
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬੀ ਖੋਜ ਅਤੇ ਸਾਹਿਤਕ ਅਧਿਐਨ ਦੇ ਖੇਤਰ ’ਚ ਡਾ. ਜੋਸ਼ੀ ਦਾ ਯੋਗਦਾਨ ਖ਼ਾਸ ਮਹੱਤਵ ਰੱਖਦਾ ਹੈ। ਪੰਜਾਬੀ ਪ੍ਰਗੀਤ ਦੇ ਸ਼ਿਲਪਕ ਪੱਖਾਂ ਨੂੰ ਸਮਝਣ ਅਤੇ ਵਿਸ਼ਲੇਸ਼ਿਤ ਕਰਨ ’ਚ ਉਨ੍ਹਾਂ ਦੀ ਪੁਸਤਕ ‘ਪੰਜਾਬੀ ਪ੍ਰਗੀਤ ਸ਼ਿਲਪ’ ਨੂੰ ਇਕ ਮਹੱਤਵਪੂਰਨ ਅਤੇ ਮੀਲ ਪੱਥਰ ਦੇ ਬਰਾਬਰ ਦੀ ਰਚਨਾ ਵਜੋਂ ਯਾਦ ਕੀਤਾ ਜਾਵੇਗਾ। ਇਸ ਕਿਰਤ ਨੇ ਪੰਜਾਬੀ ਕਾਵਿ-ਅਧਿਐਨ ਨੂੰ ਇਕ ਨਵਾਂ ਨਜ਼ਰੀਆ ਤੇ ਖੋਜ ਨੂੰ ਇਕ ਮਜ਼ਬੂਤ ਅਧਾਰ ਪ੍ਰਦਾਨ ਕੀਤਾ।


-ਡਾ. ਸੀਤਲ ਸਿੰਘ
ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਅੰਬਰ ਦਾ ਇਕ ਹੋਰ ਚਮਕਦਾ ਸਿਤਾਰਾ ਅਸਤ ਹੋ ਗਿਆ। ਪਰਮ ਸਤਿਕਾਰਯੋਗ ਗੁਰੂਦੇਵ ਡਾ. ਟੀ. ਡੀ. ਜੋਸ਼ੀ (ਠਾਕੁਰ ਦੱਤ ਜੋਸ਼ੀ) ਦਾ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਪੰਜਾਬੀ ਭਾਸ਼ਾ, ਸਾਹਿਤ, ਖੋਜ ਤੇ ਸੱਭਿਆਚਾਰਕ ਜਗਤ ਲਈ ਇਕ ਅਜਿਹਾ ਨਾ-ਪੂਰਾ ਹੋਣ ਵਾਲਾ ਘਾਟਾ ਹੈ, ਜਿਸ ਦੀ ਕਮੀ ਲੰਮੇ ਸਮੇਂ ਤੱਕ ਮਹਿਸੂਸ ਕੀਤੀ ਜਾਂਦੀ ਰਹੇਗੀ। ਇਸ ਤੋਂ ਇਲਾਵਾ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਉਨ੍ਹਾਂ ਦਾ ਵਿਛੋੜਾ ਕੇਵਲ ਇਕ ਵਿਦਵਾਨ ਅਧਿਆਪਕ ਦਾ ਵਿਛੜਨਾ ਹੀ ਨਹੀਂ, ਸਗੋਂ ਪੰਜਾਬੀ ਗਿਆਨ-ਪਰੰਪਰਾ ਦੇ ਇਕ ਸਮਰਪਿਤ ਸਾਧਕ, ਸੁਹਿਰਦ ਗੁਰੂ ਤੇ ਪਿਆਰ ਭਰੇ ਮਨੁੱਖ ਦਾ ਸਾਡੇ ’ਚੋਂ ਤੁਰ ਜਾਣਾ ਹੈ। ਡਾ. ਜੋਸ਼ੀ ਦਾ ਸਮੁੱਚਾ ਜੀਵਨ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਸੇਵਾ ਨੂੰ ਸਮਰਪਿਤ ਰਿਹਾ। ਇਕ ਅਧਿਆਪਕ, ਖੋਜਕਾਰ ਅਤੇ ਚਿੰਤਕ ਵਜੋਂ ਉਨ੍ਹਾਂ ਨੇ ਅਨੇਕਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਗਿਆਨ ਦੀ ਰਾਹ ’ਤੇ ਤੁਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਵਿਦਵਤਾ ਦੇ ਨਾਲ-ਨਾਲ ਉਨ੍ਹਾਂ ਦੀ ਸਾਦਗੀ, ਨਿਮਰਤਾ ਅਤੇ ਆਪਣੇ ਵਿਦਿਆਰਥੀਆਂ ਪ੍ਰਤੀ ਅਥਾਹ ਪਿਆਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਵਿਸ਼ੇਸ਼ ਪਛਾਣ ਸੀ। ਉਹ ਕੇਵਲ ਪੁਸਤਕਾਂ ਦਾ ਗਿਆਨ ਵੰਡਣ ਵਾਲੇ ਅਧਿਆਪਕ ਨਹੀਂ ਸਨ, ਸਗੋਂ ਆਪਣੇ ਵਿਵਹਾਰ ਅਤੇ ਜੀਵਨ-ਮੁੱਲਾਂ ਰਾਹੀਂ ਵੀ ਆਪਣੇ ਸਾਥੀਆਂ ਅਤੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣੇ ਰਹੇ।
ਡਾ. ਟੀ. ਡੀ. ਜੋਸ਼ੀ ਨੇ ਐੱਮਏ ਪੰਜਾਬੀ ਤੇ ਅੰਗਰੇਜ਼ੀ, ਐੱਮਫਿਲ ਤੇ ਪੀਐੱਚਡੀ ਵਰਗੀਆਂ ਉੱਚ ਵਿੱਦਿਅਕ ਯੋਗਤਾਵਾਂ ਹਾਸਲ ਕਰ ਕੇ ਆਪਣੇ ਗਿਆਨ ਨੂੰ ਕੇਵਲ ਡਿਗਰੀਆਂ ਤੱਕ ਹੀ ਸੀਮਤ ਨਹੀਂ ਰੱਖਿਆ, ਸਗੋਂ ਇਸ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਇਹ ਉਨ੍ਹਾਂ ਦੀ ਸ਼ਖ਼ਸੀਅਤ ਦੀ ਵਿਲੱਖਣਤਾ ਸੀ ਕਿ ਉਨ੍ਹਾਂ ਨੇ ਪੰਜਾਬੀ ਸਾਹਿਤ ਤੇ ਭਾਸ਼ਾ ਪ੍ਰਤੀ ਆਪਣੀ ਸੇਵਾ ਨੂੰ ਆਖ਼ਰੀ ਸਾਹ ਤੱਕ ਜਾਰੀ ਰੱਖਿਆ। ਉਨ੍ਹਾਂ ਨੇ ਲੰਮਾ ਸਮਾਂ ਡੀਏਵੀ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ’ਚ ਅਧਿਐਨ ਅਤੇ ਅਧਿਆਪਨ ਕਰਦਿਆਂ ਅਨੇਕਾਂ ਵਿਦਿਆਰਥੀਆਂ ਨੂੰ ਗਿਆਨ ਦੀ ਰੌਸ਼ਨੀ ਨਾਲ ਰੁਸ਼ਨਾਇਆ। ਕਾਲਜ ਖੋਜਾਰਥੀਆਂ ਲਈ ਉਹ ਕਿਸੇ ਰਾਹ ਦਸੇਰੇ ਤੋਂ ਘੱਟ ਨਹੀਂ ਸਨ।
ਉਹ ਇਕ ਅਜਿਹੇ ਅਧਿਆਪਕ ਸਨ, ਜਿਨ੍ਹਾਂ ਲਈ ਪੜ੍ਹਾਉਣਾ ਸਿਰਫ਼ ਪੇਸ਼ਾ ਨਹੀਂ, ਸਗੋਂ ਇਕ ਪਵਿੱਤਰ ਸਾਧਨਾ ਸੀ। ਉਨ੍ਹਾਂ ਦੀ ਸ਼ਖ਼ਸੀਅਤ ’ਚ ਵਿਦਵਤਾ ਦੀ ਗੰਭੀਰਤਾ, ਗੁਰੂ ਦੀ ਸਨੇਹਮਈ ਮਮਤਾ ਤੇ ਇਕ ਸੱਚੇ ਮਨੁੱਖ ਦੀ ਸਾਦਗੀ ਦਾ ਅਦਭੁਤ ਸੁਮੇਲ ਸੀ। ਉਨ੍ਹਾਂ ਦੇ ਵਿਦਿਆਰਥੀਆਂ ਲਈ ਉਹ ਕੇਵਲ ਅਧਿਆਪਕ ਨਹੀਂ ਸਨ, ਬਲਕਿ ਇਕ ਮਾਰਗਦਰਸ਼ਕ, ਸਰਪ੍ਰਸਤ ਤੇ ਪ੍ਰੇਰਨਾ ਦੇ ਸਰੋਤ ਵੀ ਸਨ। ਉਹ ਆਪਣੇ ਵਿਦਿਆਰਥੀਆਂ ਨੂੰ ਮਾਤਾ-ਪਿਤਾ ਵਰਗਾ ਪਿਆਰ, ਸਨੇਹ ਅਤੇ ਅਪਣੱਤ ਦਿੰਦੇ ਹੋਏ ਹਮੇਸ਼ਾ ਉਨ੍ਹਾਂ ਦੇ ਉੱਜਲ ਭਵਿੱਖ ਦੀ ਹਮੇਸ਼ਾ ਹੀ ਕਾਮਨਾ ਕਰਦੇ ਰਹੇ ਹਨ।
ਪੰਜਾਬੀ ਖੋਜ ਅਤੇ ਸਾਹਿਤਕ ਅਧਿਐਨ ਦੇ ਖੇਤਰ ’ਚ ਡਾ. ਜੋਸ਼ੀ ਦਾ ਯੋਗਦਾਨ ਖ਼ਾਸ ਮਹੱਤਵ ਰੱਖਦਾ ਹੈ। ਪੰਜਾਬੀ ਪ੍ਰਗੀਤ ਦੇ ਸ਼ਿਲਪਕ ਪੱਖਾਂ ਨੂੰ ਸਮਝਣ ਅਤੇ ਵਿਸ਼ਲੇਸ਼ਿਤ ਕਰਨ ’ਚ ਉਨ੍ਹਾਂ ਦੀ ਪੁਸਤਕ ‘ਪੰਜਾਬੀ ਪ੍ਰਗੀਤ ਸ਼ਿਲਪ’ ਨੂੰ ਇਕ ਮਹੱਤਵਪੂਰਨ ਅਤੇ ਮੀਲ ਪੱਥਰ ਦੇ ਬਰਾਬਰ ਦੀ ਰਚਨਾ ਵਜੋਂ ਯਾਦ ਕੀਤਾ ਜਾਵੇਗਾ। ਇਸ ਕਿਰਤ ਨੇ ਪੰਜਾਬੀ ਕਾਵਿ-ਅਧਿਐਨ ਨੂੰ ਇਕ ਨਵਾਂ ਨਜ਼ਰੀਆ ਤੇ ਖੋਜ ਨੂੰ ਇਕ ਮਜ਼ਬੂਤ ਅਧਾਰ ਪ੍ਰਦਾਨ ਕੀਤਾ। ਉਨ੍ਹਾਂ ਦੀ ਵਿਦਵਤਾ ਸਿਰਫ਼ ਪੁਸਤਕਾਂ ਦੇ ਪੰਨਿਆਂ ਤੱਕ ਸੀਮਤ ਨਹੀਂ ਸੀ, ਸਗੋਂ ਉਹ ਜੀਵਨ ਭਰ ਗਿਆਨ ਦੀ ਖੋਜ ਅਤੇ ਉਸ ਦੇ ਪ੍ਰਸਾਰ ਲਈ ਸਰਗਰਮ ਰਹੇ। ਸੇਵਾ ਮੁਕਤੀ ਤੋਂ ਬਾਅਦ ਵੀ ਡਾ. ਟੀਡੀ ਜੋਸ਼ੀ ਨੇ ਆਪਣੇ ਆਪ ਨੂੰ ਆਰਾਮ ਨਹੀਂ ਦਿੱਤਾ। ਉਹ ਪੰਜਾਬੀ ਭਾਸ਼ਾ ਤੇ ਖੋਜ ਕਾਰਜਾਂ ਨਾਲ ਲਗਾਤਾਰ ਜੁੜੇ ਰਹੇ। ਇਹੀ ਇਕ ਸੱਚੇ ਅਧਿਆਪਕ ਅਤੇ ਖੋਜੀ ਦੀ ਪਛਾਣ ਹੁੰਦੀ ਹੈ ਕਿ ਉਸ ਲਈ ਗਿਆਨ ਦੀ ਯਾਤਰਾ ਕਦੇ ਸਮਾਪਤ ਨਹੀਂ ਹੋ ਸਕਦੀ। ਉਨ੍ਹਾਂ ਨੇ ਆਪਣੇ ਤਜਰਬਿਆਂ ਅਤੇ ਵਿਦਵਤਾ ਦੇ ਲਾਭ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਆਪਣਾ ਧਰਮ ਸਮਝਿਆ।
ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਵੇਦ ਅਗਨੀਹੋਤਰੀ ਨਾਲ ਮਿਲ ਕੇ ਉਨ੍ਹਾਂ ਨੇ ਆਈਏਐੱਸ ਅਤੇ ਪੀਸੀਐੱਸ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀਆਂ ਤਿਆਰੀਆਂ ਕਰ ਰਹੇ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਦੀ ਸੁਚੱਜੀ ਅਤੇ ਪ੍ਰਭਾਵਸ਼ਾਲੀ ਮਾਰਗਦਰਸ਼ਨਾ ਦਿੱਤੀ। ਉਨ੍ਹਾਂ ਦੀ ਅਗਵਾਈ ਹੇਠ ਹਰ ਬੈਚ ’ਚ ਵਿਦਿਆਰਥੀਆਂ ਦੀ ਸਫਲਤਾ ਨੇ ਉਨ੍ਹਾਂ ਦੀ ਅਧਿਆਪਨ ਯੋਗਤਾ ਅਤੇ ਵਿਸ਼ੇ ’ਤੇ ਪਕੜ ਨੂੰ ਸਾਬਤ ਕੀਤਾ। ਉਹ ਵਿਦਿਆਰਥੀਆਂ ਨੂੰ ਸਿਰਫ਼ ਪ੍ਰੀਖਿਆ ਪਾਸ ਕਰਨ ਦੀ ਤਿਆਰੀ ਨਹੀਂ ਕਰਵਾਉਂਦੇ ਸਨ, ਸਗੋਂ ਉਨ੍ਹਾਂ ’ਚ ਆਤਮਵਿਸ਼ਵਾਸ, ਮਿਹਨਤ, ਅਨੁਸ਼ਾਸਨ ਅਤੇ ਜੀਵਨ ’ਚ ਅੱਗੇ ਵਧਣ ਦੀ ਪ੍ਰੇਰਣਾ ਵੀ ਪੈਦਾ ਕਰਦੇ ਸਨ।
ਡਾ. ਜੋਸ਼ੀ ਜੀ ਦਾ ਵਿਅਕਤਿਤਵ ਸਾਦਗੀ ਤੇ ਉੱਚ ਵਿਚਾਰਾਂ ਦਾ ਪ੍ਰਤੀਕ ਸੀ। ਉਹ ਆਪਣੇ ਗਿਆਨ ਦਾ ਕਦੇ ਪ੍ਰਦਰਸ਼ਨ ਨਹੀਂ ਕਰਦੇ ਸਨ, ਸਗੋਂ ਨਿਮਰਤਾ ਨਾਲ ਹਰ ਕਿਸੇ ਦੀ ਸਹਾਇਤਾ ਲਈ ਤਤਪਰ ਰਹਿੰਦੇ ਸਨ। ਉਨ੍ਹਾਂ ਦੇ ਬੋਲਾਂ ’ਚ ਪਿਆਰ ਸੀ, ਵਿਚਾਰਾਂ ’ਚ ਡੂੰਘਾਈ ਸੀ ਅਤੇ ਵਿਵਹਾਰ ’ਚ ਅਪਣੱਤ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨਾਲ ਜੁੜਿਆ ਹਰ ਵਿਦਿਆਰਥੀ ਅਤੇ ਸਹਿਕਰਮੀ ਉਨ੍ਹਾਂ ਨੂੰ ਸਿਰਫ਼ ਇਕ ਵਿਦਵਾਨ ਦੇ ਰੂਪ ’ਚ ਨਹੀਂ, ਸਗੋਂ ਇਕ ਉੱਤਮ ਮਨੁੱਖ ਵਜੋਂ ਯਾਦ ਕਰੇਗਾ। ਅੱਜ ਜਦੋਂ ਡਾ. ਟੀ. ਡੀ. ਜੋਸ਼ੀ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹੇ, ਤਾਂ ਉਨ੍ਹਾਂ ਦੀਆਂ ਯਾਦਾਂ, ਉਨ੍ਹਾਂ ਦੀ ਵਿਦਵਤਾ, ਉਨ੍ਹਾਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀ ਵਿਦਿਆਰਥੀਆਂ ਦੀ ਪੀੜ੍ਹੀ ਉਨ੍ਹਾਂ ਨੂੰ ਸਦਾ ਜੀਵੰਤ ਰੱਖੇਗੀ। ਇਕ ਸੱਚੇ ਗੁਰੂ ਦੀ ਸਭ ਤੋਂ ਵੱਡੀ ਪਛਾਣ ਉਸ ਦੇ ਸਿਖਾਂਦਰੂ ਹਨ ਅਤੇ ਡਾ. ਜੋਸ਼ੀ ਦੇ ਅਨੇਕਾਂ ਵਿਦਿਆਰਥੀ ਅੱਜ ਜੀਵਨ ਦੇ ਵੱਖ-ਵੱਖ ਖੇਤਰਾਂ ’ਚ ਸਫਲ ਹੋ ਕੇ ਉਨ੍ਹਾਂ ਦੀ ਸਿੱਖਿਆ ਅਤੇ ਸੰਸਕਾਰਾਂ ਦੀ ਗਵਾਹੀ ਦੇ ਰਹੇ ਹਨ। ਉਨ੍ਹਾਂ ਦਾ ਜਾਣਾ ਨਿਸ਼ਚਿਤ ਤੌਰ ’ਤੇ ਇੱਕ ਯੁੱਗ ਦਾ ਅੰਤ ਹੈ ਪਰ ਉਨ੍ਹਾਂ ਦੀ ਗਿਆਨ-ਜੋਤ ਕਦੇ ਬੁਝਣ ਵਾਲੀ ਨਹੀਂ। ਉਹ ਪੰਜਾਬੀ ਸਾਹਿਤ ਦੇ ਇਤਿਹਾਸ, ਪੰਜਾਬੀ ਖੋਜ ਦੀ ਪਰੰਪਰਾ ਅਤੇ ਆਪਣੇ ਹਜ਼ਾਰਾਂ ਵਿਦਿਆਰਥੀਆਂ ਦੇ ਦਿਲਾਂ ’ਚ ਹਮੇਸ਼ਾ ਜਿਊਂਦੇ ਰਹਿਣਗੇ। ਵਿਦਿਆਰਥੀ ਮਨਾਂ ਦੇ ਨਾਲ-ਨਾਲ ਆਪਣੇ ਚਹੇਤਿਆਂ ਦੇ ਚੇਤਿਆਂ ’ਚ ਹਮੇਸ਼ਾ ਤਾਜ਼ਾ ਰਹਿਣ ਵਾਲੇ ਗੁਰੂਦੇਵ ਡਾ. ਟੀ. ਡੀ. ਜੋਸ਼ੀ ਨੂੰ ਸਾਡਾ ਕੋਟਿ-ਕੋਟਿ ਪ੍ਰਣਾਮ ਅਤੇ ਅੱਥਰੂਭਰੀ ਸ਼ਰਧਾਂਜਲੀ।
(ਲੇਖਕ ਜੇਸੀ ਡੀਏਵੀ ਕਾਲਜ ਦਸੂਹਾ ਦੇ ਪ੍ਰੋਫੈਸਰ ਹਨ)।