬਚਨੋ ਵੀ ਉਸ ਨੂੰ ਚਾਈਂ-ਚਾਈਂ ਤੋਰਦੀ। ਉਸ ਦੇ ਜਾਣ ਤੋਂ ਬਾਅਦ ਕੁਝ ਦਿਨ ਉਦਾਸ ਰਹਿੰਦੀ ਪਰ ਜਦੋਂ ਚਰਨ ਦਾਸ ਦੀ ਚਿੱਠੀ ਆਉਂਦੀ ਤਾਂ ਉਸ ਨੂੰ ਵਾਰ-ਵਾਰ ਪੜ੍ਹ ਕੇ ਆਪਣੇ ਮਨ ਨੂੰ ਧਰਵਾਸ ਦਿੰਦੀ। ਉਨ੍ਹਾਂ ਦਿਨਾਂ ਵਿਚ ਚਿੱਠੀ ਸਿਰਫ਼ ਕਾਗਜ਼ ਦਾ ਟੁਕੜਾ ਨਹੀਂ ਹੁੰਦੀ ਸੀ ਸਗੋਂ ਦੂਰ ਬੈਠੇ ਜੀਵਨ ਸਾਥੀ ਦੀ ਆਵਾਜ਼ ਅਤੇ ਉਸ ਦੀ ਹਾਜ਼ਰੀ ਦਾ ਅਹਿਸਾਸ ਹੁੰਦੀ ਸੀ। ਪਾਕਿਸਤਾਨ ਦੀ ਨੀਅਤ ਨੂੰ ਸਮਝਦਿਆਂ ਉਪਰੋਂ ਮਿਲੇ ਹੁਕਮਾਂ ਅਨੁਸਾਰ ਫ਼ੌਜੀਆਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ। ਲੌਂਗੇਵਾਲਾ ਪੋਸਟ ਦੇ ਆਸ-ਪਾਸ ਉਸ ਸਮੇਂ ਰੇਤ ਦੇ ਟਿੱਬਿਆਂ ਵਿਚ ਦੂਰ-ਦੂਰ ਤੱਕ ਕੋਈ ਸਿਵਲ ਬੰਦਾ ਨਜ਼ਰ ਨਹੀਂ ਆਉਂਦਾ ਸੀ। ਫੁਰਸਤ ਦੇ ਪਲਾਂ ਵਿਚ ਜਵਾਨ ਆਪਸ ਵਿਚ ਗੱਲਾਂਬਾਤਾਂ ਕਰਦੇ ਅਤੇ ਚਰਨ ਦਾਸ ਗਾਣੇ ਸੁਣਾ ਕੇ ਸਾਥੀਆਂ ਦਾ ਮਨ ਪਰਚਾਉਂਦਾ। ਕਿਸੇ ਨੂੰ ਕੀ ਪਤਾ ਸੀ ਕਿ ਇਹ ਹਾਸੇ-ਖੇਡੇ ਤੇ ਗੀਤਾਂ ਦੇ ਪਲ ਜਲਦੀ ਹੀ ਇਤਿਹਾਸ ਦਾ ਹਿੱਸਾ ਬਣ ਜਾਣਗੇ।
ਚਾਰ-ਪੰਜ ਦਸੰਬਰ ਦੀ ਰਾਤ ਦੁਸ਼ਮਣ ਨੇ ਹਮਲਾ ਕਰ ਦਿੱਤਾ। ਭਾਰਤੀ ਜਵਾਨਾਂ ਨੇ ਆਪਣੇ ਛੋਟੇ-ਵੱਡੇ ਹਥਿਆਰਾਂ ਨਾਲ ਅਜਿਹਾ ਜਵਾਬੀ ਫਾਇਰ ਕੀਤਾ ਕਿ ਦੁਸ਼ਮਣ ਨੂੰ ਕੰਬਣੀ ਛਿੜ ਗਈ। ਚਰਨ ਦਾਸ ਨੇ ਵੀ ਆਪਣੇ ਸਾਥੀਆਂ ਨਾਲ ਮਿਲ ਕੇ 81 ਮੌਰਟਰ ਦੇ ਗੋਲਿਆਂ ਦੀ ਵਰਖਾ ਕਰਦਿਆਂ ਦੁਸ਼ਮਣ ਨੂੰ ਭਾਜੜਾਂ ਪਾ ਦਿੱਤੀਆਂ। ਉਹ ਆਖ਼ਰੀ ਸਾਹ ਤੱਕ ਮੋਰਚੇ ’ਤੇ ਡਟਿਆ ਰਿਹਾ ਪਰ ਅੰਤ ਵਿਚ ਦੁਸ਼ਮਣ ਦੇ ਗੋਲੇ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਿਆ। ਜਿਸ ਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੇਸ਼ ਦੀ ਸਰਹੱਦ ਦੀ ਰਾਖੀ ਕੀਤੀ ਸੀ, ਉਹ ਆਖ਼ਰ ਆਪਣੇ ਸਾਥੀਆਂ ਨੂੰ ਆਖ਼ਰੀ ਫ਼ਤਿਹ ਬੁਲਾ ਗਿਆ। ਚਰਨ ਦਾਸ ਦੀ ਸ਼ਹੀਦੀ ਦੀ ਖ਼ਬਰ ਨੇ ਬਚਨੋ ਦੇਵੀ ਤੇ ਪੂਰੇ ਪਰਿਵਾਰ ’ਤੇ ਜਿਵੇਂ ਸਦਾ ਲਈ ਹਨੇਰਾ ਕਰ ਦਿੱਤਾ। ਪਤੀ ਦੀ ਮੌਤ ਦਾ ਦੁੱਖ ਕਿਸੇ ਵੀ ਸ਼ਬਦ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਜੰਗੀ ਵਿਧਵਾਵਾਂ ਦਾ ਦੁੱਖ ਹੋਰ ਵੀ ਡੂੰਘਾ ਹੁੰਦਾ ਹੈ। ਉਨ੍ਹਾਂ ਦੇ ਪਤੀ ਸਿਰਫ਼ ਪਰਿਵਾਰ ਦੇ ਮੈਂਬਰ ਨਹੀਂ ਹੁੰਦੇ, ਉਹ ਦੇਸ਼ ਦੀ ਸਰਹੱਦ ’ਤੇ ਖੜ੍ਹੇ ਉਹ ਸਿਪਾਹੀ ਹੁੰਦੇ ਹਨ, ਜਿਨ੍ਹਾਂ ਦੀ ਵਾਪਸੀ ਦੀ ਉਡੀਕ ਘਰ ਦੀ ਹਰ ਧੜਕਣ ਨਾਲ ਜੁੜੀ ਹੁੰਦੀ ਹੈ। ਜਦੋਂ ਉਹ ਤਿਰੰਗੇ ਵਿਚ ਲਿਪਟ ਕੇ ਵਾਪਸ ਆਉਂਦੇ ਹਨ ਤਾਂ ਇਕ ਘਰ ਦਾ ਚਿਰਾਗ਼ ਹੀ ਨਹੀਂ ਬੁੱਝਦਾ ਸਗੋਂ ਪੂਰੇ ਪਰਿਵਾਰ ਦੀ ਜ਼ਿੰਦਗੀ ਦਾ ਰਾਹ ਬਦਲ ਜਾਂਦਾ ਹੈ।
ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਨੇ ਬਚਨੋ ਕੁਮਾਰੀ ਨੂੰ ਪਹਾੜ ਜਿੱਡੀ ਜ਼ਿੰਦਗੀ ਇਕੱਲਿਆਂ ਕੱਟਣ ਦੀ ਬਜਾਏ ਦੂਜਾ ਵਿਆਹ ਕਰਨ ਲਈ ਕਿਹਾ ਪਰ ਉਸ ਨੇ ਆਪਣੇ ਪਤੀ ਦੀ ਸ਼ਹੀਦੀ ਨੂੰ ਮਾਣ ਸਮਝਦਿਆਂ ਇਸ ਪੇਸ਼ਕਸ਼ ਨੂੰ ਸਵੀਕਾਰ ਨਾ ਕੀਤਾ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਪਤੀ ਦੀ ਸ਼ਹੀਦੀ ’ਤੇ ਮਾਣ ਹੈ ਤੇ ਉਹ ਚਰਨ ਦਾਸ ਨੂੰ ਮਰਿਆ ਹੋਇਆ ਨਹੀਂ ਸਗੋਂ ਆਪਣੀ ਜ਼ਿੰਦਗੀ ਦਾ ਜਿਉਂਦਾ ਹਿੱਸਾ ਸਮਝ ਕੇ ਉਸ ਦੀ ਯਾਦ ਨੂੰ ਸਾਂਭੇਗੀ। ਇਹ ਫ਼ੈਸਲਾ ਸਿਰਫ਼ ਵਿਆਹ ਨਾ ਕਰਨ ਦਾ ਫ਼ੈਸਲਾ ਨਹੀਂ ਸੀ, ਇਹ ਆਪਣੀ ਸਾਰੀ ਜ਼ਿੰਦਗੀ ਨੂੰ ਇਕ ਸ਼ਹੀਦ ਦੀ ਯਾਦ ਅਤੇ ਉਸ ਦੇ ਅਧੂਰੇ ਸੁਪਨਿਆਂ ਨੂੰ ਸਮਰਪਿਤ ਕਰਨ ਦਾ ਸੰਕਲਪ ਸੀ।
ਇਹੋ ਜਿਹੀਆਂ ਔਰਤਾਂ ਨੂੰ ਹੀ ਜੰਗੀ ਵਿਧਵਾਵਾਂ ਦੀ ਦਾਸਤਾਨ ਦਾ ਅਸਲ ਚਿਹਰਾ ਕਿਹਾ ਜਾ ਸਕਦਾ ਹੈ। ਉਹ ਜੰਗ ਦੇ ਮੈਦਾਨ ਵਿਚ ਬੰਦੂਕ ਨਹੀਂ ਚੁੱਕਦੀਆਂ ਪਰ ਜੰਗ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵੀ ਲੰਮਾ ਸੰਘਰਸ਼ ਬਣ ਜਾਂਦੀ ਹੈ। ਪਤੀ ਦੀ ਯਾਦ, ਬੱਚਿਆਂ ਦੀ ਜ਼ਿੰਮੇਵਾਰੀ, ਪਰਿਵਾਰਕ ਹਾਲਾਤ ਤੇ ਸਮਾਜਿਕ ਦਬਾਅ ਦੇ ਵਿਚਕਾਰ ਉਹ ਆਪਣਾ ਜੀਵਨ ਅੱਗੇ ਤੋਰਦੀਆਂ ਹਨ। ਉਨ੍ਹਾਂ ਦਾ ਸਬਰ ਵੀ ਇਕ ਕਿਸਮ ਦੀ ਦੇਸ਼-ਸੇਵਾ ਹੈ, ਜਿਸ ਨੂੰ ਇਤਿਹਾਸ ਦੀਆਂ ਕਿਤਾਬਾਂ ਵਿਚ ਅਕਸਰ ਥਾਂ ਨਹੀਂ ਮਿਲਦੀ। ਲੌਂਗੇਵਾਲਾ ਦੀ ਲੜਾਈ ਲੜਨ ਵਾਲੇ ਜਵਾਨਾਂ ਨੂੰ ਸਮੇਂ-ਸਮੇਂ ’ਤੇ ਸੱਦ ਕੇ ਫ਼ੌਜ ਦੇ ਕਾਬਲ ਤੇ ਸੂਝਵਾਨ ਅਧਿਕਾਰੀ ਸਨਮਾਨਿਤ ਕਰਦੇ ਰਹਿੰਦੇ ਹਨ। 2019 ਵਿਚ ਜਦੋਂ ਸਾਨੂੰ ਵੀ ਉਥੇ ਸੱਦਿਆ ਗਿਆ ਤਾਂ ਚਰਨ ਦਾਸ ਦੀ ਪਤਨੀ ਬਚਨੋ ਦੇਵੀ ਨੂੰ ਵੀ ਸੱਦਾ ਦਿੱਤਾ ਗਿਆ। ਉਸ ਮੌਕੇ ਉਸ ਨੇ ਆਪਣੀ ਜੀਵਨ ਕਹਾਣੀ ਸਾਂਝੀ ਕੀਤੀ। ਬਿਰਧ ਹੋ ਚੁੱਕੀ ਬਚਨੋ ਦੇਵੀ ਨੇ ਆਪਣੇ ਭਾਣਜੇ ਵੀਰ ਬਹਾਦਰ ਨੂੰ ਗੋਦ ਲਿਆ ਹੋਇਆ ਹੈ। ਉਹ ਅੱਜ ਵੀ ਪੰਜ ਦਸੰਬਰ ਨੂੰ ਚਰਨ ਦਾਸ ਦੇ ਸ਼ਹੀਦੀ ਦਿਹਾੜੇ ’ਤੇ ਬੱਚਿਆਂ ਤੇ ਲੋੜਵੰਦਾਂ ਨੂੰ ਲੰਗਰ ਛਕਾ ਕੇ ਆਪਣੇ ਪਤੀ ਦੀ ਯਾਦ ਨੂੰ ਸਤਿਕਾਰ ਦਿੰਦੀ ਹੈ। ਉਸ ਲਈ ਸ਼ਹੀਦੀ ਦਿਹਾੜਾ ਸਿਰਫ਼ ਸੋਗ ਦਾ ਦਿਨ ਨਹੀਂ ਸਗੋਂ ਸੇਵਾ ਤੇ ਯਾਦ ਦਾ ਦਿਨ ਹੈ।
ਬਚਨੋ ਦੇਵੀ ਦੇ ਸਮਰਪਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਜਦੋਂ ਵੀ ਉਸ ਨੇ ਘਰੋਂ ਬਾਹਰ ਕਿਸੇ ਕੰਮ ਲਈ ਜਾਣਾ ਹੁੰਦਾ ਹੈ ਤਾਂ ਉਹ ਚਰਨ ਦਾਸ ਦੀ ਤਸਵੀਰ ਅੱਗੇ ਅਰਦਾਸ ਕਰ ਕੇ, ਉਸ ਦੀ ਆਗਿਆ ਲੈ ਕੇ ਜਾਂਦੀ ਹੈ। ਦਹਾਕੇ ਬੀਤ ਜਾਣ ਦੇ ਬਾਵਜੂਦ ਉਸ ਦੇ ਮਨ ਵਿਚ ਪਤੀ ਦੀ ਯਾਦ ਅੱਜ ਵੀ ਓਨੀ ਹੀ ਤਾਜ਼ਾ ਹੈ। ਸਮੇਂ ਨੇ ਉਸ ਦੇ ਵਾਲਾਂ ਨੂੰ ਚਿੱਟਾ ਕਰ ਦਿੱਤਾ, ਉਮਰ ਵਧਾ ਦਿੱਤੀ ਪਰ ਉਸ ਦੇ ਸਮਰਪਣ ਨੂੰ ਮੱਧਮ ਨਹੀਂ ਕੀਤਾ। ਜੰਗੀ ਇਤਿਹਾਸ ਸਿਰਫ਼ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਸਿਪਾਹੀਆਂ ਦੀਆਂ ਗਾਥਾਵਾਂ ਦਾ ਨਾਂ ਨਹੀਂ। ਇਸ ਵਿਚ ਉਨ੍ਹਾਂ ਦੀਆਂ ਮਾਵਾਂ, ਪਤਨੀਆਂ, ਭੈਣਾਂ ਅਤੇ ਬੱਚਿਆਂ ਦੇ ਹੰਝੂ ਵੀ ਸ਼ਾਮਲ ਹੁੰਦੇ ਹਨ। ਇਸੇ ਤਰ੍ਹਾਂ 1965 ਅਤੇ 1971 ਦੀਆਂ ਜੰਗਾਂ ਦੌਰਾਨ ਕੈਦ ਹੋਏ ਭਾਰਤੀ ਫ਼ੌਜੀਆਂ ਦੀਆਂ ਦਾਸਤਾਨਾਂ ਵੀ ਸਾਡੇ ਇਤਿਹਾਸ ਦਾ ਦਰਦਨਾਕ ਪੰਨਾ ਹਨ। ਕਈ ਜੰਗੀ ਕੈਦੀ ਲੰਮਾ ਸਮਾਂ ਘਰ ਵਾਪਸ ਨਾ ਆ ਸਕੇ। ਉਨ੍ਹਾਂ ਦੀਆਂ ਪਤਨੀਆਂ ਤੇ ਪਰਿਵਾਰਕ ਮੈਂਬਰ ਉਮਰ ਭਰ ਉਡੀਕ ਕਰਦੇ ਰਹੇ। ਕਈ ਤਾਂ ਆਪਣੇ ਪਿਆਰਿਆਂ ਦੀ ਵਾਪਸੀ ਦੀ ਆਸ ਵਿਚ ਇਸ ਦੁਨੀਆ ਤੋਂ ਹੀ ਚਲੇ ਗਏ, ਜਦੋਂਕਿ ਕੁਝ ਪਰਿਵਾਰਾਂ ਦੀ ਉਡੀਕ ਅੱਜ ਵੀ ਇਤਿਹਾਸ ਦੇ ਸਵਾਲ ਵਾਂਗ ਖੜ੍ਹੀ ਹੈ।
ਇਹੋ ਜਿਹੇ ਮਾਮਲਿਆਂ ਬਾਰੇ ਸਮੇਂ-ਸਮੇਂ ’ਤੇ ਅਖ਼ਬਾਰਾਂ ਤੇ ਮੀਡੀਆ ਰਾਹੀਂ ਜਾਣਕਾਰੀ ਸਾਹਮਣੇ ਆਉਂਦੀ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿਚ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। ਮਨੁੱਖੀ ਹਮਦਰਦੀ ਦੇ ਪੱਧਰ ’ਤੇ ਜੰਗੀ ਕੈਦੀਆਂ ਤੇ ਲਾਪਤਾ ਫ਼ੌਜੀਆਂ ਦੇ ਮਾਮਲਿਆਂ ਨੂੰ ਹਮੇਸ਼ਾ ਤਰਜੀਹ ਮਿਲਣੀ ਚਾਹੀਦੀ ਹੈ। ਸ਼ਾਲਾਂ ਤੇ ਸਾੜੀਆਂ ਵਰਗੇ ਰਸਮੀ ਤੋਹਫ਼ਿਆਂ ਦੀ ਥਾਂ ਉਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਸਮਝਦਿਆਂ ਗੁੰਮਸ਼ੁਦਾ ਤੇ ਜੰਗੀ ਕੈਦੀਆਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਲਗਾਤਾਰ ਯਤਨ ਹੋਣੇ ਚਾਹੀਦੇ ਹਨ। ਅੱਜ ਲੋੜ ਹੈ ਕਿ ਬਚਨੋ ਦੇਵੀ ਵਰਗੀਆਂ ਵੀਰਾਂਗਣਾਵਾਂ ਦੀਆਂ ਕਹਾਣੀਆਂ ਸਿਰਫ਼ ਕਿਸੇ ਇਕ ਪਿੰਡ ਜਾਂ ਪਰਿਵਾਰ ਤੱਕ ਸੀਮਤ ਨਾ ਰਹਿਣ। ਸਰਕਾਰਾਂ, ਫ਼ੌਜ, ਇਤਿਹਾਸਕਾਰਾਂ, ਸਿੱਖਿਆ ਸੰਸਥਾਵਾਂ, ਸਮਾਜਸੇਵੀ ਸੰਸਥਾਵਾਂ ਤੇ ਮੀਡੀਆ ਨੂੰ ਅਜਿਹੀਆਂ ਸ਼ਖ਼ਸੀਅਤਾਂ ਨੂੰ ਸਕੂਲਾਂ, ਕਾਲਜਾਂ ਤੇ ਨੌਜਵਾਨਾਂ ਦੇ ਰੂਬਰੂ ਲਿਆਉਣਾ ਚਾਹੀਦਾ ਹੈ। ਜਿਨ੍ਹਾਂ ਫ਼ੌਜੀਆਂ ਨੇ ਦੇਸ਼ ਦੀ ਆਬਰੂ ਲਈ ਆਪਣੀ ਜਾਨ ਕੁਰਬਾਨ ਕੀਤੀ ਅਤੇ ਜਿਨ੍ਹਾਂ ਪਰਿਵਾਰਾਂ ਨੇ ਉਨ੍ਹਾਂ ਦੇ ਵਿਛੋੜੇ ਦਾ ਦਰਦ ਸਹਿ ਕੇ ਵੀ ਸਿਰ ਉੱਚਾ ਰੱਖਿਆ, ਉਨ੍ਹਾਂ ਦਾ ਇਤਿਹਾਸ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ।
ਅੱਜ ਜਦੋਂ ਨੌਜਵਾਨ ਪੀੜ੍ਹੀ ਦੇ ਸਾਹਮਣੇ ਤੁਰੰਤ ਸਫਲਤਾ, ਦਿਖਾਵੇ ਅਤੇ ਨਿੱਜੀ ਸੁਖਾਂ ਦੀਆਂ ਅਨੇਕਾਂ ਮਿਸਾਲਾਂ ਮੌਜੂਦ ਹਨ, ਉਸ ਵੇਲੇ ਬਚਨੋ ਦੇਵੀ ਵਰਗੀਆਂ ਔਰਤਾਂ ਦੀ ਜ਼ਿੰਦਗੀ ਸਾਨੂੰ ਤਿਆਗ, ਵਫ਼ਾਦਾਰੀ, ਸਬਰ ਤੇ ਫ਼ਰਜ਼ ਦਾ ਅਰਥ ਸਮਝਾਉਂਦੀ ਹੈ। ਬਹਾਦਰ ਫ਼ੌਜੀਆਂ ਦਾ ਇਤਿਹਾਸ ਸਿਰਫ਼ ਪੁਰਾਣੇ ਸਫ਼ਿਆਂ ’ਤੇ ਨਹੀਂ ਰਹਿਣਾ ਚਾਹੀਦਾ, ਉਸ ਨੂੰ ਕਹਾਣੀਆਂ, ਦਸਤਾਵੇਜ਼ਾਂ, ਪੁਸਤਕਾਂ, ਫਿਲਮਾਂ, ਸਕੂਲੀ ਪਾਠਕ੍ਰਮਾਂ ਅਤੇ ਲੋਕ-ਸਮਾਗਮਾਂ ਰਾਹੀਂ ਅਗਲੀ ਪੀੜ੍ਹੀਆਂ ਤੱਕ ਪਹੁੰਚਾਉਣਾ ਚਾਹੀਦਾ ਹੈ। ਦੇਸ਼, ਧਰਮ ਅਤੇ ਮਾਤ-ਭੂਮੀ ਦੀ ਆਬਰੂ ਲਈ ਮਰ ਮਿਟਣ ਵਾਲੇ ਜਵਾਨਾਂ ਦੀ ਸ਼ਹਾਦਤ ਅਤੇ ਉਨ੍ਹਾਂ ਦੀਆਂ ਉਡੀਕਾਂ ਵਿਚ ਜੀਵਨ ਬਿਤਾਉਣ ਵਾਲੀਆਂ ਵੀਰਾਂਗਣਾਵਾਂ ਦੀ ਕੁਰਬਾਨੀ ਸਾਡੇ ਸਾਂਝੇ ਇਤਿਹਾਸ ਦੀ ਅਮਾਨਤ ਹੈ। ਇਸ ਅਮਾਨਤ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਚਰਨ ਦਾਸ ਸਰਹੱਦ ’ਤੇ ਸ਼ਹੀਦ ਹੋ ਗਿਆ। ਬਚਨੋ ਦੇਵੀ ਨੇ ਉਸ ਦੀ ਯਾਦ ਨੂੰ ਆਪਣੇ ਜੀਵਨ ਵਿਚ ਜਿਉਂਦਾ ਰੱਖ ਕੇ ਇਹ ਸਾਬਤ ਕਰ ਦਿੱਤਾ ਕਿ ਕੁਝ ਸ਼ਹੀਦ ਮੈਦਾਨ-ਏ-ਜੰਗ ਵਿਚ ਸਰੀਰਕ ਤੌਰ ’ਤੇ ਵਿਛੜ ਜਾਂਦੇ ਹਨ ਪਰ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਆਪਣੇ ਲੋਕਾਂ ਦੇ ਦਿਲਾਂ ਵਿਚ ਸਾਰੀ ਉਮਰ ਜਿਉਂਦੀ ਰਹਿੰਦੀ ਹੈ। ਬਚਨੋ ਦੇਵੀ ਇਸੇ ਜਿਉਂਦੀ ਯਾਦ ਦਾ ਨਾਂ ਹੈ।
- ਜਗਦੇਵ ਸਿੰਘ ਘੱਲ ਖੁਰਦ
98888-97963