- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਡ ਸੱਭਿਆਚਾਰ ਸਰਕਾਰ ਸਿਰਫ਼ ਇਕੱਲੀ ਨਹੀਂ ਸਿਰਜ ਸਕਦੀ। ਇਸ ਲਈ ਮਾਪਿਆਂ ਨੂੰ ਵੀ ਬਰਾਬਰ ਯੋਗਦਾਨ ਦੇ ਕੇ ਆਪਣੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕਰਨਾ ਹੋਵੇਗਾ। ਕੋਚਾਂ ਤੇ ਟ੍ਰੇਨਰਾਂ ਨੂੰ ਪ੍ਰਤਿਭਾ ਦੀ ਪਛਾਣ ਕਰ ਕੇ ਉਸ ਨੂੰ ਨਿਖਾਰਨਾ ਹੋਵੇਗਾ। ਪਿੰਡਾਂ ਤੇ ਭਾਈਚਾਰਿਆਂ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਕਰਨਾ ਹੋਵੇਗਾ। ਅਸੀਂ ਸਾਰੇ ਮਿਲ ਕੇ ਹੀ ਇਸ ਨੂੰ ਸੰਭਵ ਬਣਾ ਸਕਦੇ ਹਾਂ। ਅਸੀਂ ਜਦੋਂ ਇਕੱਠੇ ਹੋ ਕੇ ਚੱਲਦੇ ਹਾਂ, ਪੰਜਾਬ ਤੇ ਪੰਜਾਬੀਅਤ ਸਾਡੇ ’ਚੋਂ ਖੁਦ-ਬ-ਖੁਦ ਝਲਕਦੀ ਹੈ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਕ ਜੁਝਾਰੂ ਸੂਬੇ ਦਾ ਜੰਮਪਲ ਹੋਣ ਦੇ ਨਾਤੇ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਖੇਡਾਂ ਮੇਰੇ ਤੇ ਸਮੂਹ ਪੰਜਾਬ ਤੇ ਪੰਜਾਬੀਆਂ ਲਈ ਕੀ ਅਰਥ ਰੱਖਦੀਆਂ ਹਨ। ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ-ਨਾਲ ਮੁੱਢ-ਕਦੀਮਾਂ ਤੋਂ ਯੋਧਿਆਂ ਤੇ ਸੂਰਬੀਰਾਂ ਦੀ ਧਰਤੀ ਵੀ ਰਿਹਾ ਹੈ। ਸਖ਼ਤ ਮਿਹਨਤ ਅਤੇ ਖ਼ੂਨ-ਪਸੀਨਾ ਵਹਾਉਣਾ ਇਕ ਅਜਿਹੇ ਸ਼ਬਦ ਹਨ, ਜੋ ਖੇਤੀਬਾੜੀ ਤੇ ਖੇਡਾਂ ਦੋਵੇਂ ਖੇਤਰਾਂ ਲਈ ਇਕ ਸਮਾਨ ਢੁੱਕਦੇ ਹਨ। ਇਹੀ ਸਾਡੀ ਹੋਂਦ ਤੇ ਪਛਾਣ ਦਾ ਸਬੂਤ ਹਨ। ਜਦੋਂ ਮੈਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਪੰਜਾਬ ’ਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਮੇਰੀਆਂ ਮੁੱਢਲੀਆਂ ਤਰਜੀਹਾਂ ’ਚੋਂ ਇਕ ਸੀ।
ਇਹੀ ਮੁੱਖ ਕਾਰਨ ਹੈ ਕਿ ਮੈਂ ਖੇਡ ਵਿਭਾਗ ਨੂੰ ਮੁੱਖ ਮੰਤਰੀ ਦਫ਼ਤਰ ਅਧੀਨ ਆਪਣੇ ਕੋਲ ਹੀ ਰੱਖਣ ਦਾ ਫ਼ੈਸਲਾ ਕੀਤਾ। ਖੇਡਾਂ ਦੇ ਸਬੰਧ ’ਚ ਸਾਡੇ ਕੋਲ ਮਾਣ ਨਾਲ ਕਹਿਣ ਲਈ ਬਹੁਤ ਕੁਝ ਹੈ। ਭਾਰਤ ਦੀ ਓਲੰਪਿਕ ਤਮਗਾ ਸੂਚੀ ’ਚ ਪੰਜਾਬ ਦੇ ਯੋਗਦਾਨ ਨੂੰ ਹੋਰ ਤੇਜ਼ੀ ਨਾਲ ਵਧਾਉਣ ਸਬੰਧੀ ਸਾਡੀਆਂ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ, ਮੈਂ ਮੋਹਾਲੀ, ਪਟਿਆਲਾ ਤੇ ਬਠਿੰਡਾ ਦੇ ਵਸਨੀਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹਾਂਗਾ, ਜਿਨ੍ਹਾਂ ਨੇ ਇਕ ਤੋਂ ਬਾਅਦ ਇਕ ਕਰਵਾਈਆਂ ਗਈਆਂ ਮੈਰਾਥਨ ਦੌੜਾਂ ’ਚ ਵੱਧ-ਚੜ੍ਹ ਕੇ ਹਿੱਸਾ ਲਿਆ। ਬਠਿੰਡਾ ਵਿਖੇ ਹਾਲ ਹੀ ’ਚ ਹੋਈ ਮੈਰਾਥਨ ਦੌੜ ’ਚ ਹਰ ਉਮਰ ਵਰਗ ਦੇ ਕਰੀਬ 20,000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲੈ ਕੇ ਆਪਣੇ ਸ਼ਹਿਰ ਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਅਸੀਂ ਆਉਣ ਵਾਲੇ ਮਹੀਨਿਆਂ ਦੌਰਾਨ ਸੂਬੇ ਭਰ ’ਚ ਅਜਿਹੀਆਂ ਹੋਰ ਮੈਰਾਥਨ ਦੌੜਾਂ ਕਰਵਾਉਣ ਦੀ ਯੋਜਨਾ ਬਣਾ ਰਹੇ ਹਾਂ। ਪੰਜਾਬ ਦੇ ਖੇਡ ਸੱਭਿਆਚਾਰ ਦੀ ਸ਼ੁਰੂਆਤ ਜ਼ਮੀਨੀ ਪੱਧਰ ਤੋਂ ਪੇਂਡੂ ਓਲੰਪਿਕ ਅਤੇ ਮੌਜੂਦ ਸਮੇਂ ਚੱਲ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਹੁੰਦੀ ਹੈ। ਪੰਜਾਬ ਦੇ ਸਮੂਹ ਪਿੰਡਾਂ ਤੇ ਸ਼ਹਿਰਾਂ ’ਚ 38 ਖੇਡਾਂ ਰਾਹੀਂ ਖੇਡ ਹੁਨਰ ਨੂੰ ਨਿਖਾਰਨਾ ਤੇ ਇਸ ਦਾ ਜਸ਼ਨ ਮਨਾਉਣਾ ਸਾਡਾ ਇਕ ਅਹਿਮ ਯਤਨ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੀ ਇੰਨੀ ਵਿਸ਼ਾਲ ਪਹਿਲਕਦਮੀ ਸਾਲ 2022 ਤੋਂ ਪਹਿਲਾਂ ਪੰਜਾਬ ’ਚ ਕਦੇ ਵੀ ਦੇਖਣ ਨੂੰ ਨਹੀਂ ਮਿਲੀ। ਪਿਛਲੀਆਂ ਸਰਕਾਰਾਂ ਨੇ ਸਾਡੇ ਪਿੰਡਾਂ-ਕਸਬਿਆਂ ’ਚ ਮੌਜੂਦ ਖੇਡ ਹੁਨਰ ਨੂੰ ਨਿਖਾਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸਹਾਇਤਾ ਪ੍ਰਣਾਲੀ ਪਹਿਲਾਂ ਕਦੇ ਮੁਹੱਈਆ ਨਹੀਂ ਕਰਵਾਈ। ਸਿਰਫ਼ ਮੁਕਾਬਲੇ ਕਰਵਾਉਣ ਨਾਲ ਹੀ ਚੈਂਪੀਅਨ ਪੈਦਾ ਨਹੀਂ ਕੀਤੇ ਜਾ ਸਕਦੇ। ਇਕ ਬੱਚੇ ਨੂੰ ਖੇਡਣ ਲਈ ਮੈਦਾਨ, ਅਗਵਾਈ ਲਈ ਕੋਚ, ਅਭਿਆਸ ਲਈ ਲੋੜੀਂਦਾ ਸਾਜ਼ੋ-ਸਾਮਾਨ ਅਤੇ ਮੁਕਾਬਲਾ ਕਰਨ ਦੇ ਢੁਕਵੇਂ ਮੌਕਿਆਂ ਦੀ ਲੋੜ ਹੁੰਦੀ ਹੈ। ਅਸੀਂ ਇਹੀ ਮਾਹੌਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪੰਜਾਬ ਸਰਕਾਰ ਕੌਮਾਂਤਰੀ ਮਿਆਰ ਦੇ ਖਿਡਾਰੀ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਪਿਛਲੀਆਂ ਪੰਜ ਓਲੰਪਿਕ ਖੇਡਾਂ ’ਚ ਭਾਰਤ ਦਾ ਸਭ ਤੋਂ ਵੱਧ ਤਮਗਾ ਜੇਤੂ ਅੰਕੜਾ 7 ਤੋਂ ਵਧ ਨਹੀਂ ਸਕਿਆ। ਪੰਜਾਬ ਦੇ ਮੁੱਖ ਮੰਤਰੀ ਵਜੋਂ ਮੈਂ ਆਪਣੇ ਅਧਿਕਾਰ ਖੇਤਰ ’ਚ ਉਹ ਸਭ ਕੁਝ ਕਰਾਂਗਾ, ਜਿਸ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਲ 2036 ਦੀਆਂ ਓਲੰਪਿਕ ਖੇਡਾਂ ’ਚ ਭਾਰਤ ਦੀ ਤਮਗਾ ਸੂਚੀ ’ਚ ਪੰਜਾਬੀਆਂ ਦਾ ਯੋਗਦਾਨ ਕਿਤੇ ਵੱਧ ਹੋਵੇ। ਮੈਂ 2036 ਓਲੰਪਿਕ ਖੇਡਾਂ ’ਚ ਪੰਜਾਬੀਆਂ ਨੂੰ ਭਾਰਤ ਲਈ ਘੱਟੋ-ਘੱਟ ਤਿੰਨ ਤੋਂ ਚਾਰ ਸੋਨ ਤਮਗੇ ਜਿੱਤਦੇ ਵੇਖਣਾ ਚਾਹੁੰਦਾ ਹਾਂ। ਖੇਡਾਂ ’ਚ ਪੰਜਾਬ ਦਾ ਯੋਗਦਾਨ ਪਹਿਲਾਂ ਹੀ ਸ਼ਾਨਦਾਰ ਚੱਲ ਰਿਹਾ ਹੈ। ਸੂਬੇ ਦੇ ਚਾਰ ਖਿਡਾਰੀ ਇਸ ਸਮੇਂ ਕ੍ਰਿਕਟ, ਹਾਕੀ ਤੇ ਬਾਸਕਟਬਾਲ ਦੀਆਂ ਭਾਰਤੀ ਟੀਮਾਂ ਦੀ ਕਪਤਾਨੀ ਕਰ ਰਹੇ ਹਨ, ਜਦਕਿ ਇਕ ਪੰਜਾਬੀ ਫੁੱਟਬਾਲਰ ਖਿਡਾਰੀ ਨੂੰ ਬੀਤੇ ਥੋੜ੍ਹੇ ਸਮੇਂ ’ਚ ਦੇਸ਼ ਦੀ ਫੁੱਟਬਾਲ ਟੀਮ ਦੀ ਅਗਵਾਈ ਕਰਨ ਦਾ ਮਾਣ ਵੀ ਹਾਸਲ ਹੈ। ਹਾਂਗਜ਼ੂ ਵਿਖੇ ਹੋਈਆਂ 2023 ਦੀਆਂ ਏਸ਼ੀਆਈ ਖੇਡਾਂ ’ਚ ਪੰਜਾਬ ਦੇ ਖਿਡਾਰੀਆਂ ਨੇ ਭਾਰਤ ਲਈ 20 ਤਮਗੇ ਜਿੱਤੇ, ਜਿਨ੍ਹਾਂ ’ਚ ਅੱਠ ਸੋਨੇ, ਛੇ ਚਾਂਦੀ ਤੇ ਛੇ ਕਾਂਸੀ ਦੇ ਤਮਗੇ ਸ਼ਾਮਲ ਸਨ, ਜੋ ਕਿ ਏਸ਼ੀਆਈ ਖੇਡਾਂ ਦੇ 72 ਸਾਲਾਂ ਦੇ ਇਤਿਹਾਸ ’ਚ ਪੰਜਾਬ ਦਾ ਸਰਵੋਤਮ ਪ੍ਰਦਰਸ਼ਨ ਸੀ। ਇਹ ਪ੍ਰਾਪਤੀਆਂ ਪੰਜਾਬ ’ਚ ਖੇਡ ਪ੍ਰਤਿਭਾ ਦੀ ਡੂੰਘਾਈ ਨੂੰ ਦਰਸਾਉਂਦੀਆਂ ਹਨ।
ਹੁਣ ਸਾਡਾ ਕੰਮ ਅਜਿਹੀਆਂ ਸਹੂਲਤਾਂ, ਕੋਚਿੰਗ ਤੇ ਮੌਕੇ ਪ੍ਰਦਾਨ ਕਰਨਾ ਹੈ, ਜੋ ਇਸ ਪ੍ਰਤਿਭਾ ਨੂੰ ਹੋਰ ਉੱਚਾਈਆਂ ਤੱਕ ਲੈ ਕੇ ਜਾਣ। ਸਾਲ 2022 ਤੋਂ ਅਸੀਂ ਵੱਡੇ ਸ਼ਹਿਰਾਂ ਤੇ ਕਸਬਿਆਂ ਦੇ ਨਾਲ-ਨਾਲ ਜ਼ਿਲ੍ਹਾ ਤੇ ਪਿੰਡ ਪੱਧਰ ’ਤੇ ਵੀ ਬਿਹਤਰੀਨ ਸਟੇਡੀਅਮ, ਖੇਡ ਸਹੂਲਤਾਂ ਤੇ ਮੈਦਾਨ ਉਪਲੱਬਧ ਕਰਵਾਉਣ ਲਈ ਖੇਡ ਬੁਨਿਆਦੀ ਢਾਂਚੇ ’ਚ ਵੱਡੇ ਪੱਧਰ ’ਤੇ ਨਿਵੇਸ਼ ਕੀਤਾ ਹੈ। ਅਸੀਂ 3,000 ਆਧੁਨਿਕ ਪੇਂਡੂ ਖੇਡ ਮੈਦਾਨ ਤਿਆਰ ਕਰ ਰਹੇ ਹਾਂ, ਜਿਨ੍ਹਾਂ ’ਚ ਲੇਜ਼ਰ-ਲੈਵਲ ਕੀਤੇ ਮੈਦਾਨ, ਚੇਨ-ਲਿੰਕ ਫੈਂਸਿੰਗ ਵਾਲੀਆਂ ਚਾਰਦੀਵਾਰੀਆਂ, ਫਲੱਡ ਲਾਈਟਾਂ, ਜੌਗਿੰਗ ਟਰੈਕ ਤੇ ਵੱਖ-ਵੱਖ ਖੇਡਾਂ ਲਈ ਸਹੂਲਤਾਂ ਸ਼ਾਮਲ ਹਨ। ਅਸੀਂ ਫੁੱਟਬਾਲ, ਵਾਲੀਬਾਲ, ਕ੍ਰਿਕਟ ਅਤੇ ਹੋਰ ਖੇਡਾਂ ਲਈ ਮਿਆਰੀ ਖੇਡ ਕਿੱਟਾਂ ਵੀ ਮੁਹੱਈਆ ਕਰਵਾ ਰਹੇ ਹਾਂ ਤਾਂ ਜੋ ਨੌਜਵਾਨਾਂ ਕੋਲ ਪ੍ਰੈਕਟਿਸ ਕਰਨ ਲਈ ਲੋੜੀਂਦਾ ਸਾਜ਼ੋ-ਸਮਾਨ ਹੋਵੇ। ਅਸੀਂ ਪੰਜਾਬ ’ਚ ਪੀੜ੍ਹੀ ਦਰ ਪੀੜ੍ਹੀ ਸਰੀਰਕ ਤੰਦਰੁਸਤੀ ਤੇ ਖੇਡ ਸਿਖਲਾਈ ਨੂੰ ਅੱਗੇ ਵਧਾਉਣ ਲਈ ਸੂਬ ਭਰ ਦੇ ਪਿੰਡਾਂ ’ਚ ਇਨਡੋਰ ਜਿੰਮ ਸਥਾਪਤ ਕਰ ਰਹੇ ਹਾਂ। ਇਹ ਖੇਡ ਮੈਦਾਨ ਤੇ ਜਿੰਮ ਮੁਕੰਮਲ ਕਰਨ ਤੋਂ ਬਾਅਦ, ਅਸੀਂ ਫਿਰ ਅੱਗੇ ਹੋਰ 3,000 ਪਿੰਡਾਂ ਵੱਲ ਵਧਾਂਗੇ ਅਤੇ ਇਹ ਯਤਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਅਸੀਂ ਇਸ ਅਧੀਨ ਪੰਜਾਬ ਦੇ ਹਰ ਪਿੰਡ ਨੂੰ ਕਵਰ ਨਹੀਂ ਕਰ ਲੈਂਦੇ। ਸਾਡੇ ਸਾਲਾਨਾ ਖੇਡ ਸਮਾਗਮ ਜਿਵੇਂ ‘ਖੇਡਾਂ ਵਤਨ ਪੰਜਾਬ ਦੀਆਂ’ ਇਸੇ ਉਦੇਸ਼ ਦੀ ਪੂਰਤੀ ਵੱਲ ਅਹਿਮ ਕਦਮ ਹਨ। ਪਿੰਡ ’ਚ ਖੇਡਣ ਵਾਲੇ ਬੱਚਿਆਂ ਨੂੰ ਮੁਕਾਬਲਾ ਕਰਨ, ਆਪਣੀ ਪਛਾਣ ਬਣਾਉਣ ਤੇ ਪ੍ਰਤਿਭਾ ਨੂੰ ਪਰਖਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ। ਪੇਂਡੂ ਓਲੰਪਿਕ ਤੇ ‘ਖੇਡਾਂ ਵਤਨ ਪੰਜਾਬ ਦੀਆਂ’ ਪੰਜਾਬ ’ਚ ਖੇਡਾਂ ਤੇ ਖੇਡ ਸੱਭਿਆਚਾਰ ਦੇ ਵਿਕਾਸ ਲਈ ਮਹੱਤਵਪੂਰਨ ਆਧਾਰ ਪ੍ਰਦਾਨ ਕਰਦੀਆਂ ਹਨ। ਅਸੀਂ ਖੇਡਾਂ ਨੂੰ ਨਸ਼ਿਆਂ ਦੇ ਕੋਹੜ ਵਿਰੁੱਧ ਪੰਜਾਬ ਦੀ ਲੜਾਈ ਦਾ ਇਕ ਅਹਿਮ ਹਿੱਸਾ ਵੀ ਮੰਨਦੇ ਹਾਂ।
ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਨਾਲ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਮਿਲਦੀ ਹੈ। ਖੇਡ ਮੈਦਾਨ ਸਿਰਫ਼ ਅਭਿਆਸ ਤੇ ਮੁਕਾਬਲੇ ਦੀਆਂ ਥਾਵਾਂ ਹੀ ਨਹੀਂ, ਸਗੋਂ ਇਹ ਅਜਿਹੇ ਸਥਾਨ ਹਨ, ਜਿੱਥੇ ਨੌਜਵਾਨ ਇਕੱਠੇ ਤੇ ਸਰਗਰਮ ਹੋ ਸਕਦੇ ਹਨ ਤੇ ਖੁਦ ’ਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰ ਸਕਦੇ ਹਨ। ਖੇਡ ਮੁਕਾਬਲੇ ਉਨ੍ਹਾਂ ਨੂੰ ਸਥਾਨਕ ਤੇ ਰਾਜ ਪੱਧਰ ’ਤੇ ਮੱਲਾਂ ਮਾਰਨ ਲਈ ਉਤਸ਼ਾਹਿਤ ਕਰਦੇ ਹਨ। ਪੰਜਾਬ ਲੰਬੇ ਸਮੇਂ ਤੋਂ ਦੇਸ਼ ਦੀ ਖੇਡ ਨਰਸਰੀ ਵਜੋਂ ਜਾਣਿਆ ਜਾਂਦਾ ਰਿਹਾ ਹੈ। ਸਾਡੇ ਨੌਜਵਾਨਾਂ ਕੋਲ ਇਸ ਵਿਰਾਸਤ ਨੂੰ ਹੋਰ ਅੱਗੇ ਲਿਜਾਣ ਦੀ ਪੂਰੀ ਊਰਜਾ ਅਤੇ ਹੁਨਰ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਾਨੂੰ ਸਿਰਫ਼ ਉਨ੍ਹਾਂ ਨੂੰ ਸਹੀ ਬੁਨਿਆਦੀ ਢਾਂਚਾ, ਕੋਚਿੰਗ ਤੇ ਢੁਕਵੇਂ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ। ਇਹ ਸਿਰਫ਼ ਨੌਜਵਾਨਾਂ ਤੱਕ ਹੀ ਸੀਮਤ ਨਹੀਂ ਹੈ। ਇਹ ਪੰਜਾਬ ਦੇ ਸਮੂਹ ਨਾਗਰਿਕਾਂ ਲਈ ਇਕ ਖੁੱਲ੍ਹਾ ਸੱਦਾ ਹੈ, ਜੋ ਮਾਪਿਆਂ ਤੇ ਦਾਦਾ-ਦਾਦੀਆਂ ਤੋਂ ਲੈ ਕੇ ਅਧਿਆਪਕਾਂ ਤੇ ਕੋਚਾਂ ਤੱਕ ਹਰ ਕਿਸੇ ਲਈ ਹੈ, ਕਿ ਉਹ ਸੂਬੇ ’ਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵੱਧ ਤੋਂ ਵੱਧ ਯੋਗਦਾਨ ਦੇਣ। ਇਸ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ 5 ਸਤੰਬਰ ਨੂੰ ਅਧਿਆਪਕ ਦਿਵਸ ’ਤੇ ਸ਼ੁਰੂ ਕੀਤੀਆਂ ਗਈਆਂ। ਇਹ ਸਾਡੀਆਂ ਜਮਾਤਾਂ ਦੇ ਅਧਿਆਪਕਾਂ ਤੋਂ ਲੈ ਕੇ ਖੇਡ ਮੈਦਾਨਾਂ ਦੇ ਕੋਚਾਂ ਤੇ ਟ੍ਰੇਨਰਾਂ ਪ੍ਰਤੀ ਸਾਡੇ ਮਾਣ-ਸਤਿਕਾਰ ਨੂੰ ਦਰਸਾਉਂਦਾ ਹੈ। ਸਾਡੇ ਕੋਚ ਤੇ ਟਰੇਨਰ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦੇ ਅਧਿਆਪਕ ਹਨ, ਜਿਨ੍ਹਾਂ ਦਾ ਗਿਆਨ, ਤਜ਼ਰਬਾ ਤੇ ਮੁਹਾਰਤ ਅਗਲੀ ਪੀੜ੍ਹੀ ਦੇ ਖਿਡਾਰੀਆਂ ਨੂੰ ਅੱਗੇ ਵਧਾਉਣ ਤੇ ਉਨ੍ਹਾਂ ਨੂੰ ਜੇਤੂ ਲਾਈਨ ਪਾਰ ਕਰਵਾਉਣ ’ਚ ਮਦਦ ਕਰੇਗੀ।
ਖੇਡ ਸੱਭਿਆਚਾਰ ਸਰਕਾਰ ਸਿਰਫ਼ ਇਕੱਲੀ ਨਹੀਂ ਸਿਰਜ ਸਕਦੀ। ਇਸ ਲਈ ਮਾਪਿਆਂ ਨੂੰ ਵੀ ਬਰਾਬਰ ਯੋਗਦਾਨ ਦੇ ਕੇ ਆਪਣੇ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕਰਨਾ ਹੋਵੇਗਾ। ਕੋਚਾਂ ਤੇ ਟ੍ਰੇਨਰਾਂ ਨੂੰ ਪ੍ਰਤਿਭਾ ਦੀ ਪਛਾਣ ਕਰ ਕੇ ਉਸ ਨੂੰ ਨਿਖਾਰਨਾ ਹੋਵੇਗਾ। ਪਿੰਡਾਂ ਤੇ ਭਾਈਚਾਰਿਆਂ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਕਰਨਾ ਹੋਵੇਗਾ। ਅਸੀਂ ਸਾਰੇ ਮਿਲ ਕੇ ਹੀ ਇਸ ਨੂੰ ਸੰਭਵ ਬਣਾ ਸਕਦੇ ਹਾਂ। ਅਸੀਂ ਜਦੋਂ ਇਕੱਠੇ ਹੋ ਕੇ ਚੱਲਦੇ ਹਾਂ, ਪੰਜਾਬ ਤੇ ਪੰਜਾਬੀਅਤ ਸਾਡੇ ’ਚੋਂ ਖੁਦ-ਬ-ਖੁਦ ਝਲਕਦੀ ਹੈ।
‘ਖੇਡਾਂ ਵਤਨ ਪੰਜਾਬ ਦੀਆਂ’ ਸਿਰਫ਼ ਖੇਡਾਂ ਅਤੇ ਖੇਡ ਸੱਭਿਆਚਾਰ ਦਾ ਜਸ਼ਨ ਨਹੀਂ ਹੈ; ਇਹ ਪੰਜਾਬੀਅਤ ਦਾ ਉਤਸਵ ਹੈ। ਇਹ ਪੰਜਾਬ ਦੀ ਮਿੱਟੀ ਨਾਲ ਜੁੜਿਆ ਇਕ ਸਥਾਨਕ ਉਪਰਾਲਾ ਹੈ, ਪਰ ਇਸ ਦਾ ਪ੍ਰਭਾਵ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਹੈ। ਮੈਂ ਉਮੀਦ ਕਰਦਾ ਹਾਂ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਇਹ 75 ਦਿਨ ਸਾਨੂੰ ਸਾਰਿਆਂ ਨੂੰ ਇਕ ਦੂਜੇ ਦੇ ਹੋਰ ਨੇੜੇ ਲਿਆਉਣ ਅਤੇ ਭਾਰਤ ਦੀ ਓਲੰਪਿਕ ਤਮਗਾ ਸੂਚੀ ’ਚ ਨਵੀਆਂ ਪ੍ਰਾਪਤੀਆਂ ਜੋੜਨ ਲਈ ਲਈ ਪੰਜਾਬ ਦਾ ਸਹੀ ਮਾਰਗਦਰਸ਼ਨ ਕਰਨਗੇ। ਇਹ ਮੇਰੀ ਦਿਲੀਂ ਇੱਛਾ, ਮੇਰੀ ਉਮੀਦ ਅਤੇ ਮੇਰਾ ਵਾਅਦਾ ਹੈ।
ਪੰਜਾਬ ਦੇਸ਼ ਦਾ ਮਾਰਗ ਦਰਸ਼ਨ ਕਰੇਗਾ।
ਸਾਡਾ ਖੁਆਬ, ਰੰਗਲਾ ਪੰਜਾਬ।