
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੈਨੇਡਾ ਬੇਸ਼ੱਕ ਖ਼ੁਦ ਨੂੰ ਬਹੁ-ਸੱਭਿਆਚਾਰਕ ਤੇ ਸੁਰੱਖਿਅਤ ਦੇਸ਼ ਦੱਸਦਾ ਹੈ ਤੇ ਸਿੱਖ ਭਾਈਚਾਰੇ ਨੇ ਵੀ ਦੇਸ਼ ਦੀ ਆਰਥਿਕਤਾ, ਰਾਜਨੀਤੀ ਤੇ ਸਮਾਜਿਕ ਵਿਕਾਸ ’ਚ ਵੱਡਾ ਯੋਗਦਾਨ ਪਾਇਆ ਹੈ। ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਨ੍ਹਾਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ। ਗੁਰਦੁਆਰਿਆਂ ’ਚ ਸੁਰੱਖਿਆ ਪ੍ਰਬੰਧਾਂ ਦੀ ਨਿਯਮਤ ਸਮੀਖਿਆ ਹੋਣੀ ਚਾਹੀਦੀ ਹੈ। ਸੇਵਾਦਾਰਾਂ ਨੂੰ ਅਜਿਹੇ ਹਾਲਾਤ ਨਾਲ ਨਜਿੱਠਣ ਦੀ ਸਿਖਲਾਈ, ਐਮਰਜੈਂਸੀ ਪ੍ਰੋਟੋਕੋਲ, ਸੀਸੀਟੀਵੀ ਨਿਗਰਾਨੀ ਤੇ ਸਥਾਨਕ ਪੁਲਿਸ ਨਾਲ ਤਾਲਮੇਲ ਵਰਗੇ ਕਦਮਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।

ਕੈਨੇਡਾ ਦੇ ਐਡਮਿੰਟਨ ਸਥਿਤ ਗੁਰਦੁਆਰਾ ਨਾਨਕਸਰ ਸਾਹਿਬ ’ਚ ਹੋਏ ਹਮਲੇ ਨੇ ਇਕ ਵਾਰ ਫਿਰ ਵਿਦੇਸ਼ਾਂ ’ਚ ਵਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਕਰ ਦਿੱਤੀ ਹੈ। ਘਟਨਾ ਉਦੋਂ ਵਾਪਰੀ ਜਦੋਂ ਇਕ ਵਿਅਕਤੀ ਨੇ ਵਿਆਹ ਸਮਾਗਮ ਤੋਂ ਪਹਿਲਾਂ ਸਵੇਰ ਦੀ ਅਰਦਾਸ ’ਚ ਅੜਿੱਕਾ ਪਾਇਆ। ਪ੍ਰਤੀਕ ਧਾਰਮਿਕ ਸਥਾਨਾਂ ’ਤੇ ਅਜਿਹੇ ਹਮਲੇ ਹੋਣੇ ਮੰਦਭਾਗਾ ਹੈ। ਹਾਲਾਂਕਿ, ਇਹ ਕੋਈ ਪਹਿਲੀ ਘਟਨਾ ਨਹੀਂ। ਪਿਛਲੇ ਕੁਝ ਸਮੇਂ ਤੋਂ ਕੈਨੇਡਾ ਤੇ ਹੋਰ ਪੱਛਮੀ ਦੇਸ਼ਾਂ ’ਚ ਸਿੱਖਾਂ ਤੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋਇਆ ਹੈ। ਕਦੇ ਗੁਰਦੁਆਰਾ ਸਾਹਿਬ ਦੀਆਂ ਕੰਧਾਂ ’ਤੇ ਨਫ਼ਰਤੀ ਸੁਨੇਹੇ ਲਿਖੇ ਜਾਂਦੇ ਹਨ, ਕਦੇ ਤੋੜ-ਭੰਨ ਕੀਤੀ ਜਾਂਦੀ ਹੈ ਤੇ ਕਦੇ ਸੰਗਤ ’ਤੇ ਸਿੱਧਾ ਹਮਲਾ। ਐਡਮਿੰਟਨ ਹਮਲੇ ਤੋਂ ਪਹਿਲਾਂ ਅਲਬਰਟਾ ਦੇ ਦੋ ਗੁਰਦੁਆਰਿਆਂ ਨੂੰ ਧਮਕੀ ਭਰੇ ਫੋਨ ਆਉਣਾ ਵੀ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਕੀ ਅੱਗੜ-ਪਿੱਛੜ ਹੋਈਆਂ ਇਨ੍ਹਾਂ ਦੋਵਾਂ ਘਟਨਾਵਾਂ ਵਿਚਾਲੇ ਕੋਈ ਸਬੰਧ ਹੈ? ਜੇ ਹੈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ। ਇਸ ਲਈ ਪੁਲਿਸ ਤੇ ਸੁਰੱਖਿਆ ਏਜੰਸੀਆਂ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੀਆਂ ਧਮਕੀਆਂ ਨੂੰ ਸਿਰਫ਼ ਮਜ਼ਾਕ ਜਾਂ ਧਮਕੀ ਸਮਝ ਕੇ ਅਣਗੌਲਿਆ ਨਾ ਕਰਨ। ਕੈਨੇਡਾ ਬੇਸ਼ੱਕ ਖ਼ੁਦ ਨੂੰ ਬਹੁ-ਸੱਭਿਆਚਾਰਕ ਤੇ ਸੁਰੱਖਿਅਤ ਦੇਸ਼ ਦੱਸਦਾ ਹੈ ਤੇ ਸਿੱਖ ਭਾਈਚਾਰੇ ਨੇ ਵੀ ਦੇਸ਼ ਦੀ ਆਰਥਿਕਤਾ, ਰਾਜਨੀਤੀ ਤੇ ਸਮਾਜਿਕ ਵਿਕਾਸ ’ਚ ਵੱਡਾ ਯੋਗਦਾਨ ਪਾਇਆ ਹੈ। ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਨ੍ਹਾਂ ਘਟਨਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ। ਗੁਰਦੁਆਰਿਆਂ ’ਚ ਸੁਰੱਖਿਆ ਪ੍ਰਬੰਧਾਂ ਦੀ ਨਿਯਮਤ ਸਮੀਖਿਆ ਹੋਣੀ ਚਾਹੀਦੀ ਹੈ। ਸੇਵਾਦਾਰਾਂ ਨੂੰ ਅਜਿਹੇ ਹਾਲਾਤ ਨਾਲ ਨਜਿੱਠਣ ਦੀ ਸਿਖਲਾਈ, ਐਮਰਜੈਂਸੀ ਪ੍ਰੋਟੋਕੋਲ, ਸੀਸੀਟੀਵੀ ਨਿਗਰਾਨੀ ਤੇ ਸਥਾਨਕ ਪੁਲਿਸ ਨਾਲ ਤਾਲਮੇਲ ਵਰਗੇ ਕਦਮਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਕੈਨੇਡੀਅਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਨ੍ਹਾਂ ਹਮਲਿਆਂ ਨੂੰ ਸਿਰਫ਼ ਆਮ ਤੋੜ-ਭੰਨ ਨਾ ਮੰਨ ਕੇ ‘ਨਫ਼ਰਤੀ ਅਪਰਾਧ’ ਵਜੋਂ ਦਰਜ ਕਰਨਾ ਚਾਹੀਦਾ ਹੈ। ਜੇ ਅਮਨ-ਸ਼ਾਂਤੀ ਸਥਾਪਿਤ ਕਰਨੀ ਹੈ ਤਾਂ ਠੋਸ ਕਦਮ ਚੁੱਕਣੇ ਪੈਣਗੇ। ਧਾਰਮਿਕ ਅਸਥਾਨਾਂ ਦੀ ਸੁਰੱਖਿਆ ਲਈ ਕੈਨੇਡਾ ਕਮਿਊਨਿਟੀ ਸਿਕਿਓਰਿਟੀ ਪ੍ਰੋਗਰਾਮ ਵਰਗੀਆਂ ਸਰਕਾਰੀ ਯੋਜਨਾਵਾਂ ਅਧੀਨ ਫੰਡ ਵਧਾਏ ਜਾਣ ਤਾਂ ਜੋ ਸੀਸੀਟੀਵੀ, ਇਲੈਕਟ੍ਰਾਨਿਕ ਗੇਟ ਤੇ ਸੁਰੱਖਿਆ ਗਾਰਡਾਂ ਦਾ ਬਜਟ ਉਪਲਬਧ ਕਰਵਾਇਆ ਜਾ ਸਕੇ। ਸਕੂਲਾਂ-ਕਾਲਜਾਂ ਦੇ ਕੋਰਸਾਂ ’ਚ ਵੱਖ-ਵੱਖ ਸੱਭਿਆਚਾਰਾਂ ਤੇ ਧਰਮਾਂ ਬਾਰੇ ਜਾਣਕਾਰੀ ਸ਼ਾਮਲ ਕਰ ਕੇ ਕਾਫੀ ਹੱਦ ਇਸ ਨਫ਼ਰਤੀ ਪਾੜੇ ਨੂੰ ਘਟਾਇਆ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਨ ਕਦਮ ਹੈ ਨਫ਼ਰਤੀ ਭਾਸ਼ਣਾਂ ਦੇ ਪ੍ਰਚਾਰ-ਪ੍ਰਸਾਰ ’ਤੇ ਰੋਕ ਲਾਈ ਜਾਵੇ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਨਫ਼ਰਤੀ ਬਿਆਨਾਂ ’ਤੇ ਜ਼ੀਰੋ-ਟਾਲਰੈਂਸ ਦੀ ਨੀਤੀ ਅਪਨਾਉਣ ਦੀ ਲੋੜ ਹੈ। ਆਨਲਾਈਨ ਪਲੇਟਫਾਰਮਾਂ ’ਤੇ ਸਿੱਖਾਂ ਜਾਂ ਕਿਸੇ ਵੀ ਘੱਟ-ਗਿਣਤੀ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ਤੇ ਗ਼ਲਤ ਜਾਣਕਾਰੀ ’ਤੇ ਸਖ਼ਤ ਨਜ਼ਰ ਰੱਖੀ ਜਾਵੇ ਤੇ ਅਜਿਹੇ ਅਕਾਊਂਟਸ ਨੂੰ ਤੁਰੰਤ ਬੰਦ ਕੀਤਾ ਜਾਵੇ। ਕੈਨੇਡਾ ਸਰਕਾਰ ਨੂੰ ਹੁਣ ਸਮਝਣਾ ਪਵੇਗਾ ਕਿ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣਾ ਸਿਰਫ਼ ਇਕ ਭਾਈਚਾਰੇ ਦਾ ਮੁੱਦਾ ਨਹੀਂ, ਸਗੋਂ ਦੇਸ਼ ਦੇ ਲੋਕਤੰਤਰ ਤੇ ਅਮਨ-ਸ਼ਾਂਤੀ ਦਾ ਵੀ ਮੁੱਦਾ ਹੈ। ਧਾਰਮਿਕ ਅਸਥਾਨ ’ਚ ਵਾਪਰੀ ਹਿੰਸਾ ਨੂੰ ਸਿਰਫ਼ ‘ਲਾਅ ਐਂਡ ਆਰਡਰ’ ਦੀ ਘਟਨਾ ਮੰਨ ਕੇ ਫਾਈਲ ਬੰਦ ਕਰਨਾ ਹੱਲ ਨਹੀਂ, ਸਗੋਂ ਜਾਂਚ ’ਚ ਹਮਲੇ ਦਾ ਕਾਰਨ, ਬੇਅਦਬੀ ਦੀ ਕੋਸ਼ਿਸ਼, ਹਮਲਾਵਰ ਦੀ ਮਨਸ਼ਾ ਅਤੇ ਸੰਭਾਵੀ ਨਫ਼ਰਤੀ ਤੱਤ-ਹਰ ਪੱਖ ਨੂੰ ਸਾਹਮਣੇ ਲਿਆਉਣਾ ਪਵੇਗਾ। ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਫ਼ੈਸਲਾਕੁਨ ਤੇ ਠੋਸ ਕਦਮ ਚੁੱਕਣ ਦਾ ਸਮਾਂ ਆ ਗਿਆ ਹੈ।