- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਛਲੇ ਐਤਵਾਰ ਤਾਪਮਾਨ 44.3 ਡਿਗਰੀ ਸੈਲਸੀਅਸ ਤੱਕ ਵਧਣ ਕਰਕੇ ਇੱਕੋ ਦਿਨ ਵਿਚ 1300 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 1000 ਸਿਰਫ਼ ਫਰਾਂਸ ਵਿਚ ਹੋਈਆਂ। ਫਰਾਂਸ ਵਿਚ ਗਰਮੀ ਦਾ ਪ੍ਰਕੋਪ ਇੰਨਾ ਭਿਆਨਕ ਹੈ ਕਿ ਹਰ ਰੋਜ਼ 900 ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਦਿਨਾਂ ਵਿਚ ਜਰਮਨੀ ਵਿਚ 12 , ਸਪੇਨ ਵਿਚ 327 , ਯੂਕੇ ਵਿਚ 25 ਅਤੇ ਇਟਲੀ ਵਿਚ ਪੰਜ ਲੋਕ ਮਾਰੇ ਜਾਣ ਦੇ ਸਮਾਚਾਰ ਮਿਲੇ ਹਨ।

ਪਹਿਲੀ ਜੁਲਾਈ ਨੂੰ ਕੈਨੇਡਾ ਵਾਸੀਆਂ ਨੇ ‘ਕੈਨੇਡਾ ਦਿਵਸ’ ਪੂਰੇ ਦੇਸ਼ ਵਿਚ ਬੜੀ ਧੂਮਧਾਮ ਨਾਲ ਮਨਾਇਆ। ਇਸ ਦਿਨ 1867 ਵਿਚ ਕੈਨੇਡੀਅਨ ਕਨਫੈਡਰੇਸ਼ਨ ਅਧੀਨ ਕੈਨੇਡੀਅਨ ਰਾਸ਼ਟਰ ਦਾ ਜਨਮ ਹੋਇਆ ਸੀ। ਇਹ ਤਿਉਹਾਰ ਕੈਨੇਡੀਅਨ ਦੇਸ਼ ਭਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਸੀਂ ਸ਼ਾਮ ਨੂੰ 8 ਕੁ ਵਜੇ ਡਾਊਨਟਾਊਨ ਕਿੰਗਸਟਨ (ਜੋ ਕੈਨੇਡਾ ਦੀ ਰਾਜਧਾਨੀ ਵੀ ਰਹਿ ਚੁੱਕਾ ਹੈ) ਵਿਖੇ ਇਹ ਤਿਉਹਾਰ ਮਨਾ ਕੇ ਵਾਪਸ ਪਰਤੇ ਤਾਂ ਰਸਤੇ ਵਿਚ ਇਕ ਦੱਖਣੀ ਭਾਰਤੀ ਰੇਸਤਰਾਂ ਵਿਖੇ ਡੋਸਾ ਖਾਣ ਲਈ ਰੁਕੇ। ਉੱਥੇ ਕੁਝ ਗੁਜਰਾਤੀ ਅਤੇ ਤਾਮਿਲ ਪਰਿਵਾਰ ਵੀ ਬੈਠੇ ਹੋਏ ਸਨ। ਅਜੇ ਅਸੀਂ ਬੈਠੇ ਹੀ ਸਾਂ ਕਿ ਸਭ ਦੇ ਫੋਨਾਂ ’ਤੇ ਸੰਤਰੀ ਤੂਫਾਨ ਅਤੇ ਬਿਜਲੀ ਗਰਜਣ ਦੀ ਚਿਤਾਵਨੀ ਦੀਆਂ ਘੰਟੀਆਂ ਖੜਕਣ ਲੱਗ ਪਈਆਂ। ਵਾਕਿਆ ਹੀ ਬਾਹਰ ਇਕਦਮ ਤੂਫ਼ਾਨ, ਤੇਜ਼ ਬਾਰਿਸ਼ ਅਤੇ ਬਿਜਲੀ ਗਰਜਣ ਲੱਗੀ।
ਦਰਅਸਲ, ਇਹੀ ਸੰਕੇਤ ਸਾਡੇ ਮਾਨਵ ਜੀਵਨ ਵਿਚ ਗਲੋਬਲ ਵਾਰਮਿੰਗ, ਜਲਵਾਯੂ ਪਰਿਵਰਤਨ ਅਤੇ ਅਚਾਨਕ ਕੁਦਰਤ ਦੇ ਕਹਿਰ ਬਰਪਣ ਦੇ ਸੰਕੇਤ ਹਨ। ਇਹ ਵਾਰਨਿੰਗ ਕੈਨੇਡਾ ਦੇ ਓਂਟਾਰੀਓ ਸੂਬੇ ਅੰਦਰ ਵਿੰਡਸਰ ਸ਼ਹਿਰ ਤੋਂ ਲੈ ਕੇ ਓਟਾਵਾ ਤੱਕ ਚੱਲੀ। ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਕੈਨੇਡਾ ਦਿਵਸ ਨੂੰ ਮਨਾਉਣ ਲਈ ਉਸ ਸਮੇਂ ਵੱਡੀ ਭੀੜ ਇਕੱਠੀ ਹੋਈ ਪਈ ਸੀ ਲੇਕਿਨ ਉੱਥੇ ਅਚਾਨਕ ਤੂਫ਼ਾਨ, ਤੇਜ਼ ਬਾਰਿਸ਼ ਅਤੇ ਬਿਜਲੀ ਗਰਜਣ ਕਰਕੇ ਇਹ ਤਿਉਹਾਰ ਮਨਾਇਆ ਨਾ ਜਾ ਸਕਿਆ। ਸੱਚ ਤਾਂ ਇਹ ਹੈ ਕਿ ਸਾਡੀ ਧਰਤੀ ’ਤੇ ਲਗਾਤਾਰ ਆਲਮੀ ਤਪਸ਼ ਦਾ ਪ੍ਰਕੋਪ ਪਸਰ ਰਿਹਾ ਹੈ ਜਿਸ ਕਰਕੇ ਵੱਖ-ਵੱਖ ਦੇਸ਼ਾਂ, ਭੂਗੋਲਿਕ ਖਿੱਤਿਆਂ, ਸਮੁੰਦਰੀ ਤੱਟਾਂ ਅਤੇ ਵੱਡੀਆਂ-ਵੱਡੀਆਂ ਝੀਲਾਂ ਵਿਖੇ ਵਾਰ-ਵਾਰ ਆਲਮੀ ਤਪਸ਼ ਕਹਿਰ ਢਾਉਂਦੀ ਦਿਸ ਰਹੀ ਹੈ।
ਵਿਸ਼ਵ ਭਰ ਦੇ ਨਾਮਵਰ ਸਾਇੰਸਦਾਨਾਂ ਨੇ ਸੰਨ 2026 ਬਾਰੇ ਭਵਿੱਖਬਾਣੀ ਕੀਤੀ ਹੋਈ ਹੈ ਕਿ ਇਹ ਸਾਲ ਇਤਿਹਾਸ ਵਿਚ ਸਭ ਤੋਂ ਗਰਮ ਸਾਲ ਵਜੋਂ ਦਰਜ ਕੀਤਾ ਜਾਵੇਗਾ। ਸਾਰੀ ਦੁਨੀਆ ਵਿਚ ਮੌਸਮ ਸਬੰਧੀ ਅਣਕਿਆਸੀਆਂ ਤਬਦੀਲੀਆਂ ਦੇਖਣ ਨੂੰ ਮਿਲਣਗੀਆਂ। ਯੂਕੇ ਮੈਟ ਆਫਿਸ ਦੀ ਭਵਿੱਖਬਾਣੀ ਅਨੁਸਾਰ ਇਸ ਸਾਲ ਗਰਮੀ 1.46 ਡਿਗਰੀ ਸੈਲਸੀਅਸ ਵੱਧ ਹੋਵੇਗੀ ਜੋ ਸੰਨ 1850 ਤੋਂ 1900 ਵਿਚ ਸਨਅਤੀਕਰਨ ਦੇ ਸਾਲਾਂ ਤੋਂ ਪਹਿਲਾਂ ਵਾਲੀ ਸਥਿਤੀ ਤੋਂ ਵੱਧ ਹੋਵੇਗੀ। ਬਰਕਲੇ ਅਤੇ ਕੋਪਰਨੀਕਸ ਸਾਇੰਸਦਾਨਾਂ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਗਰਮਾਇਸ਼ ਦਾ ਅਲ ਨੀਨੋ ਰੂਪ ਵੇਖਣ ਨੂੰ ਮਿਲਿਆ ਤਾਂ 2026 ਹੁਣ ਤੱਕ ਦੇ ਗਰਮੀ ਦੇ ਸਭ ਰਿਕਾਰਡ ਤੋੜ ਦੇਵੇਗਾ। ਉਨ੍ਹਾਂ ਅਨੁਸਾਰ ਸਮੁੰਦਰ ਪਿਛਲੇ ਇਕ ਹਜ਼ਾਰ ਸਾਲਾਂ ਨਾਲੋਂ ਇਸ ਸਮੇਂ ਵੱਧ ਗਰਮ ਹਨ ਅਤੇ ਇਹ ਗਰਮੀ ਪਿਛਲੇ 2000 ਸਾਲਾਂ ਨਾਲੋਂ ਗਤੀ ਪੱਖੋਂ ਤੇਜ਼ ਹੈ। ਫਿਲਪੀਨ ਅਤੇ ਭਾਰਤ ਦੀਆਂ ਮਿਸਾਲਾਂ ਲੈ ਲਵੋ। ਫਿਲਪੀਨ ਵਿਚ ਸੰਨ 1995 ਤੋਂ 2024 ਤੱਕ 371 ਗਲੋਬਲ ਵਾਰਮਿੰਗ ਤੂਫ਼ਾਨੀ ਘਟਨਾਵਾਂ ’ਚ 275000 ਲੋਕ ਮਾਰੇ ਗਏ, 230 ਮਿਲੀਅਨ ਲੋਕ ਬੇਘਰ ਹੋਏ ਅਤੇ 35 ਬਿਲੀਅਨ ਅਮਰੀਕੀ ਡਾਲਰਾਂ ਦਾ ਆਰਥਿਕ ਨੁਕਸਾਨ ਹੋਇਆ। ਇਸ ਦੌਰਾਨ ਭਾਰਤ ਵਿਚ ਤੂਫ਼ਾਨ, ਚੱਕਰਵਾਤ, ਹੜ੍ਹ ਅਤੇ ਲੂ ਦੀਆਂ 430 ਘਟਨਾਵਾਂ ਵੇਖਣ ਨੂੰ ਮਿਲੀਆਂ ਜਿਨ੍ਹਾਂ ਵਿਚ 80000 ਲੋਕ ਮਾਰੇ ਗਏ, 1.30 ਬਿਲੀਅਨ (ਵੱਖ-ਵੱਖ ਸਾਲਾਂ ਵਿਚ ਕੁੱਲ ਗਿਣਤੀ) ਲੋਕ ਬੇਘਰ ਹੋਣ ਲਈ ਮਜਬੂਰ ਹੋਏ। ਤਕਰੀਬਨ 170 ਬਿਲੀਅਨ ਡਾਲਰਾਂ ਦਾ ਨੁਕਸਾਨ ਹੋਇਆ।
ਇਸ ਸਾਲ ਧਰਤੀ ਦੇ ਦੱਖਣੀ ਗੋਲਾਰੱਧ ਖੇਤਰ ਵਿਚ ਗਰਮੀ ਦੇ ਰਿਕਾਰਡ ਟੁੱਟ ਰਹੇ ਹਨ। ਅਰਜਨਟੀਨਾ ਤੋਂ ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਤੱਕ ਭਾਰੀ ਗਰਮੀ ਪੈਣ ਕਰਕੇ ਜੰਗਲਾਂ ਵਿਚ ਅੱਗ ਦੇ ਮਚੇ ਭਾਂਬੜਾਂ ਨੇ ਮਨੁੱਖੀ ਰੂਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬਨਸਪਤੀ ਅਤੇ ਸਮੁੰਦਰ ਵਿਚਲੇ ਜੀਵ-ਜੰਤੂਆਂ ’ਤੇ ਕਹਿਰ ਢਾਹਿਆ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਜਨਵਰੀ ’ਚ ਗਰਮੀ ਨੇ ਆਸਟ੍ਰੇਲੀਆ ’ਤੇ ਸ਼ਿਕੰਜਾ ਕੱਸਿਆ ਜਿੱਥੇ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਅਰਜਨਟੀਨਾ ਦੇ ਪੈਂਟਾਗੋਨੀਆ ਵਿਖੇ ਲੱਗੀ ਅੱਗ ਨੇ ਵੱਡਾ ਨੁਕਸਾਨ ਕੀਤਾ। ਚਿੱਲੀ ਵਿਚ ਤੱਟੀ ਖੇਤਰਾਂ ਵਿਚ ਲੱਗੀ ਅੱਗ ਨਾਲ 21 ਵਿਅਕਤੀ ਮਾਰੇ ਗਏ। ਦੱਖਣੀ ਅਫ਼ਰੀਕਾ ਦੇ ਜੰਗਲਾਂ ਵਿਚ ਅੱਗ ਦੇ ਭਾਂਬੜ ਵੇਖਣ ਨੂੰ ਮਿਲੇ ਜਿਸ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ ਅਮਰੀਕਾ ਦੇ ਲਾਸ ਏਂਜਲਸ, ਏਥਨਜ਼ ਅਤੇ ਮਾਊਈ ਦੇ ਹਵਾਈ ਜਜ਼ੀਰਿਆਂ ਵਿਚ ਅੱਗਾਂ ਦੇ ਭਾਂਬੜ ਨਾਲ ਵੱਡਾ ਨੁਕਸਾਨ ਹੁੰਦਾ ਵੇਖਿਆ ਗਿਆ। ਦੱਖਣੀ ਚਿੱਲੀ ਦਾ ਕੱਟੀ ਇਲਾਕਾਪੂ ਪੂੰਟਾ ਡੀ ਪਾਰਾ ਜੋ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ, ਦਾ 80 ਪ੍ਰਤੀਸ਼ਤ ਹਿੱਸਾ ਅਗਨ ਭੇਟ ਹੋ ਗਿਆ। ਚੌਤੀ ਸਾਲਾ ਡੋਰਾਲੀਸ ਸਿਲਵਾ ਅਨੁਸਾਰ ਅੱਖ ਦੇ ਫੋਰ ਵਿਚ ਹੀ ਇਸ ਅੱਗ ਨੇ ਪੂੰਟਾ ਡੀ ਪਾਰਾ ਸ਼ਹਿਰ ਨੂੰ ਲਪੇਟ ਵਿਚ ਲੈ ਲਿਆ। ਅੱਗ ਦੀ ਰਫ਼ਤਾਰ 70 ਕਿੱਲੋਮੀਟਰ ਪ੍ਰਤੀ ਘੰਟਾ ਸੀ। ਉਨ੍ਹਾਂ ਦੌੜ ਕੇ ਇਕ ਵੱਡੇ ਗੰਦੇ ਪਾਣੀ ਵਾਲੇ ਤਲਾਬ ਨੁਮਾ ਖੇਤਰ ਵਿਚ ਪਨਾਹ ਲਈ ਅਤੇ ਸਾਰੀ ਰਾਤ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਇਸ ਅੱਗ ਦਾ ਸ਼ਿਕਾਰ ਹੁੰਦੇ ਪ੍ਰਤੱਖ ਦੇਖਿਆ। ਇਹ ਘਟਨਾ ਰੂਹ ਕੰਬਾਉਣ ਵਾਲੀ ਸੀ।
ਬੀਮਾ ਕੰਪਨੀ ਦੇ ਦਲਾਲ ਏਤਨ ਅਨੁਸਾਰ 2026 ਵਿਚ ਜਾਰੀ ਰਿਪੋਰਟ ਅਨੁਸਾਰ 2025 ਵਿਚ ਗਲੋਬਲ ਵਿਸ਼ਵ ਪੱਧਰ ’ਤੇ ਅਗਨੀਕਾਂਡਾਂ ਵਿਚ 42 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ। ਜਲਵਾਯੂ ਪਰਿਵਰਤਨ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਾਲ ਦੇ ਅੰਤ ਤੱਕ ਇਕ ਅਤਿਅੰਤ ਮਾਰੂ ਮੌਸਮ ਦੀ ਲਪੇਟ ਵਿਚ ਧਰਤੀ ਆ ਸਕਦੀ ਹੈ। ਹੁਣ ਤੱਕ 150 ਮਿਲੀਅਨ ਹੈਕਟੇਅਰ ਧਰਤੀ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ ਜੋ ਔਸਤ ਨਾਲੋਂ ਦੁੱਗਣੀ ਹੈ। ਖੋਜਕਰਤਾਵਾਂ ਅਨੁਸਾਰ ਅਲ ਨੀਨੋ ਮੌਸਮ ਪੈਟਰਨ ਸਾਲ 2026 ਨੂੰ ਰਿਕਾਰਡ ਪੱਧਰ ’ਤੇ ਗਰਮ ਸਾਲ ਬਣਾਉਣ ਵੱਲ ਵਧ ਰਿਹਾ ਹੈ। ਭਾਵੇਂ ਅਲ ਨੀਨੋ ਇਕ ਕੁਦਰਤੀ ਚੱਕਰ ਹੈ ਪਰ ਇਸ ਨੂੰ ਮਨੁੱਖ ਵੱਲੋਂ ਕੀਤਾ ਜਾ ਰਿਹਾ ਮੌਸਮ ਵਿਚ ਵਿਗਾੜ ਹੋਰ ਹਾਨੀਕਾਰਕ ਰੂਪ ਦੇਣ ਵਿਚ ਸਹਾਈ ਹੋ ਰਿਹਾ ਹੈ। ਇਸੇ ਕਰਕੇ ਸਾਇੰਸਦਾਨ ਇਸ ਸਾਲ ਨੂੰ ਅੱਗਾਂ ਲੱਗਣ ਅਤੇ ਗਰਮ ਰਹਿਣ ਦੇ ਰਿਕਾਰਡ ਤੋੜਨ ਵਾਲਾ ਬਲਾਸਟਰ ਸਾਲ ਕਹਿ ਰਹੇ ਹਨ। ਕੈਲੀਫੋਰਨੀਆ ਪਾਣੀ ਸਰੋਤ ਸੰਸਥਾ ਨਾਲ ਸਬੰਧਤ ਮੌਸਮ ਵਿਗਿਆਨੀ ਡਾ. ਡੈਨੀਅਲ ਸਵੇਨ ਨੇ ਨੋਟ ਕੀਤਾ ਹੈ ਕਿ ਅਲ ਨੀਨੋ ਵਰਤਾਰਾ ਮਾਨਵ ਇਤਿਹਾਸ ਵਿਚ ਪਹਿਲਾਂ ਇੰਨਾ ਤਿੱਖਾ ਨਹੀਂ ਵੇਖਿਆ ਗਿਆ।
ਅਲ ਨੀਨੋ ਪ੍ਰਭਾਵ ਕਰਕੇ ਜੰਗਲੀ ਅੱਗਾਂ ਵਧ ਰਹੀਆਂ ਹਨ ਜਿਨ੍ਹਾਂ ਕਰਕੇ ਅਮਰੀਕਾ, ਚਿੱਲੀ ਅਤੇ ਅਰਜਨਟੀਨਾ ਆਦਿ ਵਿਚ ਪ੍ਰਤੀ ਮਿੰਟ 25 ਏਕੜ ਜੰਗਲ ਬਰਬਾਦ ਹੁੰਦੇ ਪਾਏ ਜਾ ਰਹੇ ਹਨ। ਅਮਰੀਕਾ ਦੇ ਨੇਬਰਸੱਕਾ, ਫਲੋਰੀਡਾ ਤੇ ਜਾਰਜੀਆ ਵਿਚ ਇਤਿਹਾਸਕ ਅੱਗਾਂ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ।
ਭਾਰਤ ਵਿਚ ਇਸ ਸਾਲ ਇਸੇ ਕਰਕੇ ਮਾਰਚ ਮਹੀਨੇ ਵਿਚ 46 ਡਿਗਰੀ ਸੈਲਸੀਅਸ ਤਾਪਮਾਨ ਵੇਖਣ ਨੂੰ ਮਿਲਿਆ। ਯੂਰਪ ਵਿਚ ਇਸ ਸਮੇਂ ਬੁਰੀ ਤਰ੍ਹਾਂ ਪੈ ਰਹੀ ਗਰਮੀ ਨੇ ਵੱਖ-ਵੱਖ ਦੇਸ਼ਾਂ ਅੰਦਰ ਨਾਗਰਿਕਾਂ ਦੀਆਂ ਚੀਕਾਂ ਕਢਾ ਰੱਖੀਆਂ ਹਨ। ਪਿਛਲੇ ਐਤਵਾਰ ਤਾਪਮਾਨ 44.3 ਡਿਗਰੀ ਸੈਲਸੀਅਸ ਤੱਕ ਵਧਣ ਕਰਕੇ ਇੱਕੋ ਦਿਨ ਵਿਚ 1300 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ 1000 ਸਿਰਫ਼ ਫਰਾਂਸ ਵਿਚ ਹੋਈਆਂ। ਫਰਾਂਸ ਵਿਚ ਗਰਮੀ ਦਾ ਪ੍ਰਕੋਪ ਇੰਨਾ ਭਿਆਨਕ ਹੈ ਕਿ ਹਰ ਰੋਜ਼ 900 ਲੋਕ ਇਸ ਦੇ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਦਿਨਾਂ ਵਿਚ ਜਰਮਨੀ ਵਿਚ 12 , ਸਪੇਨ ਵਿਚ 327 , ਯੂਕੇ ਵਿਚ 25 ਅਤੇ ਇਟਲੀ ਵਿਚ ਪੰਜ ਲੋਕ ਮਾਰੇ ਜਾਣ ਦੇ ਸਮਾਚਾਰ ਮਿਲੇ ਹਨ। ਯੂਰਪ ਵਿਚ ਗਰਮ ਮੌਸਮ ਦੀ ਮਾਰ ਸਿਰਫ਼ ਗਰਮੀਆਂ ਤੱਕ ਹੀ ਸੀਮਤ ਨਹੀਂ ਰਹੀ ਬਲਕਿ ਇਸ ਦਾ ਪ੍ਰਕੋਪ ਸਾਰਾ ਸਾਲ ਅਨੇਕ ਬਿਮਾਰੀਆਂ ਦੀ ਲਪੇਟ ਵਿਚ ਆਉਣ ਕਰਕੇ ਪਾਇਆ ਜਾਂਦਾ ਹੈ।
ਸੰਨ 2015 ਵਿਚ ਲਗਪਗ 200 ਦੇਸ਼ਾਂ ਨੇ ਯੂਐੱਨ ਦੇ ਮਾਧਿਅਮ ਨਾਲ ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਇਕ ਜਲਵਾਯੂ ਸਬੰਧੀ ਸਮਝੌਤੇ ’ਤੇ ਦਸਤਖਤ ਕੀਤੇ ਸਨ ਜਿਸ ਅਨੁਸਾਰ ਇਸ ਗਲੋਬ ’ਤੇ ਸਨਅਤੀਕਰਨ ਤੋਂ ਪਹਿਲਾਂ ਵਾਲੇ ਤਾਪਮਾਨ ਤੋਂ 2 ਡਿਗਰੀ ਸੈਲਸੀਅਸ ਤਾਪਮਾਨ ਨਾ ਵਧਣ ਦੇਣ ਦਾ ਪ੍ਰਣ ਲਿਆ ਸੀ। ਭਾਵੇਂ ਇਹ ਇਕ ਕਾਨੂੰਨੀ ਦਸਤਾਵੇਜ਼ ਹੈ ਪਰ ਹੁਣ ਤੱਕ ਸਾਰੇ ਦੇ ਸਾਰੇ ਦੇਸ਼ ਇਸ ਤੋਂ ਭੱਜਦੇ ਨਜ਼ਰ ਆ ਰਹੇ ਹਨ। ਡੋਨਾਲਡ ਟਰੰਪ ਦੀ ਅਗਵਾਈ ਵਿਚ ਤਾਂ ਅਮਰੀਕਾ ਇਸ ਵਿੱਚੋਂ ਸ਼ਰਮਨਾਕ ਢੰਗ ਨਾਲ ਬਾਹਰ ਆ ਗਿਆ ਸੀ ਪਰ ਬਾਅਦ ਵਿਚ ਰਾਸ਼ਟਰਪਤੀ ਜੋਅ ਬਾਇਡਨ ਦੀ ਅਗਵਾਈ ਵਿਚ ਮੁੜ 2017 ਵਿਚ ਸ਼ਾਮਲ ਹੋ ਗਿਆ ਸੀ। ਯੂਐੱਨ ਨੇ ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਵਿਆਪਕ ਯੋਜਨਾ ਬਣਾਈ ਹੈ ਜਿਸ ਰਾਹੀਂ ਵਿਕਾਸਸ਼ੀਲ ਦੇਸ਼ਾਂ ਨੂੰ 2030 ਤੱਕ ਸਾਲਾਨਾ 5.4 ਤੋਂ 11.7 ਟਰਿਲੀਅਨ ਪ੍ਰਤੀ ਸਾਲ ਅਤੇ ਬਾਅਦ ਵਿਚ ਦੋ ਦਹਾਕੇ 9.3 ਤੋਂ 12.2 ਟਰਿਲੀਅਨ ਡਾਲਰ ਰੱਖੇ ਜਾਣਗੇ। ਹਰ ਦੇਸ਼ ਨੂੰ ਆਲਮੀ ਤਪਸ਼ ਰੋਕਣ ਲਈ ਆਪੋ-ਆਪਣੇ ਪੱਧਰ ’ਤੇ ਵੀ ਸੰਜੀਦਾ ਯਤਨ ਕਰਨ ਦੀ ਲੋੜ ਹੈ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਸੰਪਰਕ : +12898292929