- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਲਈ ਕਹਿੰਦੇ ਹਨ ਕਿ, ‘ਬੰਦਾ ਬੰਦੇ ਦਾ ਦਾਰੂ’। ਸਾਨੂੰ ਮਨੁੱਖਤਾ ਦੀ ਕਦਰ ਕਰਨੀ ਚਾਹੀਦੀ ਹੈ। ਸਾਡੇ ਪੁਰਖੇ ਸਦੀਆਂ ਤੋਂ ਇਹ ਗੱਲ ਕਹਿੰਦੇ ਆਏ ਹਨ ਕਿ ਜਿਹੋ ਜਿਹਾ ਅਸੀਂ ਬੀਜਾਂਗੇ, ਉਹੋ ਜਿਹਾ ਹੀ ਵੱਢਾਂਗੇ।

ਸਿਮਰਜੀਤ ਸਿੰਮੀ
ਅਜੋਕੇ ਸਮੇਂ ’ਚ ਭਾਵੇਂ ਇਹ ਪੂਰੀ ਤਰ੍ਹਾਂ ਵਿਸਰ ਗਿਆ ਹੈ। ਜ਼ਿਆਦਾਤਰ ਰਿਸ਼ਤੇ ਸਿਰਫ਼ ਮੋਬਾਇਲ ਨਾਲ਼ ਹੀ ਨਿਭਾਏ ਜਾ ਰਹੇ ਹਨ। ਅਸੀਂ ਪੂਰੀ ਤਰ੍ਹਾਂ ਇਸ ਦੀ ਲਪੇਟ ’ਚ ਆਏ ਹੋਏ ਹਾਂ, ਸਾਡਾ ਖਾਣਾ-ਪੀਣਾ, ਸੌਣਾ, ਉੱਠਣਾ ਇਹੀ ਤੈਅ ਕਰਦਾ ਹੈ। ਇਸ ਦੀ ਦੁਰਵਰਤੋਂ ਸਾਨੂੰ ਮਾਨਸਿਕ ਤੌਰ ’ਤੇ ਅਪਾਹਜ ਬਣਾ ਰਹੀ ਹੈ। ਇਸ ਕਰਕੇ ਹੀ ਅਸੀਂ ਇਸ ਪ੍ਰਵਿਰਤੀ ਦੇ ਮਾਲਕ ਬਣਦੇ ਜਾ ਰਹੇ ਹਾਂ ਕਿ ‘ਅਸੀਂ ਕਿਸੇ ਤੋਂ ਲੈਣਾ ਕੀ ਹੈ?’ ਜੋ ਕਿ ਮਨੱਖੀ ਰਿਸ਼ਤਿਆਂ ਦਾ ਘਾਣ ਕਰ ਰਿਹਾ ਹੈ, ਜਿਸ ਨਾਲ ਸਾਰੇ ਇਕ-ਦੂਜੇ ਤੋਂ ਦਿਨੋਂ-ਦਿਨ ਦੂਰ ਹੁੰਦੇ ਜਾ ਰਹੇ ਹਨ। ਇਹ ਜ਼ਿੰਦਗੀ ਦਾ ਮੋਢੀ ਬਣਦਾ ਜਾ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਜੇ ਅਸੀਂ ਕਿਸੇ ਦਾ ਭਲਾ ਕਰਦੇ ਹਾਂ, ਤਾਂ ਸਾਨੂੰ ਲਾਭ ਹੀ ਹੁੰਦਾ ਹੈ। ਕਿਸੇ ਦੇ ਕੰਮ ਆਉਣ ਨਾਲ ਰੂਹਾਨੀ ਸੰਤੁਸ਼ਟੀ ਮਿਲਦੀ ਹੈ। ਸਾਡੇ ਗੁਰੂ ਸਾਹਿਬਾਨ ਨੇ ਵੀ ਇਹੀ ਸਮਝਾਇਆ ਹੈ ਕਿ ਦੁਨੀਆ ’ਚ ਕੀਤੀ ਗਈ ਸੇਵਾ ਦਾ ਫ਼ਲ ਦਰਗਾਹ ’ਚ ਵੀ ਮਿਲਦਾ ਹੈ।
ਕੁਝ ਸਮਾਂ ਪਹਿਲਾਂ ਦੀ ਗੱਲ ਹੈ ਮੇਰੀ ਜ਼ਿੰਦਗੀ ’ਚ ਵੀ ਅਜਿਹੀ ਘਟਨਾ ਵਾਪਰੀ। ਸਾਡੇ ਘਰ ਦੇ ਸਾਹਮਣੇ ਵਾਲੇ ਘਰ ’ਚ ਹਿਮਾਚਲ ਤੋਂ ਆਈ ਸਰਿਤਾ ਬੈਂਕ ਮੈਨੇਜਰ ਰਹਿੰਦੀ ਸੀ। ਅਸੀਂ ਦੋਵੇਂ ਜਾਣੀਆਂ ਈ ਨੌਕਰੀ ਪੇਸ਼ਾ ਹੋਣ ਕਰਕੇ ਸਾਡੇ ਵਿਚਾਲੇ ਕਦੇ ਕੋਈ ਜ਼ਿਆਦਾ ਗੱਲਬਾਤ ਨਹੀਂ ਹੋਈ ਸੀ, ਜ਼ਿੰਦਗੀ ਆਮ ਵਾਂਗ ਵਧੀਆ ਚੱਲ ਰਹੀ ਸੀ ਪਰ ਅਚਾਨਕ ਕਿਰਾਏਦਾਰ ਵਜੋਂ ਰਹਿੰਦੀ ਸਰਿਤਾ ਦੀ ਜ਼ਿੰਦਗੀ ’ਚ ਬਦਲਾਵ ਆ ਗਿਆ। ਉਸ ਘਰ ਦੇ ਮਾਲਕ ਅੰਕਲ ਤੇ ਆਂਟੀ ਦੋਵੇਂ ਹੀ ਘਰ ’ਚ ਇਕੱਲੇ ਰਹਿੰਦੇ ਸਨ ਕਿਉਂਕਿ ਉਹਨਾਂ ਦੇ ਬੱਚੇ ਵਿਦੇਸ਼ ’ਚ ਸੈੱਟ ਹਨ। ਉਹਨਾਂ ਦੀ ਜ਼ਿੰਦਗੀ ਵੀ ਆਨੰਦਮਈ ਚੱਲ ਰਹੀ ਸੀ ਕਿ ਅਚਾਨਕ ਘਰ ਦੇ ਮਾਲਕ ਲਾਲੀ ਅੰਕਲ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਅੰਕਲ ਬਹੁਤ ਹੀ ਵਧੀਆ ਸ਼ਖ਼ਸੀਅਤ ਦੇ ਮਾਲਕ ਸਨ, ਹਰ ਇਕ ਦੇ ਕੰਮ ਆਉਣ ਵਾਲੇ ਦੁੱਖ-ਸੁੱਖ ਦੇ ਸਾਂਝੀ, ਪੂਰੇ ਦਲੇਰ ਇਨਸਾਨ ਅਤੇ ਆਪਣੀ ਗੱਲ ਨੂੰ ਪੁਖ਼ਤਾ ਤਰੀਕੇ ਨਾਲ ਕਹਿਣ ਵਾਲੇ। ਬੱਚਿਆਂ ਨਾਲ ਬੱਚਿਆਂ ਵਰਗੇ ਤੇ ਵੱਡਿਆਂ ਨਾਲ ਵੱਡਿਆਂ ਵਰਗੇ। ਹਰ ਗੱਲ ’ਚ ਮੋਹਤਬਰ। ਪੂਰੀ ਗਲੀ ਨੂੰ ਬੋਹੜ ਦੀ ਛਾਂ ਦੇਣ ਵਰਗਾ ਰੁੱਖ ਪਰ ਉਹਨਾਂ ਦੇ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ, ਗਲੀ ਮਹੱਲੇ ਲਈ ਵੀ ਇਹ ਗੱਲ ਅਸਹਿ ਸਦਮੇ ਵਾਲੀ ਸੀ। ਅੰਕਲ ਦਾ ਅਚਾਨਕ ਚਲੇ ਜਾਣਾ ਬਹੁਤ ਹੀ ਦੁੱਖਦਾਈ ਸੀ। ਉਨ੍ਹਾਂ ਚਲੇ ਜਾਣ ਤੋਂ ਬਾਅਦ ਬੱਚਿਆਂ ਨੇ ਆਂਟੀ ਨੂੰ ਆਪਣੇ ਨਾਲ ਹੀ ਲੈ ਕੇ ਜਾਣ ਦਾ ਵਿਚਾਰ ਬਣਾਇਆ, ਕਿਉਂਕਿ ਨਾ ਤਾਂ ਉਹ ਆਪਣੀ ਮਾਂ ਨੂੰ ਇਕੱਲਾ ਛੱਡਣ ਨੂੰ ਤਿਆਰ ਸੀ ਤੇ ਨਾ ਹੀ ਆਂਟੀ ਦੀ ਹਾਲਤ ਇਕੱਲੇ ਰਹਿਣ ਵਾਲੀ ਸੀ। ਕਿਉਂਕਿ ਅਚਾਨਕ ਹੋਈ ਮੌਤ ਕਾਰਨ ਉਹ ਪੂਰੀ ਤਰ੍ਹਾਂ ਸਦਮੇ ਵਿਚ ਸਨ ਪਰ ਹੁਣ ਸਰਿਤਾ ਲਈ ਮੁਸ਼ਕਿਲ ਹੋ ਗਈ ਕਿ ਉਹ ਕਿੱਥੇ ਜਾਵੇ? ਆਂਟੀ-ਅੰਕਲ ਨੇ ਉਸਨੂੰ ਆਪਣੀ ਬੇਟੀ ਵਾਂਗ ਹੀ ਰੱਖਿਆ ਹੋਇਆ ਸੀ। ਉਹ ਮੁਸ਼ਕਿਲ ’ਚ ਫ਼ਸ ਗਈ। ਆਂਟੀ ਦੀ ਵੀ ਇੱਛਾ ਸੀ ਕਿ ਜਾਣ ਤੋਂ ਪਹਿਲਾਂ ਸਰਿਤਾ ਦਾ ਕੋਈ ਟਿਕਾਣਾ ਬਣਾ ਕੇ ਜਾਵੇ। ਉਹ ਵੀ ਘਰ ਲੱਭਦੀ ਰਹੀ। ਪੀਜੀ ਵੀ ਵੇਖੇ ਪਰ ਉਸਨੂੰ ਤਸੱਲੀ ਨਹੀਂ ਹੋਈ। ਉਸ ਨੇ ਆਂਟੀ ਨੂੰ ਸਾਡੇ ਘਰ ਬਾਰੇ ਪੁੱਛਿਆ। ਆਂਟੀ ਸਾਡੇ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਉਹਨਾਂ ਨੇ ਸਾਫ਼ ਮਨ੍ਹਾਂ ਕਰ ਦਿੱਤਾ ਕਿ ‘ਨਹੀਂ, ਉਹ ਦੋਵੇਂ ਨੌਕਰੀਪੇਸ਼ਾ ਹਨ ਅੱਜ ਤੱਕ ਉਹਨਾਂ ਨੇ ਕਿਸੇ ਨੂੰ ਆਪਣੇ ਘਰ ਨਹੀਂ ਰੱਖਿਆ। ਮੈਨੂੰ ਨਹੀਂ ਲੱਗਦਾ ਕਿ ਤੈਨੂੰ ਵੀ ਰੱਖਣਗੇ। ਸੱਚੀ! ਅਸੀਂ ਕਦੇ ਵੀ ਕਿਸੇ ਨੂੰ ਘਰ ਰੱਖਣ ਬਾਰੇ ਸੋਚਿਆ ਵੀ ਨਹੀਂ ਸੀ। ਭਾਵੇਂ ਬੱਚੇ ਬਾਹਰ ਪੜ੍ਹਦੇ ਹੋਣ ਕਰਕੇ ਸਾਰਾ ਘਰ ਖਾਲੀ ਹੀ ਪਿਆ ਹੈ ਪਰ ਉਸ ਨੇ ਆਂਟੀ ਨੂੰ ਕਿਹਾ ਕਿ, ‘ਇਕ ਵਾਰ ਪੁੱਛ ਕੇ ਦੇਖਦੀ ਹਾਂ, ਮਨ੍ਹਾਂ ਹੀ ਕਰ ਦੇਣਗੇ। ਸਰਿਤਾ ਦਾ ਮੈਨੂੰ ਫੋਨ ਆਇਆ ਕਹਿੰਦੀ ‘ਦੀਦੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਆਂਟੀ ਬੱਚਿਆਂ ਨਾਲ ਜਾ ਰਹੇ ਹਨ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿੱਥੇ ਜਾਵਾਂ? ਤੁਹਾਨੂੰ ਅੱਜ ਕੱਲ੍ਹ ਦਾ ਮਾਹੌਲ ਪਤਾ ਹੈ ਕਿ ਸੁਰੱਖਿਆ ਕਿੰਨੀ ਜ਼ਰੂਰੀ ਹੈ। ਜੇਕਰ ਤੁਸੀਂ ਮੈਨੂੰ ਆਪਣੇ ਘਰ ਰੱਖ ਲਓ।’ ਮੈਨੂੰ ਅਚਾਨਕ ਤਾਂ ਕੁੱਝ ਸੁੱਝਿਆ ਨਹੀਂ ਪਰ ਮੈਨੂੰ ਆਪਣੇ ਸੁਭਾਅ ਅਨੁਸਾਰ ਲੱਗਿਆ ਕਿ ਵਿਚਾਰੀ ਦਾ ਇਕੱਲੇ ਕਿਸੇ ਦੇ ਵੀ ਘਰ ਰਹਿਣਾ ਤਾਂ ਸੱਚੀ ਬਹੁਤ ਔਖਾ ਹੈ। ਮੈਂ ਆਪਣੇ ਪਤੀ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ‘ਜਿਵੇਂ ਤੇਰੀ ਮਰਜ਼ੀ।’ ਤਾਂ ਮੈਂ ਆਪਣੀ ਮਰਜ਼ੀ ਮੁਤਾਬਕ ਹਾਂ ਕਰ ਦਿੱਤੀ। ਉਹ ਵੀ ਬਹੁਤ ਖੁਸ਼ ਹੋਈ ਪਰ ਕੁਝ ਦਿਨਾਂ ਬਾਅਦ ਮੈਨੂੰ ਕਹਿਣ ਲੱਗੇ ਕਿ ਤੂੰ ਨਹੀਂ ਸੀ ਇਸਨੂੰ ਆਪਣੇ ਘਰ ’ਚ ਰੱਖਣਾ ਤੈਨੂੰ ਪਤਾ ਈ ਹੈ, ਕਈ ਵਾਰ ਚੰਗੀ ਭਲੀ ਜ਼ਿੰਦਗੀ ’ਚ ਨਵੀਂ ਸਮੱਸਿਆ ਆ ਜਾਂਦੀ ਹੈ ਪਰ ਮੈਂ ਸੋਚਿਆ ਜਦੋਂ ਕੋਈ ਸਮੱਸਿਆ ਆਉਗੀ, ਵੇਖੀ ਜਾਊ। ਮੇਰੇ ਪਤੀ ਨੇ ਪਹਿਲੇ ਦਿਨ ਹੀ ਉਸ ਨੂੰ ਕਹਿ ਦਿੱਤਾ ਕਿ ‘ਤੂੰ ਮੇਰੀ ਛੋਟੀ ਭੈਣ ਵਾਂਗ ਬੇਫ਼ਿਕਰ ਹੋ ਕੇ ਰਹਿ।’ ਅਸੀਂ ਸਾਰੇ ਖੁਸ਼ ਸੀ। ਅੱਜ ਕੱਲ੍ਹ ਇਕੱਲੇ ਪਰਿਵਾਰਾਂ ਵਾਲੇ ਘਰ ਵੈਸੇ ਹੀ ਉਦਾਸ ਨੇ। ਸ਼ਾਮ ਨੂੰ ਸਰਿਤਾ ਨੇ ਬੈਂਕ ਤੋਂ ਆਉਣਾ ਤੇ ਅਸੀਂ ਸਕੂਲ ਤੋਂ। ਇਕੱਠੇ ਬੈਠ ਕੇ ਖਾਣਾ ਖਾਣਾ ਤੇ ਬਹੁਤ ਸਾਰੀਆਂ ਗੱਲਾਂ-ਬਾਤਾਂ, ਹਾਸੇ-ਮਜ਼ਾਕ ਕਰਦੇ ਰਹਿਣਾ। ਦਿਨ ਵਧੀਆ ਲੰਘ ਰਹੇ ਸਨ। ਅਚਾਨਕ ਮੈਨੂੰ ਸਰੀਰਕ ਸਮੱਸਿਆ ਆ ਗਈ, ਜਿਸ ਦਾ ਮੈਨੂੰ ਕੋਈ ਚਿੱਤ-ਚੇਤਾ ਵੀ ਨਹੀਂ ਸੀ। ਡਾਕਟਰ ਨੇ ਇਲਾਜ ਉਪਰੰਤ ਤਿੰਨ ਤੋਂ ਛੇ ਮਹੀਨੇ ਬਿਲਕੁਲ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਘਰ ਦੀ ਔਰਤ ਦੋ-ਦਿਨ ਮੰਜੇ ’ਤੇ ਪੈ ਜਾਵੇ ਤਾਂ ਘਰ ਦਾ ਬੁਰਾ ਹਾਲ ਹੋ ਜਾਂਦਾ ਹੈ। ਤਿੰਨ ਤੋਂ ਛੇ ਮਹੀਨੇ ਦਾ ਆਰਾਮ ਮਨ ਸੋਚ-ਸੋਚ ਕੇ ਈ ਪਰੇਸ਼ਾਨ ਹੋਈ ਜਾਵੇ। ਸਰਿਤਾ ਨਾਲ ਗੱਲ ਹੋਈ ਤਾਂ ਕਹਿੰਦੀ, ‘ਤੁਸੀਂ ਬਿਲਕੁਲ ਫ਼ਿਕਰ ਨਾ ਕਰੋ, ਮੈਂ ਹਾਂ ਨਾ। ਸਭ ਜਲਦੀ ਠੀਕ ਹੋ ਜਾਵੇਗਾ। ‘ਉਸਨੇ ਹਸਪਤਾਲ ਤੋਂ ਲੈ ਕੇ ਘਰ ਦੇ ਰੋਜ਼ਾਨਾਂ ਦੇ ਕੰਮ ’ਚ ਮੇਰੀ ਬਹੁਤ ਮਦਦ ਕੀਤੀ। ਮੇਰਾ ਆਪਣੀਆਂ ਭੈਣਾਂ ਵਾਂਗ ਖਿਆਲ ਰੱਖਿਆ। ਪਰਿਵਾਰ ਤੇ ਉਸ ਦੀ ਸਹਾਇਤਾ ਨਾਲ਼ ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ। ਕਰ ਭਲਾ ਹੋ ਭਲਾ ਵਾਲੀ ਗੱਲ ਹੋਈ। ਹੁਣ ਉਸ ਦੀ ਬਦਲੀ ਲੇਹ ਦੀ ਹੋ ਗਈ, ਉਹ ਉੱਥੇ ਚਲੀ ਗਈ ਪਰ ਆਪਣੀ ਸਮਝਦਾਰੀ, ਸਲੀਕਾ ਦੂਜਿਆਂ ਦਾ ਖਿਆਲ ਰੱਖਣਾ ਅਤੇ ਹਰ ਥਾਂ ਐਡਜਸਮੈਂਟ ਕਰਨ ਵਾਲੀ ਸ਼ਖਸੀਅਤ ਦਾ ਚਿਰ ਸਥਾਈ ਪ੍ਰਭਾਵ ਸਾਡੇ ’ਤੇ ਛੱਡ ਕੇ ਗਈ ਹੈ। ਇਸੇ ਲਈ ਕਹਿੰਦੇ ਹਨ ਕਿ, ‘ਬੰਦਾ ਬੰਦੇ ਦਾ ਦਾਰੂ’। ਸਾਨੂੰ ਮਨੁੱਖਤਾ ਦੀ ਕਦਰ ਕਰਨੀ ਚਾਹੀਦੀ ਹੈ। ਸਾਡੇ ਪੁਰਖੇ ਸਦੀਆਂ ਤੋਂ ਇਹ ਗੱਲ ਕਹਿੰਦੇ ਆਏ ਹਨ ਕਿ ਜਿਹੋ ਜਿਹਾ ਅਸੀਂ ਬੀਜਾਂਗੇ, ਉਹੋ ਜਿਹਾ ਹੀ ਵੱਢਾਂਗੇ। ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ, ਬਲਕਿ ਰਿਸ਼ਤਿਆਂ ਨੂੰ ਅਹਿਮੀਅਤ ਦੇ ਕੇ ਇਸ ਆਪਣੇ ਆਪ ਤੇ ਇਸ ਮੋਬਾਈਲ ਰੂਪੀ ਜਾਲ ਤੋਂ ਬਾਹਰ ਨਿਕਲਣਾ ਚਾਹੀਦਾ ਹੈ, ਤਾਂ ਹੀ ਸੋਹਣੇ ਸਮਾਜ ਦੀ ਸਿਰਜਣਾ ਹੋ ਸਕਦੀ ਹੈ।