- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਤਕ ਖੇਤਰ ’ਚ ਜ਼ਿਆਦਾ ਟੂਟੀਆਂ ਤਾਂ ਨਹੀਂ ਲੱਗੀਆਂ ਹੋਈਆਂ, ਪਰ ਜਿੱਥੇ ਵੀ ਲੱਗੀਆਂ ਹੋਈਆਂ ਹਨ, ਮੈਂ ਅਕਸਰ ਦੇਖਦਾ ਹਾਂ ਕਿ ਉਹ ਵਗ ਰਹੀਆਂ ਹੁੰਦੀਆਂ ਹਨ। ਪਾਣੀ ਡੁੱਲ ਰਿਹਾ ਹੁੰਦਾ ਹੈ। ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਵਰਤੋ ਵੀ ਸੰਜਮ ਨਾਲ ਕਰਨੀ ਚਾਹੀਦੀ ਹੈ। ਪੰਚਾਇਤੀ ਟੈਂਕੀਆਂ/ਮੋਟਰਾਂ ਤੋਂ ਦਿੱਤੇ ਕਨੈਕਸ਼ਨਾਂ ’ਚ ਵੀ ਆਮ ਤੌਰ ’ਤੇ ਦੇਖਣ ’ਚ ਆਇਆ ਹੈ ਕਿ ਇਨ੍ਹਾਂ ਤੋਂ ਵੀ ਪਾਣੀ ਲਗਾਤਾਰ ਖ਼ਰਾਬ ਜਾਂਦਾ ਰਹਿੰਦਾ ਹੈ। ਰਹਿੰਦੀ ਖੂੰਦੀ ਕਸਰ ਸਮਰਸੀਬਲਾਂ ਨੇ ਪੂਰੀ ਕੀਤੀ ਹੋਈ ਹੈ।

ਲੇਖ ਦਾ ਸਿਰਲੇਖ ਆਪਾ ਵਿਰੋਧੀ ਹੈ ਪਰ ਇਸ ’ਤੇ ਸਾਰਥਕ ਅਤੇ ਗਹਿ-ਗੱਡਵਾਂ ਵਿਚਾਰ ਕਰਨ ਲਈ ਸਾਨੂੰ ਪੜ੍ਹੇ ਲਿਖੇ ਤੇ ਆਧੁਨਿਕ ਅਨਪੜ੍ਹ ਦੀ ਪਰਿਭਾਸ਼ਾ ਘੜਨੀ ਅਤੇ ਸਮਝਣੀ ਪਵੇਗੀ। ਇਸ ਨੂੰ ਜਾਨਣ ਤੇ ਇਸ ’ਤੇ ਚਾਨਣਾ ਪਾਉਣ ਤੋਂ ਪਹਿਲਾਂ ਆਓ ਭਾਰਤ ਤੇ ਪੰਜਾਬ ਸੂਬੇ ’ਚ ਪੜ੍ਹੇ ਲਿਖਿਆਂ ਦੀ ਦਰਜਾਬੰਦੀ ’ਤੇ ਨਜ਼ਰ ਮਾਰ ਲਈਏ। ਭਾਰਤ ’ਚ ਇਸ ਵੇਲੇ 1113 ਯੂਨੀਵਰਸਟੀਆਂ ਜਾਂ ਇਸ ਦੇ ਪੱਧਰ ਦੇ ਵਿਦਿਅਕ ਅਦਾਰੇ ਹਨ। ਇਹਨਾਂ ’ਚੋਂ 420 ਯੂਨੀਵਰਸਿਟੀਆਂ ਸੂਬਿਆਂ ਦੀਆਂ ਹਨ, 396 ਪ੍ਰਾਈਵੇਟ ਤੇ ਸਭ ਤੋਂ ਵੱਡੀ ਗੱਲ ਇਨ੍ਹਾਂ ’ਚ 17 ਯੂਨੀਵਰਸਿਟੀਆਂ ਅਜਿਹੀਆਂ ਹਨ, ਜਿਹੜੀਆਂ ਸਿਰਫ ਔਰਤਾਂ ਲਈ ਹਨ। 2012 ਦੇ ਹਿਸਾਬ ਕਿਤਾਬ ਨਾਲ ਇਹਨਾਂ ਯੂਨੀਵਰਸਿਟੀਆਂ ’ਚ ਚਾਰ ਕਰੋੜ 33 ਲੱਖ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਰਹੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਭਾਰਤ ’ਚ ਪੜ੍ਹੇ ਲਿਖਿਆਂ ਦੀ ਦਰ 74.04 ਫ਼ੀਸਦ ਹੈ। ਇਹਨਾਂ ’ਚ ਮਰਦਾਂ ਦੀ 82.14 ਫ਼ੀਸਦ ਤੇ ਔਰਤਾਂ ਦੀ 65.46 ਫੀਸਦੀ ਹੈ। ਕੇਰਲਾ ਰਾਜ ਦੀ ਸਾਖਰਤਾ ਦਰ 93.91 ਫ਼ੀਸਦ ਹੈ। ਇਸੇ ਹਿਸਾਬ ਨਾਲ ਪੰਜਾਬ ’ਚ ਇਸ ਵੇਲੇ 40 ਤੋਂ ਵੱਧ ਯੂਨੀਵਰਸਿਟੀਆਂ ਜਾਂ ਇਸ ਦੇ ਲੈਵਲ ਦੇ ਅਦਾਰੇ ਹਨ। ਇਹਨਾਂ ਵਿੱਚ ਇੱਕ ਸੈਂਟਰਲ, ਸੱਤ ਸਟੇਟ ਅਤੇ ਬਾਕੀ ਪ੍ਰਾਈਵੇਟ ਯੂਨੀਵਰਸਿਟੀ ਹਨ ਜਾਂ ਉਹਨਾਂ ਦੇ ਲੈਵਲ ਦੇ ਸੰਸਥਾਪਨ ਹਨ। ਇਹਨਾਂ ਅਦਾਰਿਆਂ ਵਿੱਚ ਲਗਭਗ ਪੌਣੇ 8 ਲੱਖ ਦੇ ਲਗਭਗ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਸਾਖਰ ਹੋ ਰਹੇ ਹਨ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੀ ਸਾਖਰਤਾ ਦਰ 75.84% ਹੈ। ਜਿਸ ’ਚ ਮਰਦਾਂ ਦੀ 80.44 ਫ਼ੀਸਦ ਅਤੇ ਔਰਤਾਂ ਦੀ 70.73 ਫ਼ੀਸਦੀ ਹੈ। ਉਪਰੋਕਤ ਡਾਟੇ ’ਚ ਅਸੀਂ ਕਾਲਜਾਂ ਜਾਂ ਸਕੂਲਾਂ ਦੀ ਗਿਣਤੀ ਤੇ ਉਹਨਾਂ ’ਚ ਪੜ੍ਹਦੇ ਹੋਏ ਵਿਦਿਆਰਥੀਆਂ ਦੀ ਨਫਰੀ ਨੂੰ ਨਹੀਂ ਗਿਣਿਆ। ਇੰਨੀ ਵੱਡੀ ਤਾਦਾਦ ’ਚ ਇੰਨੇ ਵੱਡੇ ਸਿੱਖਿਆ ਅਦਾਰੇ ਹੋਣ ਦਾ ਮਤਲਬ ਹੈ ਕਿ ਸਾਡੇ ਕਰੋੜਾਂ ਵਿਦਿਆਰਥੀ ਇਥੋਂ ਸਿੱਖਿਆ ਹਾਸਿਲ ਕਰਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਨ। ਹੁਣ ਆਪਾਂ ਤਸਵੀਰ ਦਾ ਦੂਜਾ ਪੱਖ ਦੇਖਦੇ ਹਾਂ। ਇਹ ਮੈਂ ਖੁਦ ਮਹਿਸੂਸ ਕੀਤਾ ਹੈ। ਇਸ ਲਈ ਇਹ ਮੇਰੇ ਨਿਜੀ ਵਿਚਾਰ ਹਨ। ਜਦੋਂ ਕਦੇ ਮੈਂ ਤੜਕਸਾਰ ਮੂੰਹ ਹਨੇਰੇ ਸਵੇਰ ਦੀ ਸੈਰ ਨੂੰ ਨਿਕਲਦਾ ਹਾਂ ਤਾਂ ਸੈਰ ਦੌਰਾਨ ਮੈਂ ਕਾਫੀ ਕੁਝ ਨੋਟ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਪਹਿਲਾ ਤਾਂ ਇਹ ਕਿ ਉਸ ਵੇਲੇ ਸਾਡੇ ਸ਼ਹਿਰੀ ਖੇਤਰ ’ਚ ਨਗਰ ਕੌਂਸਲ ਦੀਆਂ ਟੂਟੀਆਂ ’ਚ ਪਾਣੀ ਆ ਚੁੱਕਾ ਹੁੰਦਾ ਹੈ। ਜਨਤਕ ਖੇਤਰ ’ਚ ਜ਼ਿਆਦਾ ਟੂਟੀਆਂ ਤਾਂ ਨਹੀਂ ਲੱਗੀਆਂ ਹੋਈਆਂ, ਪਰ ਜਿੱਥੇ ਵੀ ਲੱਗੀਆਂ ਹੋਈਆਂ ਹਨ, ਮੈਂ ਅਕਸਰ ਦੇਖਦਾ ਹਾਂ ਕਿ ਉਹ ਵਗ ਰਹੀਆਂ ਹੁੰਦੀਆਂ ਹਨ। ਪਾਣੀ ਡੁੱਲ ਰਿਹਾ ਹੁੰਦਾ ਹੈ। ਸਾਨੂੰ ਪਾਣੀ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਵਰਤੋ ਵੀ ਸੰਜਮ ਨਾਲ ਕਰਨੀ ਚਾਹੀਦੀ ਹੈ। ਪੰਚਾਇਤੀ ਟੈਂਕੀਆਂ/ਮੋਟਰਾਂ ਤੋਂ ਦਿੱਤੇ ਕਨੈਕਸ਼ਨਾਂ ’ਚ ਵੀ ਆਮ ਤੌਰ ’ਤੇ ਦੇਖਣ ’ਚ ਆਇਆ ਹੈ ਕਿ ਇਨ੍ਹਾਂ ਤੋਂ ਵੀ ਪਾਣੀ ਲਗਾਤਾਰ ਖ਼ਰਾਬ ਜਾਂਦਾ ਰਹਿੰਦਾ ਹੈ। ਰਹਿੰਦੀ ਖੂੰਦੀ ਕਸਰ ਸਮਰਸੀਬਲਾਂ ਨੇ ਪੂਰੀ ਕੀਤੀ ਹੋਈ ਹੈ। ਮੈਂ ਕਈ ਅਜਿਹੇ ਵੀ ਦੇਖੇ ਹਨ ਜਿਹੜੇ ਇਕ ਇੰਚੀ ਪਾਈਪ ਨਾਲ, ਸਵੇਰੇ ਸਮਰਸੀਬਲ ਚਲਾ ਕੇ ਗਲੀਆਂ ਤੇ ਵੇਹੜਿਆਂ ਨੂੰ ਧੋਣਾ ਸ਼ੁਰੂ ਕਰ ਦਿੰਦੇ ਹਨ। ਕੀ ਇਹਨਾਂ ’ਚ ਸਾਖਰ ਹੋਣ ਵਾਲੀ ਕੋਈ ਗੱਲ ਦਿਖਾਈ ਦਿੰਦੀ ਹੈ? ਮੈਂ ਕਈ ਸਿੱਖਿਆ ਸੰਸਥਾਵਾਂ ’ਚ ਸਾਲ-ਛਮਾਹੀ ਚੱਕਰ ਲਗਾਉਂਦਾ ਰਹਿੰਦਾ ਹਾਂ। ਆਪਣੇ ਅਧਿਆਪਕ ਮਿੱਤਰਾਂ ਤੋਂ ਵੀ ਮੈਂ ਇਸ ਬਾਬਤ ਜਾਣਕਾਰੀ ਲੈਂਦਾ ਰਹਿੰਦਾ ਹਾਂ। ਲਗਭਗ ਹਰ ਇਕ ਸਕੂਲ/ਕਾਲਜ ’ਚ ਦਰਖਤ ਲੱਗੇ ਹੋਏ ਹਨ। ਇਹਨਾਂ ਤੋਂ ਪੱਤੇ ਡਿੱਗਦੇ ਰਹਿੰਦੇ ਹਨ। ਵਿਦਿਆਰਥੀਆਂ ਵੱਲੋਂ ਕਾਗਜ ਰੂਪੀ ਕੂੜਾ ਵੀ ਕਾਫੀ ਹੁੰਦਾ ਹੈ। ਇਹ ਉਹ ਕੂੜਾ ਹੁੰਦਾ ਹੈ, ਜਿਸ ਨੂੰ ਅਸੀਂ ਗਲਣਯੋਗ ਦੀ ਜਮਾਤ ’ਚ ਰੱਖਦੇ ਹਾਂ। ਪਰ ਆਮ ਦੇਖਿਆ ਹੈ ਕਿ ਇਹਨਾਂ ਸਾਰੇ ਅਦਾਰਿਆਂ ਦੇ ਵਿੱਚ ਇਸ ਕੂੜੇ ਨੂੰ ਇਕੱਠਾ ਕਰਕੇ ਅੱਗ ਲਗਾ ਦਿੱਤੀ ਜਾਂਦੀ ਹੈ। ਸਵੇਰ ਵੇਲੇ ਸਫਾਈ ਕਰਕੇ ਕੂੜਾ ਇਕੱਠਾ ਕਰਕੇ ਸੜਕਾਂ ਦੇ ਸਫਾਈ ਕਰਮਚਾਰੀਆਂ ਨੂੰ ਅੱਗ ਲਗਾਉਂਦੇ ਮੈਂ ਆਮ ਵੇਖਿਆ ਹੈ। ਅੱਗ ਲਗਾਉਣ ਨਾਲ ਕੂੜੇ ਦਾ ਆਇਤਨ ਘਟ ਜਾਂਦਾ ਹੈ ਤੇ ਇਹਨਾਂ ਨੂੰ ਸੁੱਟਣਾ ਭਾਵ ਬੰਨੇ ਲਗਾਣਾ ਸੌਖਾ ਹੋ ਜਾਂਦਾ ਹੈ। ਇਸ ਲਈ ਮੈਨੂੰ ਨਿਜੀ ਰੂਪ ’ਚ ਤਾਂ ਇੰਞ ਹੀ ਲੱਗਦਾ ਹੈ ਕਿ ਅਸੀਂ ਪੜ੍ਹ ਤਾਂ ਰਹੇ ਹਾਂ, ਜਮਾਤਾਂ ਪਾਸ ਕਰ ਰਹੇ ਹਾਂ ਪਰ ਸਾਡਾ ਦਿਮਾਗ ਪੜ੍ਹੇ ਲਿਖਿਆਂ ਵਾਲਾ ਕਾਰਜ ਨਹੀਂ ਕਰ ਰਿਹਾ? ਲੋਕਾਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਵੇ ਜਿਹੜੀ ਉਹਨਾਂ ਲਈ, ਪਰਿਵਾਰ ਲਈ, ਸਮਾਜ ਲਈ, ਇਸ ਧਰਤੀ ਲਈ ਲਾਹੇਵੰਦ ਹੋਵੇ। ਜਿਹੜੀ ਸਮੱਸਿਆਵਾਂ ਦਾ ਹੱਲ ਕਰਨ ਦਾ ਢੰਗ ਦਸ ਸਕੇ। ਇਹ ਨਹੀਂ ਕਿ ਇੱਕ ਸਮੱਸਿਆ ਨੂੰ ਦੂਜੇ ਤੇ ਥੋਪ ਦਿੱਤਾ ਜਾਵੇ। ਮਜਬੂਰੀ ਹਰ ਲੈਵਲ ’ਤੇ ਹੋ ਸਕਦੀ ਹੈ ਤੇ ਹੱਲ ਵੀ ਹਰ ਪੱਧਰ ’ਤੇ ਹੀ ਹੋ ਸਕਦਾ ਹੈ। ਇੱਛਾ ਸ਼ਕਤੀ ਦੀ ਕਮੀ ਹੈ। ਇਹ ਸਾਨੂੰ ਜਗਾਉਣੀ ਹੀ ਪੈਣੀ ਹੈ। ਨਹੀਂ ਤਾਂ ਦੇਸ਼ ਪੜ੍ਹੇ ਲਿਖਿਆਂ ਦਾ ਅਨਪੜ੍ਹ ਦੇਸ਼ ਬਣ ਜਾਵੇਗਾ।
-ਸੰਜੀਵ ਝਾਂਜੀ ਜਗਰਾਉਂ, ਸੰਪਰਕ : 80049-10000