- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਇਹ ਮੁਸਾਫ਼ਰ 29 ਸਤੰਬਰ, 1914 ਈ: ਨੂੰ ਬਾਬਾ ਜੀ ਦੀ ਅਗਵਾਈ ’ਚ ਹੁਗਲੀ ਬੰਦਰਗਾਹ ’ਤੇ ਪਹੁੰਚੇ। ਇਸ ਘਾਟ ਦਾ ਨਾਂਅ ਬਜਬਜਘਾਟ ਵਜੋਂ ਜਾਣਿਆ ਜਾਂਦਾ ਹੈ। ਭਾਰਤ ’ਚ ਰਾਜ ਕਰ ਰਹੀ ਅੰਗ੍ਰੇਜ਼ ਸਰਕਾਰ ਨੂੰ ਇਹ ਸਾਰੇ ਮਰਜੀਵੜੇ ਵਿਦਰੋਹੀ ਨਜ਼ਰ ਆਉਂਦੇ ਸਨ, ਕਿਉਂਕਿ ਤਕਰੀਬਨ ਸਾਢੇ ਪੰਜ ਮਹੀਨੇ ਪਿੱਛੋਂ ਇਹ ਭਾਰਤੀ ਬੰਦਰਗਾਹ ’ਤੇ ਪੁੱਜੇ ਸਨ। ਇਨ੍ਹਾਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ।

ਭਗਵਾਨ ਸਿੰਘ ਜੌਹਲ
ਜ਼ਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਤੋਂ ਪਹਿਲਾਂ ਅਜਿਹਾ ਹੀ ਇਕ ਹੋਰ ਖ਼ੂਨੀ ਸਾਕਾ ਹਿੰਦੁਸਤਾਨ ਦੀ ਧਰਤੀ ’ਤੇ ਵਾਪਰਿਆ। ਇਸ ਸਾਕੇ ਨੂੰ ਬਜਬਜਘਾਟ ਦੇ ਖ਼ੂਨੀ ਸਾਕੇ ਵਜੋਂ ਹਰ ਦੇਸ਼ ਵਾਸੀ ਯਾਦ ਕਰਦਾ ਹੈ। ਇਹ ਖ਼ੂਨੀ ਸਾਕਾ ਹੁਗਲੀ ਨਦੀ ਦੇ ਕਿਨਾਰੇ ਬਜਬਜਘਾਟ ਨਾਂਅ ਦੀ ਬੰਦਰਗਾਹ ’ਤੇ 29 ਸਤੰਬਰ, 1914 ਨੂੰ ਵਾਪਰਿਆ। ਇਸ ਖ਼ੂਨੀ ਸਾਕੇ ਸਮੇਂ ਜਿਸ ਜੁਝਾਰੂ ਸਿੱਖ ਆਗੂ ਦੀ ਅਗਵਾਈ ’ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਲਈ ਨਵੀਂ ਚੇਤਨਾ ਪੈਦਾ ਕਰਨ ਲਈ ਕੁਰਬਾਨੀਆਂ ਦਿੱਤੀਆਂ। ਉਸ ਮਹਾਨ ਸਿੱਖ ਆਗੂ ਨੂੰ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੇ ਨਾਂਅ ਨਾਲ ਹਰ ਬਸ਼ਰ ਯਾਦ ਕਰਦਾ ਹੈ।
ਬਾਬਾ ਗੁਰਦਿੱਤ ਸਿੰਘ ਦਾ ਜਨਮ ਪਿੰਡ ਸਰਹਾਲੀ ਜ਼ਿਲ੍ਹਾ ਤਰਨਤਾਰਨ ਵਿਖੇ 1861 ਈ: ਨੂੰ ਹੋਇਆ। ਇਨ੍ਹਾਂ ਦੇ ਪਿਤਾ ਹੁਕਮ ਸਿੰਘ ਸੰਧੂ ਖੇਤੀਬਾੜੀ ਦਾ ਧੰਦਾ ਕਰਦੇ ਸਨ। ਬਾਬਾ ਜੀ ਨੇ ਮੁੱਢਲੀ ਸਿੱਖਿਆ ਤੋਂ ਪਿੱਛੋਂ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਆਰੰਭ ਕੀਤਾ ਪਰ ਇਹ ਕਿੱਤਾ ਹੁਣ ਵਾਂਗ ਉਦੋਂ ਵੀ ਲਾਭਕਾਰੀ ਨਹੀਂ ਸੀ। ਬਾਬਾ ਜੀ ਦੇ ਮਨ ’ਚ ਵਪਾਰ ਕਰਨ ਦੀ ਲਗਨ ਸੀ। ਇਸੇ ਲਗਨ ਨੂੰ ਲੈ ਕੇ ਬਾਬਾ ਜੀ ਪਹਿਲਾਂ ਮਲਾਇਆ ਪਹੁੰਚ ਕੇ ਇਸ ਤੋਂ ਪਿੱਛੋਂ ਹਾਂਗਕਾਂਗ ਚਲੇ ਗਏ।
ਬਾਬਾ ਜੀ ਨੇ ਵਪਾਰ ਕਰਨ ਦੇ ਆਸ਼ੇ ਨੂੰ ਰੱਖ ਕੇ ਕੁਝ ਸਮੇਂ ਲਈ ਠੇਕੇਦਾਰੀ ਦਾ ਕਿੱਤਾ ਕੀਤਾ। ਥੋੜ੍ਹਾ ਸਮਾਂ ਠੇਕੇਦਾਰੀ ਕਰਨ ਤੋਂ ਪਿੱਛੋਂ ਉਨ੍ਹਾਂ ਇਕ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਕਿਰਾਏ ’ਤੇ ਲੈ ਲਿਆ। ਬਾਬਾ ਜੀ ਬੜੀ ਤੇਜ਼ ਤਰਾਰ ਬੁੱਧੀ ਦੇ ਮਾਲਕ ਸਨ। ਉਨ੍ਹਾਂ ਦੇ ਮਨ ’ਚ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਆਰਥਿਕ ਮੰਦਹਾਲੀ ਦਾ ਦੁੱਖ ਅਤੇ ਗ਼ੁਲਾਮ ਹੋਣ ਦੀ ਲਾਹਣਤ ਤੋਂ ਇਲਾਵਾ ਅੰਗ੍ਰੇਜ਼ ਸਰਕਾਰ ਦੀ ਲੁੱਟ-ਖਸੁੱਟ ਦੀ ਮਾਰੂ ਨੀਤੀ ਘਰ ਕਰ ਚੁੱਕੀ ਸੀ। ਇਨ੍ਹਾਂ ਸਾਂਝੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 376 ਮੁਸਾਫ਼ਰਾਂ ਸਮੇਤ ਇਕ ਜਹਾਜ਼ ਨੂੰ ਕੈਨੇਡਾ ਲਿਜਾਣ ਦਾ ਪ੍ਰੋਗਰਾਮ ਬਣਾ ਲਿਆ। ਇਨ੍ਹਾਂ ਪੰਜਾਬੀ ਮੁਸਾਫ਼ਰਾਂ ’ਚ ਕੇਵਲ 30 ਗ਼ੈਰ ਸਿੱਖ ਯਾਤਰੂ ਸਨ।
ਬਾਕੀ ਸਾਰੇ ਸਿੱਖ ਸਨ। ਉਨ੍ਹਾਂ ਇਸ ਜਹਾਜ਼ ਦਾ ਨਾਂਅ ਕਾਮਾਗਾਟਾਮਾਰੂ ਦੀ ਥਾਂ ’ਤੇ ਗੁਰੂ ਨਾਨਕ ਜਹਾਜ਼ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਇਸ ਜਹਾਜ਼ ’ਚ ਕੀਤਾ। ਵਪਾਰਕ ਨਜ਼ਰੀਏ ਨਾਲ ਕੁਝ ਕੋਲਾ ਵੀ ਇਸ ਜਹਾਜ਼ ’ਚ ਭਰਿਆ ਗਿਆ। ਜਹਾਜ਼ ਨੂੰ ਰਵਾਨਾ ਕਰਨ ਤੋਂ ਪਹਿਲਾਂ ਇਥੇ ਹਕੂਮਤ ਕਰ ਰਹੀ ਅੰਗ੍ਰੇਜ਼ ਸਰਕਾਰ ਨੇ ਬਹੁਤ ਸਾਰੀਆਂ ਰੁਕਾਵਟਾਂ ਪਾਈਆਂ। ਇਨ੍ਹਾਂ ਸਾਰੀਆਂ ਤੰਗੀਆਂ ਤੁਰਸ਼ੀਆਂ ਨੂੰ ਝੱਲਦਿਆਂ ਆਖਰ ਇਹ ਜਹਾਜ਼ ਹਾਂਗਕਾਂਗ ਤੋਂ ਵੈਨਕੂਵਰ ਲਈ 4 ਅਪ੍ਰੈਲ, 1914 ਈ: ਨੂੰ ਰਵਾਨਾ ਹੋਇਆ। ਸਮੁੰਦਰੀ ਸਫ਼ਰ ਤੈਅ ਕਰਕੇ 22 ਮਈ, 1914 ਈ: ਨੂੰ ਇਹ ਜਹਾਜ਼ ਵੈਨਕੂਵਰ (ਕੈਨੇਡਾ) ਪਹੁੰਚਦਿਆਂ ਆਖ਼ਰ ਇਸ ਜਹਾਜ਼ ਨੂੰ ਬੰਦਰਗਾਹ ਤੋਂ ਪਿੱਛੇ ਹੀ ਰੋਕ ਲਿਆ ਗਿਆ। ਇਸ ਜਹਾਜ਼ ’ਚ ਸਫ਼ਰ ਕਰ ਰਹੇ ਮੁਸਾਫ਼ਰਾਂ ’ਚੋਂ ਕੇਵਲ ਉਨ੍ਹਾਂ ਯਾਤਰੂਆਂ ਨੂੰ ਉਤਰਨ ਦੀ ਆਗਿਆ ਦਿੱਤੀ ਗਈ, ਜਿਹੜੇ ਕੈਨੇਡਾ ਦੀ ਨਾਗਰਿਕਤਾ ਸਿੱਧ ਕਰ ਸਕੇ। ਬਾਕੀ ਸਾਰੇ ਮੁਸਾਫ਼ਰ ਲਗਪਗ ਦੋ ਮਹੀਨੇ (23 ਜੁਲਾਈ ਤੱਕ) ਸਮੁੰਦਰ ’ਚ ਸਖ਼ਤ ਪਹਿਰੇ ਹੇਠ ਰੋਕੀ ਰੱਖੇ। ਇਨ੍ਹਾਂ ਦੋ ਮਹੀਨਿਆਂ ਦੌਰਾਨ ਸਮੁੰਦਰ ਜਹਾਜ਼ ’ਚ ਰਾਸ਼ਨ ਆਦਿ ਵੀ ਖ਼ਤਮ ਹੋ ਗਿਆ। ਸਮੁੰਦਰ ’ਚ ਰਹਿਣ ਕਰ ਕੇ ਬਹੁਤ ਸਾਰੇ ਮੁਸਾਫ਼ਰ ਅਨੇਕਾਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ।
ਅਨੇਕਾਂ ਕਠਿਨਾਈਆਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਇਹ ਮੁਸਾਫ਼ਰ 29 ਸਤੰਬਰ, 1914 ਈ: ਨੂੰ ਬਾਬਾ ਜੀ ਦੀ ਅਗਵਾਈ ’ਚ ਹੁਗਲੀ ਬੰਦਰਗਾਹ ’ਤੇ ਪਹੁੰਚੇ। ਇਸ ਘਾਟ ਦਾ ਨਾਂਅ ਬਜਬਜਘਾਟ ਵਜੋਂ ਜਾਣਿਆ ਜਾਂਦਾ ਹੈ। ਭਾਰਤ ’ਚ ਰਾਜ ਕਰ ਰਹੀ ਅੰਗ੍ਰੇਜ਼ ਸਰਕਾਰ ਨੂੰ ਇਹ ਸਾਰੇ ਮਰਜੀਵੜੇ ਵਿਦਰੋਹੀ ਨਜ਼ਰ ਆਉਂਦੇ ਸਨ, ਕਿਉਂਕਿ ਤਕਰੀਬਨ ਸਾਢੇ ਪੰਜ ਮਹੀਨੇ ਪਿੱਛੋਂ ਇਹ ਭਾਰਤੀ ਬੰਦਰਗਾਹ ’ਤੇ ਪੁੱਜੇ ਸਨ। ਇਨ੍ਹਾਂ ਨੂੰ ਜਹਾਜ਼ ਤੋਂ ਉਤਰਨ ਤੋਂ ਪਹਿਲਾਂ ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ। ਸਰਕਾਰ ਨੇ ਫ਼ੈਸਲਾ ਕੀਤਾ ਕਿ ਇਨ੍ਹਾਂ ਭੁੱਖ ਤੇ ਬਿਮਾਰੀਆਂ ਤੋਂ ਤੰਗ ਆਏ ਸਾਰੇ ਬਾਗ਼ੀ ਮੁਸਾਫ਼ਰਾਂ ਨੂੰ ਇਕ ਬੰਦ ਰੇਲ ਗੱਡੀ ਰਾਹੀਂ ਪੰਜਾਬ ਭੇਜਿਆ ਜਾਵੇ। 17 ਮੁਸਲਮਾਨ ਮੁਸਾਫ਼ਰ ਸਰਕਾਰ ਦਾ ਹੁਕਮ ਮੰਨ ਕੇ ਗੱਡੀ ’ਚ ਸਵਾਰ ਹੋ ਗਏ। ਬਾਕੀ ਸਾਰੇ ਮੁਸਾਫ਼ਰ ਜੁਝਾਰੂ ਸਿੱਖ ਆਗੂ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਲੈ ਕੇ ਸਟੇਸ਼ਨ ਵੱਲ ਨੂੰ ਜਲੂਸ ਦੀ ਸ਼ਕਲ ’ਚ ਪੈਦਲ ਚਲ ਪਏ।
ਉਨ੍ਹਾਂ ਪਲੇਟਫਾਰਮ ’ਤੇ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਆਰੰਭ ਕੀਤਾ। ਏਨੇ ਨੂੰ ਫ਼ੌਜ ਅਤੇ ਪੁਲਿਸ ਦੀਆਂ ਟੁਕੜੀਆਂ ਨੇ ਇਨ੍ਹਾਂ ਜੁਝਾਰੂ ਪੰਜਾਬੀਆਂ ’ਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਬਹੁਤ ਸਾਰੇ ਯਾਤਰੂ ਗ੍ਰਿਫ਼ਤਾਰ ਕਰ ਲਏ ਗਏ। ਸਰਕਾਰੀ ਰਿਕਾਰਡ ਮੁਤਾਬਕ 18 ਮੁਸਾਫ਼ਰ ਸ਼ਹਾਦਤ ਦਾ ਜਾਮ ਪੀ ਗਏ। ਇਸ ਬਜਬਜਘਾਟ ਦੇ ਖ਼ੂਨੀ ਸਾਕੇ ਨੇ ਦੇਸ਼ ਭਗਤਾਂ ਅੰਦਰ ਆਜ਼ਾਦੀ ਦੀ ਚਿਣਗ਼ ਨੂੰ ਹੋਰ ਤਿੱਖਾ ਕੀਤਾ। ਇਸ ਖ਼ੂਨੀ ਸਾਕੇ ਸਮੇਂ ਬਾਬਾ ਗੁਰਦਿੱਤ ਸਿੰਘ ਆਪਣੇ ਹੋਰ 28 ਸਾਥੀਆਂ ਸਮੇਤ ਇਸ ਜਗ੍ਹਾਂ ਤੋਂ ਬਚ ਕੇ ਨਿਕਲ ਜਾਣ ’ਚ ਕਾਮਯਾਬ ਹੋ ਗਏ। ਇਹ ਜੁਝਾਰੂ ਬਾਬਾ ਛੇ ਸਾਲ ਤੱਕ ਗੁਪਤਵਾਸ ’ਚ ਰਿਹਾ। ਇਸ ਤੋਂ ਪਿੱਛੋਂ ਉਹ ਲੋਕਾਂ ਸਾਹਮਣੇ ਆਏ।
ਕਈ ਵਾਰ ਇਸ ਦੇਸ਼ ਭਗਤ ਬਾਬੇ ਨੂੰ ਸਖ਼ਤ ਕੈਦ ਕੱਟਣੀ ਪਈ। ਉਹ ਹੁਣ ਪੂਰੀ ਤਰ੍ਹਾਂ ਰਾਸ਼ਟਰੀ ਅੰਦੋਲਨ ’ਚ ਸ਼ਾਮਿਲ ਹੋ ਚੁੱਕਾ ਸੀ। ਇਸ ਦੌਰਾਨ ਅਜ਼ਾਦੀ ਲਈ ਘੋਲ ਕਰ ਰਹੇ ਰਾਸ਼ਟਰੀ ਆਗੂਆਂ ਨੂੰ ਗੁਪਤਵਾਸ ਦੌਰਾਨ ਮਿਲਦਾ ਵੀ ਰਿਹਾ। 1926 ਈ: ’ਚ ਜਦੋਂ ਸਰਮੁੱਖ ਸਿੰਘ ਝਬਾਲ ਜੇਲ੍ਹ ਚਲਾ ਗਿਆ ਤਾਂ ਬਾਬਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ।
ਇਹ ਵੀ ਜ਼ਿਕਰਯੋਗ ਹੈ ਕਿ 1926 ਈ: ’ਚ ਹੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਗੁਹਾਟੀ ਸੈਸ਼ਨ ’ਚੋਂ 50 ਸਿੱਖ ਡੈਲੀਗੇਟਾਂ ਸਮੇਤ ਵਾਕਆਊਟ ਕੀਤਾ, ਕਿਉਂਕਿ ਉਸ ਸਮੇਂ ਸਬਜੈਕਟ ਕਮੇਟੀ ਨੇ ਆਪਣੇ ਪਾਸ ਹੋਣ ਵਾਲੇ ਮਤਿਆਂ ’ਚ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨੂੰ ਅੰਗ੍ਰੇਜ਼ਾਂ ਵੱਲੋਂ ਗੱਦੀ ਤੋਂ ਵੱਖ ਕਰਨ ਦੀ ਬੇਇਨਸਾਫ਼ੀ ਵਿਰੁੱਧ ਮਤਾ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਪਿੱਛੋਂ 1931 ਤੋਂ 1933 ਈ: ਤੱਕ ਬਾਬਾ ਜੀ ਨੂੰ ਰਾਜਨੀਤਿਕ ਗਤੀਵਿਧੀਆਂ ਕਾਰਨ ਤਿੰਨ ਵਾਰ ਜੇਲ੍ਹ ਜਾਣਾ ਪਿਆ। 1937 ਈ: ’ਚ ਕਾਂਗਰਸ ਵੱਲੋਂ ਵਿਧਾਇਕ ਦੀ ਚੋਣ ਲੜੀ ਪਰ ਹਾਰ ਗਏ।
ਇਹ ਮਹਾਨ ਜੁਝਾਰੂ ਸਿੱਖ ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ 94 ਵਰ੍ਹਿਆਂ ਦੀ ਉਮਰ ਭੋਗ ਕੇ ਅੰਮ੍ਰਿਤਸਰ ਵਿਖੇ 24 ਜੁਲਾਈ, 1954 ਨੂੰ ਅਕਾਲ ਚਲਾਣਾ ਕਰ ਗਏ। ਬਜਬਜਘਾਟ ਦੇ ਖ਼ੂਨੀ ਸਾਕੇ ਦੀ ਬਣੀ ਹੋਈ ਸ਼ਹੀਦੀ ਯਾਦਗਾਰ ਅੱਜ ਵੀ ਬਾਬਾ ਜੀ ਦੀ ਅਗਵਾਈ ’ਚ ਵਾਪਰੇ ਇਸ ਖ਼ੂਨੀ ਸਾਕੇ ਦੀ ਯਾਦ ਨੂੰ ਤਾਜ਼ਾ ਕਰ ਰਹੀ ਹੈ।