- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੁਰਤੀਲੇ ਤਾਂ ਸਰਕਾਰੀ ਬੱਸਾਂ ਦੇ ਕਾਮੇ ਵੀ ਘੱਟ ਨਹੀਂ ਬੀਬੀਆਂ ਨੂੰ ਦੇਖ ਕੇ ਰੇਸ ’ਤੇ ਪੈਰ ਰੱਖਣ ਨੂੰ ਇਹ ਵੀ ਮਿੰਟ ਹੀ ਲਾਉਂਦੇ ਹਨ ਪਰ ਇੰਨਾ ਸਭ ਹਰਕਤਾਂ ਦਾ ਖਮਿਆਜ਼ਾ ਕਿਤੇ ਨਾ ਕਿਤੇ ਕੰਮਕਾਜੀ ਔਰਤਾਂ ਨੂੰ ਹੀ ਵੱਧ ਭੁਗਤਣਾ ਪੈਂਦਾ ਹੈ, ਜੋ ਕੰਮਾਂਕਾਰਾਂ ਤੋਂ ਕੁਝ ਕੁ ਅਣਗਹਿਲੀ ਕਰਨ ਵਾਲੇ ਇਹਨਾਂ ਕਰਮਚਾਰੀਆਂ ਦੀ ਵਜ੍ਹਾ ਕਰਕੇ ਲੇਟ ਹੋ ਜਾਂਦੀਆਂ ਹਨ।

ਜਸਵਿੰਦਰ ਕੌਰ
ਰੋਡਵੇਜ਼ ਤੋਂ ‘ਆਧਾਰ ਕਾਰਡ’ ਵਾਲੀ ਤੱਕ ਦਾ ਸਫ਼ਰ ਕੋਈ ਸਮਾਂ ਸੀ ਜਦੋਂ ਪੀਆਰਟੀਸੀ ਜਾਂ ਰੋਡਵੇਜ਼ ਸ਼ਬਦ ਸੁਣਦਿਆਂ ਹੀ ਖੜਕੀਆਂ-ਟੁੱਟੀਆਂ ਹੋਈਆਂ ਲਾਰੀਆਂ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਸੀ ਪਰ ਅੱਜ ਸਮੇਂ ਦੇ ਨਾਲ-ਨਾਲ ਇਹ ਸੀਨ ਵੀ ਬਦਲ ਗਿਆ ਹੈ। ਅੱਜ ਪੀਆਰਟੀਸੀ, ਰੋਡਵੇਜ਼ ਸ਼ਬਦ ਸੁਣਦਿਆਂ ਹੀ ਆਧਾਰ ਕਾਰਡ ਵਾਲੀਆਂ ਬੀਬੀਆਂ ਉਹਨਾਂ ਨੂੰ ਦੇਖ ਕੇ ਬੱਸਾਂ ਭਜਾਉੰਦੇ ਡਰਾਈਵਰ-ਕੰਡਕਟਰ ਅਤੇ ਬੱਸਾਂ ’ਚ ਥਾਂ-ਥਾਂ ਬੀਬੀਆਂ ਅਤੇ ਇਹਨਾਂ ਕਰਮਚਾਰੀਆਂ ਦੇ ਝਗੜਿਆਂ ਦਾ ਮੰਜ਼ਰ ਅੱਖਾਂ ਸਾਹਮਣੇ ਘੁੰਮ ਜਾਂਦਾ ਹੈ। ਘੁੰਮਣ ਤੋਂ ਯਾਦ ਆਇਆ ਕਿ ਆਧਾਰ ਕਾਰਡ ਦੇ ਫ੍ਰੀ ਸਫ਼ਰ ਨੇ ਬੀਬੀਆਂ ਨੂੰ ਬਹੁਤਾ ਹੀ ਘੁੰਮਣ-ਫਿਰਨ ਲਾ ਦਿੱਤਾ ਹੈ। ਉੱਤੋਂ ਧੰਨਵਾਦ ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿੰਨ੍ਹਾਂ ਨੇ 1000-1500 ਰੁਪਏ ਬੀਬੀਆਂ ਦੇ ਖਾਤੇ ’ਚ ਪਾ ਕੇ ਉਹਨਾਂ ਨੂੰ ਵੱਖ-ਵੱਖ ਚੀਜ਼ਾਂ ਲਈ ਪ੍ਰਸਿੱਧ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਚ ਖ਼ਰੀਦਦਾਰੀ ਕਰਨਾ ਸੁਖਾਲਾ ਕਰ ਦਿੱਤਾ ਹੈ। ਇੱਥੇ ਇੱਕ ਵਾਕਿਆ ਯਾਦ ਆਇਆ, ਜਿਸ ਦਿਨ ਮੈਂ ਯੂਨੀਵਰਸਿਟੀ ਜਾਂਦਿਆਂ ਸੱਤ ਅੱਠ ਬੀਬੀਆਂ ਦੀ ਗੱਲਬਾਤ ਸੁਣੀ, ਉਸੇ ਨੂੰ ਦਰਸਾ ਰਹੀ ਹਾਂ ਕਿ ਉਹ ਪੰਜਾਬੀ ਜੁੱਤੀਆਂ ਦੇਖਣ (ਖ਼ਰੀਦਣ ਨਹੀਂ) ਪਟਿਆਲੇ ਜਾ ਰਹੀਆਂ ਸਨ। ਕਿਰਾਏ ਵਾਲੇ ਪੱਖ ਤੋਂ ਤਾਂ ਉਹ ਬਿਲਕੁਲ ਹੀ ਸੁਰਖਰੂ ਸਨ, ਆਧਾਰ ਕਾਰਡ ਸੇਵਾ ਫ੍ਰੀ ਜੋ ਹੈ। ਸਗੋਂ ਉਹ ਦੁਪਹਿਰ ਦੀ ਰੋਟੀ ਦਾ ਆਪਣਾ ਪ੍ਰਬੰਧ ਵੀ ਗੱਲੀਂ-ਬਾਤੀ ਗੁਰਦੁਆਰਾ ਦੁੱਖ-ਨਿਵਾਰਨ ਸਾਹਿਬ ਵਿਖੇ ਕਰ ਰਹੀਆਂ ਸਨ।
ਪ੍ਰਬੰਧ ਦੀ ਗੱਲ ਕਰੀਏ ਤਾਂ ਇਹਨਾਂ ਆਧਾਰ ਕਾਰਡ ਵਾਲੀਆਂ ਬੀਬੀਆਂ ਦੇ ਸਤਾਏ ਸਰਕਾਰੀ ਬੱਸਾਂ ਦੇ ਕੰਡਕਟਰ-ਡਰਾਈਵਰ ਖੂੰਖਾਰੂ ਝਪਟਾਂ ਅਤੇ ਬੀਬੀਆਂ ਦੇ ਗੈਂਗਾਂ ਤੋਂ ਡਰਦੇ ਬੱਸਾਂ ਅੰਦਰ ਕੈਬਿਨ ਬਣਾ ਕੇ ਆਪਣੀ ਸੁਰੱਖਿਆ ਦਾ ਪ੍ਰਬੰਧ ਕਰਨ ’ਚ ਪੱਲਿਓਂ ਪੈਸੇ ਖ਼ਰਚ ਰਹੇ ਹਨ। ਰਾਤਾਂ ਨੂੰ ਸਫ਼ਰ ਦੌਰਾਨ ਪੈਂਦੇ ਸ਼ਰਾਬੀਆਂ ਦੇ ਨਾਲ ਵਾਹ ਅਤੇ ਬੀਬੀਆਂ ਦੇ ਗੈਂਗਾਂ ਨਾਲ ਹੁੰਦੀ ਹੱਥੋ-ਪਾਈ ਤੋਂ ਬਚਣ ਲਈ ਵਿਚਾਰੇ ਕਈ ਤਾਂ ਕੈਬਿਨ ’ਚ ਕੰਡਕਟਰ ਸੀਟ ਦੇ ਨਾਲ-ਨਾਲ ਦੋ ਚਾਰ ਹੋਰ ਸੀਟਾਂ ਵੀ ਫਿੱਟ ਕਰਵਾ ਲੈਂਦੇ ਹਨ। ਸ਼ੀਸ਼ਿਆਂ ਤੇ ਕਾਲੀਆਂ ਫਿਲਮਾਂ ਤੇ ਪਰਦੇ ਸ਼ਾਇਦ ਇਸੇ ਸੁਰੱਖਿਆ ਦਾ ਹੀ ਹਿੱਸਾ ਹਨ। ਨਿਗੁਣੀਆਂ ਤਨਖਾਹਾਂ ਅਤੇ ਠੇਕਿਆਂ ਤੇ ਕੰਮ ਕਰਦੇ ਇਹ ਕਰਮਚਾਰੀ ਆਪਣੀ ਸੁਰੱਖਿਆ ਅਤੇ ਆਵਦੀ ਸਵਾਰੀ ਦੇ ਆਪ ਜ਼ਿੰਮੇਵਾਰ ਹਨ। ਜ਼ਿੰਮੇਵਾਰੀ ਦੀ ਭਾਵਨਾ ਕਰਮਚਾਰੀ ਦਾ ਮੁੱਖ ਫਰਜ਼ ਹੈ ਪਰ ਆਧਾਰ ਕਾਰਡ ਦੇ ਫ੍ਰੀ ਸਫ਼ਰ ਦੇ ਸਤਾਏ ਇਹ ਕਰਮਚਾਰੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਰਹੇ ਹਨ। ਇੱਥੇ ਮੈਂ ਸਭ ਨੂੰ ਇੱਕ ਤੱਕੜੀ ਦੇ ’ਚ ਨਹੀਂ ਤੋਲ ਰਹੀ ਪਰ ਬਹੁਤਿਆਂ ਦੀ ਗੱਲ ਵੀ ਕਰ ਰਹੀ ਹਾਂ। ਇਹਨਾਂ ਕਾਮਿਆਂ ਦਾ ਆਧਾਰ ਕਾਰਡ ਦੇ ਫ੍ਰੀ ਸਫ਼ਰ ਨੇ ਠੱਗੀਆਂ-ਠੋਰੀਆਂ ਅਤੇ ਪ੍ਰਾਈਵੇਟ ਬੱਸਾਂ ਨਾਲ ਕੀਤੀਆਂ ਸੈਟਿੰਗਾਂ ਵਾਲਾ ਸਿਸਟਮ ਵਿਗਾੜ ਦਿੱਤਾ ਹੈ। (ਭਾਵੇਂ ਹਾਲੇ ਵੀ ਕਈ ਰੂਟਾਂ ਤੇ ਕੁਝ ਕੁ ਸਟਾਪਾਂ ’ਤੇ ਬਸ ਨਾ ਖੜ੍ਹੀ ਕਰ ਕੇ ਇਹ ਕੰਮ ਜਾਰੀ ਹੈ -ਸਵਾਰੀਆਂ ਛੱਡੋ ਤੇ ਪੈਸੇ ਵੱਢੋ) ਅਤੇ ਬਹੁਤੀ ਵਾਰ ਇਹਨਾਂ ਗੱਲਾਂ ਦਾ ਗੁੱਸਾ ਕਈ ਡਰਾਈਵਰ-ਕੰਡਕਟਰ ਬੀਬੀ ਸਵਾਰੀਆਂ ਉੱਤੇ ਆਮ ਹੀ ਕੱਢਦੇ ਹਨ। ਬਹੁਤੀਆਂ ਥਾਵਾਂ ’ਤੇ ਉਹ ਬੀਬੀਆਂ ਦੇ ਝੁੰਡਾਂ ਨੂੰ ਦੇਖ ਕੇ ਬੱਸ ਭਜਾ ਲੈਂਦੇ ਹਨ। ਬਣਦੇ ਸਟਾਪ ਉੱਤੇ ਬੱਸ ਨਹੀਂ ਰੋਕਦੇ ਅਤੇ ਕਈ ਵਾਰ ਚੜ੍ਹਦੀਆਂ-ਚੜ੍ਹਦੀਆਂ ਸਵਾਰੀਆਂ ਤੋਂ ਵੀ ਬੱਸ ਚਲਾਉਣ ਗੁਰੇਜ਼ ਨਹੀਂ ਕਰਦੇ। ਸਬੂਤ ਵੱਜੋਂ ਇਹਨਾਂ ਸਾਰੀਆਂ ਗੱਲਾਂ ਦੀਆਂ ਵੀਡੀਓਜ਼ ਤੁਸੀਂ ਹਰ ਰੋਜ਼ ਸੋਸ਼ਲ-ਮੀਡੀਆ ਉੱਤੇ ਆਮ ਹੀ ਦੇਖ ਸਕਦੇ ਹੋ। ਕਿਤੇ ਬੀਬੀਆਂ ਡਿੱਗ ਰਹੀਆਂ ਨੇ, ਕਿਤੇ ਡਰਾਈਵਰਾਂ ਦੇ ਗਲਮਿਆਂ ’ਚ ਹੱਥ ਪੈ ਰਹੇ ਨੇ, ਕਿਤੇ ਹੱਥੋਪਾਈ ਦਾ ਮੰਜ਼ਰ ਸਵਾਰੀਆਂ, ਸਥਾਨਕ ਲੋਕ ਅਤੇ ਆਮ ਰਾਹਗੀਰ ਖੜ੍ਹੇ ਹੋਏ ਦੇਖ ਰਹੇ ਹਨ। ਵੀਡੀਓ ਤੋਂ ਯਾਦ ਆਇਆ ਸਰਕਾਰੀ ਬੱਸਾਂ ਦੇ ਕੰਡਕਟਰ ਕੱਲੀ-ਕਹਿਰੀ ਸਵਾਰੀ ਲਈ ਬੱਸ ਤਾਂ ਵੀ ਨਹੀਂ ਰੋਕਦੇ ਕਿ ਉਹਨਾਂ ਨੂੰ ਇਕੱਲੀ ਸਵਾਰੀ ਦੀ ਟਿਕਟ ਕੱਟਣ ਲਈ ਆਪਣਾ ਫੋਨ ਛੱਡ ਕੇ ਉੱਠਣਾ ਪੈਂਦਾ ਹੈ। ਭਾਵੇਂ ਉਸ ਸਵਾਰੀ ਦੇ ਸਟਾਪ ’ਤੇ ਇਹੀ ਬੱਸ ਰੁਕਣ 'ਤੇ ਉਹ ਸਵਾਰੀ ਆਪਣੀ ਮੰਜ਼ਿਲ ਜਾਂ ਕੰਮ ਕਰਨ ਦੀ ਥਾਂ 'ਤੇ ਪਹੁੰਚ ਸਕਦੀ ਹੋਵੇ। ਪੱਕਿਆਂ ਦੀ ਗੱਲ ਚੱਲੀ ਹੈ ਤਾਂ ਇਹਨਾਂ ਵਿਚਾਰੇ ਮੁਲਾਜ਼ਮਾਂ ਦੀ ਗੱਲ ਕਰਨੀ ਤਾਂ ਬਣਦੀ ਹੈ, ਜਿੰਨਾਂ ਨੂੰ ਕਈ-ਕਈ ਸਾਲਾਂ ਤੋਂ ਪੰਜਾਬ ਸਰਕਾਰ ਨੇ ਪੱਕੇ ਨਹੀਂ ਕੀਤਾ ਅਤੇ ਆਪਣੇ ਲਾਰਿਆਂ ਨਾਲ ਹੀ ਕੱਚੇ ਲਾਹ ਰੱਖਿਆ ਹੈ, ਜਿਸ ਦੇ ਲਈ ਇਹ ਵਿਚਾਰੇ ਹਰ ਦੋ-ਤਿੰਨ ਮਹੀਨੇ ਬਾਅਦ ਹੜਤਾਲ ਕਰਦੇ ਹਨ , ਧਰਨੇ ਲਗਾਉਂਦੇ ਹਨ। ਪਰ ਸਰਕਾਰ ਦੇ ਕੰਨੀਂ ਫਿਰ ਵੀ ਇਹਨਾਂ ਦੀਆਂ ਦੁਹਾਈਆਂ ਅਤੇ ਮੰਗਾਂ ਦੀ ਆਵਾਜ਼ ਪੈਂਦੀ ਨਹੀਂ ਪੈਂਦੀ। ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਨੇ ਕਿਲੋਮੀਟਰ ਬੱਸਾਂ ਪਾ ਕੇ ਇਸ ਵਿਭਾਗ ’ਚ ਕੰਮ ਕਰਨ ਵਾਲੇ ਇਹਨਾਂ ਕਰਮਚਾਰੀਆਂ ਤੋਂ ਸਿੱਧਾ ਹੀ ਆਪਣਾ ਪੱਲਾ ਛੁਡਾ ਲਿਆ ਹੈ। ਛੁਡਾਉਣ ਦੀ ਗੱਲ ਚੱਲੀ ਹੈ ਤਾਂ ਸਰਕਾਰ ਦੀ ਫ੍ਰੀ ਸਫ਼ਰ ਸਕੀਮ ਨੇ ਕਈ ਘਰਾਂ ’ਚ ਘਰਾਂ ਦੇ ਮੁਖੀਆਂ ਦੇ ਹੱਥਾਂ ਦੀ ਰੋਟੀ ਛੁਡਾ ਦਿੱਤੀ ਹੈ। ਘਰੋਂ ਲੜ ਕੇ ਆਧਾਰ ਕਾਰਡ ਲੈ ਕੇ ਗੁੱਸੇ ਹੋ ਕੇ ਗਈਆਂ ਇਹ ਬੀਬੀਆਂ ਧਾਰਮਿਕ ਸਥਾਨਾਂ ’ਤੇ ਜਾ ਕੇ ਬੈਠੀਆਂ ਕਈ-ਕਈ ਦਿਨ ਮਨਾਉਣ ਵਾਲਿਆਂ ਨੂੰ ਨਹੀਂ ਲੱਭਦੀਆਂ। ਇਹ ਅੱਜ ਕੱਲ੍ਹ ਆਮ ਹੀ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਨਜ਼ਰ ਆਉਂਦਾ ਹੈ। ਹੁਣ ਤਾਂ ਆਲਮ ਇਹ ਹੈ ਕਿ ਬੀਬੀਆਂ ਦਾ ਅੰਮ੍ਰਿਤਸਰੀ ਪਾਪੜ-ਵੜੀਆਂ ਨੂੰ ਦਿਲ ਕਰੇ ਤਾਂ ਸਵੇਰੇ ਜਾ ਕੇ ਸ਼ਾਮ ਨੂੰ ਲੈ ਕੇ ਹੀ ਘਰ ਮੁੜਦੀਆਂ ਹਨ। ਬਹੁਤਾ ਕਰਕੇ ਇਹ ਮਾਹੌਲ ਹੁਣ ਘਰਾਂ ਦੇ ਕਲੇਸ਼ ਦਾ ਕਾਰਨ ਵੀ ਬਣ ਰਿਹਾ ਹੈ। ਘਰ ਗਿੱਟੇ-ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਬੀਬੀਆਂ ਬਾਹਰ ਬੱਸਾਂ ’ਚ ਭੱਜ-ਭੱਜ ਕੇ ਚੜ੍ਹਨ ਵੇਲੇ ਪੀ.ਟੀ ਊਸ਼ਾ ਤੋਂ ਵੀ ਵੱਧ ਫੁਰਤੀ ਦਿਖਾਉਂਦੀਆਂ ਕਈ ਵਾਰ ਸੱਟ-ਫੇਟ ਵੀ ਖਾ ਲੈਂਦੀਆਂ ਹਨ।
ਫੁਰਤੀਲੇ ਤਾਂ ਸਰਕਾਰੀ ਬੱਸਾਂ ਦੇ ਕਾਮੇ ਵੀ ਘੱਟ ਨਹੀਂ ਬੀਬੀਆਂ ਨੂੰ ਦੇਖ ਕੇ ਰੇਸ ’ਤੇ ਪੈਰ ਰੱਖਣ ਨੂੰ ਇਹ ਵੀ ਮਿੰਟ ਹੀ ਲਾਉਂਦੇ ਹਨ ਪਰ ਇੰਨਾ ਸਭ ਹਰਕਤਾਂ ਦਾ ਖਮਿਆਜ਼ਾ ਕਿਤੇ ਨਾ ਕਿਤੇ ਕੰਮਕਾਜੀ ਔਰਤਾਂ ਨੂੰ ਹੀ ਵੱਧ ਭੁਗਤਣਾ ਪੈਂਦਾ ਹੈ, ਜੋ ਕੰਮਾਂਕਾਰਾਂ ਤੋਂ ਕੁਝ ਕੁ ਅਣਗਹਿਲੀ ਕਰਨ ਵਾਲੇ ਇਹਨਾਂ ਕਰਮਚਾਰੀਆਂ ਦੀ ਵਜ੍ਹਾ ਕਰਕੇ ਲੇਟ ਹੋ ਜਾਂਦੀਆਂ ਹਨ। ਬਹੁਤੀਆਂ ਥਾਵਾਂ ’ਤੇ ਤਾਂ ਸਵੇਰੇ ਅਤੇ ਸ਼ਾਮ ਦੇ ਸਮੇਂ ਪ੍ਰਾਈਵੇਟ ਬੱਸਾਂ ਦੀ ਥਾਂ ਸਿਰਫ਼ ਸਰਕਾਰੀ ਬੱਸਾਂ ਹੀ ਹਨ, ਜਿਸ ਕਰਕੇ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਭਾਵੇਂ ਸਰਕਾਰੀ ਮਹਿਕਮਿਆਂ ’ਚ ਬਾਕੀ ਸਾਰੇ ਸਰਕਾਰੀ ਕੰਮ ਦੇਰੀ ਨਾਲ ਹੋਣ ਪਰ ਇਹ ਡਰਾਈਵਰ- ਕੰਡਕਟਰ ਸਮੇਂ ਦੇ ਪਾਬੰਦ ਆਪਣੀਆਂ ਬੱਸਾਂ ਲੇਟ ਨਹੀਂ ਹੋਣ ਦਿੰਦੇ। ਨਿਰੰਤਰ ਚਲਦੇ ਸਫ਼ਰ ’ਚ ਭਾਵੇਂ ਸਿੱਕੇ ਦੇ ਦੋਨੋਂ ਪਹਿਲੂ ਆਪਣਾ-ਆਪਣਾ ਰੋਲ ਬਾਖ਼ੂਬੀ ਨਿਭਾਉਂਦੇ ਹਨ ਪਰ ਰੋਮਾਂਚ ਅਤੇ ਜੋਖ਼ਮ ਨਾਲ ਭਰੀ ਜ਼ਿੰਦਗੀ ਦੇ ਲੱਦੇ ਇਹ ਕਰਮਚਾਰੀ ਦਿਨ-ਰਾਤ ਸੜਕਾਂ ਨਾਪਦੇ ਫਿਰਦੇ ਹਨ ਅਤੇ ਮੌਤ ਵਰਗੇ ਖ਼ਤਰੇ ਨਾਲ ਖੇਡਦੇ ਨਜ਼ਰ ਆਉਂਦੇ ਹਨ। ਦੌੜ ਕੋਈ ਵੀ ਹੋਵੇ ਜ਼ਰੂਰੀ ਹੁੰਦਾ ਹੈ ਸਫ਼ਰ ਦਾ ਆਨੰਦ ਮਾਨਣਾ। ਜਨਤਕ ਆਵਾਜਾਈ ’ਚ ਜੋ ਯੋਗਦਾਨ ਪੀਆਰਟੀਸੀ ਤੇ ਰੋਡਵੇਜ਼ ਦੀਆਂ ਸੇਵਾਵਾਂ ਦਾ ਹੈ, ਉਹ ਵਾਕਈ ਅਣਮੁੱਲਾ ਹੈ ਪਰ ਸਮੇਂ-ਸਮੇਂ ’ਤੇ ਆਉਂਦੀਆਂ ਚੁਣੌਤੀਆਂ ਦੇ ਹੱਲ ਲੱਭ ਕੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਖ਼ ਨੂੰ ਮਜ਼ਬੂਤ ਰੱਖਣ ਲਈ ਕੁਝ ਬਦਲਾਅ ਤੇ ਨਿਮਰਤਾ ਜ਼ਰੂਰੀ ਹੈ। (ਸੰਪਾਰਕ : 98144-94984)।