- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਬਰਨਾਲੇ ਤੋਂ ਗਏ ਜੱਥੇ ਨੇ ਕੰਨ ਰੇਡੀਓ ਵੱਲ ਟਿਕਾਏ ਹੋਏ ਸਨ। ਗਗਨ ਅਜੀਤ ਸਿੰਘ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਫ਼ਾਈਨਲ ’ਚ ਅਰਜਨਟਾਈਨਾ ਨੂੰ 6-1 ਨਾਲ ਹਰਾ ਕੇ ਪਹਿਲਾ ਵਿਸ਼ਵ ਖ਼ਿਤਾਬ ਜਿੱਤ ਲਿਆ। ਜਿਉਂ ਹੀ ਅਸੀਂ ਇਹ ਖ਼ਬਰ ਰੇਡੀਓ ਉਪਰ ਸੁਣੀ ਤਾਂ ਅਸੀਂ ਖੁਸ਼ੀ ’ਚ ਕੂਕਾਂ ਛੱਡ ਦਿੱਤੀਆਂ। ਉਧਰ, ਮੇਲੇ ’ਚ ਸਟੇਜ ਉੱਪਰ ਕੋਈ ਫ਼ਨਕਾਰ ਆਪਣੀ ਕਲਾ ਦਾ ਜੌਹਰ ਦਿਖਾ ਰਿਹਾ ਸੀ ਅਤੇ ਇੱਧਰ ਜਿਉਂ ਹੀ ਅਸੀਂ ਕੂਕਾਂ ਛੱਡੀਆਂ ਤਾਂ ਬਾਕੀ ਸਰੋਤੇ ਹੈਰਾਨ ਹੋ ਗਏ ਕਿ ਸਟੇਜ ਉੁਪਰ ਤਾਂ ਅਜਿਹਾ ਕੁੱਝ ਨਹੀਂ ਹੋਇਆ, ਜਿਹੜਾ ਕੂਕਾਂ ਵੱਜ ਰਹੀਆਂ ਹਨ। ਸਾਡੇ ਲਈ ਉਹ ਦਿਨ ਹੁਣ ਤੱਕ ਨਾ ਭੁੱਲਣਯੋਗ ਯਾਦਗਾਰ ਹੈ।

-ਨਵਦੀਪ ਸਿੰਘ ਗਿੱਲ
ਮੁੱਢ ਕਦੀਮ ਤੋਂ ਪੰਜਾਬੀਆਂ ਲਈ ਮਨੋਰੰਜਨ ਦੇ ਦੋ ਸਾਧਨ ਰਹੇ ਹਨ, ਪਹਿਲਾਂ ਖੇਡਾਂ ਤੇ ਦੂਜਾ ਗਾਉਣ ਵਜਾਉਣ। ਖੇਡਾਂ ’ਚ ਘੁਲਣਾ, ਖਿੱਦੋ-ਖੁੰਡੀ, ਕੌਡੀ ਬਾਡੀ ਪ੍ਰਮੁੱਖ ਹਨ, ਜੋ ਅਜੋਕੇ ਦੌਰ ’ਚ ਕੁਸ਼ਤੀ, ਹਾਕੀ, ਕਬੱਡੀ ਦੇ ਨਾਂ ਨਾਲ ਪ੍ਰਚੱਲਿਤ ਹੈ। ਗਾਉਣ ’ਚ ਅਖਾੜਾ ਗਾਇਕੀ ਪੰਜਾਬੀਆਂ ਦੀ ਪਹਿਲੀ ਪਸੰਦ ਹੈ ਤੇ ਸੱਭਿਆਚਾਰਕ ਮੇਲਿਆਂ ’ਚ ਪੰਜਾਬੀ ਹੁੰਮ-ਹੁੰਮਾ ਕੇ ਪੁੱਜਦੇ ਹਨ। ਇਸੇ ਲਈ ਪੰਜਾਬ ਦੇ ਵੱਡੇ ਖੇਡ ਮੇਲਿਆਂ ਦੌਰਾਨ ਸ਼ਾਮ ਨੂੰ ਗਾਇਕਾਂ ਅਖਾੜੇ ਲਗਾਏ ਜਾਂਦੇ ਤਾਂ ਜੋ ਇੱਕੋ ਥਾਂ ਖੇਡਾਂ ਤੇ ਗਾਉਣ ਵਜਾਉਣ ਦਾ ਮਨੋਰੰਜਨ ਹੋ ਸਕੇ।
ਖੇਡਾਂ ਤੇ ਸੱਭਿਆਚਾਰਕ ਮੇਲੇ ਦੀ ਪੱਚੀ ਵਰ੍ਹੇ ਪੁਰਾਣੀ ਯਾਦ ਮੇਰੇ ਅੱਜ ਵੀ ਚੇਤਿਆਂ ’ਚ ਇਵੇਂ ਵਸੀ ਹੈ, ਜਿਵੇਂ ਉਹ ਕੱਲ੍ਹ ਦੀ ਗੱਲ ਹੋਵੇ। ਗੱਲ 21 ਅਕਤੂਬਰ 2021 ਦੀ ਹੈ। ਅੱਜ ਤੋਂ ਪੂਰੇ ਪੱਚੀ ਵਰ੍ਹੇ ਪਹਿਲਾਂ ਆਸਟਰੇਲੀਆ ਦੇ ਸ਼ਹਿਰ ਹੋਬਾਰਟ ਵਿਖੇ ਜੂਨੀਅਰ ਹਾਕੀ ਵਿਸ਼ਵ ਕੱਪ ਖੇਡਿਆ ਜਾ ਰਿਹਾ ਸੀ। ਉਸ ਤੋਂ ਪਹਿਲਾਂ ਭਾਰਤ ਨੇ ਹਾਕੀ ਸੀਨੀਅਰ ਪੱਧਰ ’ਤੇ ਓਲੰਪਿਕ ਖੇਡਾਂ, ਵਿਸ਼ਵ ਕੱਪ, ਏਸ਼ਿਆਈ ਖੇਡਾਂ, ਏਸ਼ੀਆ ਕੱਪ ਆਦਿ ਮੁਕਾਬਲਿਆਂ ’ਚ ਸੋਨ ਤਮਗ਼ੇ ਜਿੱਤੇ ਸਨ ਪਰ ਜੂਨੀਅਰ ਹਾਕੀ ਵਿਸ਼ਵ ਕੱਪ ’ਚ ਭਾਰਤ ਨੂੰ ਪਹਿਲੇ ਸੋਨ ਤਮਗ਼ੇ ਦੀ ਉਡੀਕ ਸੀ। 1997 ’ਚ ਮਿਲਟਨ ਕੀਨਜ਼ ਵਿਖੇ ਖੇਡੇ ਜੂਨੀਅਰ ਵਿਸ਼ਵ ਕੱਪ ’ਚ ਭਾਰਤੀ ਟੀਮ ਫ਼ਾਈਨਲ ’ਚ ਪਹਿਲੀ ਵਾਰ ਪੁੱਜੀ ਸੀ ਪਰ ਉੱਥੇ ਹਾਰ ਜਾਣ ਕਰਕੇ ਚਾਂਦੀ ਦੇ ਤਮਗ਼ੇ ਉੱਤੇ ਸਬਰ ਕਰਨਾ ਪਿਆ।
ਹੋਬਾਰਟ ਵਿਖੇ ਭਾਰਤੀ ਟੀਮ ਨੇ ਲੀਗ ਸਟੇਜ ਅਤੇ ਫੇਰ ਨਾਕ ਆਊਟ ਮੁਕਾਬਲਿਆਂ ’ਚ ਬਿਹਤਰ ਪ੍ਰਦਰਸ਼ਨ ਕਰਦਿਆਂ ਲਗਾਤਾਰ ਦੂਜੀ ਵਾਰ ਜੂਨੀਅਰ ਵਿਸ਼ਵ ਕੱਪ ਦੇ ਫ਼ਾਈਨਲ ’ਚ ਦਾਖਲਾ ਪਾਇਆ। ਭਾਰਤ ਤੇ ਅਰਜਨਟਾਈਨਾ ਵਿਚਾਲੇ 21 ਅਕਤੂਬਰ ਨੂੰ ਫ਼ਾਈਨਲ ਖੇਡਿਆ ਜਾ ਰਿਹਾ ਸੀ। ਭਾਰਤੀ ਸਮੇਂ ਮੁਤਾਬਕ ਦੁਪਹਿਰ ਦਾ ਸਮਾਂ ਸੀ। ਉਧਰ, ਹਰ ਸਾਲ 21 ਅਕਤੂਬਰ ਨੂੰ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਦਾ ਸਿਰਮੌਰ ਪ੍ਰੋ.ਮੋਹਨ ਸਿੰਘ ਮੇਲਾ ਵੀ ਲੁਧਿਆਣਾ ਵਿਖੇ ਜੁੜਦਾ ਸੀ। ਨੱਬੇਵਿਆਂ ਦੇ ਦੌਰ ’ਚ ਤਾਂ ਪ੍ਰੋ. ਮੋਹਨ ਸਿੰਘ ਮੇਲੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ’ਚ ਆਉਂਦੇ ਪੰਜਾਬੀਆਂ ਕਰ ਕੇ ਪੰਜਾਬੀ ਭਵਨ ਦਾ ਵਿਹੜਾ ਵੀ ਛੋਟਾ ਪੈ ਜਾਂਦਾ ਸੀ।
ਜਗਦੇਵ ਸਿੰਘ ਜੱਸੋਵਾਲ, ਪ੍ਰੋ.ਗੁਰਭਜਨ ਗਿੱਲ, ਪਰਗਟ ਸਿੰਘ ਗਰੇਵਾਲ, ਨਿਰਮਲ ਜੌੜਾ ਹੁਰੀਂ ਮੇਲੇ ਦੇ ਪ੍ਰਬੰਧਕਾਂ ਵੱਲੋਂ ਲੋਕਾਂ ਦੀ ਭੀੜ ਨੂੰ ਧਿਆਨ ’ਚ ਰੱਖਦਿਆਂ ਪ੍ਰੋ.ਮੋਹਨ ਸਿੰਘ ਮੇਲਾ ਪੰਜਾਬੀ ਭਵਨ ਤੋਂ ਕੱਢ ਕੇ ਪੱਖੋਵਾਲ ਰੋਡ ’ਤੇ ਦਾਦ ਪਿੰਡ ਕੋਲ ਪਾਲਮ ਵਿਹਾਰ ਵਿਖੇ ਖੁੱਲ੍ਹੇ ਪੰਡਾਲ ’ਚ ਲਗਾਉਣ ਦਾ ਫ਼ੈਸਲਾ ਕਰ ਲਿਆ ਗਿਆ ਸੀ। 21 ਅਕਤੂਬਰ 2021 ਨੂੰ ਲੁਧਿਆਣਾ ਵਿਖੇ ਪੱਖੋਵਾਲ ਰੋਡ ’ਤੇ ਪ੍ਰੋ.ਮੋਹਨ ਸਿੰਘ ਮੇਲਾ ਜ਼ੋਬਨ ਉਤੇ ਸੀ।
ਇੱਧਰ, ਮੇਲੇ ’ਚ ਗਾਉਣ-ਵਜਾਉਣ ਚੱਲੇ, ਉੱਧਰ ਆਸਟਰੇਲੀਆ ਦੀ ਧਰਤੀ ’ਤੇ ਜੂਨੀਅਰ ਹਾਕੀ ਵਿਸ਼ਵ ਕੱਪ ਦਾ ਫ਼ਾਈਨਲ। ਉਸ ਵੇਲੇ ਟੈਲੀਵੀਜ਼ਨ ਉੱਪਰ ਮੈਚ ਦਾ ਸਿੱਧਾ ਪ੍ਰਸਾਰਣ ਨਹੀਂ ਕੀਤਾ ਗਿਆ, ਜਿਸ ਕਾਰਨ ਹਾਕੀ ਪ੍ਰੇਮੀ ਰੇਡੀਓ ਜਾਂ ਟੀਵੀ ਉੱਪਰ ਖ਼ਬਰਾਂ ਦੇ ਬੁਲੇਟਿਨ ’ਚ ਹਾਕੀ ਫ਼ਾਈਨਲ ਨੂੰ ਉਡੀਕ ਰਹੇ ਸਨ। ਉਦੋਂ ਅੱਜ ਵਾਂਗ ਇੰਟਰਨੈੱਟ, ਵੈੱਬ ਮੀਡੀਆ, ਵੈੱਬ ਚੈਨਲ ਜਾਂ ਚੌਵੀਂ ਘੰਟਿਆਂ ਦੇ ਨਿਊਜ਼ ਚੈਨਲ ਵੀ ਨਹੀਂ ਹੁੰਦੇ ਸਨ। ਉਸ ਦਿਨ ਅਸੀਂ ਬਰਨਾਲਿਓਂ ਪ੍ਰੋ.ਮੋਹਨ ਸਿੰਘ ਮੇਲਾ ਦੇਖਣ ਲੁਧਿਆਣੇ ਪੁੱਜੇ ਹੋਏ ਸਨ। ਮੈਂ, ਮੇਰਾ ਪਿਤਾ ਜੀ ਤੇ ਬਰਨਾਲਾ ਤੋਂ ਸੁਦਰਸ਼ਨ ਗੁੱਡੂ ਅੰਕਲ ਅਸੀਂ ਸਰੀਰਕ ਤੌਰ ’ਤੇ ਪ੍ਰੋ. ਮੋਹਨ ਸਿੰਘ ਮੇਲੇ ’ਚ ਬੈਠੇ ਸੀ ਪਰ ਸਾਡਾ ਧਿਆਨ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਫ਼ਾਈਨਲ ’ਚ ਸੀ।
ਅਸੀਂ ਬਰਨਾਲੇ ਤੋਂ ਗਏ ਜੱਥੇ ਨੇ ਕੰਨ ਰੇਡੀਓ ਵੱਲ ਟਿਕਾਏ ਹੋਏ ਸਨ। ਗਗਨ ਅਜੀਤ ਸਿੰਘ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਫ਼ਾਈਨਲ ’ਚ ਅਰਜਨਟਾਈਨਾ ਨੂੰ 6-1 ਨਾਲ ਹਰਾ ਕੇ ਪਹਿਲਾ ਵਿਸ਼ਵ ਖ਼ਿਤਾਬ ਜਿੱਤ ਲਿਆ। ਜਿਉਂ ਹੀ ਅਸੀਂ ਇਹ ਖ਼ਬਰ ਰੇਡੀਓ ਉਪਰ ਸੁਣੀ ਤਾਂ ਅਸੀਂ ਖੁਸ਼ੀ ’ਚ ਕੂਕਾਂ ਛੱਡ ਦਿੱਤੀਆਂ। ਉਧਰ, ਮੇਲੇ ’ਚ ਸਟੇਜ ਉੱਪਰ ਕੋਈ ਫ਼ਨਕਾਰ ਆਪਣੀ ਕਲਾ ਦਾ ਜੌਹਰ ਦਿਖਾ ਰਿਹਾ ਸੀ ਅਤੇ ਇੱਧਰ ਜਿਉਂ ਹੀ ਅਸੀਂ ਕੂਕਾਂ ਛੱਡੀਆਂ ਤਾਂ ਬਾਕੀ ਸਰੋਤੇ ਹੈਰਾਨ ਹੋ ਗਏ ਕਿ ਸਟੇਜ ਉੁਪਰ ਤਾਂ ਅਜਿਹਾ ਕੁੱਝ ਨਹੀਂ ਹੋਇਆ, ਜਿਹੜਾ ਕੂਕਾਂ ਵੱਜ ਰਹੀਆਂ ਹਨ। ਸਾਡੇ ਲਈ ਉਹ ਦਿਨ ਹੁਣ ਤੱਕ ਨਾ ਭੁੱਲਣਯੋਗ ਯਾਦਗਾਰ ਹੈ।
ਹਰ ਸਾਲ ਪ੍ਰੋ.ਮੋਹਨ ਸਿੰਘ ਮੇਲੇ ਵਾਲੇ ਦਿਨ ਹਾਕੀ ਜੂਨੀਅਰ ਵਿਸ਼ਵ ਕੱਪ ਦੀ ਜਿੱਤ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਅਤੇ ਇਸ ਵਾਰ ਤਾਂ ਇਸ ਜਿੱਤ ਦੀ ਸਿਲਵਰ ਜੁਬਲੀ ਹੈ। ਉਸ ਤੋਂ ਬਾਅਦ ਭਾਰਤ ਨੇ 2016 ’ਚ ਲਖਨਊ ਵਿਖੇ ਦੂਜੀ ਵਾਰ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤਿਆ ਅਤੇ ਪਹਿਲੀ ਜਿੱਤ ਹਮੇਸ਼ਾ ਖਾਸ ਹੁੰਦੀ ਹੈ। ਉਸ ਵੇਲੇ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ’ਚ 9 ਖਿਡਾਰੀ ਪੰਜਾਬ ਦੇ ਸਨ। ਕੋਚ ਰਾਜਿੰਦਰ ਸਿੰਘ ਸੀਨੀਅਰ ਤੇ ਸਹਾਇਕ ਕੋਚ ਨਰਿੰਦਰ ਸਿੰਘ ਸੋਢੀ ਸਨ। ਪੰਜਾਬੀ ਖਿਡਾਰੀਆਂ ’ਚ ਕਪਤਾਨ ਗਗਨ ਅਜੀਤ ਸਿੰਘ ਤੋਂ ਇਲਾਵਾ ਦੀਪਕ ਠਾਕੁਰ, ਪ੍ਰਭਜੋਤ ਸਿੰਘ, ਜੁਗਰਾਜ ਸਿੰਘ, ਕੰਵਲਪ੍ਰੀਤ ਸਿੰਘ, ਤੇਜਬੀਰ ਸਿੰਘ, ਇੰਦਰਜੀਤ ਚੱਢਾ, ਰਾਜਪਾਲ ਸਿੰਘ ਤੇ ਬਿਕਰਮਜੀਤ ਸਿੰਘ ਕਾਕਾ। ਹੋਰਨਾਂ ਖਿਡਾਰੀਆਂ ’ਚ ਗੋਲਚੀ ਦਿਵੇਸ਼ ਚੌਹਾਨ, ਵਿਕਰਮ ਪਿੱਲੈ, ਪ੍ਰਬੋਧ ਟਿਰਕੀ, ਬਿਮਲ ਲਾਕੜਾ, ਅਰਜੁਨ ਹਾਲੱਪਾ ਸਨ। ਦੀਪਕ ਠਾਕੁਰ 10 ਗੋਲਾਂ ਨਾਲ ਟਾਪ ਸਕੋਰਰ ਰਿਹਾ ਸੀ। ਜੁਗਰਾਜ ਸਿੰਘ ਨੇ ਸੱਤ ਤੇ ਪ੍ਰਭਜੋਤ ਸਿੰਘ ਨੇ ਪੰਜ ਗੋਲ ਕੀਤੇ ਸਨ। ਇਹ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਸੀ। ਇਸ ਬੈਚ ਨੇ ਭਾਰਤੀ ਹਾਕੀ ਨੂੰ ਸੀਨੀਅਰ ’ਚ ਚੰਗੇ ਨਤੀਜੇ ਲੈ ਕੇ ਦਿੱਤੇ।
ਉਸ ਟੀਮ ਦਾ ਹਿੱਸਾ ਰਹੇ ਰਾਜਪਾਲ ਸਿੰਘ ਅੱਜ ਵੀ ਕਹਿੰਦੇ ਹਨ ਕਿ ਉਹ ਟੀਮ ’ਚ ਸਭ ਤੋਂ ਛੋਟਾ ਖਿਡਾਰੀ ਸੀ ਅਤੇ ਉਹ ਅਠਾਰਾਂ ਮੈਂਬਰੀ ਟੀਮ ਨੂੰ ਅਠਾਰਵੇਂ ਨੰਬਰ ’ਤੇ ਮੰਨਦਾ ਸੀ ਤੇ ਉਹ ਅੱਗੇ ਜਾ ਕੇ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਿਆ। ਰਾਜਪਾਲ ਸਿੰਘ ਦੀ ਕਪਤਾਨੀ ’ਚ ਭਾਰਤ ਨੇ 2010 ’ਚ ਵਿਸ਼ਵ ਕੱਪ ਅਤੇ ਰਾਸ਼ਟਰ ਮੰਡਲ ਖੇਡਾਂ ਖੇਡੀਆਂ ਤੇ 2011 ’ਚ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ। ਇਹ ਉਸ ਟੀਮ ਦੀ ਖ਼ਾਸੀਅਤ ਸੀ ਕਿ ਅਠਾਰਵੇਂ ਨੰਬਰ ਦਾ ਖਿਡਾਰੀ ਵੀ ਅੱਗੇ ਜਾ ਕੇ ਭਾਰਤ ਦੀ ਸੀ ਨੀਅਰ ਟੀਮ ਦਾ ਕਪਤਾਨ ਬਣਿਆ।
ਭਾਰਤ ਨੂੰ ਪਹਿਲਾ ਜੂਨੀਅਰ ਵਿਸ਼ਵ ਕੱਪ ਜਿਤਾਉਣ ਵਾਲੀ ਟੀਮ ਦੀ ਸਿਲਵਰ ਜੁਬਲੀ ਮੌਕੇ ਪੰਜਾਬ ਦੀ ਧਰਤੀ ’ਤੇ ਪਹਿਲੀ ਵਾਰ 27 ਅਕਤੂਬਰ ਤੋਂ 5 ਨਵੰਬਰ ਤੱਕ ਏਸ਼ੀਅਨ ਚੈਂਪੀਅਨਜ਼ ਟਰਾਫੀ ਖੇਡੀ ਜਾ ਰਹੀ ਹੈ। ਇਹ ਹਾਕੀ ਵਾਲਿਆਂ ਦਾ ਸਮਾਂ ਹੈ ਤੇ ਸਾਰਾ ਸਾਲ ਇਸ ਜਿੱਤ ਦੇ ਜਸ਼ਨ ਮਨਾਏ ਜਾਣਗੇ। -ਸੰਪਰਕ : 97800-36216