- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਤਰ੍ਹਾਂ ਟਰੰਪ ਨੇ ਅਮਰੀਕਾ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ’ਚ ਵੀ ਮਹਿੰਗਾਈ ਵਧਾਉਣ ਦਾ ਕੰਮ ਕੀਤਾ। ਪ੍ਰਵਾਸੀਆਂ ਵਿਰੁੱਧ ਸਖ਼ਤੀ ਵਰਤਣ ਦੀ ਟਰੰਪ ਦੀ ਨੀਤੀ ਨੇ ਵੀ ਬਹੁਤ ਸਾਰੇ ਅਮਰੀਕੀਆਂ ਨੂੰ ਨਾਰਾਜ਼ ਕੀਤਾ। ਟਰੰਪ ਪ੍ਰਸ਼ਾਸਨ ਕਾਨੂੰਨੀ ਤੌਰ ’ਤੇ ਅਮਰੀਕਾ ਆਏ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਜਿਸ ਤਰ੍ਹਾਂ ਤੰਗ-ਪਰੇਸ਼ਾਨ ਕਰਦਾ ਰਿਹਾ, ਉਸ ਨਾਲ ਟਰੰਪ ਦੇ ਉਹ ਕੱਟੜ ਸਮਰਥਕ ਤਾਂ ਖ਼ੁਸ਼ ਹੋਏ, ਜਿਹੜੇ ਇਹ ਮੰਨਦੇ ਹਨ ਕਿ ਅਜਿਹੀਆਂ ਨੀਤੀਆਂ ਹੀ ਅਮਰੀਕਾ ਨੂੰ ਮੁੜ ਮਹਾਨ ਬਣਾਉਣਗੀਆਂ ਪਰ ਅਮਰੀਕੀ ਸਮਾਜ ਦਾ ਇਕ ਹਿੱਸਾ ਉਨ੍ਹਾਂ ਦੇ ਵਿਰੁੱਧ ਹੋ ਗਿਆ, ਕਿਉਂਕਿ ਉਹ ਜਾਣਦਾ ਹੈ ਕਿ ਅਮਰੀਕਾ ਦੀ ਤਰੱਕੀ ’ਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ

.jpg)
ਸੰਜੇ ਗੁਪਤ
ਸ਼ੇਅਰ ਬਾਜ਼ਾਰ ’ਚ ਪਿਛਲੇ ਦਿਨਾਂ ਦੌਰਾਨ ਆਇਆ ਉਛਾਲ ਭਾਰਤੀ ਨਿਵੇਸ਼ਕਾਂ ਲਈ ਦੀਵਾਲੀ ਵਾਂਗ ਸਾਬਤ ਹੋ ਸਕਦਾ ਹੈ। ਅਜਿਹਾ ਇਸ ਲਈ ਹੋਇਆ, ਕਿਉਂਕਿ ਅਮਰੀਕਾ ’ਚ ਮੱਧਕਾਲੀ ਚੋਣਾਂ ਦੌਰਾਨ ਟਰੰਪ ਦੀ ਪਾਰਟੀ ਰਿਪਬਲਿਕਨ ਦੀ ਹਾਰ ਕਾਰਨ ਤੇਲ ਦੀਆਂ ਕੀਮਤਾਂ ’ਚ ਕਮੀ ਆਈ। ਇਸ ਦਾ ਲਾਭ ਭਾਰਤ ਨੂੰ ਮਿਲੇਗਾ। ਅਮਰੀਕਾ ਦੀਆਂ ਮੱਧਕਾਲੀ ਚੋਣਾਂ ’ਚ ਏਆਈ ਕੰਪਨੀਆਂ ਵੱਲੋਂ ਤੇਜ਼ੀ ਨਾਲ ਬਣਾਏ ਜਾ ਰਹੇ ਡਾਟਾ ਸੈਂਟਰ ਇਕ ਵੱਡਾ ਮੁੱਦਾ ਬਣ ਗਏ ਸਨ, ਕਿਉਂਕਿ ਇਨ੍ਹਾਂ ’ਚ ਬਿਜਲੀ ਤੇ ਪਾਣੀ ਦੀ ਬਹੁਤ ਜ਼ਿਆਦਾ ਖ਼ਪਤ ਹੁੰਦੀ ਹੈ। ਅਮਰੀਕੀ ਨਾਗਰਿਕ ਇਸ ਦਾ ਵਿਰੋਧ ਕਰ ਰਹੇ ਸਨ। ਡੈਮੋਕ੍ਰੇਟਿਕ ਪਾਰਟੀ ਨੇ ਲੋਕਾਂ ਦੀਆਂ ਇਨ੍ਹਾਂ ਚਿੰਤਾਵਾਂ ਦਾ ਸਿਆਸੀ ਲਾਹਾ ਲਿਆ। ਸੰਸਦ ਦੇ ਦੋਵਾਂ ਸਦਨਾਂ ’ਤੇ ਡੈਮੋਕ੍ਰੇਟਾਂ ਦਾ ਕੰਟਰੋਲ ਹੋਣ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਏਆਈ ਕੰਪਨੀਆਂ ਦੇ ਡਾਟਾ ਸੈਂਟਰਾਂ ਲਈ ਨਿਯਮ ਸਖ਼ਤ ਹੋਣਗੇ। ਇਸ ਕਾਰਨ ਅਮਰੀਕਾ ’ਚ ਏਆਈ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਡਿੱਗ ਗਈਆਂ। ਇਸ ਦੇ ਨਤੀਜੇ ਵਜੋਂ ਹੋਰਨਾਂ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ’ਚ ਵੀ ਗਿਰਾਵਟ ਆਈ ਪਰ ਭਾਰਤ ’ਚ ਅਜਿਹਾ ਨਹੀਂ ਹੋਇਆ। ਇਸ ਦਾ ਕਾਰਨ ਇਹ ਸੀ ਕਿ ਨਿਵੇਸ਼ਕਾਂ ਨੂੰ ਇਹ ਸੰਕੇਤ ਮਿਲਿਆ ਕਿ ਜੋਖ਼ਮ ਭਰੇ ਏਆਈ ਸ਼ੇਅਰਾਂ ’ਚੋਂ ਪੈਸਾ ਕੱਢ ਕੇ ਭਾਰਤ ’ਚ ਨਿਵੇਸ਼ ਕਰਨਾ ਇਕ ਸੁਰੱਖਿਅਤ ਬਦਲ ਹੈ। ਇਸ ਦਾ ਕਾਰਨ ਇਹ ਹੈ ਕਿ ਅਮਰੀਕਾ, ਤਾਈਵਾਨ ਆਦਿ ਦੀਆਂ ਕੰਪਨੀਆਂ ਚਿਪਸ, ਸਰਵਰਾਂ ਤੇ ਡਾਟਾ ਸੈਂਟਰਾਂ ਉੱਤੇ ਅਰਬਾਂ ਡਾਲਰ ਦਾ ਜੋ ਪੂੰਜੀਗਤ ਖ਼ਰਚ ਕਰ ਰਹੀਆਂ ਹਨ, ਉਸ ਤੋਂ ਹੋਣ ਵਾਲੇ ਮੁਨਾਫ਼ੇ ਬਾਰੇ ਸਵਾਲ ਉੱਠਣ ਲੱਗੇ ਹਨ। ਇਸ ਦੇ ਉਲਟ ਭਾਰਤੀ ਆਈਟੀ ਅਤੇ ਸੇਵਾ ਖੇਤਰ ਦਾ ਮਾਡਲ ਅਜਿਹਾ ਹੈ ਕਿ ਉਸ ਦਾ ਡਾਟਾ ਸੈਂਟਰਾਂ ਜਾਂ ਚਿਪ ਨਿਰਮਾਣ ਨਾਲ ਜੁੜੇ ਜੋਖ਼ਮਾਂ ਨਾਲ ਕੋਈ ਸਿੱਧਾ ਵਾਹ-ਵਾਸਤਾ ਨਹੀਂ। ਇਸੇ ਕਾਰਨ ਭਾਰਤੀ ਸ਼ੇਅਰ ਬਾਜ਼ਾਰ ’ਚ ਹੋਰਨਾਂ ਦੇਸ਼ਾਂ ਦੇ ਬਾਜ਼ਾਰਾਂ ਵਰਗੀ ਗਿਰਾਵਟ ਨਹੀਂ ਆਈ। ਅਮਰੀਕਾ ’ਚ ਬਦਲੇ ਸਿਆਸੀ ਹਾਲਾਤ ਕਾਰਨ ਨਿਵੇਸ਼ਕਾਂ ਦੀ ਭਾਰਤ ਪ੍ਰਤੀ ਵਧੀ ਦਿਲਚਸਪੀ ਭਾਰਤੀ ਅਰਥਚਾਰੇ ਲਈ ਇਕ ਚੰਗੀ ਖ਼ਬਰ ਹੈ। ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਕਿ ਇਹ ਖ਼ਬਰ ਸੁਖ-ਖ਼ੁਸ਼ਹਾਲੀ ਦੇ ਤਿਉਹਾਰ ਦੀਵਾਲੀ ਤੋਂ ਪਹਿਲਾਂ ਆਈ ਹੈ। ਪਿਛਲੇ ਕੁਝ ਸਮੇਂ ਦੌਰਾਨ ਭਾਰਤ ’ਚ ਮੱਧ ਵਰਗ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਸ ਵਰਗ ਦਾ ਇਕ ਹਿੱਸਾ ਮਿਊਚੁਅਲ ਫੰਡਾਂ ਰਾਹੀਂ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਦਾ ਹੈ। ਲੰਮੇ ਸਮੇਂ ਤੋਂ ਸ਼ੇਅਰ ਬਾਜ਼ਾਰ ’ਚ ਬਣੀ ਬੇਭਰੋਸਗੀ ਨੇ ਇਨ੍ਹਾਂ ਨਿਵੇਸ਼ਕਾਂ ਦੀ ਨੀਂਦ ਉਡਾਈ ਹੋਈ ਸੀ। ਇਸ ਬੇਯਕੀਨੀ ਦਾ ਇਕ ਵੱਡਾ ਕਾਰਨ ਟਰੰਪ ਦੀਆਂ ਨੀਤੀਆਂ ਸਨ। ਉਨ੍ਹਾਂ ਵੱਲੋਂ ਈਰਾਨ ਵਿਰੁੱਧ ਛੇੜੀ ਗਈ ਜੰਗ ਕਾਰਨ ਪੱਛਮੀ ਏਸ਼ੀਆ ਤੋਂ ਊਰਜਾ ਦੀ ਬਰਾਮਦ ਕਰਨ ਵਾਲਾ ਹੋਰਮੁਜ਼ ਸਮੁੰਦਰੀ ਮਾਰਗ ਪ੍ਰਭਾਵਿਤ ਹੋ ਗਿਆ। ਇਸ ਨਾਲ ਪੈਟਰੋਲ, ਡੀਜ਼ਲ, ਗੈਸ ਆਦਿ ਦੀਆਂ ਕੀਮਤਾਂ ਵਧੀਆਂ ਤੇ ਇਸ ਦਾ ਵਿਸ਼ਵ ਅਰਥਚਾਰੇ ’ਤੇ ਮਾੜਾ ਅਸਰ ਪਿਆ। ਇਸ ਤੋਂ ਇਲਾਵਾ ਈਰਾਨ ਨੂੰ ਕਾਬੂ ਕਰਨ ਲਈ ਟਰੰਪ ਨੇ ਉਸ ਦੇ ਨਾਲ-ਨਾਲ ਉਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ਉੱਤੇ ਵੀ ਜਿਹੜੀਆਂ ਪਾਬੰਦੀਆਂ ਲਾਈਆਂ, ਉਨ੍ਹਾਂ ਕਾਰਨ ਆਰਥਿਕ ਮੁਸ਼ਕਲਾਂ ਹੋਰ ਵਧੀਆਂ। ਮੱਧਕਾਲੀ ਚੋਣਾਂ ’ਚ ਟਰੰਪ ਨੂੰ ਲੱਗੇ ਝਟਕੇ ਨਾਲ ਦੁਨੀਆ ’ਚ ਅਸਥਿਰਤਾ ਘਟਣ ਦੀ ਜੋ ਉਮੀਦ ਬਣੀ, ਉਸ ਦਾ ਭਾਰਤੀ ਸ਼ੇਅਰ ਬਾਜ਼ਾਰ ’ਤੇ ਵੀ ਹਾਂ-ਪੱਖੀ ਅਸਰ ਪਿਆ। ਇਸ ਤੋਂ ਇਲਾਵਾ ਟਰੰਪ ਨੂੰ ਲੱਗੇ ਸਿਆਸੀ ਝਟਕੇ ਕਾਰਨ ਅਮਰੀਕਾ ਤੇ ਭਾਰਤ ਦੇ ਸਬੰਧ ਆਮ ਵਾਂਗ ਹੋਣ ਦੀ ਜੋ ਸੰਭਾਵਨਾ ਵਧੀ ਹੈ, ਉਸ ਨੇ ਵੀ ਭਾਰਤੀ ਕਾਰੋਬਾਰੀ ਜਗਤ ’ਚ ਉਤਸ਼ਾਹ ਪੈਦਾ ਕੀਤਾ ਹੈ। ਟਰੰਪ ਵਪਾਰ ਸਮਝੌਤੇ ਨੂੰ ਲੈ ਕੇ ਅੜੀਅਲ ਰਵੱਈਆ ਅਪਣਾਈ ਬੈਠੇ ਸਨ ਪਰ ਭਾਰਤ ਉਨ੍ਹਾਂ ਦੇ ਦਬਾਅ ਦਾ ਡਟ ਕੇ ਮੁਕਾਬਲਾ ਕਰਦਾ ਰਿਹਾ। ਕਿਉਂਕਿ ਡੈਮੋਕ੍ਰੇਟ ਟਰੰਪ ਦੀ ਟੈਰਿਫ ਨੀਤੀ ਦੇ ਵਿਰੋਧੀ ਹਨ ਤੇ ਭਾਰਤ ਦੀ ਅਹਿਮੀਅਤ ਨੂੰ ਸਮਝਦੇ ਹਨ, ਇਸ ਲਈ ਉਹ ਟਰੰਪ ’ਤੇ ਦਬਾਅ ਪਾ ਸਕਦੇ ਹਨ ਕਿ ਲੰਮੇ ਸਮੇਂ ਤੋਂ ਲਟਕ ਰਹੇ ਵਪਾਰ ਸਮਝੌਤੇ ਨੂੰ ਜਲਦੀ ਅੰਤਿਮ ਰੂਪ ਦਿੱਤਾ ਜਾਵੇ। ਜੇ ਅਜਿਹਾ ਹੋ ਜਾਂਦਾ ਹੈ ਤਾਂ ਭਾਰਤੀ ਅਰਥਚਾਰੇ ਨੂੰ ਹੋਰ ਮਜ਼ਬੂਤੀ ਮਿਲੇਗੀ।
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਮੱਧਕਾਲੀ ਚੋਣਾਂ ’ਚ ਹਾਰ ਤੋਂ ਬਾਅਦ ਟਰੰਪ ਦਾ ਰਵੱਈਆ ਬਦਲੇਗਾ ਜਾਂ ਨਹੀਂ, ਕਿਉਂਕਿ ਉਹ ਆਪਣੀ ਮਨਮਰਜ਼ੀ ਕਰਨ ਲਈ ਜਾਣੇ ਜਾਂਦੇ ਹਨ। ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਅਮਰੀਕੀ ਅਰਥਚਾਰੇ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਅਜਿਹੇ ਕਦਮ ਚੁੱਕੇ, ਜਿਨ੍ਹਾਂ ਦਾ ਉਲਟਾ ਅਸਰ ਹੋਇਆ। ਟਰੰਪ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਕਿ ਉਨ੍ਹਾਂ ਦੀ ਮਨਮਰਜ਼ੀ ਵਾਲੀ ਟੈਰਿਫ ਨੀਤੀ ਕਾਰਨ ਉਨ੍ਹਾਂ ਦੇ ਆਪਣੇ ਹੀ ਦੇਸ਼ ਦੇ ਗ਼ਰੀਬ ਤੇ ਮੱਧ ਵਰਗ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇਕ ਪਾਸੇ ਮਿੱਤਰ ਦੇਸ਼ਾਂ ’ਤੇ ਵੀ ਮਨਮਰਜ਼ੀ ਨਾਲ ਟੈਰਿਫ ਲਾਉਣ ਕਾਰਨ ਅਮਰੀਕਾ ’ਚ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧੀਆਂ, ਉੱਥੇ ਹੀ ਈਰਾਨ ਵਿਰੁੱਧ ਮੋਰਚਾ ਖੋਲ੍ਹਣ ਨਾਲ ਪੈਟਰੋਲ, ਡੀਜ਼ਲ ਤੇ ਗੈਸ ਮਹਿੰਗੇ ਹੋ ਗਏ। ਇਸ ਤਰ੍ਹਾਂ ਟਰੰਪ ਨੇ ਅਮਰੀਕਾ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ’ਚ ਵੀ ਮਹਿੰਗਾਈ ਵਧਾਉਣ ਦਾ ਕੰਮ ਕੀਤਾ। ਪ੍ਰਵਾਸੀਆਂ ਵਿਰੁੱਧ ਸਖ਼ਤੀ ਵਰਤਣ ਦੀ ਟਰੰਪ ਦੀ ਨੀਤੀ ਨੇ ਵੀ ਬਹੁਤ ਸਾਰੇ ਅਮਰੀਕੀਆਂ ਨੂੰ ਨਾਰਾਜ਼ ਕੀਤਾ। ਟਰੰਪ ਪ੍ਰਸ਼ਾਸਨ ਕਾਨੂੰਨੀ ਤੌਰ ’ਤੇ ਅਮਰੀਕਾ ਆਏ ਹੋਰਨਾਂ ਦੇਸ਼ਾਂ ਦੇ ਲੋਕਾਂ ਨੂੰ ਜਿਸ ਤਰ੍ਹਾਂ ਤੰਗ-ਪਰੇਸ਼ਾਨ ਕਰਦਾ ਰਿਹਾ, ਉਸ ਨਾਲ ਟਰੰਪ ਦੇ ਉਹ ਕੱਟੜ ਸਮਰਥਕ ਤਾਂ ਖ਼ੁਸ਼ ਹੋਏ, ਜਿਹੜੇ ਇਹ ਮੰਨਦੇ ਹਨ ਕਿ ਅਜਿਹੀਆਂ ਨੀਤੀਆਂ ਹੀ ਅਮਰੀਕਾ ਨੂੰ ਮੁੜ ਮਹਾਨ ਬਣਾਉਣਗੀਆਂ ਪਰ ਅਮਰੀਕੀ ਸਮਾਜ ਦਾ ਇਕ ਹਿੱਸਾ ਉਨ੍ਹਾਂ ਦੇ ਵਿਰੁੱਧ ਹੋ ਗਿਆ, ਕਿਉਂਕਿ ਉਹ ਜਾਣਦਾ ਹੈ ਕਿ ਅਮਰੀਕਾ ਦੀ ਤਰੱਕੀ ’ਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਹੈ। ਇਨ੍ਹਾਂ ਪ੍ਰਵਾਸੀਆਂ ’ਚ ਭਾਰਤੀ ਪ੍ਰਮੁੱਖ ਹਨ ਪਰ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਪ੍ਰਤੀ ਵੀ ਵੈਰ-ਭਾਵਨਾ ਵਾਲਾ ਰਵੱਈਆ ਅਪਣਾਇਆ। ਇਸ ਕਾਰਨ ਉਹ ਭਾਰਤੀ ਵੀ ਟਰੰਪ ਦੇ ਵਿਰੁੱਧ ਹੋ ਗਏ, ਜਿਨ੍ਹਾਂ ਨੇ ਦੋ ਸਾਲ ਪਹਿਲਾਂ ਉਨ੍ਹਾਂ ਦਾ ਸਮਰਥਨ ਕੀਤਾ ਸੀ। ਹਾਲਾਂਕਿ ਬਹੁਤ ਸਾਰੇ ਲੋਕ ਮੰਨ ਰਹੇ ਹਨ ਕਿ ਹੁਣ ਟਰੰਪ ਨਰਮ ਪੈ ਜਾਣਗੇ ਪਰ ਉਨ੍ਹਾਂ ਦੇ ਸੁਭਾਅ ਨੂੰ ਦੇਖਦਿਆਂ ਇਸ ਗੱਲ ’ਤੇ ਸ਼ੱਕ ਹੈ ਕਿ ਉਹ ਆਪਣਾ ਰਵੱਈਆ ਸੁਧਾਰਨਗੇ। ਅਮਰੀਕੀ ਸੰਵਿਧਾਨ ਰਾਸ਼ਟਰਪਤੀ ਨੂੰ ਅਸੀਮਤ ਅਧਿਕਾਰ ਦਿੰਦਾ ਹੈ। ਟਰੰਪ ਸੰਕੇਤ ਦੇ ਰਹੇ ਹਨ ਕਿ ਉਹ ਆਪਣੇ ਵੀਟੋ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਹ ਇਸ ਅਧਿਕਾਰ ਦੇ ਸਹਾਰੇ ਆਪਣੀ ਮਨਮਰਜ਼ੀ ਇਸ ਲਈ ਜਾਰੀ ਰੱਖ ਸਕਦੇ ਹਨ, ਕਿਉਂਕਿ ਉਨ੍ਹਾਂ ਉੱਤੇ ਰੋਕ ਉਦੋਂ ਹੀ ਲੱਗ ਸਕਦੀ ਸੀ, ਜੇ ਡੈਮੋਕ੍ਰੇਟਿਕ ਪਾਰਟੀ ਨੂੰ ਸੰਸਦ ’ਚ ਦੋ-ਤਿਹਾਈ ਬਹੁਮਤ ਮਿਲ ਜਾਂਦਾ। ਕਿਉਂਕਿ ਅਜਿਹਾ ਨਹੀਂ ਹੋਇਆ, ਇਸ ਲਈ ਟਰੰਪ ਆਪਣੇ ਕਾਰਜਕਾਲ ਦੇ ਬਾਕੀ ਦੋ ਸਾਲਾਂ ਦੌਰਾਨ ਦੁਨੀਆ ਦੀਆਂ ਮੁਸ਼ਕਲਾਂ ਹੋਰ ਵਧਾ ਸਕਦੇ ਹਨ।
ਟਰੰਪ ਈਰਾਨ ਨਾਲ ਟਕਰਾਅ ਵਾਲੇ ਹਾਲਾਤ ਨੂੰ ਹੋਰ ਲੰਮੇ ਸਮੇਂ ਤੱਕ ਬਣਾਈ ਰੱਖਣ ਦੀ ਸਥਿਤੀ ’ਚ ਨਹੀਂ ਹਨ, ਕਿਉਂਕਿ ਉਨ੍ਹਾਂ ਦੇ ਉਹ ਸਹਿਯੋਗੀ ਇਸ ਸਥਿਤੀ ਤੋਂ ਬੇਚੈਨ ਹਨ, ਜਿਨ੍ਹਾਂ ਨੂੰ ਆਪਣੇ ਸਿਆਸੀ ਭਵਿੱਖ ਦੀ ਚਿੰਤਾ ਹੈ। ਇਨ੍ਹਾਂ ’ਚ ਉਪ ਰਾਸ਼ਟਰਪਤੀ ਜੇਡੀ ਵੈਂਸ ਵੀ ਸ਼ਾਮਲ ਹਨ। ਉਨ੍ਹਾਂ ਨੇ ਮੱਧਕਾਲੀ ਚੋਣਾਂ ’ਚ ਹਾਰ ਲਈ ਈਰਾਨ ਜੰਗ ਨੂੰ ਜ਼ਿੰਮੇਵਾਰ ਮੰਨਿਆ। ਟਰੰਪ ਨੇ ਉਨ੍ਹਾਂ ਦੀ ਰਾਇ ਨੂੰ ਪੂਰੀ ਤਰ੍ਹਾਂ ਰੱਦ ਤਾਂ ਨਹੀਂ ਕੀਤਾ ਪਰ ਆਪਣੀ ਈਰਾਨ ਨੀਤੀ ਦਾ ਬਚਾਅ ਜ਼ਰੂਰ ਕੀਤਾ। ਅਮਰੀਕਾ ਦੇ ਲੋਕਤੰਤਰੀ ਇਤਿਹਾਸ ’ਚ ਟਰੰਪ ਅਜਿਹੇ ਰਾਸ਼ਟਰਪਤੀ ਵਜੋਂ ਸਾਹਮਣੇ ਆਏ ਹਨ, ਜਿਨ੍ਹਾਂ ਨੇ ਅਮਰੀਕੀ ਹਿੱਤਾਂ ਨਾਲੋਂ ਆਪਣੇ ਨਿੱਜੀ ਵਿੱਤੀ ਹਿੱਤਾਂ ਨੂੰ ਵਧੇਰੇ ਤਰਜੀਹ ਦਿੱਤੀ। ਉਹ ਆਪਣੇ ਲਈ ਸ਼ਾਂਤੀ ਦਾ ਨੋਬਲ ਪੁਰਸਕਾਰ ਤਾਂ ਚਾਹੁੰਦੇ ਰਹੇ ਪਰ ਦੁਨੀਆ ਨੂੰ ਅਸਥਿਰ ਕਰਦੇ ਰਹੇ। ਕਿਉਂਕਿ ਇਹ ਤਾਂ ਸਮਾਂ ਹੀ ਦੱਸੇਗਾ ਕਿ ਡੈਮੋਕ੍ਰੇਟਿਕ ਪਾਰਟੀ ਦਾ ਦਬਾਅ ਅਤੇ ਰਿਪਬਲਿਕਨ ਆਗੂਆਂ ਦੇ ਆਪਣੇ ਸਿਆਸੀ ਭਵਿੱਖ ਦੀ ਚਿੰਤਾ ਟਰੰਪ ਨੂੰ ਸਹੀ ਰਾਹ ਉੱਤੇ ਲਿਆ ਸਕੇਗੀ ਜਾਂ ਨਹੀਂ, ਇਸ ਲਈ ਭਾਰਤ ਨੂੰ ਚੌਕਸ ਰਹਿਣਾ ਪਵੇਗਾ।