- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਭ ਤੋਂ ਵੱਡੀ ਗੱਲ, ਉਨ੍ਹਾਂ ਨੇ ਇਸ ਕਿਤਾਬ ’ਚ ਬਲੂ ਸਟਾਰ ਦੇ ਕਾਰਨਾਂ ਪਿੱਛੇ, ਜੋ ਭਾਰਤ ਸਰਕਾਰ ਨੇ ਪਾਕਿਸਤਾਨ ਦਾ ਹੱਥ ਹੋਣ ਦਾ ਪ੍ਰਚਾਰ ਕੀਤਾ ਸੀ, ਉਸ ਦਾ ਖੰਡਨ ਕੀਤਾ ਹੈ। ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਤੋਂ ਹਥਿਆਰ ਆਏ ਤੇ ਲਗਾਤਾਰ ਪਾਕਿਸਤਾਨ ਦਾ ਅਕਾਲ ਤਖ਼ਤ ਅੰਦਰ ਖਾੜਕੂਆਂ ਨਾਲ ਪੂਰਾ ਸਬੰਧ ਰਿਹਾ ਹੈ। ਪਾਂਡੇ ਨੇ ਇਹ ਲਿਖਿਆ ਹੈ ਕਿ ਕੋਈ ਵੀ ਹਥਿਆਰ, ਜੋ ਫੌ਼ਜ ਨੇ ਹਮਲੇ ਤੋਂ ਬਾਅਦ ਅੰਦਰੋਂ ਲੱਭੇ ਸੀ, ਉਹਨਾਂ ’ਚ ਪਾਕਿਸਤਾਨ ਦਾ ਕੋਈ ਹਥਿਆਰ ਨਹੀਂ ਸੀ।

ਤਰਲੋਚਨ ਸਿੰਘ
ਸਿੱਖਾਂ ਬਾਰੇ ਕਿਤਾਬਾਂ ਲਿਖਣੀਆਂ ਅੰਗਰੇਜ਼ਾਂ ਨੇ ਆਰੰਭ ਕੀਤੀਆਂ ਸਨ। ਭਾਰਤ ’ਚ ਅੰਗਰੇਜ਼ਾਂ ਦਾ ਰਾਜ 1745 ’ਚ ਆਰੰਭ ਹੋਇਆ ਸੀ ਤੇ ਇਹ 200 ਸਾਲ ਤੱਕ ਕਾਇਮ ਰਹਿਆ ਹੈ। ਭਾਵੇਂ ਅੰਗਰੇਜ਼ਾਂ ਦਾ ਪੰਜਾਬ ਨਾਲ ਸਬੰਧ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਤੋਂ ਆਰੰਭ ਹੋਇਆ ਸੀ ਪਰ ਸਿੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਈ ਅੰਗਰੇਜ਼ ਲਿਖਾਰੀਆਂ ਨੇ ਕਿਤਾਬਾਂ ਲਿਖਣੀਆਂ 1716 ਈ. ਤੋਂ ਹੀ ਆਰੰਭ ਕਰ ਦਿੱਤੀਆਂ ਸਨ। ਜਾਰਜ ਫਾਰਸਟਰ, ਜੇ. ਡੀ. ਕਨੀਗੰਮ ਤੇ ਸਭ ਤੋਂ ਮਸ਼ਹੂਰ ਮੈਕਾਲਫ਼ ਦੀਆਂ ਕਿਤਾਬਾਂ ਮਸ਼ਹੂਰ ਹਨ। ਮੇਰਾ ਇਹ ਲਿਖਣ ਦਾ ਭਾਵ ਇਸ ਲਈ ਹੈ ਕਿ 1984 ’ਚ ਦਰਬਾਰ ਸਾਹਿਬ ’ਤੇ ਹਮਲੇ ਸਮੇਂ ਪੰਜਾਬ ਦੇ ਗਵਰਨਰ ਬੀਡੀ ਪਾਂਡੇ ਸਨ। ਉਹਨਾਂ ਦੀ ਅਹਿਮ ਕਿਤਾਬ, ਉਨ੍ਹਾਂ ਦੇ ਮਰਨ ਤੋਂ ਉਪਰੰਤ ਛਾਪੀ ਗਈ ਹੈ। ਇਹ ਪਾਂਡੇ ਦੀ ਆਪਣੀ ਸਵੈਜੀਵਨੀ ‘ਇਨ ਦ ਸਰਵਿਸ ਆਫ਼ ਫਰੀ ਇੰਡੀਆ’ ਹੈ। ਉਹਨਾਂ ਨੇ ਜਦੋਂ ਇਹ ਕਿਤਾਬ ਲਿਖੀ ਤਾਂ ਉਹ ਆਪਣੀ ਲੜਕੀ ਨੂੰ ਇਹ ਕਹਿ ਗਏ ਕਿ ਇਸ ਨੂੰ ਉਨ੍ਹਾਂ ਦੇ ਮਰਨ ਉਪਰੰਤ ਹੀ ਛਾਪਿਆ ਜਾਵੇ। ਪਾਂਡੇ ਪੰਜ ਸਾਲ 1972 ਤੋਂ 1977 ਤੱਕ ਭਾਰਤ ਸਰਕਾਰ ਦੀ ਸਭ ਤੋਂ ਵੱਡੀ ਪੋਸਟ ਕੈਬਿਨੇਟ ਸੈਕ੍ਰੇਟਰੀ ਰਹੇ ਹਨ, ਜਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ। ਇਸ ਲਈ ਉਹਨਾਂ ਤੋਂ ਵੱਧ ਇੰਦਰਾ ਗਾਂਧੀ ਦੇ ਜੀਵਨ, ਸੁਭਾਅ ਅਤੇ ਸਰਕਾਰੀ ਕੰਮਕਾਜ ਬਾਰੇ ਕੋਈ ਹੋਰ ਨਹੀਂ ਜਾਣ ਸਕਦਾ। ਇਹਨਾਂ ਤੋਂ ਬਿਨਾ ਅਲੈਕਜ਼ੈਂਡਰ, ਜੋ ਇੰਦਰਾ ਗਾਂਧੀ ਦੇ ਮੁੱਖ ਸਕੱਤਰ ਸਨ, ਵੀ ਇਸ ਵਿਸ਼ੇ ’ਤੇ ਪੂਰੀ ਤਰ੍ਹਾਂ ਜਾਣੂ ਸਨ। ਇੰਦਰਾ ਗਾਂਧੀ ਨੇ ਪਾਂਡੇ ਨੂੰ ਰਿਟਾਇਰਡ ਹੋਣ ’ਤੇ ਬੰਗਾਲ ਦਾ ਗਵਰਨਰ ਲਗਾਇਆ ਸੀ ਤੇ ਜਦੋਂ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਵਿਗੜ ਚੁੱਕਾ ਸੀ ਤਾਂ 7 ਅਕਤੂਬਰ 1983 ਨੂੰ ਉਹਨਾਂ ਨੂੰ ਪੰਜਾਬ ਦਾ ਰਾਜਪਾਲ ਲਗਾ ਦਿੱਤਾ ਗਿਆ ਸੀ।
ਪਾਂਡੇ ਨੇ ਆਪਣੀ 320 ਸਫ਼ਿਆਂ ਦੀ ਇਸ ਕਿਤਾਬ ’ਚ ਆਪਣੇ ਸਾਰੇ ਜੀਵਨ ਦੀਆਂ ਵੱਖੋ-ਵੱਖ ਪੋਸਟਾਂ ’ਤੇ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ। ਇਸ ਕਿਤਾਬ ’ਚ ਤਕਰੀਬਨ 23 ਸਫੇ, ਉਹਨਾਂ ਨੇ ਸਿੱਖ ਧਰਮ ਬਾਰੇ, ਜੋ ਉਹਨਾਂ ਨੂੰ ਜਾਣਕਾਰੀ ਸੀ, ਉਸ ਬਾਰੇ ਲਿਖੇ ਹਨ। ਉਹ ਪੰਜਾਬ ’ਚ ਕੇਵਲ 9 ਮਹੀਨੇ ਰਹੇ ਪਰ ਉਹਨਾਂ ਨੇ ਸਿੱਖ ਲਿਟਰੇਚਰ ਤੇ ਹੋਰ ਕਿਤਾਬਾਂ ਪੜ੍ਹ ਕੇ ਛੇਤੀ ਗਿਆਨ ਪ੍ਰਾਪਤ ਕਰ ਲਿਆ ਸੀ। ਸਭ ਤੋਂ ਵੱਡੀ ਗੱਲ, ਉਨ੍ਹਾਂ ਨੇ ਇਸ ਕਿਤਾਬ ’ਚ ਬਲੂ ਸਟਾਰ ਦੇ ਕਾਰਨਾਂ ਪਿੱਛੇ, ਜੋ ਭਾਰਤ ਸਰਕਾਰ ਨੇ ਪਾਕਿਸਤਾਨ ਦਾ ਹੱਥ ਹੋਣ ਦਾ ਪ੍ਰਚਾਰ ਕੀਤਾ ਸੀ, ਉਸ ਦਾ ਖੰਡਨ ਕੀਤਾ ਹੈ। ਆਮ ਕਰਕੇ ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਤੋਂ ਹਥਿਆਰ ਆਏ ਤੇ ਲਗਾਤਾਰ ਪਾਕਿਸਤਾਨ ਦਾ ਅਕਾਲ ਤਖ਼ਤ ਅੰਦਰ ਖਾੜਕੂਆਂ ਨਾਲ ਪੂਰਾ ਸਬੰਧ ਰਿਹਾ ਹੈ। ਪਾਂਡੇ ਨੇ ਇਹ ਲਿਖਿਆ ਹੈ ਕਿ ਕੋਈ ਵੀ ਹਥਿਆਰ, ਜੋ ਫੌ਼ਜ ਨੇ ਹਮਲੇ ਤੋਂ ਬਾਅਦ ਅੰਦਰੋਂ ਲੱਭੇ ਸੀ, ਉਹਨਾਂ ’ਚ ਪਾਕਿਸਤਾਨ ਦਾ ਕੋਈ ਹਥਿਆਰ ਨਹੀਂ ਸੀ। ਫ਼ਿਰ ਉਹਨਾਂ ਨੇ 251 ਸਫ਼ੇ ’ਤੇ ਲਿਖਿਆ ਹੈ ਕਿ ਅਖ਼ਬਾਰਾਂ ਤੇ ਟੀਵੀ ਚੈਨਲਾਂ ਨੇ ਜਾਣ-ਬੁੱਝ ਕੇ ਸਿੱਖਾਂ ਵਿਰੁੱਧ ਪ੍ਰਚਾਰ ਕੀਤਾ ਸੀ ਤੇ ਖ਼ਾਸ ਕਰ ਕੇ ਜਲੰਧਰ ਦੇ ਅਖ਼ਬਾਰ ਦਿਨ ਰਾਤ ਇਸੇ ਕੰਮ ’ਚ ਲੱਗੇ ਹੋਏ ਸਨ। ਇਸ ਝੂਠੇ ਪ੍ਰਚਾਰ ਕਾਰਨ ਭਾਰਤ ਦੇ ਲੋਕਾਂ ’ਚ ਸਿੱਖਾਂ ਵਿਰੁੱਧ ਨਫ਼ਰਤ ਵਧਾਈ ਗਈ ਸੀ।
ਪਾਂਡੇ ਅਨੁਸਾਰ ਫੌ਼ਜ ਦੇ ਹਮਲੇ ਸਮੇਂ ਦਰਬਾਰ ਸਾਹਿਬ ’ਚ 1200 ਸਿੱਖ ਮਾਰੇ ਗਏ ਸਨ ਤੇ 90 ਫੌ਼ਜੀ ਵੀ ਆਪਣੀ ਜਾਨ ਗੁਆ ਬੈਠੇ ਸਨ। ਪਾਂਡੇ ਨੇ ਇੱਥੋਂ ਤੱਕ ਲਿਖ ਦਿੱਤਾ ਹੈ ਕਿ ਉਸ ਵੇਲੇ ਦੇ ਫੌ਼ਜੀ ਜਰਨੈਲ ਤੇ ਹੋਰ ਭਾਰਤ ਦੇ ਅਫ਼ਸਰ, ਜੋ ਅੰਮ੍ਰਿਤਸਰ ਮੌਜੂਦ ਸਨ, ਸਭ ਨੇ ਖਾੜਕੂਆਂ ਦੀ ਬਹਾਦੁਰੀ ਦਾ ਸਿੱਕਾ ਮੰਨਿਆ ਸੀ। ਸੁਰਿੰਦਰ ਨਾਥ ਆਈਪੀਐੱਸ, ਉਸ ਸਮੇਂ ਗਵਰਨਰ ਦੇ ਪੁਲਿਸ ਸਲਾਹਕਾਰ ਸਨ, ਜੋ ਕੁਝ ਚਿਰ ਪਿੱਛੋਂ ਪੰਜਾਬ ਦੇ ਗਵਰਨਰ ਬਣੇ ਸਨ। ਸੁਰਿੰਦਰ ਨਾਥ ਨੇ ਦਿੱਲੀ ਜਾ ਕੇ ਇਸ ਹੋਣ ਵਾਲੇ ਹਮਲੇ ਨੂੰ ਰੁਕਵਾਉਣ ਲਈ ਰਾਏ ਵੀ ਦਿੱਤੀ ਸੀ। ਕਿਤਾਬ ’ਚ ਇਹ ਇਤਿਹਾਸਿਕ ਸੱਚ ਸਾਹਮਣੇ ਆਇਆ ਕਿ ਇੰਦਰਾ ਗਾਂਧੀ ਆਪਣਾ ਮਨ ਬਣਾ ਚੁੱਕੀ ਸੀ ਕਿ ਹਰ ਹੀਲੇ ਨਾਲ ਪੰਜਾਬ ਦੇ ਹਾਲਾਤ ’ਤੇ ਕਾਬੂ ਪਾਉਣ ਲਈ ਉਹ ਕੁਝ ਵੀ ਕਰ ਸਕਦੀ ਹੈ। ਕਿਤਾਬ ਦੇ ਸਫ਼ਾ 252 ’ਤੇ ਇਹ ਲਿਖਿਆ ਹੈ ਕਿ ਜਦੋਂ ਉਹ ਇੰਦਰਾ ਗਾਂਧੀ ਨੂੰ ਮਿਲਣ ਦਿੱਲੀ ਗਏ ਸੀ ਤਾਂ ਉਸ ਦਾ ਰਵੱਈਆ ਬੜਾ ਹੀ ਖ਼ਰਾਬ ਸੀ ਤੇ ਬੜੇ ਹੀ ਸਖ਼ਤ ਲਫਜ਼ਾਂ ’ਚ ਉਹ ਪਾਂਡੇ ਨੂੰ ਆਦੇਸ਼ ਦੇ ਰਹੀ ਸੀ। ਪਾਂਡੇ ਨੇ ਇਹ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਲਫਜ਼ ਕਹੇ ਸਨ ਕਿ ਜੇ ਹਾਲਾਤ ਨਾ ਸੁਧਰੇ ਤੇ ਉਹ ਦਰਬਾਰ ਸਾਹਿਬ ਦੇ ਕੰਪਲੈਕਸ ’ਤੇ ਬੰਮਬਾਰੀ ਵੀ ਕਰ ਸਕਦੀ ਹੈ। ਪਾਂਡੇ ਉੱਥੋਂ ਅਲੈਕਜੈਂਡਰ ਦੇ ਕਮਰੇ ’ਚ ਗਏ ਤੇ ਆਪਣਾ ਅਸਤੀਫ਼ਾ ਲਿਖ ਕੇ ਦਿੱਤਾ ਪਰ ਉਨ੍ਹਾਂ ਤੋਂ ਫਿਰ ਅਲੈਕਜੈਂਡਰ ਨੇ ਇਹ ਵਾਪਿਸ ਕਰਵਾ ਲਿਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਦੇ ਹਾਲਾਤ ਤੋਂ ਦੁਖੀ ਹਨ, ਇਸ ਲਈ ਉਹ ਗੁੱਸੇ ’ਚ ਬੋਲ ਰਹੇ ਸਨ। ਇਹ ਲਿਖਣ ਤੋਂ ਇਹ ਗੱਲ ਪਹਿਲੀ ਵਾਰ ਸਾਬਿਤ ਹੋਈ ਕਿ ਫੌ਼ਜੀ ਹਮਲੇ ਦਾ ਫੈ਼ਸਲਾ ਕੁਝ ਮਹੀਨੇ ਪਹਿਲਾਂ ਹੀ ਹੋ ਚੁੱਕਾ ਸੀ ਤੇ ਇਸ ਬਾਰੇ ਜਨਰਲ ਵੈਦਿਆ, ਜੋ ਫੌ਼ਜ ਮੁਖੀ ਸਨ, ਉਹਨਾਂ ਦੀ ਸਲਾਹ ਨਾਲ ਹੀ ਹੋਇਆ ਸੀ। ਪਾਂਡੇ ਨੇ ਇਹ ਵੀ ਲਿਖਿਆ ਹੈ ਕਿ ਇਸ ਵੇਲੇ ਦੇ ਪੰਜਾਬ ਦੇ ਇਲਾਕੇ ਦੇ ਫੌ਼ਜੀ ਮੁਖੀ ਸੁੰਦਰ ਜੀ ਨੇ ਫੌ਼ਜੀ ਹਮਲੇ ਦੇ ਵਿਰੁੱਧ ਰਾਏ ਦਿੱਤੀ ਸੀ। ਇਹ ਤੱਥ ਵੀ ਪਹਿਲੀ ਵਾਰ ਸਾਹਮਣੇ ਆਇਆ ਹੈ। ਕਿਉਂਕਿ ਆਮ ਕਰ ਕੇ ਇਹੀ ਮੰਨਿਆ ਗਿਆ ਹੈ ਕਿ ਸੁੰਦਰ ਇਸ ਫੌ਼ਜੀ ਹਮਲੇ ਦੇ ਲਈ ਪੂਰੇ ਜ਼ਿੰਮੇਵਾਰ ਹਨ। ਚੌਧਰੀ ਭਜਨ ਲਾਲ, ਸਾਬਕਾ ਮੁੱਖ ਮੰਤਰੀ ਹਰਿਆਣਾ ਬਾਰੇ ਵੀ ਲਿਖਿਆ ਹੈ ਕਿ ਉਨ੍ਹਾਂ ਹਰਿਆਣਾ ’ਚ ਸਿੱਖਾਂ ਵਿਰੁੱਧ ਫਸਾਦ ਕਰਾਏ ਅਤੇ ਇਹ ਵੀ ਕਿਹਾ ਕਿ ‘ਸਿੱਖ ਡੰਡੇ ਨਾਲ ਹੀ ਠੀਕ ਹੁੰਦਾ ਹੈ’ ਅਤੇ ਜਿਸ ਦਿਨ ਫੌ਼ਜ ਦਾ ਹਮਲਾ ਹੋਇਆ, ਭਜਨ ਲਾਲ ਸਾਰੀ ਰਾਤ ਟੈਲੀਫੋਨ ’ਤੇ ਜਾਣਕਾਰੀ ਲੈਂਦੇ ਰਹੇ। ਹਮਲੇ ਦਾ ਵਕਤ ਤੇ ਦਿਨ ਤੈਅ ਕਰਨ ਲਈ 28 ਮਈ ਨੂੰ ਦਿੱਲੀ ਵਿਚ ਮੀਟਿੰਗ ਹੋਈ ਸੀ, ਜਿਸ ’ਚ ਫੌ਼ਜੀ ਹਮਲੇ ਬਾਰੇ ਸਾਰਾ ਫੈ਼ਸਲਾ ਲੈ ਲਿਆ ਗਿਆ ਸੀ।
29 ਮਈ ਨੂੰ ਇਹ ਮੀਟਿੰਗ ਫ਼ਿਰ ਰਾਜ ਭਵਨ ’ਚ ਹੋਈ ਅਤੇ ਉਸ ਦਿਨ ਪੰਜਾਬ ’ਚ ਆਰਮੀ ਭੇਜਣ ਦਾ ਕੰਮ ਆਰੰਭ ਹੋ ਗਿਆ ਸੀ ਅਤੇ ਇਹ ਕਿਹਾ ਗਿਆ ਕਿ ਇਹ ਪਾਕਿਸਤਾਨ ਦੇ ਕਾਰਨ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਸੁਰੱਖਿਅਤ ਰਹੇ। 2 ਜੂਨ ਨੂੰ ਪੰਜਾਬ ਦੇ ਗਵਰਨਰ ਵਲੋਂ ਫੌ਼ਜ ਨੂੰ ਕੰਟਰੋਲ ਦੇਣ ਦਾ ਲਿਖਤੀ ਫ਼ੈਸਲਾ ਕੀਤਾ ਗਿਆ ਸੀ। ਯੋਜਨਾ ਅਨੁਸਾਰ ਫ਼ੌਜ ਨੇ 13 ਜੂਨ ਨੂੰ ਦਰਬਾਰ ਸਾਹਿਬ ’ਤੇ ਹਮਲਾ ਕਰਨਾ ਸੀ ਪਰ ਕਈ ਕਾਰਨਾਂ ਕਰ ਕੇ ਇਹ 6 ਜੂਨ ਨੂੰ ਕਰ ਦਿੱਤਾ ਗਿਆ। ਕਿਤਾਬ ’ਚ ਪੜ੍ਹਨ ਨੂੰ ਬਹੁਤ ਕੁਝ ਹੈ ਤੇ ਕਈ ਚੱਲ ਰਹੀਆਂ ਕਹਾਣੀਆਂ ਦਾ ਖੰਡਨ ਵੀ ਕੀਤਾ ਗਿਆ।
ਦਰਬਾਰਾ ਸਿੰਘ, ਜਦੋਂ ਸੰਤ ਹਰਖੋਵਾਲ ਦੇ ਸੰਸਕਾਰ ਸਮੇਂ ਨੰਗਲ ’ਚ ਸਨ ਤਾਂ ਕਿਹਾ ਗਿਆ ਕਿ ਉਹਨਾਂ ’ਤੇ ਹਮਲਾ ਕੀਤਾ ਗਿਆ ਸੀ। ਪਾਂਡੇ ਨੇ ਇਸ ਦਾ ਵੀ ਖੰਡਨ ਕੀਤਾ ਹੈ ਅਤੇ ਲਿਖਿਆ ਹੈ ਕਿ ਸਿਕਿਓਰਿਟੀ ਪੁਲਿਸ ਵਾਲੇ ਕੋਲੋਂ ਗ਼ਲਤੀ ਨਾਲ ਗੋਲੀ ਚੱਲ ਗਈ ਸੀ। ਪਾਇਲ (ਦੋਰਾਹਾਂ) ’ਚ ਇਕ ਸਰਪੰਚ ਨੂੰ ਬੇਅੰਤ ਸਿੰਘ ਦੀ ਦੁਸ਼ਮਣੀ ਕਾਰਨ ਕਿਵੇਂ ਪੁਲਿਸ ਤੋਂ ਮਰਵਾਇਆ ਗਿਆ। ਉਸ ਬਾਰੇ ਵੀ ਲਿਖਿਆ ਹੈ। ਨਿਰਲੇਪ ਕੌਰ ਦੀ ਪੁਲਿਸ ਵਿਰੁੱਧ ਸ਼ਿਕਾਇਤ ਤੇ ਅਮਲ ਨਾ ਕਰਨ ਦੇ ਬਾਰੇ ਵੀ ਜਾਣਕਾਰੀ ਦਰਜ ਹੈ। ਸੀਬੀਆਈ ਜਾਂਚ ਤੋਂ ਸਰਕਾਰ ਦੇ ਨਾਂਹ ਪੱਖੀ ਵਿਚਾਰ ਬਾਰੇ ਵੀ ਲਿਖਿਆ ਹੈ। ਸਾਰੇ ਸਾਬਕਾ ਕਾਂਗਰਸੀ ਵਜ਼ੀਰਾਂ ਦਾ ਲਗਾਤਾਰ ਗਵਰਨਰ ਕੋਲ ਅਫ਼ਸਰਾਂ ਦੀਆਂ ਬਦਲੀਆਂ ਕਰਵਾਉਣ ਬਾਰੇ ਵੀ ਵਰਣਨ ਹੈ। ਇਥੋਂ ਤੱਕ ਕਿ ਰਾਸ਼ਟਰਪਤੀ ਦੇ ਦਫ਼ਤਰ ’ਚੋਂ ਹੀ ਹਰ ਵਾਰ ਤਬਾਦਲਿਆਂ ਬਾਰੇ ਹੀ ਸੁਨੇਹੇ ਮਿਲਦੇ ਸਨ। ਇਸ ਕਿਤਾਬ ’ਚ ਇੰਦਰਾ ਗਾਂਧੀ ਬਾਰੇ ਬੜੀ ਵਿਸਥਾਰ ਨਾਲ ਲਿਖਿਆ ਗਿਆ ਹੈ ਕਿ ਉਹ ਬਹੁਤ ਸਖ਼ਤ ਹੱਠ ਧਰਮੀ ਵਾਲੇ ਪ੍ਰਧਾਨ ਮੰਤਰੀ ਸਨ। ਜੋ ਆਪਣੀ ਹਰ ਗੱਲ ਮਨਵਾਉਣ ਲਈ ਹੱਦਾਂ ਪਾਰ ਕਰ ਸਕਦੇ ਸਨ। ਉਨ੍ਹਾਂ ਨੇ ਆਪਣੇ ਜ਼ਾਤੀ ਵਿਰੋਧੀਆਂ ਨੂੰ ਦੁਸ਼ਮਣ ਵਾਂਗ ਖ਼ਤਮ ਕੀਤਾ। ਉਹ ਆਪਣੇ ਵਿਰੁੱਧ ਕੁਝ ਵੀ ਸੁਣਨ ਨੂੰ ਤਿਆਰ ਨਹੀਂ ਸਨ। ਐਮਰਜੈਂਸੀ ਸਮੇਂ ਅਕਾਲੀਆਂ ਦੇ ਲਾਏ ਮੋਰਚੇ ਤੋਂ ਪੂਰੀ ਤਰ੍ਹਾਂ ਦੁਖੀ ਸਨ। ਇੰਦਰਾ ਗਾਂਧੀ ਅਕਾਲੀਆਂ ਨੂੰ ਕੋਈ ਵੀ ਸ਼ਲਾਘਾਯੋਗ ਕਾਰਵਾਈ ਦਾ ਮੌਕਾ ਨਹੀਂ ਸੀ ਦੇਣਾ ਚਾਹੁੰਦੇ। ਪਾਂਡੇ ਨੇ ਸਿੱਖਾਂ ਦੀ ਇਸ ਗੱਲ ਦੀ ਸ਼ਲਾਘਾ ਕੀਤੀ ਹੈ ਕਿ ਬਾਵਜੂਦ ਮਾੜੇ ਹਾਲਾਤਾਂ ਦੇ, ਸਿੱਖਾਂ ਨੇ ਹਿੰਦੂ ਭਾਈਚਾਰੇ ’ਤੇ ਕੋਈ ਹਮਲਾ ਨਹੀਂ ਕੀਤਾ ਅਤੇ ਹਿੰਦੂ-ਸਿੱਖ ਏਕਤਾ ਕਾਇਮ ਰੱਖੀ। ਦੂਜੇ ਪਾਸੇ ਉਹਨਾਂ ਨੇ ਕੁਝ ਹਿੰਦੂ ਸੰਗਠਨਾਂ ਦੇ ਵਤੀਰੇ ਦੀ ਬੜੀ ਨਿੰਦਿਆ ਕੀਤੀ ਹੈ। ਉਹਨਾਂ ਨੇ ਪੰਜਾਬੀਆਂ ਦੀ ਦਾਦ ਦਿੱਤੀ ਗਈ ਕਿ ਆਰਥਿਕ ਮਜ਼ਬੂਤੀ ਲਈ ਹਰ ਸਮੇਂ ਉਹ ਤਤਪਰ ਰਹੇ। ਮੈਂ ਵੀ ਪਾਂਡੇ ਨੂੰ ਕਈ ਵਾਰ ਮਿਲਿਆ ਹਾਂ ਤੇ ਉਹਨਾਂ ਦੇ ਗਰਮਜੋਸ਼ੀ ਵਤੀਰੇ ਦਾ ਕਾਇਲ ਰਿਹਾ ਹਾਂ। ਉਹ ਰਿਟਾਇਰਡ ਹੋ ਕੇ ਆਪਣੇ ਜਨਮ ਸਥਾਨ ਅਲਮੋੜਾ ਜਾ ਵਸੇ ਤੇ ਅਖ਼ੀਰਲਾ ਸਮਾਂ ਉੱਥੇ ਹੀ ਬਿਤਾਇਆ।
(ਲੇਖਕ ਪਦਮ ਭੂਸ਼ਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਹਨ)।