- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਮੇਰੀ ਜ਼ਿੰਦਗੀ ਦਾ ਹਰ ਪੱਖ ਰੌਸ਼ਨ ਹੈ, ਜੋ ਕਿ ਮੇਰੇ ਪਸੀਨੇ ਦੀ ਕਰਾਮਾਤੀ ਬਦਬੂ ਨਾਲ ਸੁਗੰਧਿਤ ਹੈ ਪਰ ਮੇਰੇ ਮਨ ਦੀਆਂ ਅੱਖਾਂ ਅਜੇ ਵੀ ਉਸ ਨੀਲੀ ਬੱਸ ’ਤੇ ਟਿਕੀਆਂ ਹੋਈਆਂ ਹਨ, ਜੋ ਕਿ ਮੇਰੇ ਅਣਭੋਲ ਬਚਪਨ ਦੀ ਇਕ ਪ੍ਰਚੰਡ ਚੀਸ ਹੈ ਪਰ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਉਸ ਬੱਦਲ਼ਾਂ ਦੀ ਬਰਾਤ ਦਾ ਲਾੜਾ ਮੈਂ ਸਾਂ ਜੋ ਕਿ ਸਿਰੜ ਦੇ ਘੋੜੇ ’ਤੇ ਸਵਾਰ ਸੀ। ਰੇਸ਼ਮੀ ਰਾਹਾਂ ’ਤੇ ਤੁਰਦਿਆਂ ਪੈਰ ਮਲੂਕ ਬਣਦੇ ਨੇ ਜਦਕਿ ਮਾਰੂ ਰਾਹਾਂ ’ਤੇ ਤੁਰਦਿਆਂ ਇਤਿਹਾਸ ਲਿਖਦੇ ਨੇ।

ਡਾ.ਜਸਪਾਲ ਸਿੰਘ ਹੀਰੋਂ
ਜ਼ਿੰਦਗੀ ਦੀਆਂ ਬਾਲੂ ਰੇਤ ਜਿਹੀਆਂ ਰੁੱਤਾਂ ’ਚੋਂ ਇਕ ਰੁੱਤ ਜੋ 1987 ਤੋਂ ਸ਼ੁਰੂ ਹੋਈ ਤੇ ਅਜੇ ਵੀ ਆਪਣੇ ਜੋਬਨ ’ਤੇ ਹੈ। ਮੈਂ ਮਾਰਚ 1987 ’ਚ ਆਪਣੀ ਮਾਤਾ ਜੀ ਨਾਲ਼ ਨਾਨਕੇ ਪਿੰਡ ਪੁੰਨਾਵਾਲ ਗਿਆ ਹੋਇਆ ਸੀ। ਮਾਮਾ ਜੀ ਦਾ ਬੇਟਾ ਸੰਤ ਅਤਰ ਸਿੰਘ ਅਕੈਡਮੀ ਮਸਤੂਆਣਾ ਸਾਹਿਬ ਵਿਖੇ ਪੜ੍ਹਦਾ ਸੀ। ਉਹ ਲਿਸ਼ਕਦੀ ਵਰਦੀ ਤੇ ਫੁੱਲਾਂ ਜਿਹੀ ਟਾਈ ’ਚ ਸ਼ਹਿਜ਼ਾਦਾ ਲੱਗਦਾ ਸੀ। ਮੇਰਾ ਬਾਲ ਮਨ ਉਸ ਜਿਹਾ ਦਿਸਣ ਤੇ ਉਸ ਦੇ ਵਾਂਗ ਪੜ੍ਹਨ ਲਈ ਲਲਚਾਉਂਦਾ ਰਹਿੰਦਾ। ਮੈਨੂੰ ਉਸ ਦਾ ਕਿਤਾਬਾਂ ਵਾਲਾ ਬਸਤਾ ਕਿਸੇ ਅੱਲ੍ਹਾਦੀਨ ਦਾ ਚਿਰਾਗ਼ ਲੱਗਦਾ ਤੇ ਰੰਗ ਬਰੰਗੀਆਂ ਕਿਤਾਬਾਂ ’ਚੋਂ ਕੋਈ ਜਾਦੂਈ ਸੰਸਾਰ ਦਿਸਦਾ ਸੀ।
ਮੈਂ ਉਸ ਨੂੰ ਸਕੂਲ ਬੱਸ ਚੜ੍ਹਦੇ ਨੂੰ ਦੇਖਦਾ, ਉਹਦੀ ਨੀਲੀ ਬੱਸ ਮੈਨੂੰ ਬੱਦਲ਼ ਲੱਗਦੀ ਤੇ ਸਾਰੇ ਬੱਚੇ ਨਵਾਬਾਂ ਵਾਂਗ ਬੈਠੇ ਬੱਦਲ਼ਾਂ ਦੀ ਬਰਾਤ ਜਾਪਦੇ ਸਨ। ਬੱਚਿਆਂ ਦੀ ਦੁਨੀਆ ਬਹੁਤ ਛੋਟੀ ਹੁੰਦੀ ਐ, ਜੋ ਇਕ-ਦੋ ਚਾਅ ਪੂਰੇ ਹੋਣ ਨਾਲ ਹੀ ਰੁਸ਼ਨਾ ਜਾਂਦੀ ਹੈ। ਥੋੜ੍ਹੀ ਬਹੁਤੀ ਜਿੱਦ ਕਰਨ ’ਤੇ ਮੈਨੂੰ ਵੀ ਦੋ ਦਿਨ ਉਸੇ ਬੱਸ ’ਚ ਸਕੂਲ ਭੇਜ ਦਿੱਤਾ, ਲੱਗਿਆ ਜਿਵੇਂ ਚਾਨਣੀ ਰਾਤ ਨੇ ਮੈਨੂੰ ਚੰਨ ਸਮਝ ਕੇ ਕਬੂਲ ਕਰ ਲਿਆ ਹੋਵੇ ਪਰ ਮੈਂ ਜ਼ਿਆਦਾ ਸਮਾਂ ਟਿਕ ਨਾ ਸਕਿਆ, ਤੀਸਰੇ ਦਿਨ ਮੈਨੂੰ ਸੁੱਤੇ ਨੂੰ ਕਿਸੇ ਨੇ ਜਗਾਇਆ ਹੀ ਨਾ, ਨੀਲੀ ਬੱਸ ਦਾ ਹਾਰਨ ਬਲੋਚਾਂ ਦੇ ਊਠ ਵਾਂਗ ਸਭ ਕੁਝ ਲੁੱਟ ਕੇ ਲਿਜਾਣ ਵਾਂਗ ਵੱਜਿਆ।
ਮੈਂ ਰੋਇਆ, ਕੁਰਲਾਇਆ ਬੱਸ ਦੇ ਪਿੱਛੇ ਵੀ ਦੌੜਿਆ ਪਰ ਮੇਰੀਆਂ ਹੰਝੂ ਭਰੀਆਂ ਅੱਖਾਂ ਨੂੰ ਸਿਰਫ ਧੂੜ ਨਸੀਬ ਹੋਈ। ਅਖੀਰ ਮਾਮਾ ਜੀ ਨੇ ਦੱਸਿਆ ਕਿ ਕੱਲ੍ਹ ਡਰਾਈਵਰ ਦੇ ਹੱਥ ਸਕੂਲ ਵੱਲੋਂ ਇਕ ਕਾਗਜ਼ ਭੇਜਿਆ ਗਿਆ, ਜਿਸ ’ਚ ਲਿਖਿਆ ਗਿਆ ਹੈ ਕਿ ਇਸ ਦਾ ਦਾਖਲਾ ਕਰਵਾਇਆ ਜਾਵੇ ਜਾਂ ਸਕੂਲ ਨਾ ਭੇਜਿਆ ਜਾਵੇ, ਤੇ ਤੇਰਾ ਦਾਖ਼ਲਾ ਨਹੀਂ ਕਰਵਾਇਆ ਜਾਵੇਗਾ; ਇਹ ਸ਼ਬਦ ਨਹੀਂ ਸਨ ਬਲਕਿ ਬਾਲ ਉਮਰ ਦਾ ਨਾਸੂਰ ਸੀ ਜਿਸ ਨੇ ਉਮਰਾਂ ਦੇ ਪੈਂਡੇ ਤੈਅ ਕਰਨੇ ਸਨ। ਮੈਨੂੰ ਮੇਰੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਹੀਰੋਂ ਕਲਾਂ ਵਿਖੇ ਦਾਖ਼ਲ ਕਰਵਾ ਦਿੱਤਾ, ਜਿੱਥੇ ਨਾ ਬੈਂਚ ਸਨ, ਨਾ ਝੂਲੇ ਨਜ਼ਰ ਆਉਂਦੇ, ਬਹੁਤੇ ਬੱਚੇ ਆਪਸ ’ਚ ਲੜਦੇ, ਇਕ ਦੂਜੇ ’ਤੇ ਰੇਤਾ ਪਾਉਂਦੇ ਤੇ ਬਹੁ ਗਿਣਤੀ ਦੇ ਨੱਕ ਲਗਾਤਾਰ ਵਗਦੇ ਰਹਿੰਦੇ ਸਨ।
ਮੈਂ ਬੇਵੱਸ ਤੇ ਉਦਾਸ ਮਨ ਨਾਲ ਪੜ੍ਹਨਾ ਸ਼ੁਰੂ ਕੀਤਾ। ਮੈਨੂੰ ਲੱਗਦਾ ਸੀ ਜਿਵੇਂ ਕੋਈ ਖੁਸ਼ਬੂ ਛੋਹ ਕੇ ਬੇਗਾਨੀ ਹੋ ਗਈ ਹੋਵੇ, ਜਿਵੇਂ ਮੇਰੇ ਅੰਬਰਾਂ ਦਾ ਸੂਰਜ ਸਿਖ਼ਰ ਦੁਪਹਿਰੇ ਡੁੱਬ ਗਿਆ ਹੋਵੇ। ਮੈਂ ਬਿਲਕੁੱਲ ਸ਼ਾਂਤ ਰਹਿ ਕੇ ਹਰ ਵਕਤ ਪੜ੍ਹਦਾ ਹੀ ਰਹਿੰਦਾ, ਜਾਣੇ ਅਣਜਾਣੇ ਮੈਂ ਆਪਣੇ ਗ਼ਮ ਨੂੰ ਕਿਤਾਬਾਂ ਦੀ ਪ੍ਰੀਤ ’ਚ ਬਦਲ ਲਿਆ, ਇਹ ਪ੍ਰੀਤ ਦੀਵੇ ਦੇ ਚਾਨਣ ਤੇ ਚੁੱਲ੍ਹੇ ਦੀ ਲੋਅ ’ਚ ਵੀ ਪੁੱਗਦੀ ਰਹੀ। ਰਾਤੀਂ ਮਾਂ ਨੂੰ ਚਿੰਬੜ ਕੇ ਸੌਂਦਾ, ਨੀਲੀ ਬੱਸ ਹਰ ਰੋਜ਼ ਮੇਰੇ ਸੁਪਨੇ ’ਚ ਆਉਂਦੀ ਪਰ ਮੈਂ ਕਦੇ ਵੀ ਉਸ ’ਚ ਚੜ੍ਹ ਨਾ ਸਕਿਆ, ਉਹ ਬੱਦਲ਼ ਬਣ ਕੇ ਮੈਨੂੰ ਛੇੜ ਕੇ ਲੰਘ ਜਾਂਦੀ ਤੇ ਮੇਰੀਆਂ ਮਾਸੂਮ, ਬੇਬੱਸ ਅੱਖਾਂ ਦੇ ਨਿੱਘੇ ਹੰਝੂ ਅੰਤਰੀਵ ਪੀੜ ਦੀ ਹਾਜ਼ਰੀ ਲਵਾ ਜਾਂਦੇ। ਇਕ ਦਿਨ ਮੈਨੂੰ ਉਦਾਸੇ ਜਿਹੇ ਨੂੰ ਮੇਰੇ ਅਧਿਆਪਕ ਸਵਰਗੀ ਕੌਰ ਸਿੰਘ ਜੀ ਨੇ ਹਿੱਕ ਨਾਲ ਲਾ ਕੇ ਕਿਹਾ ਗੱਲ ਕੀ ਐ?
ਮੈਂ ਮੁਰਝਾਏ ਬਚਪਨੇ ’ਚ ਸਭ ਕੁਝ ਬਿਆਨ ਕਰ ਦਿੱਤਾ, ਉਹਨਾਂ ਅੰਬਰਾਂ ਵੱਲ ਇਸ਼ਾਰਾ ਕਰਕੇ ਕਿਹਾ, ‘ਜੇ ਤੂੰ ਸਿਰੜ ਰੱਖੇ ਤਾਂ ਉਸ ਸੂਰਜ ਨੂੰ ਵੀ ਛੋਹ ਸਕਦੈਂ’ ਮੈਨੂੰ ਸਿਰੜ ਦੀ ਪਰਿਭਾਸ਼ਾ ਤਾਂ ਨਹੀਂ ਆਉਂਦੀ ਸੀ ਪਰ ਲੱਗਿਆ ਜਿਵੇਂ ਮਾਸਟਰ ਜੀ ਵਧੀਆ ਤੇ ਸਦਾ ਪੜ੍ਹਦੇ ਰਹਿਣ ਲਈ ਕਹਿ ਰਹੇ ਹੋਣ। ਮੈਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੈਨੂੰ ਨੀਲੀ ਬਸ ਪਿੱਛੇ ਦੌੜਦੇ ਨੂੰ ਚੁੱਕ ਕੇ ਢੁਕਵੇਂ ਰਾਹ ਪਾ ਦਿੱਤਾ ਹੋਵੇ। ਹਰ ਵਕਤ ਪੜ੍ਹਨਾ ਤੇ ਕਿਤਾਬਾਂ ਬਿਨ੍ਹਾਂ ਦਿਲ ਹੀ ਨਾ ਲਾਉਣਾ; ਮੇਰੀ ਆਦਤ ਬਣ ਗਈ ਸੀ। ਮੇਰੇ ਸਾਥੀ ਕਿਤਾਬਾਂ ਪੜ੍ਹਦੇ ਸਨ ਪਰ ਮੈਂ ਖ਼ੁਦ ਹੀ ਕਿਤਾਬ ਹੋ ਗਿਆ।
ਸਕੂਲ ਦੇ ਅਧਿਆਪਕਾਂ ਦੀ ਸਵੱਲੀ ਨਜ਼ਰ ਮੇਰੇ ਕਲੇਜੇ ਨੂੰ ਜ਼ਰਾ ਕੁ ਠੰਡ ਪਾ ਜਾਂਦੀ। ਦਸਵੀਂ ਜਮਾਤ ’ਚੋਂ ਚੰਗੇ ਅੰਕ ਲੈਣ ’ਤੇ ਮਾਮਾ ਜੀ ਦੀ ਪ੍ਰੇਰਨਾ ਸਦਕਾ ਨਾਨ ਮੈਡੀਕਲ ਦੀ ਪੜ੍ਹਾਈ ਸ਼ੁਰੂ ਕੀਤੀ। ਪੰਜਾਬੀ ਤੋਂ ਅੰਗਰੇਜ਼ੀ ਮਾਧਿਅਮ ’ਚ ਜਾਣ ਦੇ ਬਾਵਜੂਦ ਵੀ ਇਹ ਔਖੇ ਵਿਸ਼ੇ ਮੈਨੂੰ ਘਿਓ ਵਾਂਗ ਲੱਗੇ। ਮੈਂ ਆਪਣਾ ਰੋਮ-ਰੋਮ ਨਾਨ ਮੈਡੀਕਲ ਦੀ ਪੜ੍ਹਾਈ ਨੂੰ ਸੌਂਪ ਦਿੱਤਾ, ਦੁਨੀਆਂ ਦੀਆਂ ਰੌਣਕਾਂ ਮੇਰੀ ਲਗਨ ਨੂੰ ਪਰਖਦੀਆਂ ਰਹੀਆਂ। ਜ਼ਿੰਦਗੀ ਦੇ ਇਸ ਮੋੜ ’ਤੇ ਮੈਂ ਮਹਿਸੂਸ ਕੀਤਾ ਕਿ ਜਨੂੰਨ ਕੀ ਹੁੰਦਾ ਹੈ; ਇਹ ਅਥਾਹ ਮਾਨਸਿਕ ਸ਼ਕਤੀ ਤੇ ਨਿਸ਼ਾਨੇ ਪ੍ਰਤੀ ਸ਼ਰਧਾ ਦਾ ਤੂਫ਼ਾਨ ਹੈ, ਜਿਸ ਦਾ ਤੋੜ ਸਿਰਫ਼ ਮੰਜ਼ਿਲ ਹੁੰਦੀ ਹੈ। ਮੇਰੇ ਰਾਹ ਰੇਤਲੇ ਤੇ ਅੜੀਅਲ ਹੀ ਰਹੇ ਪਰ ਇਹ ਮੰਜ਼ਿਲ ਨੂੰ ਜਾਣ ਕਰ ਕੇ ਮੈਨੂੰ ਮਹਿਬੂਬ ਦੀ ਤਰ੍ਹਾਂ ਜਾਪਦੇ ਸਨ। ਕਈ ਰੱਤ ਰੱਤੀਆਂ ਰੁੱਤਾਂ ਨੇ ਬੇਸ਼ੱਕ ਮੇਰਾ ਖੂਨ ਨਿਚੋੜ ਲਿਆ ਪਰ ਇਲਮ ਦਾ ਇਸ਼ਕ ਤੇ ਮੰਜ਼ਿਲ ਦਾ ਸਿਦਕ ਮੇਰੇ ਜਿਉਣ ਦਾ ਸਹਾਰਾ ਬਣੇ ਰਹੇ।
ਇਸ ਸਫ਼ਰ-ਏ- ਸਿਰੜ ’ਚ ਕੁਦਰਤ ਨੇ ਕਈ ਅਧਿਆਪਕ ਬਖਸ਼ੇ ਜਿੰਨ੍ਹਾਂ ਮੈਨੂੰ ਮਿੱਟੀ ਤੋਂ ਫ਼ੁੱਲ ਤੇ ਫ਼ੁੱਲ ਤੋਂ ਗੁਲਜ਼ਾਰ ਤੱਕ ਲਿਜਾਣ ’ਚ ਕੋਈ ਕਮੀ ਨਹੀਂ ਛੱਡੀ। ਅਖ਼ੀਰ ਫਰਵਰੀ 2013 ’ਚ ਪੰਜਾਬ ਦੀ ਮਿਆਰੀ ਵਿੱਦਿਅਕ ਸੰਸਥਾ ਸਲਾਈਟ ਲੌਂਗੋਵਾਲ ਦੀ ਮੁਕੱਦਸ ਮਿੱਟੀ ਨੇ ਮੈਨੂੰ ਪੀਐੱਚਡੀ (ਫਿਜਿਕਸ) ਨਾਲ਼ ਨਿਵਾਜਿਆ। ਮੈਂ ਬਤੌਰ ਵਿਗਿਆਨੀ ਭਾਰਤ ਸਰਕਾਰ ਦੀ ਵਿੱਤੀ ਸਹਾਇਤਾ ਦੁਆਰਾ ਚੀਨ ਤੇ ਕੈਨੇਡਾ ਦੀਆਂ ਅੰਤਰਰਾਸ਼ਟਰੀ ਕਾਨਫਰੰਸਾਂ ’ਚ ਆਪਣੇ ਖੋਜ ਕਾਰਜ ਪੇਸ਼ ਕਰ ਚੁੱਕਿਆ ਹਾਂ ਤੇ ਜੁਲਾਈ 2013 ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਰੈਗੂਲਰ ਪ੍ਰੋਫੈਸਰ ਹਾਂ।
ਅੱਜ ਮੇਰੀ ਜ਼ਿੰਦਗੀ ਦਾ ਹਰ ਪੱਖ ਰੌਸ਼ਨ ਹੈ, ਜੋ ਕਿ ਮੇਰੇ ਪਸੀਨੇ ਦੀ ਕਰਾਮਾਤੀ ਬਦਬੂ ਨਾਲ ਸੁਗੰਧਿਤ ਹੈ ਪਰ ਮੇਰੇ ਮਨ ਦੀਆਂ ਅੱਖਾਂ ਅਜੇ ਵੀ ਉਸ ਨੀਲੀ ਬੱਸ ’ਤੇ ਟਿਕੀਆਂ ਹੋਈਆਂ ਹਨ, ਜੋ ਕਿ ਮੇਰੇ ਅਣਭੋਲ ਬਚਪਨ ਦੀ ਇਕ ਪ੍ਰਚੰਡ ਚੀਸ ਹੈ ਪਰ ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਉਸ ਬੱਦਲ਼ਾਂ ਦੀ ਬਰਾਤ ਦਾ ਲਾੜਾ ਮੈਂ ਸਾਂ ਜੋ ਕਿ ਸਿਰੜ ਦੇ ਘੋੜੇ ’ਤੇ ਸਵਾਰ ਸੀ। ਰੇਸ਼ਮੀ ਰਾਹਾਂ ’ਤੇ ਤੁਰਦਿਆਂ ਪੈਰ ਮਲੂਕ ਬਣਦੇ ਨੇ ਜਦਕਿ ਮਾਰੂ ਰਾਹਾਂ ’ਤੇ ਤੁਰਦਿਆਂ ਇਤਿਹਾਸ ਲਿਖਦੇ ਨੇ।
ਲੰਘਿਆ ਸਮਾਂ ਬੇਸ਼ੱਕ ਬਹੁਤ ਪਿੱਛੇ ਰਹਿ ਗਿਆ ਹੈ ਪਰ ਅੱਜ ਮੈਂ ਵਕਤ ਦੀ ਪਿੱਠ ’ਤੇ ਬੈਠ ਕੇ ਜਦ ਵੀ ਪਿਛਾਂਹ ਨੂੰ ਦੇਖਦਾ ਹਾਂ, ਤਾਂ ਮੈਨੂੰ ਮੇਰੀਆਂ ਪੈੜਾਂ ਮੁਸੀਬਤਾਂ ਤੋਂ ਕਿਤੇ ਉੱਚੀਆਂ ਲੱਗਦੀਆਂ ਹਨ, ਜਿੰਨ੍ਹਾਂ ਨੂੰ ਮੇਰਾ ਸਬਰ ਤੇ ਸਿਰੜ ਸਿੰਜਦੇ ਰਹੇ, ਜੋ ਕਿ ਕਿਸੇ ਦੁਕਾਨ ਤੋਂ ਨਹੀਂ ਬਲਕਿ ਸੰਘਰਸ਼ੀ ਸੋਚ ’ਚੋਂ ਉੱਮੜਦੇ ਹਨ।
ਉਹ ਬੱਦਲ਼ਾਂ ਜਿਹੀ ਨੀਲੀ ਬੱਸ ਸ਼ਾਇਦ ਬੰਦ ਹੋ ਗਈ ਹੋਵੇ ਪਰ ਮੇਰੇ ਸਿਰੜ ਦਾ ਘੋੜਾ ਅੱਜ ਵੀ ਸਰਪਟ ਦੌੜ ਰਿਹਾ ਹੈ। ਜਿਸ ਦੀ ਬਦੌਲਤ ਮੈਂ ਖੁਦ ’ਚੋਂ ਯੂਨੀਵਰਸਿਟੀ ਦਾ ਉੱਪ ਕੁਲਪਤੀ ਦੇਖਦਾ ਹਾਂ। ਮੇਰਾ ਅਟੁੱਟ ਵਿਸ਼ਵਾਸ ਹੈ ਕਿ ਜੇਕਰ ਮਨੁੱਖ ਕੋਲ ਸਿਹਤ, ਸਮਾਂ ਤੇ ਸੋਚ ਹੋਵੇ ਤਾਂ ਅਕਾਲ ਪੁਰਖ ਉਸ ਨੂੰ ਸਿਰੜ ਤੇ ਸਿਦਕ ਬਖਸ਼ਦਿਆਂ ਮਹਿਬੂਬ-ਏ-ਮੰਜ਼ਿਲ ਨੂੰ ਜ਼ਰੂਰ ਮਿਲਾਉਂਦਾ ਹੈ।
ਹਾਸ਼ਮ! ਫ਼ਤਹਿ ਨਸੀਬ ਉਹਨਾਂ ਨੂੰ,
ਜਿੰਨ੍ਹਾਂ ਹਿੰਮਤ ਯਾਰ ਬਣਾਈ।
(ਸੰਪਰਕ : 9478011059)।