- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਪੜ੍ਹਨ, ਘੋਖਣ, ਸਮਝਣ ਤੋਂ ਬਿਨਾ ਉਸ ਦੇ ਜੀਵਨ ਅਤੇ ਸੰਘਰਸ਼ ਤੋਂ ਸੇਧ ਨੀ ਲੈ ਸਕੇਗੀ। ਬਚਪਨ ’ਚ ਜਿਹਨਾਂ ਬੱਚਿਆਂ ਨੇ ਇਹ ਪੜ੍ਹਿਆ ਹੋਵੇ ਕਿ ਭਗਤ ਸਿੰਘ ਬਚਪਨ ’ਚ ਬੰਦੂਕਾਂ ਦੀ ਖੇਤੀ ਕਰਨਾ ਚਾਹੁੰਦੇ ਸਨ ਤੇ ਉਹੀ ਬੱਚੇ ਕਾਲਜਾਂ ਯੂਨੀਵਰਸਿਟੀਆਂ ’ਚ ਜਾ ਕੇ ਇਹ ਪੜ੍ਹਨ ਕਿ ਭਗਤ ਸਿੰਘ ਨੂੰ ਕਾਲ ਕੋਠੜੀ ’ਚੋਂ ਫਾਂਸੀ ਚਾੜ੍ਹਨ ਲਈ ਲਿਜਾਣ ਵੇਲੇ ਵੀ ਉਹ ਕਿਤਾਬ ਪੜ੍ਹਨ ’ਚ ਲੱਗਿਆ ਹੋਇਆ ਸੀ ਤਾਂ ਉਹੀ ਬੱਚੇ ਸਾਰੀ ਉਮਰ ਭੁਲੇਖੇ ’ਚ ਰਹਿਣਗੇ ਕਿ ਪਤਾ ਨਹੀਂ ਭਗਤ ਸਿੰਘ ਬੰਦੂਕਾਂ ਦਾ ਪ੍ਰੇਮੀ ਸੀ ਜਾਂ ਸ਼ਾਇਦ ਕਿਤਾਬਾਂ ਦਾ ਪ੍ਰੇਮੀ ਸੀ।

ਪ੍ਰਭਜੀਤ ਸਿੰਘ ਰਸੂਲਪੁਰ
ਸ਼ਹੀਦ ਭਗਤ ਸਿੰਘ ਕਿਸੇ ਇਕ ਸੋਚ, ਵਿਚਾਰਧਾਰਾ ਜਾਂ ਧਿਰ ਤੱਕ ਸੀਮਤ ਨਹੀਂ। ਕਲਮਕਾਰਾਂ ਨੇ ਚੱਲਦੇ ਵਹਾਅ ’ਚ ਬਿਨਾਂ ਗੰਭੀਰਤਾ ਦੇ ਬਹੁਤ ਕੁਝ ਲਿਖਿਆ ਅਤੇ ਚਿੱਤਰਕਾਰ ਉਹਨਾਂ ਦੇ ਅਜਿਹੇ ਲਿਖੇ ਹੋਏ ਨੂੰ ਪੜ੍ਹਕੇ ਭਗਤ ਸਿੰਘ ਨੂੰ ਆਪਣੇ ਆਪਣੇ ਹਿਸਾਬ ਨਾਲ ਹੀ ਤਰਾਸ਼ਦੇ ਗਏ। ਚਿਤਰਕਾਰਾਂ ਨੇ ਉਸ ਦੇ ਕੁਝ ਘੰਟਿਆਂ ਦੇ, ਪੁਲਿਸ ਨੂੰ ਚਕਮਾ ਦੇਣ ਲਈ ਕੇਸ ਕਟਵਾ ਕੇ ਹੈਟ ਪਹਿਨੇ ਭੇਸ ਨੂੰ ਸਾਰੀ ਉਮਰ ਦੇ ਪੱਗੜੀਧਾਰੀ ਜੀਵਨ ਤੋਂ ਭਾਰੂ ਕਰ ਕੇ ਸਾਰੀ ਉਮਰ ਲਈ ਹੈਟ ਵਾਲਾ ਜੈਂਟਲਮੈਨ ਬਣਾ ਕੇ ਹੀ ਦਮ ਲਿਆ। ਸ਼ਹੀਦ ਭਗਤ ਸਿੰਘ ਉੱਪਰ ਗਾਏ ਗੀਤਾਂ ਨੂੰ ਸੁਣ ਕੇ ਭਗਤ ਸਿੰਘ ਦਾ ਵਿਰੋਧ ਸਰਮਾਏਦਾਰ ਵਰਗਾਂ ਦੁਆਰਾ ਸਥਾਪਤ ਲੋਟੂ ਨਿਜ਼ਾਮ ਨਾਲ ਘੱਟ ਅਤੇ ਜਨਤਾ ਦੇ ਅਥਾਹ ਪਿਆਰ ਅਤੇ ਸਤਿਕਾਰ ਦੇ ਪਾਤਰ ਬਣੇ ਮਹਾਤਮਾ ਗਾਂਧੀ ਨਾਲ ਬਹੁਤ ਜ਼ਿਆਦਾ ਲਗਦਾ ਹੈ। ਅਸਲ ਗੱਲ ਇਹ ਹੈ ਕਿ ਕਈ ਗੱਲਾਂ ’ਚ ਗਾਂਧੀ ਜੀ ਨਾਲ ਉਹ ਅਸਹਿਮਤ ਜ਼ਰੂਰ ਸੀ ਪਰ ਉਹ ਗਾਂਧੀ ਜੀ ਦਾ ਵਿਰੋਧੀ ਨਹੀਂ ਸੀ। ਭਗਤ ਸਿੰਘ ਮਹਾਤਮਾ ਗਾਂਧੀ ਦੀ ਲੋਕ ਹਮਾਇਤ, ਸਿਆਸੀ ਸ਼ਕਤੀ ਤੇ ਰਾਜਨੀਤਕ ਜੁਗਤਾਂ ਦਾ ਕਾਇਲ ਸੀ। ਇਹ ਸੱਚ ਹੈ ਕਿ ਭਗਤ ਸਿੰਘ ਬਾਰੇ ਅਸੀਂ ਕੁਝ ਜਾਣਕਾਰੀ ਰੱਖਦੇ ਹੋਈਏ ਜਾਂ ਨਾਂ ਪਰ ਜਿਆਦਾਤਰ ਲੋਕਾਂ ਨੇ ਆਪਣੇ ਕਮਰਿਆਂ ’ਚ ਉਹਦੀ ਤਸਵੀਰ ਜ਼ਰੂਰ ਲਗਾਈ ਹੈ। ਅਸਲ ’ਚ ਨੌਜਵਾਨ ਪੀੜ੍ਹੀ ਭਗਤ ਸਿੰਘ ਨੂੰ ਸਿਰਫ ਮਹਾਨ ਸ਼ਹੀਦ ਹੀ ਮੰਨਦੀ ਹੈ, ਰੋਲ ਮਾਡਲ ਨਹੀਂ। ਇਨਕਲਾਬ ਕੇਵਲ ਵਿਚਾਰ ਪੜ੍ਹਨ ਨਾਲ ਨਹੀਂ ਆਉਂਦਾ ਵਿਚਾਰਾਂ ਨੂੰ ਅਮਲ ’ਚ ਲਿਆਉਣ ਨਾਲ ਆਉਂਦਾ ਹੈ। ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਲਿਖਤਾਂ ਦੇ ਪੰਨਾ 257 ਮੁਤਾਬਕ ਭਗਤ ਸਿੰਘ ਨੇ ਕਿਹਾ ਸੀ, ‘ਹੇਠਲੀ ਕਚਹਿਰੀ ’ਚ ਸਾਥੋਂ ਪੁੱਛਿਆ ਗਿਆ ਸੀ ਕਿ ਸਾਡਾ ਇਨਕਲਾਬ ਤੋਂ ਕੀ ਭਾਵ ਹੈ? ਇਸ ਸਵਾਲ ਦੇ ਜਵਾਬ ’ਚ ਮੈਂ ਆਖਾਂਗਾ ਕਿ ਇਨਕਲਾਬ ਵਾਸਤੇ ਖ਼ੂਨੀ ਲੜਾਈਆਂ ਜ਼ਰੂਰੀ ਨਹੀਂ ਹਨ ਤੇ ਨਾ ਹੀ ਇਸ ’ਚ ਨਿੱਜੀ ਬਦਲੇ ਲਈ ਕੋਈ ਥਾਂ ਹੈ। ਇਨਕਲਾਬ ਤੋਂ ਸਾਡਾ ਮਤਲਬ ਹੈ ਕਿ ਨੰਗੇ ਅਨਿਆਂ ਉੱਤੇ ਟਿਕਿਆ ਹੋਇਆ ਮੌਜੂਦਾ ਢਾਂਚਾ ਜ਼ਰੂਰ ਬਦਲਣਾ।’ ਸ਼ਹੀਦ ਭਗਤ ਸਿੰਘ ਅਨੁਸਾਰ, ‘ਇਨਕਲਾਬ ਤੋਂ ਸਾਡਾ ਕੀ ਭਾਵ ਹੈ, ਸਪੱਸ਼ਟ ਹੈ। ਇਸ ਸਦੀ ਵਿਚ ਇਸ ਦੇ ਸਿਰਫ਼ ਇਕ ਹੀ ਮਤਲਬ ਹੋ ਸਕਦੇ ਹਨ: ਜਨਤਾ ਲਈ, ਜਨਤਾ ਦਾ ਰਾਜਨੀਤਕ ਤਾਕਤ ’ਤੇ ਕਬਜ਼ਾ। ਅਸਲ ’ਚ ਇਹ ਹੈ ‘ਇਨਕਲਾਬ।’ ਇਸ ਲਈ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਆਧਾਰਿਤ ਲੋਕਤੰਤਰੀ ਢੰਗਾਂ ਨਾਲ ਸਮਾਜਿਕ ਰਾਜਨੀਤਕ ਢਾਂਚਾ ਕਾਇਮ ਕਰਨਾ ਹੀ ਇਨਕਲਾਬ ਹੈ। ਇਹੀ ਸ਼ਹੀਦ ਭਗਤ ਸਿੰਘ ਦੀ ਸੋਚ ਸੀ। ਅਜਿਹੀ ਸੋਚ ਦਾ ਧਾਰਨੀ ਹੀ ਸ਼ਹੀਦ ਭਗਤ ਸਿੰਘ ਦੀ ਸੋਚ ਵਾਲਾ ਇਨਕਲਾਬੀ ਅਖਵਾ ਸਕਦਾ ਹੈ।
ਮੈਨੂੰ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਆਪਣੀ ਮਾਤਾ ਜੀ ਭਾਵ ਸ਼ਹੀਦ ਭਗਤ ਸਿੰਘ ਦੀ ਭੈਣ ਸਵਰਗਵਾਸੀ ਬੀਬੀ ਅਮਰ ਕੌਰ ਤੋਂ ਸੁਣੀ ਹੋਈ ਗੱਲ ਸੁਣਾਈ ਕਿ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਰੋਸ ਵਜੋਂ ਜੋ ਇਕੱਠ ਹੋਏ ਸਨ, ਉਹਨਾਂ ’ਚੋਂ ਇਕ ਇਕੱਠ ਰੁੜਕਾ ਪਿੰਡ ’ਚ ਹੋਇਆ ਸੀ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜ਼ਖ਼ਮੀ ਸਰੂਪ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਭਗਤ ਨੇ ਨੇੜਿਓਂ ਦਰਸ਼ਨ ਵੀ ਕੀਤੇ ਸਨ। ਜਦ ਘਰੇ ਆਇਆ ਤਾਂ ਬੀਬੀ ਪੰਜ ਗ੍ਰੰਥੀ ਪੋਥੀ ਤੋਂ ਪਾਠ ਕਰ ਰਹੀ ਸੀ। ਭਗਤ ਸਿੰਘ ਪੁੱਛਦਾ, ‘ਅਮਰੋ ਕੀ ਕਰਦੀ ਆਂ?
ਪਾਠ ਕਰਦੀ ਆਂ ?
ਆ ਜਾ ਤੂੰ ਵੀ ਕਰ।’
ਭਗਤ ਸਿੰਘ ਦਾ ਜੁਆਬ ਕਾਫੀ ਵਿਚਾਰਨਯੋਗ ਸੀ । ਉਹ ਕਹਿੰਦਾ, ਤੂੰ ਤਾਂ ਪੰਜ ਗ੍ਰੰਥੀ ਦਾ ਪਾਠ ਕੀਤਾ, ਮੈਂ ਤਾਂ ਪੂਰੀ ਬੀੜ ਸਾਹਿਬ ਪੜ੍ਹ ਆਇਆਂ ਹਾਂ। ਮੈਨੂੰ ਇਹ ਗੱਲ ਸਮਝ ਆ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗੋਲੀ ਮਾਰਨ ਦਾ ਕੀ ਅਰਥ ਹੈ। ਅੰਗਰੇਜ਼ੀ ਹਕੂਮਤ ਨੇ ਮਹੰਤਾਂ ਕੋਲੋਂ ਸਾਡੀ ਇਨਕਲਾਬੀ ਸੋਚ ਨੂੰ ਖ਼ਤਮ ਕਰਨ ਲਈ ਇਸ ਪਾਵਨ ਗ੍ਰੰਥ ’ਤੇ ਹਮਲਾ ਕਰਵਾਇਆ ਹੈ। ਗੁਰੂ ਗ੍ਰੰਥ ਸਾਹਿਬ ’ਤੇ ਹਮਲਾ ਕਰਵਾਉਣ ਵਾਲੀ ਹਕੂਮਤ ਨੂੰ ਅਸੀਂ ਰਹਿਣ ਨਹੀਂ ਦਿਆਂਗੇ।’ ਬੜੀ ਹੈਰਾਨੀ ਦੀ ਗੱਲ ਹੈ ਕਿ ਬਚਪਨ ’ਚ ਹੀ ਭਗਤ ਸਿੰਘ ਵਿਚਾਰਧਾਰਕ ਪ੍ਰਪੱਕਤਾ ਪ੍ਰਾਪਤ ਕਰ ਚੁੱਕਾ ਸੀ। ਉਹ ਸਮਾਜਿਕ ਰਾਜਨੀਤਕ ਮਸਲਿਆਂ ਨੂੰ ਵਿਚਾਰਧਾਰਕ ਤੌਰ ਵੇਖਦਾ ਸੀ। ਉਹ ਆਪਣੇ ਬਚਪਨ ਦੇ ਸਮੇਂ ਹੀ ਇਕ ਸਾਕੇ ਨੂੰ ਵੱਡੇ ਵਿਦਵਾਨਾਂ ਵਾਂਗ ਵੇਖਦਾ ਸੀ। ਇਹ ਗੁਣ ਅੱਜ ਦੀ ਪੀੜ੍ਹੀ ਨੂੰ ਵੀ ਅਪਣਾਉਣਾ ਚਾਹੀਦਾ ਹੈ।
ਨੌਜਵਾਨ ਪੀੜ੍ਹੀ ਸ਼ਹੀਦ ਭਗਤ ਸਿੰਘ ਦੇ ਜੀਵਨ ਨੂੰ ਪੜ੍ਹਨ, ਘੋਖਣ, ਸਮਝਣ ਤੋਂ ਬਿਨਾ ਉਸ ਦੇ ਜੀਵਨ ਅਤੇ ਸੰਘਰਸ਼ ਤੋਂ ਸੇਧ ਨੀ ਲੈ ਸਕੇਗੀ। ਬਚਪਨ ’ਚ ਜਿਹਨਾਂ ਬੱਚਿਆਂ ਨੇ ਇਹ ਪੜ੍ਹਿਆ ਹੋਵੇ ਕਿ ਭਗਤ ਸਿੰਘ ਬਚਪਨ ’ਚ ਬੰਦੂਕਾਂ ਦੀ ਖੇਤੀ ਕਰਨਾ ਚਾਹੁੰਦੇ ਸਨ ਤੇ ਉਹੀ ਬੱਚੇ ਕਾਲਜਾਂ ਯੂਨੀਵਰਸਿਟੀਆਂ ’ਚ ਜਾ ਕੇ ਇਹ ਪੜ੍ਹਨ ਕਿ ਭਗਤ ਸਿੰਘ ਨੂੰ ਕਾਲ ਕੋਠੜੀ ’ਚੋਂ ਫਾਂਸੀ ਚਾੜ੍ਹਨ ਲਈ ਲਿਜਾਣ ਵੇਲੇ ਵੀ ਉਹ ਕਿਤਾਬ ਪੜ੍ਹਨ ’ਚ ਲੱਗਿਆ ਹੋਇਆ ਸੀ ਤਾਂ ਉਹੀ ਬੱਚੇ ਸਾਰੀ ਉਮਰ ਭੁਲੇਖੇ ’ਚ ਰਹਿਣਗੇ ਕਿ ਪਤਾ ਨਹੀਂ ਭਗਤ ਸਿੰਘ ਬੰਦੂਕਾਂ ਦਾ ਪ੍ਰੇਮੀ ਸੀ ਜਾਂ ਸ਼ਾਇਦ ਕਿਤਾਬਾਂ ਦਾ ਪ੍ਰੇਮੀ ਸੀ।
15 ਅਗਸਤ 2008 ਨੂੰ ਭਗਤ ਸਿੰਘ ਦੀ 18 ਫੁੱਟ ਉੱਚੀ ਕਾਂਸੀ ਦੀ ਮੂਰਤੀ ਭਾਰਤੀ ਪਾਰਲੀਮੈਂਟ ’ਚ ਇੰਦਰਾ ਗਾਂਧੀ ਤੇ ਸੁਭਾਸ਼ ਚੰਦਰ ਬੋਸ ਦੀਆਂ ਮੂਰਤੀਆਂ ਦੇ ਨਾਲ ਸਥਾਪਿਤ ਕੀਤੀ ਗਈ ਸੀ। ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਤਸਵੀਰ ਪਾਰਲੀਮੈਂਟ ਹਾਊਸ ਦੀਆਂ ਕੰਧਾਂ ’ਤੇ ਵੀ ਲਗਾਈ ਜਾ ਚੁੱਕੀ ਹੈ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦ ’ਚ ਹੁਸੈਨੀਵਾਲਾ ਵਿਖੇ ਕੌਮੀ ਸ਼ਹੀਦੀ ਸਮਾਰਕ ਬਣਾਇਆ ਗਿਆ ਹੈ!
ਜਿਸ ਸਥਾਨ ’ਤੇ ਸਤਲੁਜ ਨਦੀ ਦੇ ਕੰਢੇ ਹੁਸੈਨੀਵਾਲਾ ਵਿਖੇ ਭਗਤ ਸਿੰਘ ਅਤੇ ਸਾਥੀਆਂ ਦਾ ਸਸਕਾਰ ਕੀਤਾ ਗਿਆ ਸੀ, ਉਹ ਵੰਡ ਦੌਰਾਨ ਪਾਕਿਸਤਾਨੀ ਖੇਤਰ ਬਣ ਗਿਆ ਸੀ। ਪੰਡਤ ਜਵਾਹਰ ਲਾਲ ਨਹਿਰੂ ਜੀ ਦੇ ਯਤਨਾਂ ਸਦਕਾ 17 ਜਨਵਰੀ 1961 ਨੂੰ ਸੂਲੇਮੰਕੀ ਹੈਡ ਵਰਕਜ਼ ਨੇੜੇ 12 ਪਿੰਡਾਂ ਦੇ ਬਦਲੇ ਇਸ ਨੂੰ ਭਾਰਤ ’ਚ ਤਬਦੀਲ ਕਰ ਦਿੱਤਾ ਗਿਆ ਸੀ। ਉੱਥੇ ਹੀ 19 ਜੁਲਾਈ 1965 ਨੂੰ ਬੱਤੁਕੇਸ਼ਵਰ ਦੱਤ ਦਾ ਅੰਤਿਮ ਇੱਛਾ ਅਨੁਸਾਰ ਉਸ ਦਾ ਸਸਕਾਰ ਕੀਤਾ ਗਿਆ ਸੀ। 1968 ’ਚ ਕੌਮੀ ਸ਼ਹੀਦੀ ਸਮਾਰਕ ਸਸਕਾਰ ਸਥਾਨ ’ਤੇ ਬਣਾਇਆ ਗਿਆ ਸੀ ਅਤੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਯਾਦਗਾਰਾਂ ਬਣਾਈਆਂ ਗਈਆਂ। 1971 ਦੀ ਭਾਰਤ-ਪਾਕਿ ਜੰਗ ਦੇ ਦੌਰਾਨ, ਯਾਦਗਾਰ ਨੂੰ ਨੁਕਸਾਨ ਪਹੁੰਚਿਆ ਸੀ ਉਹ 1973 ਵਿੱਚ ਦੁਬਾਰਾ ਬਣਾਈਆਂ ਗਈਆਂ ਸਨ।
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਮਿਊਜ਼ੀਅਮ ਜੱਦੀ ਪਿੰਡ ਖਟਕੜ ਕਲਾਂ ਵਿਖੇ 50 ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਖੋਲ੍ਹਿਆ ਗਿਆ ਸੀ। ਪ੍ਰਦਰਸ਼ਨੀਆਂ ’ਚ ਭਗਤ ਸਿੰਘ ਦੀਆਂ ਅਸਥੀਆਂ, ਖ਼ੂਨ ਨਾਲ ਲਥਪਥ ਰੇਤ ਅਤੇ ਖ਼ੂਨ ਦਾ ਰੰਗਿਆ ਹੋਇਆ ਅਖਬਾਰ ਸ਼ਾਮਲ ਹੈ, ਜਿਸ ’ਚ ਰਾਖ ਨੂੰ ਲਪੇਟਿਆ ਗਿਆ ਸੀ। ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਫੈਸਲੇ ਦਾ ਪੰਨਾ, ਜਿਸ ’ਚ ਕਰਤਾਰ ਸਿੰਘ ਸਰਾਭਾ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਅਤੇ ਜਿਸ ਉੱਤੇ ਭਗਤ ਸਿੰਘ ਨੇ ਕੁਝ ਨੋਟਸ ਭੇਜੇ ਸਨ ਅਤੇ ਭਗਤ ਸਿੰਘ ਦੇ ਦਸਤਖਤ ਵਾਲੀ ‘ਭਗਵਤ ਗੀਤਾ’ ਦੀ ਇਕ ਕਾਪੀ, ਜੋ ਉਸ ਨੂੰ ਲਾਹੌਰ ਜੇਲ੍ਹ ’ਚ ਮਿਲੀ ਸੀ ਅਤੇ ਹੋਰ ਨਿੱਜੀ ਵਸਤਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
ਭਾਰਤ ਦੀ ਸੁਪਰੀਮ ਕੋਰਟ ਨੇ ਕੁਝ ਇਤਿਹਾਸਕ ਅਜ਼ਮਾਇਸ਼ਾਂ ਦੇ ਰਿਕਾਰਡ ਪ੍ਰਦਰਸ਼ਿਤ ਕਰਦੇ ਹੋਏ ਭਾਰਤ ਦੀ ਅਦਾਲਤੀ ਪ੍ਰਣਾਲੀ ਦੇ ਇਤਿਹਾਸ ’ਚ ਸਥਲਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਇਤਿਹਾਸਕ ਅਜਾਇਬ ਘਰ ਦੀ ਸਥਾਪਨਾ ਕੀਤੀ। ਪਹਿਲੀ ਸੰਗਠਿਤ ਪ੍ਰਦਰਸ਼ਨੀ ਭਗਤ ਸਿੰਘ ਦਾ ਮੁਕੱਦਮਾ ਸੀ, ਜੋ ਕਿ 28 ਸਤੰਬਰ 2007 ਨੂੰ ਭਗਤ ਸਿੰਘ ਦੇ ਜਨਮ ਦੇ ਸ਼ਤਾਬਦੀ ਉਤਸਵ ਮੌਕੇ ਖੋਲ੍ਹਿਆ ਗਿਆ ਸੀ।
ਭਗਤ ਸਿੰਘ ਦੀਆਂ ਨਿਸ਼ਾਨੀਆਂ ਤੋਂ ਭਾਰਤ ਦੇ ਨੌਜਵਾਨ ਪ੍ਰੇਰਨਾ ਲੈਂਦੇ ਹਨ। ਉਸ ਨੂੰ ਸ਼ੁਭਾਸ਼ ਚੰਦਰ ਬੋਸ ਅਤੇ ਮਹਾਤਮਾ ਗਾਂਧੀ ਤੋਂ ਪਹਿਲਾਂ 2008 ’ਚ ਭਾਰਤੀ ਮੈਗਜ਼ੀਨ ‘ਇੰਡੀਆ ਟੂਡੇ’ ਦੁਆਰਾ ਇਕ ਸਰਵੇਖਣ ’ਚ ‘ਮਹਾਨ ਭਾਰਤੀ’ ਚੁਣਿਆ ਗਿਆ ਸੀ। ਪਾਕਿਸਤਾਨ ’ਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਆਫ ਪਾਕਿਸਤਾਨ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਦੇ ਬਾਅਦ ਲਾਹੌਰ ਵਿਚਲੇ ਸ਼ਦਮਾਨ ਚੌਂਕ, ਜਿੱਥੇ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਦਾ ਨਾਂ ਬਦਲ ਕੇ ਭਗਤ ਸਿੰਘ ਚੌਂਕ ਰੱਖਿਆ ਗਿਆ ਪਰ ਇਹ ਐਲਾਨ ਹੀ ਰਹਿ ਗਿਆ।
1968 ’ਚ, ਭਾਰਤ ਨੇ ਭਗਤ ਸਿੰਘ ਦੇ 61ਵੇਂ ਜਨਮ ਦਿਹਾੜੇ ਦੀ ਯਾਦ ’ਚ ਇਕ ਡਾਕ ਟਿਕਟ ਜਾਰੀ ਕੀਤੀ ਸੀ। 2012 ’ਚ ਸਰਕੂਲੇਸ਼ਨ ਕਰਨ ਲਈ ਸਿੰਘ ਨੂੰ ਯਾਦ ਕਰਦੇ ਹੋਏ 5 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ ਗਿਆ ਸੀ।
ਜੇ ਮੰਨੀਏ ਤਾਂ ਇਹ ਸਮਾਰਕਾਂ ਛੋਟੀਆਂ ਸਮਾਰਕਾਂ ਹਨ। ਵੱਡੀ ਸਮਾਰਕ ਤਾਂ ਕਰੋੜਾਂ ਭਾਰਤੀ, ਪਾਕਿਸਤਾਨੀ, ਬੰਗਲਾ ਦੇਸੀ ਲੋਕਾਂ ਦੇ ਦਿਲ-ਦਿਮਾਗ਼ ’ਚ ਛਪੀ ਉਹ ਅਮਿਟ ਤਸਵੀਰ ਹੈ, ਜੋ ਕਰੋੜਾਂ ਲੋਕਾਂ ਨੂੰ ਮਜਬੂਰ ਕਰਦੀ ਹੈ ਕਿ ਉਹ ਭਗਤ ਸਿੰਘ ਨੂੰ ਉਹਨਾ ਦਾ ਆਦਰਸ਼ ਮੰਨਣ।
ਕਈ ਕ੍ਰਾਂਤੀਕਾਰੀ ਜੱਥੇਬੰਦੀਆਂ ਦਾ ਬਾਨੀ, ਕ੍ਰਾਂਤੀਕਾਰੀ ਅੱਗ ਦਾ ਗੋਲਾ, ਇਨਕਲਾਬੀ ਸੂਰਜ, ਊਰਜਾਵਾਨ, ਗੰਭੀਰ ਵਿਦਵਾਨ, ਕਾਲਜ ਦੇ ਦਿਨਾਂ ਤੱਕ ਸੰਗਾਊ ਰਹੇ ਤੇ ਸਾਰੀ ਉਮਰ ਦੇ ਬਹੁਤ ਹੀ ਸਾਊ ਰਿਹਾ ਇਹ ਗੱਭਰੂ, ਪੰਜਾਬ, ਲਾਹੌਰ ਅਤੇ ਹੋਰ ਦੂਰ-ਦੂਰ ਕਲਕੱਤੇ ਤੱਕ ਸਰਗਰਮ ਰਹਿ ਕੇ ਦੇਸ਼ ਦੀ ਆਜ਼ਾਦੀ ਲਈ ਸਰਗਰਮ ਰਿਹਾ। ਉਹ ਮਾਨਵੀ ਸੰਵੇਦਨਾ ਅਤੇ ਜਜ਼ਬਿਆਂ ਦੀ ਤਰਲਤਾ ’ਚ ਗੜੁੱਚ ਇਕ ਕਿਤਾਬ ਪ੍ਰੇਮੀ ਸੀ। ਉਹ ਇਨਕਲਾਬੀ ਚੇਤਨਾ ਨੂੰ ਭਾਰਤ ਦੇ ਕੋਨੇ ਕੋਨੇ ’ਚ ਫੈਲਾਉਣਾ ਚਾਹੁੰਦਾ ਸੀ। ਉਸ ਦਾ ਹਥਿਆਰ ਅਖ਼ਬਾਰ ਅਤੇ ਗਿਆਨ ਸੀ। ਉਹ ਇਕ ਸੰਘਰਸ਼, ਚੇਤਨਾ, ਇਨਕਲਾਬ, ਕੁਰਬਾਨੀ ਅਤੇ ਤਿਆਗ ਦੀ ਮੂਰਤ ਸੀ। ਉਹ ਸਾਰੀਆਂ ਲਹਿਰਾਂ ’ਚ ਸਤਿਕਾਰਿਤ ਤੇ ਮਹੱਤਵਪੂਰਨ ਸਥਾਨ ਪ੍ਰਾਪਤ ਬਹਾਦਰ ਯੋਧਾ ਸੀ। ਉਸ ਉਪਰ ਪਹਿਲਾ ਪਰਚਾ ਗੁਰਦੁਆਰਾ ਸੁਧਾਰ ਲਹਿਰ ਦਰਜ ਹੋਇਆ, ਕਿਸਾਨ ਲਹਿਰ ’ਚ ਵੀ ਉਸਦਾ ਯੋਗਦਾਨ ਹੈ। ਉਸ ਦੇ ਸੰਘਰਸ਼ਮਈ ਜੀਵਨ ਦੀ ਅਸਲ ਤਸਵੀਰ ਨੂੰ ਸਥਾਪਿਤ ਬਿੰਬਾਂ ਉਹਲੇ ਲੁਕੋਣਾ ਉਸਦੀ ਕੁਰਬਾਨੀ ਤੇ ਫਲਸਫੇ ਨਾਲ ਧ੍ਰੋਹ ਹੈ। ਜੇ ਨਵੀਂ ਪੀੜ੍ਹੀ ਅਤੇ ਸਿਰਫ ਇਕ ਦਿਨ ਪੀਲੀ ਪੱਗ ਬੰਨ੍ਹ ਕੇ ਆਪ ਨੂੰ ਭਗਤ ਸਿੰਘ ਦੇ ਵਾਰਸ ਸਮਝਣ ਵਾਲੇ ਲੋਕ ਕਿਤੇ ਭਗਤ ਦੇ ਵਿਚਾਰਾਂ ਨੂੰ ਪੜ੍ਹ ਕੇ ਉਸ ਦੀ ਮੰਜ਼ਲ ਦੇ ਪਾਂਧੀ ਬਣ ਜਾਣ ਤਾਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਸੁਪਨੇ ਵੀ ਸਾਕਾਰ ਹੋ ਜਾਣਗੇ। ਇਹ ਤਾਂ ਹੀ ਸੰਭਵ ਹੋ ਸਕਦਾ ਜੇਕਰ ਵਿਦਿਆਰਥੀ ਅਤੇ ਨੌਜਵਾਨ ਪੀੜ੍ਹੀ ਭਗਤ ਸਿੰਘ ਦੀ ਸਹੀ ਵਿਚਾਰਧਾਰਾ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ।
(ਸੰਪਰਕ : 9878023768)।