
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਧਰਮ ਮਨੁੱਖ ਨੂੰ ਚੰਗਾ ਇਨਸਾਨ ਬਣਾਉਣ ਦਾ ਸਾਧਨ ਹੋਣਾ ਚਾਹੀਦਾ ਹੈ। ਜੇ ਧਰਮ ਦੇ ਨਾਮ ’ਤੇ ਕਿਸੇ ਹੋਰ ਨਾਲ ਨਫ਼ਰਤ ਪੈਦਾ ਹੋਵੇ ਤਾਂ ਸਮੱਸਿਆ ਧਰਮ ’ਚ ਨਹੀਂ, ਉਸ ਦੀ ਗ਼ਲਤ ਵਿਆਖਿਆ ਅਤੇ ਗ਼ਲਤ ਵਰਤੋਂ ’ਚ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ- ਆਪਣੇ ਧਰਮ ਨਾਲ ਪਿਆਰ ਕਰੋ ਤੇ ਦੂਜੇ ਧਰਮ ਨਾਲ ਨਫ਼ਰਤ ਨਾ ਕਰੋ। ਆਪਣੀ ਪਛਾਣ ’ਤੇ ਮਾਣ ਕਰੋ ਪਰ ਦੂਜੇ ਦੀ ਪਛਾਣ ਦਾ ਅਪਮਾਨ ਨਾ ਕਰੋ। ਇਹੀ ਭਾਰਤੀਅਤ ਦੀ ਅਸਲ ਭਾਵਨਾ ਹੈ।

ਡਾ. ਸੰਦੀਪ ਘੰਡ
ਕੁਝ ਘਟਨਾਵਾਂ ਸਮੇਂ ਦੇ ਬੀਤਣ ਨਾਲ ਪੁਰਾਣੀਆਂ ਨਹੀਂ ਹੁੰਦੀਆਂ। ਉਹ ਇਤਿਹਾਸ ਦੇ ਪੰਨਿਆਂ ਤੋਂ ਨਿਕਲ ਕੇ ਪੀੜ੍ਹੀਆਂ ਦੀ ਸਾਂਝੀ ਯਾਦ ਦਾ ਹਿੱਸਾ ਬਣ ਜਾਂਦੀਆਂ ਹਨ। 1984 ਵੀ ਭਾਰਤ ਦੇ ਇਤਿਹਾਸ ਦਾ ਅਜਿਹਾ ਹੀ ਦਰਦਨਾਕ ਅਧਿਆਇ ਹੈ। ਇਸ ਤ੍ਰਾਸਦੀ ਨੇ ਹਜ਼ਾਰਾਂ ਪਰਿਵਾਰਾਂ ਨੂੰ ਉਜਾੜਿਆ, ਅਨੇਕਾਂ ਜਾਨਾਂ ਲਈਆਂ ਅਤੇ ਸਮਾਜਿਕ ਭਰੋਸੇ ਨੂੰ ਡੂੰਘੀ ਸੱਟ ਮਾਰੀ। 20 ਅਗਸਤ 2026 ਨੂੰ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੀ ਦਿੱਲੀ ਦੇ ਸਫ਼ਦਰਜੰਗ ਹਸਪਤਾਲ ’ਚ ਮੌਤ ਨੇ ਇਕ ਵਾਰ ਫਿਰ 1984 ਦੀਆਂ ਯਾਦਾਂ ਨੂੰ ਜਨਤਕ ਚਰਚਾ ’ਚ ਲਿਆ ਦਿੱਤਾ। ਉਹ 1984 ਨਾਲ ਸਬੰਧਤ ਦੋ ਮਾਮਲਿਆਂ ’ਚ ਉਮਰਕੈਦ ਦੀਆਂ ਸਜ਼ਾਵਾਂ ਭੁਗਤ ਰਹੇ ਸਨ।
2018 ’ਚ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਇਕ ਮਾਮਲੇ ’ਚ ਉਮਰਕੈਦ ਸੁਣਾਈ ਸੀ ਅਤੇ 2025 ’ਚ ਇਕ ਹੋਰ ਮਾਮਲੇ ’ਚ ਵੀ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਹੋਈ। ਇਸ ਤੋਂ ਬਾਅਦ ਆਏ ਕੁਝ ਸਿਆਸੀ ਬਿਆਨਾਂ ਨੇ ਨਵੀਂ ਚਰਚਾ ਨੂੰ ਜਨਮ ਦਿੱਤਾ। ਕਾਂਗਰਸ ਆਗੂ ਵੱਲੋਂ ਸੱਜਣ ਕੁਮਾਰ ਬਾਰੇ ਕੀਤੀ ਗਈ ਪ੍ਰਸ਼ੰਸਾਤਮਕ ਟਿੱਪਣੀ ’ਤੇ ਪੰਜਾਬ ਕਾਂਗਰਸ ਦੇ ਕੁਝ ਆਗੂਆਂ ਨੇ ਦੂਰੀ ਬਣਾਉਂਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ। ਇੱਥੇ ਸਾਡੇ ਸਾਹਮਣੇ ਇਕ ਬਹੁਤ ਵੱਡਾ ਸਵਾਲ ਖੜ੍ਹਾ ਹੁੰਦਾ ਹੈ—ਕੀ ਅਸੀਂ 1984 ਦੀ ਯਾਦ ਨੂੰ ਸਿਆਸੀ ਬਿਆਨਾਂ ਦੀ ਅੱਗ ’ਚ ਦੁਬਾਰਾ ਸਾੜਨਾ ਹੈ ਜਾਂ ਉਸ ਦੇ ਜ਼ਖ਼ਮਾਂ ਤੋਂ ਭਵਿੱਖ ਲਈ ਕੋਈ ਰੌਸ਼ਨੀ ਪੈਦਾ ਕਰਨੀ ਹੈ? ਦੂਜਾ ਰਸਤਾ ਹੀ ਜ਼ਿਆਦਾ ਬਿਹਤਰ ਹੈ। 1984 ਨੂੰ ਆਪਣੀਆਂ ਅੱਖਾਂ ਨਾਲ ਦੇਖਣ ਵਾਲੀ ਪੀੜ੍ਹੀ ਲਈ ਇਹ ਸਿਰਫ਼ ਇਤਿਹਾਸ ਨਹੀਂ। ਕਿਸੇ ਨੇ ਆਪਣਾ ਪਿਤਾ ਗੁਆਇਆ, ਕਿਸੇ ਨੇ ਭਰਾ, ਕਿਸੇ ਨੇ ਪੁੱਤਰ, ਕਿਸੇ ਨੇ ਪੂਰਾ ਪਰਿਵਾਰ। ਕਈ ਪਰਿਵਾਰਾਂ ਦੇ ਘਰ ਉੱਜੜੇ ਅਤੇ ਕਈ ਲੋਕਾਂ ਨੇ ਦਹਾਕਿਆਂ ਤੱਕ ਆਪਣੇ ਅੰਦਰ ਉਹ ਦਰਦ ਸੰਭਾਲ ਕੇ ਰੱਖਿਆ ਪਰ ਅੱਜ ਇਕ ਨਵੀਂ ਪੀੜ੍ਹੀ ਸਾਡੇ ਸਾਹਮਣੇ ਹੈ-ਜਿਸ ਨੂੰ ਅਸੀਂ ਆਮ ਤੌਰ ’ਤੇ ਜੈੱਨ-ਜ਼ੀ ਕਹਿੰਦੇ ਹਾਂ। ਇਸ ਪੀੜ੍ਹੀ ਦਾ ਜਨਮ 1984 ਤੋਂ ਬਹੁਤ ਬਾਅਦ ਹੋਇਆ। ਇਸ ਨੇ 1984 ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ। ਇਸ ਨੇ ਇਹ ਇਤਿਹਾਸ ਆਪਣੇ ਮਾਪਿਆਂ, ਦਾਦਾ-ਦਾਦੀ, ਕਿਤਾਬਾਂ, ਖ਼ਬਰਾਂ ਅਤੇ ਹੁਣ ਸੋਸ਼ਲ ਮੀਡੀਆ ਰਾਹੀਂ ਜਾਣਿਆ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਇਤਿਹਾਸ ਦੀ ਸੱਚਾਈ ਤਾਂ ਦੱਸੀਏ, ਪਰ ਉਸ ਦੇ ਹੱਥ ’ਚ ਨਫ਼ਰਤ ਦਾ ਹਥਿਆਰ ਨਾ ਦੇਈਏ। ਉਨ੍ਹਾਂ ਨੂੰ ਇਹ ਦੱਸੀਏ ਕਿ ਬੇਇਨਸਾਫ਼ੀ ਨੂੰ ਭੁੱਲਣਾ ਨਹੀਂ, ਪਰ ਨਫ਼ਰਤ ਨੂੰ ਵਿਰਾਸਤ ਵੀ ਨਹੀਂ ਬਣਾ ਲੈਣਾ। ਦਿੱਲੀ ਭਾਰਤ ਦਾ ਉਹ ਸ਼ਹਿਰ ਹੈ, ਜਿੱਥੇ ਦੇਸ਼ ਦੇ ਲਗਭਗ ਹਰ ਸੂਬੇ ਅਤੇ ਹਰ ਭਾਈਚਾਰੇ ਦੇ ਲੋਕ ਵੱਸਦੇ ਹਨ। ਪੰਜਾਬੀਆਂ ਅਤੇ ਸਿੱਖਾਂ ਦੀ ਇੱਥੇ ਲੰਬੇ ਸਮੇਂ ਤੋਂ ਮਹੱਤਵਪੂਰਨ ਮੌਜੂਦਗੀ ਹੈ। 1984 ਤੋਂ ਬਾਅਦ ਵੀ ਬਹੁਤ ਸਾਰੇ ਸਿੱਖ ਪਰਿਵਾਰਾਂ ਨੇ ਦਿੱਲੀ ਨੂੰ ਆਪਣਾ ਘਰ ਬਣਾਈ ਰੱਖਿਆ।
ਉਹ ਇੱਥੇ ਵਪਾਰ ਕਰਦੇ ਹਨ, ਨੌਕਰੀਆਂ ਕਰਦੇ ਹਨ, ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਉਂਦੇ ਹਨ। ਇਹ ਆਪਣੇ ਆਪ ’ਚ ਭਾਰਤ ਦੀ ਤਾਕਤ ਦਾ ਪ੍ਰਤੀਕ ਹੈ। ਜੇਕਰ ਕਿਸੇ ਭਾਈਚਾਰੇ ਨੇ ਇੰਨਾ ਵੱਡਾ ਦੁੱਖ ਸਹਿਣ ਤੋਂ ਬਾਅਦ ਵੀ ਦੇਸ਼ ਦੇ ਨਾਲ ਆਪਣਾ ਰਿਸ਼ਤਾ ਕਾਇਮ ਰੱਖਿਆ ਹੈ ਤਾਂ ਇਹ ਨਫ਼ਰਤ ਦੀ ਨਹੀਂ, ਭਾਰਤੀ ਸਮਾਜ ਦੀ ਸਹਿਣਸ਼ੀਲਤਾ ਅਤੇ ਜੀਵਨ-ਸ਼ਕਤੀ ਦੀ ਨਿਸ਼ਾਨੀ ਹੈ। ਇਸ ਲਈ ਅੱਜ ਲੋੜ ਹੈ ਕਿ ਦਿੱਲੀ ਤੇ ਪੂਰਾ ਦੇਸ਼ ਕਿਸੇ ਇਕ ਭਾਈਚਾਰੇ ਦਾ ਨਹੀਂ, ਸਾਰਿਆਂ ਦਾ ਘਰ ਸਮਝਿਆ ਜਾਵੇ। ਸਾਡੇ ਦੇਸ਼ ਦੀ ਖੂਬਸੂਰਤੀ ਇਸ ਦੀ ਵਿਭਿੰਨਤਾ ’ਚ ਹੈ। ਸਿੱਖ, ਹਿੰਦੂ, ਮੁਸਲਮਾਨ, ਇਸਾਈ, ਬੌਧ, ਜੈਨ ਅਤੇ ਹੋਰ ਧਰਮਾਂ ਦੇ ਲੋਕ ਸਦੀਆਂ ਤੋਂ ਇਸ ਧਰਤੀ ’ਤੇ ਰਹਿੰਦੇ ਆਏ ਹਨ।
ਧਰਮ ਮਨੁੱਖ ਨੂੰ ਚੰਗਾ ਇਨਸਾਨ ਬਣਾਉਣ ਦਾ ਸਾਧਨ ਹੋਣਾ ਚਾਹੀਦਾ ਹੈ। ਜੇ ਧਰਮ ਦੇ ਨਾਮ ’ਤੇ ਕਿਸੇ ਹੋਰ ਨਾਲ ਨਫ਼ਰਤ ਪੈਦਾ ਹੋਵੇ ਤਾਂ ਸਮੱਸਿਆ ਧਰਮ ’ਚ ਨਹੀਂ, ਉਸ ਦੀ ਗ਼ਲਤ ਵਿਆਖਿਆ ਅਤੇ ਗ਼ਲਤ ਵਰਤੋਂ ’ਚ ਹੈ। ਇਸ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ- ਆਪਣੇ ਧਰਮ ਨਾਲ ਪਿਆਰ ਕਰੋ ਤੇ ਦੂਜੇ ਧਰਮ ਨਾਲ ਨਫ਼ਰਤ ਨਾ ਕਰੋ। ਆਪਣੀ ਪਛਾਣ ’ਤੇ ਮਾਣ ਕਰੋ ਪਰ ਦੂਜੇ ਦੀ ਪਛਾਣ ਦਾ ਅਪਮਾਨ ਨਾ ਕਰੋ। ਇਹੀ ਭਾਰਤੀਅਤ ਦੀ ਅਸਲ ਭਾਵਨਾ ਹੈ। ਇਕ ਪਲ ਲਈ ਸੋਚੀਏ-ਜੇ 1984 ਦੇ ਸਮੇਂ ਅੱਜ ਵਾਲੇ ਮੋਬਾਈਲ ਫ਼ੋਨ, ਇੰਟਰਨੈੱਟ, ਸੋਸ਼ਲ ਮੀਡੀਆ ਅਤੇ ਤੁਰੰਤ ਸੰਚਾਰ ਦੇ ਸਾਧਨ ਮੌਜੂਦ ਹੁੰਦੇ ਤਾਂ ਸਥਿਤੀ ਕਿੰਨੀ ਵੱਖਰੀ ਹੋ ਸਕਦੀ ਸੀ?
ਇਹ ਸਿਰਫ਼ ਕਲਪਨਾ ਦਾ ਸਵਾਲ ਨਹੀਂ, ਸਗੋਂ ਅੱਜ ਲਈ ਇਕ ਚੇਤਾਵਨੀ ਹੈ। ਅੱਜ ਇਕ ਝੂਠੀ ਖ਼ਬਰ, ਪੁਰਾਣੀ ਵੀਡੀਓ ਜਾਂ ਭੜਕਾਊ ਪੋਸਟ ਕੁਝ ਮਿੰਟਾਂ ’ਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਸਕਦੀ ਹੈ। ਇਕ ਗ਼ਲਤ ਸੰਦੇਸ਼ ਭੀੜ ਦੀ ਮਾਨਸਿਕਤਾ ਨੂੰ ਭੜਕਾ ਸਕਦਾ ਹੈ ਪਰ ਇਹੀ ਤਕਨਾਲੋਜੀ ਸ਼ਾਂਤੀ ਦਾ ਸਾਧਨ ਵੀ ਬਣ ਸਕਦੀ ਹੈ। ਜੇ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਸੱਚੀ ਜਾਣਕਾਰੀ, ਮਨੁੱਖੀ ਸਹਾਇਤਾ, ਅਫ਼ਵਾਹਾਂ ਦਾ ਖੰਡਨ ਅਤੇ ਭਾਈਚਾਰਕ ਸਾਂਝ ਲਈ ਕਰੀਏ ਤਾਂ ਇਹ ਸਮਾਜ ਨੂੰ ਤੋੜਨ ਦੀ ਬਜਾਏ ਜੋੜ ਸਕਦੀ ਹੈ। ਇਸ ਲਈ ਜੈੱਨ-ਜ਼ੀ ਨੂੰ ਸਿਰਫ਼ ‘ਤਕਨਾਲੋਜੀ ਦੀ ਪੀੜ੍ਹੀ’ ਨਹੀਂ, ਸਗੋਂ ਜ਼ਿੰਮੇਵਾਰ ਡਿਜ਼ੀਟਲ ਨਾਗਰਿਕਾਂ ਦੀ ਪੀੜ੍ਹੀ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਸਾਡੇ ਦੁਸ਼ਮਣ ਕੌਣ ਹਨ? ਕਈ ਵਾਰ ਸਾਨੂੰ ਇਕ ਗੱਲ ’ਤੇ ਵੀ ਸੋਚਣਾ ਚਾਹੀਦਾ ਹੈ ਕਿ ਦੇਸ਼ ਨੂੰ ਕਮਜ਼ੋਰ ਕੌਣ ਕਰਦਾ ਹੈ? ਕੀ ਸਾਡਾ ਗੁਆਂਢੀ ਧਰਮ ਦਾ ਵਿਅਕਤੀ ਸਾਡਾ ਦੁਸ਼ਮਣ ਹੈ? ਕੀ ਸਾਡੇ ਨਾਲ ਰਹਿਣ ਵਾਲਾ ਦੂਜੇ ਭਾਈਚਾਰੇ ਦਾ ਨਾਗਰਿਕ ਸਾਡਾ ਦੁਸ਼ਮਣ ਹੈ? ਨਹੀਂ। ਸਾਡਾ ਅਸਲ ਦੁਸ਼ਮਣ ਨਫ਼ਰਤ, ਹਿੰਸਾ, ਝੂਠੀ ਜਾਣਕਾਰੀ, ਅਫ਼ਵਾਹ, ਕੱਟੜਤਾ ਅਤੇ ਸਮਾਜਕ ਵੰਡ ਹੈ। ਜਿਹੜੀਆਂ ਤਾਕਤਾਂ ਭਾਰਤ ਨੂੰ ਕਮਜ਼ੋਰ ਦੇਖਣਾ ਚਾਹੁੰਦੀਆਂ ਹਨ, ਉਨ੍ਹਾਂ ਲਈ ਸਾਡੀ ਆਪਸੀ ਲੜਾਈ ਸਭ ਤੋਂ ਵੱਡਾ ਲਾਭ ਹੈ। ਜੇ ਸਿੱਖ ਹਿੰਦੂ ਨਾਲ, ਹਿੰਦੂ ਮੁਸਲਮਾਨ ਨਾਲ ਅਤੇ ਇਕ ਭਾਈਚਾਰਾ ਦੂਜੇ ਨਾਲ ਲੜਦਾ ਰਹੇ ਤਾਂ ਦੇਸ਼ ਦੀ ਅੰਦਰੂਨੀ ਤਾਕਤ ਕਮਜ਼ੋਰ ਹੁੰਦੀ ਹੈ।
ਕਿਸੇ ਵਿਅਕਤੀ ਦੀ ਮੌਤ ’ਤੇ ਮਨੁੱਖੀ ਸੰਵੇਦਨਾ ਪ੍ਰਗਟ ਕਰਨਾ ਇਕ ਗੱਲ ਹੈ ਪਰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਵਿਅਕਤੀ ਦੀ ਸਿਆਸੀ ਮਹਾਨਤਾ ਦਾ ਗੁਣਗਾਨ ਕਰਨਾ ਬਿਲਕੁਲ ਵੱਖਰੀ ਗੱਲ ਹੈ। ਸਿਆਸੀ ਆਗੂਆਂ ਦੇ ਸ਼ਬਦ ਆਮ ਵਿਅਕਤੀ ਦੇ ਸ਼ਬਦ ਨਹੀਂ ਹੁੰਦੇ। ਉਨ੍ਹਾਂ ਦੇ ਬਿਆਨ ਸਮਾਜ ’ਚ ਪ੍ਰਭਾਵ ਪੈਦਾ ਕਰਦੇ ਹਨ। ਇਸ ਲਈ ਬਿਆਨ ਦੇਣ ਤੋਂ ਪਹਿਲਾਂ ਇੱਕ ਪਲ ਲਈ ਇਹ ਸੋਚਣਾ ਚਾਹੀਦਾ ਹੈ-‘ਮੇਰੇ ਸ਼ਬਦ ਕਿਸੇ ਪੀੜਤ ਪਰਿਵਾਰ ਦੇ ਪੁਰਾਣੇ ਜ਼ਖ਼ਮ ਨੂੰ ਤਾਂ ਨਹੀਂ ਖੋਲ੍ਹਣਗੇ?’ ਜੇ ਇਹ ਸੋਚ ਰਾਜਨੀਤੀ ’ਚ ਆ ਜਾਵੇ ਤਾਂ ਸਾਡੇ ਸਮਾਜ ’ਚ ਕਾਫ਼ੀ ਕੁਝ ਬਦਲ ਸਕਦਾ ਹੈ। ਦੋਸ਼ੀ ਨੂੰ ਸਜ਼ਾ ਮਿਲੀ—ਹੁਣ ਸਮਾਜ ਕੀ ਸਿੱਖੇ? ਅਦਾਲਤ ਨੇ ਜਿੱਥੇ ਦੋਸ਼ ਸਾਬਤ ਹੋਏ, ਉੱਥੇ ਕਾਨੂੰਨ ਅਨੁਸਾਰ ਸਜ਼ਾਵਾਂ ਦਿੱਤੀਆਂ। ਇਹ ਕਾਨੂੰਨ ਦੀ ਸਰਵਉੱਚਤਾ ਦਾ ਸੰਦੇਸ਼ ਹੈ ਪਰ ਅਦਾਲਤ ਦਾ ਕੰਮ ਸਜ਼ਾ ਦੇਣਾ ਹੈ; ਸਮਾਜ ਦਾ ਕੰਮ ਅਗਲੀ ਪੀੜ੍ਹੀ ਨੂੰ ਸਹੀ ਦਿਸ਼ਾ ਦੇਣਾ ਹੈ। ਕਿਸੇ ਦੋਸ਼ੀ ਦੀ ਮੌਤ ਤੋਂ ਬਾਅਦ ਵੀ ਉਸ ਨਾਲ ਜੁੜੇ ਇਤਿਹਾਸਕ ਸਵਾਲ ਰਹਿ ਸਕਦੇ ਹਨ ਪਰ ਸਾਡੀ ਚਰਚਾ ਦਾ ਅੰਤ ਨਫ਼ਰਤ ’ਚ ਨਹੀਂ ਹੋਣਾ ਚਾਹੀਦਾ। ਮਾਫ਼ੀ ਦਾ ਅਰਥ ਅਪਰਾਧ ਨੂੰ ਸਹੀ ਮੰਨਣਾ ਨਹੀਂ ਹੁੰਦਾ। ਭਾਈਚਾਰਕ ਸਾਂਝ ਦਾ ਅਰਥ ਨਿਆਂ ਨੂੰ ਭੁੱਲ ਜਾਣਾ ਨਹੀਂ ਹੁੰਦਾ ਅਤੇ ਇਤਿਹਾਸ ਨੂੰ ਯਾਦ ਰੱਖਣ ਦਾ ਅਰਥ ਨਵੀਂ ਪੀੜ੍ਹੀ ਨੂੰ ਨਫ਼ਰਤ ਸਿਖਾਉਣਾ ਨਹੀਂ ਹੁੰਦਾ। ਅੱਜ ਸਾਨੂੰ ਆਪਣੀ ਪੁਰਾਣੀ ਪੀੜ੍ਹੀ ਦੇ ਦਰਦ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜੈੱਨ-ਜ਼ੀ ਨੂੰ ਇਕ ਨਵਾਂ ਭਾਰਤ ਦੇਣਾ ਚਾਹੀਦਾ ਹੈ। ਉਹ ਭਾਰਤ ਜਿੱਥੇ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ, ਜਿੱਥੇ ਹਿੰਦੂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਜਿੱਥੇ ਮੁਸਲਮਾਨ, ਇਸਾਈ ਅਤੇ ਹਰ ਹੋਰ ਭਾਈਚਾਰਾ ਆਪਣੇ ਧਰਮ ਅਤੇ ਪਛਾਣ ਨਾਲ ਇੱਜ਼ਤ ਨਾਲ ਜੀ ਸਕੇ। ਸੱਜਣ ਕੁਮਾਰ ਦੀ ਮੌਤ ਨਾਲ ਇਕ ਵਿਅਕਤੀ ਦੀ ਜ਼ਿੰਦਗੀ ਦਾ ਅੰਤ ਹੋਇਆ ਹੈ ਪਰ 1984 ਦਾ ਇਤਿਹਾਸ ਖ਼ਤਮ ਨਹੀਂ ਹੋਇਆ। ਇਤਿਹਾਸ ਤੋਂ ਸਬਕ ਲੈਣਾ ਅਜੇ ਵੀ ਸਾਡੀ ਜ਼ਿੰਮੇਵਾਰੀ ਹੈ। ਹੁਣ ਸਾਨੂੰ ਇਹ ਫ਼ੈਸਲਾ ਕਰਨਾ ਹੈ ਕਿ ਅਸੀਂ ਪੁਰਾਣੇ ਜ਼ਖ਼ਮਾਂ ਨੂੰ ਰਾਜਨੀਤਿਕ ਭਾਸ਼ਣਾਂ ਵਿੱਚ ਵਾਰ-ਵਾਰ ਖੋਲ੍ਹਣਾ ਹੈ ਜਾਂ ਉਨ੍ਹਾਂ ਤੋਂ ਇੱਕ ਸ਼ਾਂਤਮਈ ਭਵਿੱਖ ਦੀ ਨੀਂਹ ਰੱਖਣੀ ਹੈ। ਮੇਰਾ ਮੰਨਣਾ ਹੈ ਕਿ ਇੱਕ ਯੁੱਗ ਦਾ ਅੰਤ ਨਵੇਂ ਯੁੱਗ ਦੀ ਸ਼ੁਰੂਆਤ ਬਣਨਾ ਚਾਹੀਦਾ ਹੈ। ਅਸੀਂ 1984 ਨੂੰ ਭੁੱਲੀਏ ਨਾ। ਪੀੜਤਾਂ ਨੂੰ ਭੁੱਲੀਏ ਨਾ। ਨਿਆਂ ਨੂੰ ਭੁੱਲੀਏ ਨਾ ਪਰ ਨਫ਼ਰਤ ਨੂੰ ਅੱਗੇ ਵੀ ਨਾ ਲੈ ਕੇ ਚੱਲੀਏ। ਅੱਜ ਦੀ ਪੀੜ੍ਹੀ ਨੂੰ ਇਹ ਸੰਦੇਸ਼ ਦੇਈਏ ਕਿ ਸਾਡੀ ਸਭ ਤੋਂ ਵੱਡੀ ਪਛਾਣ ਪਹਿਲਾਂ ਇਨਸਾਨ ਹੋਣ ਦੀ ਹੈ। ਸਾਡੇ ਧਰਮ ਵੱਖ ਹੋ ਸਕਦੇ ਹਨ, ਸਾਡੀਆਂ ਭਾਸ਼ਾਵਾਂ ਵੱਖ ਹੋ ਸਕਦੀਆਂ ਹਨ, ਸਾਡੀਆਂ ਸਿਆਸੀ ਪਸੰਦਾਂ ਵੱਖ ਹੋ ਸਕਦੀਆਂ ਹਨ-ਪਰ ਸਾਡਾ ਦੇਸ਼ ਇੱਕ ਹੈ ਅਤੇ ਸਾਡੀ ਮਨੁੱਖਤਾ ਇੱਕ ਹੈ। ਜਿਨ੍ਹਾਂ ਲੋਕਾਂ ਨੇ ਗ਼ਲਤ ਕੀਤਾ, ਉਹ ਇਤਿਹਾਸ ਦੇ ਜ਼ਿੰਮੇਵਾਰ ਹਨ; ਪਰ ਅਸੀਂ ਅੱਜ ਕੀ ਕਰਦੇ ਹਾਂ, ਉਸ ਦੇ ਜ਼ਿੰਮੇਵਾਰ ਅਸੀਂ ਆਪ ਹਾਂ। ਮਾਫ਼ੀ ਮੰਗਣਾ ਕਿਸੇ ਨੂੰ ਛੋਟਾ ਨਹੀਂ ਕਰਦਾ; ਕਈ ਵਾਰ ਮਾਫ਼ੀ ਮੰਗਣ ਵਾਲਾ ਹੀ ਵੱਡਾ ਬਣਦਾ ਹੈ। ਆਓ, 1984 ਦੀ ਯਾਦ ਨੂੰ ਨਫ਼ਰਤ ਦੀ ਅੱਗ ਨਹੀਂ, ਮਨੁੱਖਤਾ ਦੀ ਰੌਸ਼ਨੀ ਬਣਾਈਏ। ਆਓ, ਪੁਰਾਣੀ ਪੀੜ੍ਹੀ ਦੇ ਦਰਦ ਦਾ ਸਤਿਕਾਰ ਕਰਦੇ ਹੋਏ ਨਵੀਂ ਪੀੜ੍ਹੀ ਨੂੰ ਨਫ਼ਰਤ ਤੋਂ ਮੁਕਤ ਭਵਿੱਖ ਦੇਈਏ। ਆਓ, ਦਿੱਲੀ ਤੋਂ ਪੰਜਾਬ ਤੱਕ ਅਤੇ ਪੰਜਾਬ ਤੋਂ ਪੂਰੇ ਭਾਰਤ ਤੱਕ ਇਹ ਸੰਦੇਸ਼ ਪਹੁੰਚਾਈਏ। 1984 ਨੂੰ ਭੁੱਲਣਾ ਨਹੀਂ, ਪਰ 1984 ਨੂੰ ਦੁਬਾਰਾ ਹੋਣ ਵੀ ਨਹੀਂ ਦੇਣਾ। (ਸੰਪਰਕ : 9478231000)।