- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਾ ਜਦੋਂ ਹਰ ਰੋਜ਼ ਘਰ ’ਚ ਉੱਚੀਆਂ ਆਵਾਜ਼ਾਂ ਸੁਣਦਾ ਹੈ, ਇਕ-ਦੂਜੇ ਨੂੰ ਦੋਸ਼ ਦਿੰਦੇ ਦੇਖਦਾ ਹੈ ਜਾਂ ਮਾਪਿਆਂ ਵਿਚਕਾਰ ਤਣਾਅ ਮਹਿਸੂਸ ਕਰਦਾ ਹੈ, ਤਾਂ ਉਹ ਸ਼ਾਇਦ ਕੁਝ ਨਾ ਬੋਲੇ ਪਰ ਸਭ ਕੁਝ ਮਹਿਸੂਸ ਕਰਦਾ ਹੈ। ਉਸ ਦੀ ਪੜ੍ਹਾਈ ਪ੍ਰਭਾਵਿਤ ਹੋ ਸਕਦੀ ਹੈ, ਉਸ ਦਾ ਵਿਸ਼ਵਾਸ ਘਟ ਸਕਦਾ ਹੈ ਤੇ ਰਿਸ਼ਤਿਆਂ ਬਾਰੇ ਉਸ ਦੀ ਸੋਚ ਵੀ ਬਦਲ ਸਕਦੀ ਹੈ। ਕਈ ਵਾਰ ਵੱਡੇ ਲੋਕ ਕਹਿੰਦੇ ਹਨ-‘ਬੱਚਿਆਂ ਦੇ ਸਾਹਮਣੇ ਤਾਂ ਅਸੀਂ ਕੁਝ ਨਹੀਂ ਕਰਦੇ।’ ਪਰ ਬੱਚਿਆਂ ਨੂੰ ਸਿਰਫ਼ ਸ਼ਬਦ ਨਹੀਂ ਸੁਣਾਈ ਦਿੰਦੇ; ਉਹ ਮਾਹੌਲ ਪੜ੍ਹਦੇ ਹਨ। ਉਹ ਚਿਹਰਿਆਂ ਦੀਆਂ ਲਕੀਰਾਂ ਪੜ੍ਹਦੇ ਹਨ।

ਐਡਵੋਕੇਟ ਡਾ. ਸੰਦੀਪ ਘੰਡ
‘ਇਨਸਾਨ ਜ਼ਿੰਮੇਵਾਰੀਆਂ ਤੋਂ ਨਹੀਂ ਥੱਕਦਾ, ਉਹ ਕਲੇਸ਼ ਤੋਂ ਥੱਕ ਜਾਂਦਾ ਹੈ।’ ਮਕਾਨ ਬਣਾਉਣ ਲਈ ਇੱਟਾਂ, ਸੀਮੈਂਟ, ਰੇਤ ਅਤੇ ਲੋਹੇ ਦੀ ਲੋੜ ਹੁੰਦੀ ਹੈ ਪਰ ਘਰ ਬਣਾਉਣ ਲਈ ਇਨ੍ਹਾਂ ’ਚੋਂ ਕਿਸੇ ਦੀ ਵੀ ਲੋੜ ਨਹੀਂ-ਉੱਥੇ ਚਾਹੀਦਾ ਹੈ ਪਿਆਰ, ਸਤਿਕਾਰ, ਭਰੋਸਾ, ਸਬਰ ਅਤੇ ਆਪਣਾਪਣ। ਇਹ ਫ਼ਰਕ ਬਹੁਤ ਛੋਟਾ ਜਿਹਾ ਲੱਗਦਾ ਹੈ ਪਰ ਅਸਲ ’ਚ ਪੂਰੀ ਜ਼ਿੰਦਗੀ ਦਾ ਫ਼ਲਸਫ਼ਾ ਆਪਣੇ ਅੰਦਰ ਸਮੇਟਦਾ ਹੈ। ਅਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਕ ਮਕਾਨ ਬਣਾਉਣ ’ਚ ਲਗਾ ਦਿੰਦੇ ਹਾਂ। ਕੋਈ ਸਰਕਾਰੀ ਨੌਕਰੀ ਕਰਦਾ ਹੈ, ਕੋਈ ਕਾਰੋਬਾਰ, ਕੋਈ ਵਿਦੇਸ਼ ਜਾਂਦਾ ਹੈ, ਕੋਈ ਦਿਨ-ਰਾਤ ਮਿਹਨਤ ਕਰਦਾ ਹੈ। ਬੈਂਕ ਤੋਂ ਕਰਜ਼ਾ ਲੈਂਦਾ ਹੈ, ਸਾਲਾਂ ਤੱਕ ਕਿਸ਼ਤਾਂ ਭਰਦਾ ਹੈ, ਆਪਣੀਆਂ ਕਈ ਖ਼ਾਹਿਸ਼ਾਂ ਨੂੰ ਮੁਲਤਵੀ ਕਰਦਾ ਹੈ ਤੇ ਆਖ਼ਰ ਇਕ ਅਜਿਹਾ ਮਕਾਨ ਖੜ੍ਹਾ ਕਰ ਲੈਂਦਾ ਹੈ, ਜਿਸਨੂੰ ਦੇਖ ਕੇ ਉਸ ਨੂੰ ਮਾਣ ਮਹਿਸੂਸ ਹੁੰਦਾ ਹੈ ਪਰ ਕਈ ਵਾਰ ਇਕ ਅਜੀਬ ਸਵਾਲ ਉਸ ਮਕਾਨ ਦੇ ਦਰਵਾਜ਼ੇ ’ਤੇ ਖੜ੍ਹਾ ਮਿਲਦਾ ਹੈ-‘ਕੀ ਇਹ ਸੱਚਮੁੱਚ ਮੇਰਾ ਘਰ ਹੈ?’ ਕਿਉਂਕਿ ਘਰ ਦੀਆਂ ਕੰਧਾਂ ਉੱਚੀਆਂ ਹੋ ਸਕਦੀਆਂ ਹਨ ਪਰ ਜੇ ਉਨ੍ਹਾਂ ਅੰਦਰ ਦਿਲਾਂ ਵਿਚਕਾਰ ਦੂਰੀ ਵਧ ਜਾਵੇ ਤਾਂ ਉਹ ਮਕਾਨ ਰਹਿ ਜਾਂਦਾ ਹੈ, ਘਰ ਨਹੀਂ ਬਣਦਾ। ਘਰ ਜਾਣ ਨੂੰ ਰੂਹ ਨਾ ਕਰੇ ਤਾਂ ਸਮੱਸਿਆ ਕਿੱਥੇ ਹੈ?
ਕਈ ਵਾਰ ਕਿਸੇ ਨੂੰ ਸ਼ਾਮ ਵੇਲੇ ਦਫ਼ਤਰ ਤੋਂ ਨਿਕਲਦਿਆਂ ਪੁੱਛੋ-‘ਘਰ ਨਹੀਂ ਜਾਣਾ?’ ਉਹ ਹੱਸ ਕੇ ਕਹਿ ਦਿੰਦਾ ਹੈ-‘ਜਾਣਾ ਤਾਂ ਹੈ, ਪਰ ਅੱਜ ਘਰ ਜਾਣ ਨੂੰ ਬਿਲਕੁਲ ਰੂਹ ਨਹੀਂ ਕਰਦੀ।’ ਇਸ ਵਾਕ ਨੂੰ ਅਸੀਂ ਅਕਸਰ ਆਮ ਗੱਲ ਸਮਝ ਕੇ ਟਾਲ ਦਿੰਦੇ ਹਾਂ ਪਰ ਇਸ ਦੇ ਪਿੱਛੇ ਕਈ ਵਾਰ ਇਕ ਡੂੰਘੀ ਮਾਨਸਿਕ ਪੀੜ ਹੁੰਦੀ ਹੈ।
ਇਨਸਾਨ ਕੰਮ ਤੋਂ ਥੱਕ ਕੇ ਘਰ ਵੱਲ ਇਸ ਆਸ ਨਾਲ ਮੁੜਦਾ ਹੈ ਕਿ ਹੁਣ ਉਸ ਨੂੰ ਸਕੂਨ ਮਿਲੇਗਾ। ਬਾਹਰਲੀ ਦੁਨੀਆ ਦੇ ਤਣਾਅ ਤੋਂ ਕੁਝ ਪਲਾਂ ਦੀ ਰਾਹਤ ਮਿਲੇਗੀ। ਕੋਈ ਉਸ ਦੀ ਗੱਲ ਸੁਣੇਗਾ, ਕੋਈ ਉਸ ਦੇ ਚਿਹਰੇ ਦੀ ਥਕਾਵਟ ਪੜ੍ਹੇਗਾ, ਕੋਈ ਪੁੱਛੇਗਾ-‘ਅੱਜ ਦਿਨ ਕਿਵੇਂ ਰਿਹਾ?’ ਪਰ ਜੇ ਘਰ ਦੀ ਦਹਿਲੀਜ਼ ਪਾਰ ਕਰਦਿਆਂ ਹੀ ਤਕਰਾਰ, ਤਾਅਨੇ, ਸ਼ੱਕ, ਉੱਚੀਆਂ ਆਵਾਜ਼ਾਂ ਅਤੇ ਬੇਇੱਜ਼ਤੀ ਉਸ ਦੀ ਉਡੀਕ ਕਰ ਰਹੇ ਹੋਣ ਤਾਂ ਉਹ ਮਨੁੱਖ ਕਿੱਥੇ ਜਾਵੇ? ਬਾਹਰਲੀ ਦੁਨੀਆ ਤੋਂ ਬਚਣ ਲਈ ਜਿਸ ਥਾਂ ਵੱਲ ਉਹ ਮੁੜਦਾ ਹੈ, ਜੇ ਉਹੀ ਥਾਂ ਉਸ ਲਈ ਤਣਾਅ ਦਾ ਕੇਂਦਰ ਬਣ ਜਾਵੇ ਤਾਂ ਮਨੁੱਖ ਦਾ ਅੰਦਰੋਂ ਟੁੱਟਣਾ ਸੁਭਾਵਿਕ ਹੈ। ਜ਼ਿੰਮੇਵਾਰੀ ਤੋਂ ਭੱਜਣਾ ਅਤੇ ਕਲੇਸ਼ ਤੋਂ ਬਚਣਾ-ਦੋ ਵੱਖਰੀਆਂ ਗੱਲਾਂ ਹਨ। ਸਾਡੇ ਸਮਾਜ ’ਚ ਅਕਸਰ ਕਿਸੇ ਵਿਅਕਤੀ ਦੇ ਪਰਿਵਾਰ ਤੋਂ ਦੂਰ ਹੋਣ ਨੂੰ ਤੁਰੰਤ ‘ਜ਼ਿੰਮੇਵਾਰੀ ਤੋਂ ਭੱਜਣਾ’ ਕਹਿ ਦਿੱਤਾ ਜਾਂਦਾ ਹੈ ਪਰ ਹਰ ਵਾਰ ਸੱਚ ਇਹ ਨਹੀਂ ਹੁੰਦਾ। ਜ਼ਿੰਮੇਵਾਰੀ ਹਰ ਇਨਸਾਨ ਦੀ ਜ਼ਿੰਦਗੀ ਦਾ ਕੁਦਰਤੀ ਹਿੱਸਾ ਹੈ। ਮਾਪਿਆਂ ਦੀ ਦੇਖਭਾਲ, ਬੱਚਿਆਂ ਦੀ ਪਰਵਰਿਸ਼, ਘਰ ਦੇ ਖ਼ਰਚੇ, ਸਮਾਜਿਕ ਫ਼ਰਜ਼ ਤੇ ਰਿਸ਼ਤਿਆਂ ਨੂੰ ਨਿਭਾਉਣਾ-ਇਹ ਸਭ ਜੀਵਨ ਦੀਆਂ ਹਕੀਕਤਾਂ ਹਨ। ਸਮਝਦਾਰ ਇਨਸਾਨ ਇਨ੍ਹਾਂ ਤੋਂ ਨਹੀਂ ਭੱਜਦਾ ਪਰ ਉਹ ਲਗਾਤਾਰ ਕਲੇਸ਼, ਅਪਮਾਨ ਅਤੇ ਮਾਨਸਿਕ ਤਣਾਅ ਤੋਂ ਬਚਣਾ ਜ਼ਰੂਰ ਚਾਹੁੰਦਾ ਹੈ। ਇਸ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵਿਅਕਤੀ ਦੀ ਚੁੱਪ ਨੂੰ ਹਮੇਸ਼ਾ ਗੈਰ-ਜ਼ਿੰਮੇਵਾਰੀ ਨਾ ਸਮਝਿਆ ਜਾਵੇ। ਕਈ ਵਾਰ ਚੁੱਪ ਦੇ ਪਿੱਛੇ ਬਹੁਤ ਲੰਬੇ ਸਮੇਂ ਦੀ ਥਕਾਵਟ ਹੁੰਦੀ ਹੈ। ਘਰ ਦਾ ਮਾਹੌਲ ਬੱਚਿਆਂ ਦੀ ਚੁੱਪ ’ਚ ਵੀ ਬੋਲਦਾ ਹੈ। ਪਰਿਵਾਰਕ ਕਲੇਸ਼ ਦਾ ਸਭ ਤੋਂ ਵੱਡਾ ਨੁਕਸਾਨ ਸਿਰਫ਼ ਪਤੀ-ਪਤਨੀ ਜਾਂ ਹੋਰ ਵੱਡਿਆਂ ਤੱਕ ਸੀਮਿਤ ਨਹੀਂ ਰਹਿੰਦਾ। ਇਸ ਦੀ ਸਭ ਤੋਂ ਡੂੰਘੀ ਛਾਪ ਬੱਚਿਆਂ ਦੇ ਮਨ ’ਤੇ ਪੈਂਦੀ ਹੈ।
ਬੱਚਾ ਜਦੋਂ ਹਰ ਰੋਜ਼ ਘਰ ’ਚ ਉੱਚੀਆਂ ਆਵਾਜ਼ਾਂ ਸੁਣਦਾ ਹੈ, ਇਕ-ਦੂਜੇ ਨੂੰ ਦੋਸ਼ ਦਿੰਦੇ ਦੇਖਦਾ ਹੈ ਜਾਂ ਮਾਪਿਆਂ ਵਿਚਕਾਰ ਤਣਾਅ ਮਹਿਸੂਸ ਕਰਦਾ ਹੈ, ਤਾਂ ਉਹ ਸ਼ਾਇਦ ਕੁਝ ਨਾ ਬੋਲੇ ਪਰ ਸਭ ਕੁਝ ਮਹਿਸੂਸ ਕਰਦਾ ਹੈ। ਉਸ ਦੀ ਪੜ੍ਹਾਈ ਪ੍ਰਭਾਵਿਤ ਹੋ ਸਕਦੀ ਹੈ, ਉਸ ਦਾ ਵਿਸ਼ਵਾਸ ਘਟ ਸਕਦਾ ਹੈ ਤੇ ਰਿਸ਼ਤਿਆਂ ਬਾਰੇ ਉਸ ਦੀ ਸੋਚ ਵੀ ਬਦਲ ਸਕਦੀ ਹੈ। ਕਈ ਵਾਰ ਵੱਡੇ ਲੋਕ ਕਹਿੰਦੇ ਹਨ-‘ਬੱਚਿਆਂ ਦੇ ਸਾਹਮਣੇ ਤਾਂ ਅਸੀਂ ਕੁਝ ਨਹੀਂ ਕਰਦੇ।’ ਪਰ ਬੱਚਿਆਂ ਨੂੰ ਸਿਰਫ਼ ਸ਼ਬਦ ਨਹੀਂ ਸੁਣਾਈ ਦਿੰਦੇ; ਉਹ ਮਾਹੌਲ ਪੜ੍ਹਦੇ ਹਨ। ਉਹ ਚਿਹਰਿਆਂ ਦੀਆਂ ਲਕੀਰਾਂ ਪੜ੍ਹਦੇ ਹਨ। ਉਹ ਚੁੱਪ ਦਾ ਅਰਥ ਸਮਝਦੇ ਹਨ। ਉਹ ਦਰਵਾਜ਼ੇ ਦੇ ਜ਼ੋਰ ਨਾਲ ਬੰਦ ਹੋਣ ਦੀ ਆਵਾਜ਼ ’ਚ ਵੀ ਤਣਾਅ ਮਹਿਸੂਸ ਕਰਦੇ ਹਨ। ਇਸ ਲਈ ਬੱਚਿਆਂ ਲਈ ਸਭ ਤੋਂ ਵੱਡੀ ਦੌਲਤ ਮਹਿੰਗਾ ਸਕੂਲ ਜਾਂ ਵੱਡਾ ਮਕਾਨ ਨਹੀਂ, ਸਗੋਂ ਸੁਰੱਖਿਅਤ ਅਤੇ ਪਿਆਰ ਭਰਿਆ ਪਰਿਵਾਰਕ ਮਾਹੌਲ ਹੈ।
ਗ੍ਰਿਹਸਥ ਜੀਵਨ ਦਾ ਮਤਲਬ ਸਿਰਫ਼ ਇਕ ਛੱਤ ਹੇਠ ਰਹਿਣਾ ਨਹੀਂ। ਇਸ ਦਾ ਮਤਲਬ ਹੈ-ਇਕ-ਦੂਜੇ ਦੇ ਸੁਖ ’ਚ ਖੁਸ਼ ਹੋਣਾ ਤੇ ਦੁੱਖ ’ਚ ਨਾਲ ਖੜ੍ਹਨਾ। ਰਿਸ਼ਤਾ ਸਿਰਫ਼ ਹੱਕ ਮੰਗਣ ਦਾ ਨਾਮ ਨਹੀਂ; ਰਿਸ਼ਤਾ ਆਪਣੇ ਫ਼ਰਜ਼ ਨੂੰ ਸਮਝਣ ਦਾ ਨਾਮ ਵੀ ਹੈ। ਅਸੀਂ ਅਕਸਰ ਆਪਣੇ ਪਰਿਵਾਰ ਦੇ ਮੈਂਬਰਾਂ ਤੋਂ ਉਮੀਦਾਂ ਰੱਖਦੇ ਹਾਂ ਪਰ ਕੀ ਅਸੀਂ ਕਦੇ ਆਪਣੇ ਆਪ ਤੋਂ ਪੁੱਛਿਆ ਹੈ- ਕੀ ਮੇਰੇ ਘਰ ਦੇ ਲੋਕ ਮੇਰੇ ਘਰ ਆਉਣ ਦੀ ਉਡੀਕ ਕਰਦੇ ਹਨ ਜਾਂ ਮੇਰੇ ਆਉਣ ਤੋਂ ਡਰਦੇ ਹਨ? ਕੀ ਮੇਰੀ ਮੌਜੂਦਗੀ ਘਰ ’ਚ ਖੁਸ਼ੀ ਲਿਆਉਂਦੀ ਹੈ ਜਾਂ ਤਣਾਅ? ਕੀ ਮੇਰੇ ਸ਼ਬਦ ਕਿਸੇ ਨੂੰ ਹੌਸਲਾ ਦਿੰਦੇ ਹਨ ਜਾਂ ਉਸ ਦਾ ਮਨ ਤੋੜਦੇ ਹਨ? ਕੀ ਮੈਂ ਗ਼ਲਤੀ ਹੋਣ ’ਤੇ ਮਾਫ਼ ਕਰ ਸਕਦਾ ਹਾਂ? ਕੀ ਮੈਂ ਹਮੇਸ਼ਾ ਆਪਣੇ ਆਪ ਨੂੰ ਸਹੀ ਅਤੇ ਦੂਜੇ ਨੂੰ ਗ਼ਲਤ ਮੰਨਦਾ ਹਾਂ? ਕੀ ਮੈਂ ਆਪਣੇ ਪਰਿਵਾਰ ਦੀ ਗੱਲ ਸੁਣਦਾ ਹਾਂ ਜਾਂ ਸਿਰਫ਼ ਆਪਣੀ ਗੱਲ ਮਨਵਾਉਣਾ ਚਾਹੁੰਦਾ ਹਾਂ? ਇਨ੍ਹਾਂ ਸਵਾਲਾਂ ਦੇ ਜਵਾਬ ਸ਼ਾਇਦ ਸਾਡੇ ਲਈ ਆਸਾਨ ਨਾ ਹੋਣ, ਪਰ ਪਰਿਵਾਰ ਬਚਾਉਣ ਲਈ ਕਈ ਵਾਰ ਸੱਚੇ ਜਵਾਬਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਜ਼ਿੰਦਗੀ ਬਹਿਸ ਜਿੱਤਣ ਨਾਲ ਨਹੀਂ, ਰਿਸ਼ਤੇ ਬਚਾਉਣ ਨਾਲ ਸੁੰਦਰ ਬਣਦੀ ਹੈ ਕਈ ਘਰਾਂ ਵਿੱਚ ਹਰ ਗੱਲ ‘ਕੌਣ ਸਹੀ ਹੈ?’ ਦੀ ਲੜਾਈ ਬਣ ਜਾਂਦੀ ਹੈ ਪਰ ਹਰ ਰਿਸ਼ਤੇ ’ਚ ਇਹ ਜ਼ਰੂਰੀ ਨਹੀਂ ਕਿ ਕੋਈ ਇਕ ਜਿੱਤੇ ਤੇ ਦੂਜਾ ਹਾਰੇ। ਕਈ ਵਾਰ ਰਿਸ਼ਤੇ ਨੂੰ ਜਿੱਤਣ ਲਈ ਆਪਣੀ ਗੱਲ ਛੱਡਣੀ ਪੈਂਦੀ ਹੈ। ਕਈ ਵਾਰ ‘ਮੈਂ ਸਹੀ ਹਾਂ’ ਨਾਲੋਂ ‘ਚਲੋ, ਗੱਲ ਕਰ ਕੇ ਹੱਲ ਕਰਦੇ ਹਾਂ’ ਵਧੇਰੇ ਕੀਮਤੀ ਹੁੰਦਾ ਹੈ।
ਕਈ ਵਾਰ ਇਕ ‘ਮਾਫ਼ ਕਰਨਾ’ ਸਾਲਾਂ ਦੀ ਦੂਰੀ ਘਟਾ ਸਕਦਾ ਹੈ ਅਤੇ ਕਈ ਵਾਰ ਇਕ ‘ਮੈਂ ਤੇਰੇ ਨਾਲ ਹਾਂ’ ਕਿਸੇ ਟੁੱਟੇ ਹੋਏ ਮਨੁੱਖ ਨੂੰ ਮੁੜ ਖੜ੍ਹਾ ਕਰ ਸਕਦਾ ਹੈ। ਰਿਸ਼ਤਿਆਂ ’ਚ ਹਰ ਗੱਲ ਦਾ ਹਿਸਾਬ ਰੱਖਣਾ ਬੈਂਕ ਖਾਤਾ ਸੰਭਾਲਣ ਵਰਗਾ ਹੈ। ਪਰ ਪਰਿਵਾਰ ਕੋਈ ਲੈਣ-ਦੇਣ ਦੀ ਸੰਸਥਾ ਨਹੀਂ। ਉੱਥੇ ਕੁਝ ਗੱਲਾਂ ਛੱਡਣੀਆਂ ਪੈਂਦੀਆਂ ਹਨ, ਕੁਝ ਗ਼ਲਤੀਆਂ ਭੁੱਲਣੀਆਂ ਪੈਂਦੀਆਂ ਹਨ ਤੇ ਕਈ ਵਾਰ ਆਪਣੇ ਹੰਕਾਰ ਨੂੰ ਵੀ ਦਰਵਾਜ਼ੇ ਤੋਂ ਬਾਹਰ ਛੱਡਣਾ ਪੈਂਦਾ ਹੈ। ਆਓ, ਅੱਜ ਤੋਂ ਆਪਣੇ ਘਰਾਂ ਲਈ ਇਕ ਛੋਟਾ ਜਿਹਾ ਸੰਕਲਪ ਕਰੀਏ। ਉੱਚੀ ਆਵਾਜ਼ ਦੀ ਥਾਂ ਮਿੱਠੇ ਬੋਲ ਬੋਲਾਂਗੇ। ਦੋਸ਼ ਲਗਾਉਣ ਦੀ ਥਾਂ ਇਕ-ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਗੁੱਸੇ ਦੀ ਥਾਂ ਕੁਝ ਪਲਾਂ ਦਾ ਸਬਰ ਰੱਖਾਂਗੇ। ਸ਼ਿਕਾਇਤ ਦੀ ਥਾਂ ਸ਼ੁਕਰਾਨਾ ਕਰਾਂਗੇ ਤੇ ਸਭ ਤੋਂ ਵੱਧ-ਇਕ-ਦੂਜੇ ਦੀ ਇੱਜ਼ਤ ਕਰਾਂਗੇ। ਕਿਉਂਕਿ ਪਰਿਵਾਰ ਨੂੰ ਤੋੜਨ ਲਈ ਹਮੇਸ਼ਾ ਕੋਈ ਵੱਡੀ ਘਟਨਾ ਜ਼ਰੂਰੀ ਨਹੀਂ ਹੁੰਦੀ।
ਕਈ ਵਾਰ ਰੋਜ਼ ਬੋਲੇ ਗਏ ਛੋਟੇ-ਛੋਟੇ ਕੌੜੇ ਸ਼ਬਦ ਹੀ ਕੰਧਾਂ ’ਚ
ਅਜਿਹੀਆਂ ਦਰਾਰਾਂ ਪਾ ਦਿੰਦੇ ਹਨ ਜੋ ਬਾਅਦ ’ਚ ਵੱਡੀਆਂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਪਰਿਵਾਰ ਨੂੰ ਜੋੜਨ ਲਈ ਵੀ ਕੋਈ ਵੱਡਾ ਚਮਤਕਾਰ ਨਹੀਂ ਚਾਹੀਦਾ। ਛੋਟੀਆਂ-ਛੋਟੀਆਂ ਨੇਕੀਆਂ, ਮਿੱਠੇ ਬੋਲ, ਸਤਿਕਾਰ ਅਤੇ ਸਾਥ ਹੀ ਕਾਫ਼ੀ ਹਨ। ਜਿਸ ਘਰ ਨੂੰ ਬਣਾਉਣ ਲਈ ਅਸੀਂ ਆਪਣੀ ਅੱਧੀ ਜ਼ਿੰਦਗੀ ਲਗਾ ਦਿੱਤੀ, ਕੀ ਉਸ ਘਰ ’ਚ ਰਹਿਣ ਵਾਲਿਆਂ ਨੂੰ ਸਾਡੇ ਨਾਲ ਰਹਿ ਕੇ ਸੁਖ ਮਿਲਦਾ ਹੈ? ਜੇ ਜਵਾਬ ਹਾਂ ਹੈ ਤਾਂ ਅਸੀਂ ਸਿਰਫ਼ ਮਕਾਨ ਨਹੀਂ ਬਣਾਇਆ-ਅਸੀਂ ਘਰ ਬਣਾਇਆ ਹੈ। ਜੇ ਜਵਾਬ ਨਹੀਂ ਹੈ ਤਾਂ ਸ਼ਾਇਦ ਸਾਨੂੰ ਕੰਧਾਂ ਦੀ ਮੁਰੰਮਤ ਨਾਲੋਂ ਪਹਿਲਾਂ ਰਿਸ਼ਤਿਆਂ ਦੀ ਮੁਰੰਮਤ ਕਰਨ ਦੀ ਲੋੜ ਹੈ।
(ਸੰਪਰਕ : 9478231000)