- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਮਰਿਆਂ ਦੀਆਂ ਕੰਧਾਂ ਦੀ ਲਿਪ-ਲਪਾਈ ਅਤੇ ਥੋੜ੍ਹੀ ਬਹੁਤ ਮੁਰੰਮਤ ਬੱਚੇ ਹੀ ਕਰਦੇ ਹੁੰਦੇ ਸਨ। ਉਨ੍ਹਾਂ ਕਮਰਿਆਂ ’ਚ ਨਾ ਪੱਖੇ ਹੁੰਦੇ ਸਨ ਤੇ ਨਾ ਹੀ ਹੋਰ ਕੋਈ ਸੁੱਖ-ਸਹੂਲਤਾਂ। ਮਾਸਟਰ ਦਸੋਂਧੀ ਰਾਮ, ਮਨੀ ਰਾਮ, ਛੋਟੂ ਰਾਮ, ਸੁਰਜੀਤ ਸਿੰਘ ਤੇ ਮਿਹਰ ਸਿੰਘ ਦੇ ਮਿਹਨਤੀ ਸੁਭਾਅ ਤੇ ਉਨ੍ਹਾਂ ਦੇ ਬੱਚਿਆਂ ਪ੍ਰਤੀ ਸਮਰਪਣ ਨੇ ਬੱਚਿਆਂ ਨੂੰ ਉੱਚੇ ਅਹੁਦਿਆਂ ਉੱਤੇ ਪਹੁੰਚਾਇਆ ਸੀ।

ਪ੍ਰਿੰਸੀਪਲ ਵਿਜੈ ਕੁਮਾਰ
ਕੁਝ ਦਿਨ ਪਹਿਲਾਂ ਅਮਰੀਕਾ ’ਚ ਵਸ ਰਹੇ ਮੇਰੇ ਇਕ ਜਮਾਤੀ ਦਾ ਫੋਨ ਆ ਗਿਆ। ਉਸ ਨੇ ਅਮਰੀਕਾ ਤੋਂ ਛਪਦੇ ਇਕ ਅਖ਼ਬਾਰ ’ਚ ਮੇਰਾ ਇਕ ਲੇਖ ਪੜ੍ਹ ਕੇ ਮੈਨੂੰ ਫੋਨ ਮਿਲਾ ਲਿਆ। ਉਸ ਨੇ ਭਾਵੁਕ ਹੋਕੇ ਦੱਸਿਆ ਕਿ ਜਦੋਂ ਮੈਂ ਆਪਣੇ ਪੋਤੇ ਨੂੰ ਸਕੂਲ ਛੱਡਣ ਜਾਂਦਾ ਹਾਂ ਤਾਂ ਮੈਨੂੰ ਆਪਣੇ ਪਿੰਡ ਦਾ ਉਹ ਕੱਚੀਆਂ ਕੰਧਾਂ ਅਤੇ ਛੱਪਰ ਵਾਲਾ ਪ੍ਰਾਇਮਰੀ ਸਕੂਲ ਯਾਦ ਆ ਜਾਂਦਾ ਹੈ, ਜਿਸ ’ਚ ਪੜ੍ਹ ਕੇ ਮੈਂ ਚੀਫ ਇੰਜੀਨੀਅਰ ਦੇ ਅਹੁਦੇ ਤੱਕ ਪਹੁੰਚਿਆ। ਉਸ ਦੀਆਂ ਕੱਚੀਆਂ ਕੰਧਾਂ ਤੇ ਤੱਪੜਾਂ ਉੱਤੇ ਬੈਠ ਕੇ ਪੜ੍ਹਨ ਵਾਲੇ ਕਮਰੇ ਮੇਰੇ ਰੋਮ-ਰੋਮ ’ਚ ਵਸੇ ਹੋਏ ਹਨ। ਉਹ ਕਾਫੀ ਦੇਰ ਤੱਕ ਉਸ ਕੱਚੀਆਂ ਕੰਧਾਂ ਤੇ ਛੱਪਰ ਵਾਲੇ ਸਕੂਲ, ਆਪਣੇ ਨਾਲ ਪੜ੍ਹਦੇ ਜਮਾਤੀਆਂ ਤੇ ਅਧਿਆਪਕਾਂ ਬਾਰੇ ਗੱਲਾਂ ਕਰਦਾ ਰਿਹਾ।
ਮੇਰੇ ਉਸ ਜਮਾਤੀ ਦੇ ਫੋਨ ਨੇ ਮੈਨੂੰ ਉਸ ਛੱਪਰ ਵਾਲੇ ਪ੍ਰਾਇਮਰੀ ਸਕੂਲ ਦੇ ਆਪਣੇ ਵਿਦਿਆਰਥੀ ਜੀਵਨ ਦੇ ਦਿਨ ਯਾਦ ਕਰਵਾ ਦਿੱਤੇ। ਉਸ ਸਕੂਲ ਦੇ ਮਾਲਿਕ, ਚੌਕੀਦਾਰ, ਚਪੜਾਸੀ, ਸਫਾਈ ਸੇਵਕ ਤੇ ਹੋਰ ਸਭ ਕੁਝ ਵਿਦਿਆਰਥੀ ਹੀ ਹੁੰਦੇ ਹਨ। ਸਕੂਲ ਦੇ ਕਮਰਿਆਂ ਦੀਆਂ ਚਾਬੀਆਂ ਬੱਚਿਆਂ ਕੋਲ ਹੀ ਹੁੰਦੀਆਂ ਸਨ। ਉਹ ਹੀ ਸਵੇਰੇ ਸੁਵਖਤੇ ਆ ਕੇ ਕਮਰਿਆਂ ਦੇ ਜੰਦਰੇ ਖੋਲਦੇ ਸਨ। ਬਸੂਟੀ, ਅੱਕ ਅਤੇ ਭੰਗ ਦੇ ਪੱਤਿਆਂ ਨਾਲ ਖੁਦ ਬਣਾਏ ਝਾੜੂ ਨਾਲ ਕਮਰਿਆਂ ਤੇ ਉਨ੍ਹਾਂ ਦੇ ਸਾਹਮਣੇ ਖਾਲੀ ਥਾਂ ਦੀ ਸਾਫ-ਸਫਾਈ ਕਰਨ ਦਾ ਜ਼ਿੰਮਾ ਬੱਚਿਆਂ ਦਾ ਹੀ ਹੁੰਦਾ ਸੀ। ਪੀਣ ਵਾਲੇ ਪਾਣੀ ਦੇ ਘੜੇ ਵੀ ਬੱਚੇ ਆਪ ਹੀ ਭਰਦੇ ਸਨ। ਬੱਚੇ ਹਰ ਕੰਮ ਪੂਰੀ ਜਿੰਮੇਵਾਰੀ ਨਾਲ ਕਰਦੇ ਸਨ। ਇਨ੍ਹਾਂ ਕੰਮਾਂ ਲਈ ਨਾ ਤਾਂ ਅਧਿਆਪਕ ਬੱਚਿਆਂ ਦੀਆਂ ਡਿਊਟੀਆਂ ਲਗਾਉਂਦੇ ਸਨ ਤੇ ਨਾ ਹੀ ਜਮਾਤਾਂ ਦੇ ਮੌਨੀਟਰ। ਚੋਥੀ ਤੇ ਪੰਜਵੀਂ ਜਮਾਤਾਂ ਦੇ ਬੱਚੇ ਬੜੀ ਚਾਈਂ-ਚਾਈਂ ਇਹ ਸਾਰੇ ਕੰਮ ਕਰਦੇ ਸਨ। ਬੱਚਿਆਂ ਦੇ ਮਨਾਂ ’ਚ ਕੰਮ ਕਰਕੇ ਅਧਿਆਪਕਾਂ ਤੋਂ ਸ਼ਾਬਾਸ਼ ਲੈਣ ਤੇ ਬੜੇ ਕਾਮੇ ਕਹਾਉਣ ਦੀ ਤਾਂਘ ਹੁੰਦੀ ਸੀ। ਅਧਿਆਪਕਾਂ ਦੇ ਆਉਂਦਿਆਂ ਹੀ ਉਨ੍ਹਾਂ ਦੇ ਸਾਇਕਲ ਫੜ ਕੇ ਖੜ੍ਹੇ ਕਰਨ ਦਾ ਚਾਅ ਹਰ ਬੱਚੇ ਦੇ ਮਨ ’ਚ ਹੁੰਦਾ ਸੀ । ਕਮਰਿਆਂ ਦੀਆਂ ਕੰਧਾਂ ਦੀ ਲਿਪ-ਲਪਾਈ ਅਤੇ ਥੋੜ੍ਹੀ ਬਹੁਤ ਮੁਰੰਮਤ ਬੱਚੇ ਹੀ ਕਰਦੇ ਹੁੰਦੇ ਸਨ। ਉਨ੍ਹਾਂ ਕਮਰਿਆਂ ’ਚ ਨਾ ਪੱਖੇ ਹੁੰਦੇ ਸਨ ਤੇ ਨਾ ਹੀ ਹੋਰ ਕੋਈ ਸੁੱਖ-ਸਹੂਲਤਾਂ। ਮਾਸਟਰ ਦਸੋਂਧੀ ਰਾਮ, ਮਨੀ ਰਾਮ, ਛੋਟੂ ਰਾਮ, ਸੁਰਜੀਤ ਸਿੰਘ ਤੇ ਮਿਹਰ ਸਿੰਘ ਦੇ ਮਿਹਨਤੀ ਸੁਭਾਅ ਤੇ ਉਨ੍ਹਾਂ ਦੇ ਬੱਚਿਆਂ ਪ੍ਰਤੀ ਸਮਰਪਣ ਨੇ ਬੱਚਿਆਂ ਨੂੰ ਉੱਚੇ ਅਹੁਦਿਆਂ ਉੱਤੇ ਪਹੁੰਚਾਇਆ ਸੀ। ਅੱਜ ਵੀ ਉਨ੍ਹਾਂ ਦੇ ਪੜ੍ਹਾਏ ਹੋਏ ਬੱਚੇ ਉਨ੍ਹਾਂ ਨੂੰ ਦਿਲੋਂ ਯਾਦ ਕਰਦੇ ਹਨ। ਉਨ੍ਹਾਂ ਦਾ ਬੱਚਿਆਂ ਨੂੰ ਪਹਾੜੇ ਯਾਦ ਕਰਵਾਉਣ, ਸਿਰਾਂ ’ਤੇ ਹੱਥ ਰੱਖ ਕੇ ਜੁਬਾਨੀ ਸਵਾਲ ਕਰਵਾਉਣ ਅਤੇ ਭਾਸ਼ਾਵਾਂ ਸਿਖਾਉਣ ਦੇ ਢੰਗ ਦੀ ਛਾਪ ਅੱਜ ਵੀ ਸਾਡੇ ਮਨਾਂ ਉੱਤੇ ਅੰਕਿਤ ਹੈ। ਪੰਜਵੀਂ ਜਮਾਤ ’ਚ ਵੱਧ ਤੋਂ ਵੱਧ ਵਜੀਫੇ ਲਿਆਉਣ ਦਾ ਅਧਿਆਪਕਾਂ ਦਾ ਆਪਸ ’ਚ ਮੁਕਾਬਲਾ ਹੁੰਦਾ ਸੀ। ਨਾ ਕੋਈ ਘੰਟੀ ਵੱਜਦੀ ਸੀ ਤੇ ਨਾ ਕੋਈ ਟਾਇਮ ਟੇਬਲ ਹੁੰਦਾ ਸੀ ਪਰ ਹਰ ਅਧਿਆਪਕ ਇਕ ਦੂਜੇ ਤੋਂ ਵੱਧ ਕੇ ਜਮਾਤਾਂ ਪੜ੍ਹਾਉਂਦਾ ਸੀ। ਇਕ ਵੇਰ ਮਾਸਟਰ ਦਸੋਂਦੀ ਰਾਮ ਦਾ ਦੂਜੇ ਅਧਿਆਪਕਾਂ ਦੇ ਮੁਕਾਬਲੇ ਇਕ ਵਜੀਫਾ ਘੱਟ ਆਉਣ ਕਰ ਕੇ ਉਨ੍ਹਾਂ ਨੂੰ ਮੁਨਾਦੀ ਬੁਖਾਰ ਚੜ੍ਹ ਗਿਆ ਜੋ ਕਿ ਇਕ ਮਹੀਨਾ ਨਾ ਉਤਰਿਆ। ਬੋਰਡ ਤੋਂ ਬਿਨਾ ਕੋਈ ਅਧਿਆਪਕ ਪੜ੍ਹਾਉਂਦਾ ਨਹੀਂ ਸੀ। ਸ਼ੁੱਧ ਤੇ ਸੁੰਦਰ ਲਿਖਾਈ ਬਣਾਉਣ ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਂਦਾ ਸੀ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੀਆਂ ਫੱਟੀਆਂ ਤੇ ਲਿਖ ਕੇ ਦੇਣਾ, ਉਨ੍ਹਾਂ ਦੀਆਂ ਕਲਮਾਂ ਅਤੇ ਪੈਸਿਲਾਂ ਘੜ ਕੇ ਦੇਣਾ ਹਰ ਰੋਜ਼ ਦਾ ਕੰਮ ਹੁੰਦਾ ਸੀ। ਅਧਿਆਪਕ ਇਸ ਕੰਮ ਨੂੰ ਬਹੁਤ ਸਮਰਪਣ ਭਾਵ ਨਾਲ ਕਰਦੇ ਸਨ। ਪੰਜ ਪੈਸੇ ਦੇ ਦਾਖਲਾ ਫਾਰਮ ’ਤੇ ਬੱਚਿਆਂ ਦਾ ਸਕੂਲ ’ਚ ਦਾਖਲਾ ਹੋ ਜਾਂਦਾ ਸੀ। ਮੁੱਹਲੇ ਦਾ ਇਕ ਵਿਅਕਤੀ ਕਈ ਬੱਚਿਆਂ ਨੂੰ ਦਾਖਲ ਕਰਵਾ ਦਿੰਦਾ ਸੀ। ਦਾਖਲੇ ਵੇਲੇ ਪਤਾਸਿਆਂ ਦਾ ਲਿਫਾਫਾ ਲਿਜਾਣ ਦਾ ਰਿਵਾਜ ਹੁੰਦਾ ਸੀ। ਪਤਾਸੇ ਇਕ ਲੱਕੜ ਦੀ ਅਲਮਾਰੀ ’ਚ ਜਮ੍ਹਾਂ ਹੋ ਜਾਂਦੇ ਸਨ, ਜੋ ਸਮੇਂ-ਸਮੇਂ ਤੇ ਬੱਚਿਆਂ ਨੂੰ ਦੇ ਦਿੱਤੇ ਜਾਂਦੇ ਸਨ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਸਜਾ ਦਿੱਤੇ ਜਾਣ ’ਤੇ ਮਾਂ-ਬਾਪ ਕਦੇ ਅਧਿਆਪਕਾਂ ਨੂੰ ਪੁੱਛਣ ਨਹੀਂ ਆਉਂਦੇ ਸਨ। ਕਿਉਂਕਿ ਉਨ੍ਹਾਂ ਨੂੰ ਅਧਿਆਪਕਾਂ ’ਤੇ ਇਹ ਯਕੀਨ ਹੁੰਦਾ ਸੀ ਕਿ ਉਨ੍ਹਾਂ ਨੇ ਬੱਚਿਆਂ ਦੇ ਭਲੇ ਲਈ ਹੀ ਸਜ਼ਾ ਦਿੱਤੀ ਹੋਵੇਗੀ। ਬੱਚਿਆਂ ਤੋਂ ਸਾਫ-ਸਫਾਈ ਦਾ ਕੰਮ ਕਰਵਾਉਣ ਤੇ ਉਨ੍ਹਾਂ ਦੇ ਮਾਪਿਆਂ ਨੂੰ ਕਦੇ ਇਤਰਾਜ਼ ਨਹੀਂ ਹੁੰਦਾ ਸੀ। ਅਮੀਰਾਂ ਗਰੀਬਾਂ ਸਰਪੰਚ ਤੇ ਅਫ਼ਸਰਾਂ ਦੇ ਬੱਚੇ ਉਸੇ ਸਕੂਲ ’ਚ ਪੜ੍ਹਦੇ ਸਨ। ਇਕ ਵੇਰ ਸਾਡੇ ਜਿਲ੍ਹੇ ਦੀ ਪ੍ਰਾਇਮਰੀ ਜਿਲ੍ਹਾ ਸਿੱਖਿਆ ਅਫ਼ਸਰ ਸ਼ੀਲਾ ਮੋਂਗਾ ਸਾਡੇ ਸਕੂਲ ’ਚ ਇੰਸਪੈਕਸ਼ਨ ਕਰਨ ਲਈ ਆ ਗਏ। ਉਨ੍ਹਾਂ ਨੇ ਪੰਜਵੀਂ ਜਮਾਤ ਦੇ ਇਕ ਬੱਚੇ ਦੀ ਸੁੰਦਰ ਲਿਖਾਈ ਵੇਖ ਕੇ ਮਾਸਟਰ ਮਨੀ ਰਾਮ ਨੂੰ ਕਿਹਾ, ਮਾਸਟਰ ਜੀ, ਬੱਚੇ ਦੀ ਲਿਖਾਈ ਬਹੁਤ ਸੋਹਣੀ ਹੈ।
ਮਾਸਟਰ ਜੀ ਨੇ ਅੱਗੋਂ ਕਿਹਾ, ਮੈਡਮ, ਜਮਾਤ ਦੇ ਹਰ ਬੱਚੇ ਦੀ ਲਿਖਾਈ ਇਸ ਤਰ੍ਹਾਂ ਦੀ ਹੀ ਹੈ, ਤੁਸੀਂ ਕੋਈ ਵੀ ਕਾਪੀ ਵੇਖ ਲਓ। ਜ਼ਿਲ੍ਹਾ ਸਿੱਖਿਆ ਅਫਸਰ ਸਾਰੇ ਬੱਚਿਆਂ ਦੀ ਲਿਖਾਈ ਸੋਹਣੀ ਵੇਖ ਕੇ ਹੈਰਾਨ ਰਹਿ ਗਈ। ਉਨ੍ਹਾਂ ਨੇ ਬੱਚਿਆਂ ਨੂੰ ਗਣਿਤ ਦੇ ਸਵਾਲ ਲਿਖਾ ਕੇ ਵੇਖੇ, ਪਹਾੜੇ ਸੁਣੇ, ਆਮ ਗਿਆਨ ਦੇ ਪ੍ਰਸ਼ਨ ਪੁੱਛੇ। ਮਾਸਟਰ ਮਨੀ ਰਾਮ ਦੀ ਮਿਹਨਤ ਤੇ ਬੱਚਿਆਂ ਦੀ ਬੌਧਿਕ ਸਮਰੱਥਾ ਵੇਖ ਕੇ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕਹੇ ਗਏ ਸ਼ਬਦ ਮੈਨੂੰ ਅੱਜ ਵੀ ਯਾਦ ਹਨ। ਉਨ੍ਹਾਂ ਨੇ ਕਿਹਾ ਸੀ, ਮੈਂ ਤੁਹਾਡੀ ਦਿਲੋਂ ਪ੍ਰਸ਼ੰਸਾ ਕਰਦੀ ਹਾਂ। ਇਹ ਬੱਚੇ ਬੜੇ ਹੋ ਕੇ ਜ਼ਰੂਰ ਉੱਚੇ ਅਹੁਦਿਆਂ ਤੱਕ ਪਹੁੰਚਣਗੇ। ਜਿਲ੍ਹਾ ਸਿੱਖਿਆ ਅਫ਼ਸਰ ਦੇ ਕਹੇ ਹੋਏ ਸ਼ਬਦ ਠੀਕ ਵੀ ਹੋਏ। ਸਾਡੀ ਜਮਾਤ ਦੇ ਜ਼ਿਆਦਾਤਰ ਬੱਚੇ ਵੱਡੇ ਅਫਸਰ ਬਣੇ। ਮੈਨੂੰ ਅੱਜ ਵੀ ਉਹ ਕੱਚੀਆਂ ਕੰਧਾਂ, ਛੱਪਰ ਦੀ ਛੱਤ ਵਾਲਾ ਫੱਟੀਆਂ, ਕਲਮਾਂ, ਤੱਪੜਾਂ ਤੇ ਕਮੀਜ਼ ਪਜਾਮੇ ਪਾ ਕੇ ਪੜ੍ਹਨ ਵਾਲਾ ਸਕੂਲ ਯਾਦ ਹੈ।
ਅੱਜ ਉਹ ਸਮਾਰਟ ਪ੍ਰਾਇਮਰੀ ਸਕੂਲ ਬਣ ਗਿਆ ਹੈ, ਉਸ ’ਚ ਸਾਰੀਆਂ ਸਹੂਲਤਾਂ ਵੀ ਹਨ ਪਰ ਬੱਚਿਆਂ ਦੀ ਗਿਣਤੀ ਨਾਂ ਮਾਤਰ ਹੈ। ਉਸ ’ਚ ਪ੍ਰਵਾਸੀ ਮਜਦੂਰਾਂ ਦੇ ਬੱਚੇ ਪੜ੍ਹਦੇ ਹਨ। ਹੁਣ ਸਾਡੇ ਪਿੰਡ ਦੇ ਬੱਚੇ ਉਸ ਸਕੂਲ ’ਚ ਨਹੀਂ ਸਗੋਂ ਵਿੱਤੋਂ ਬਾਹਰ ਵਾਲੀਆਂ ਫ਼ੀਸਾਂ ਵਾਲੇ ਪ੍ਰਾਈਵੇਟ ਮਾਡਲ ਸਕੂਲਾਂ ’ਚ ਪੜ੍ਹਦੇ ਹਨ। ਮੇਰੇ ਆਪਣੇ ਬੱਚੇ ਵੀ ਉਸ ਸਕੂਲ ’ਚ ਨਹੀਂ ਪੜ੍ਹੇ। (ਸੰਪਰਕ : 98726 27136)