- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਲ ’ਚ ਦੁਨੀਆ ਨੂੰ ਅੱਜ ਗੋਲੇ-ਬਾਰੂਦ ਨਾਲੋਂ ਵੱਧ ਰੋਟੀ ਦੀ ਲੋੜ ਹੈ। ਲੋਕਾਂ ਨੂੰ ਬੰਦੂਕਾਂ ਨਾਲੋਂ ਵੱਧ ਸਕੂਲਾਂ ਦੀ ਲੋੜ ਹੈ। ਹਥਿਆਰਾਂ ਦੀਆਂ ਫੈਕਟਰੀਆਂ ਨਾਲੋਂ ਵੱਧ ਹਸਪਤਾਲਾਂ ਦੀ ਲੋੜ ਹੈ। ਜੰਗੀ ਜਹਾਜ਼ਾਂ ਨਾਲੋਂ ਵੱਧ ਰੁਜ਼ਗਾਰ ਦੇ ਮੌਕਿਆਂ ਦੀ ਲੋੜ ਹੈ। ਜੇਕਰ ਮਹਿੰਗਾਈ ਵਧਦੀ ਰਹੀ, ਮੁਲਕਾਂ ’ਤੇ ਕਰਜ਼ਾ ਚੜ੍ਹਦਾ ਰਿਹਾ ਅਤੇ ਹਥਿਆਰਾਂ ’ਤੇ ਖਰਬਾਂ ਰੁਪਏ ਖ਼ਰਚ ਹੁੰਦੇ ਰਹੇ ਤਾਂ ਆਮ ਆਦਮੀ ਦਾ ਲੱਕ ਹੋਰ ਟੁੱਟੇਗਾ।

ਗੁਰਪ੍ਰੀਤ ‘ਲਾਹੌਰੀ’
ਭਾਰਤ ਸਮੇਤ ਦੁਨੀਆ ਭਰ ’ਚ ਅਜਿਹਾ ਮਾਹੌਲ ਸਿਰਜ ਚੁੱਕਿਆ ਹੈ, ਜਿਸ ਦੀ ਸ਼ਾਇਦ ਕੁਝ ਸਾਲ ਪਹਿਲਾਂ ਤੱਕ ਅਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪਿਛਲੇ ਲਗਭਗ ਡੇਢ ਦਹਾਕੇ ਦੌਰਾਨ ਦੇਸ਼-ਦੁਨੀਆ ’ਚ ਜਿੰਨੀ ਉਥਲ-ਪੁਥਲ ਹੋਈ ਹੈ, ਉਸ ਨੂੰ ਵੇਖਦਿਆਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਚੁਣੌਤੀਪੂਰਨ ਹੋ ਸਕਦਾ ਹੈ। ਅਸੀਂ ਆਪਣੇ ਸਮਿਆਂ ਦੌਰਾਨ ਕਈ ਮੁਲਕਾਂ ’ਚ ਜੰਗਾਂ ਲੱਗਦੀਆਂ ਵੇਖੀਆਂ ਹਨ। ਕਈ ਦੇਸ਼ਾਂ ’ਚ ਸਰਕਾਰਾਂ ਬਦਲਦੀਆਂ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸੱਤਾ ਤੋਂ ਲਾਂਭੇ ਹੁੰਦੇ ਅਤੇ ਲੋਕਾਂ ਦੇ ਹੱਥੋਂ ਰੋਟੀ, ਰੁਜ਼ਗਾਰ ਅਤੇ ਸਿੱਖਿਆ ਦੇ ਮੌਕੇ ਖੋਹੇ ਜਾਂਦੇ ਵੀ ਵੇਖੇ ਹਨ ਪਰ ਸਵਾਲ ਇਹ ਹੈ ਕਿ ਇਸ ਸਾਰੀ ਉਥਲ-ਪੁਥਲ ਦਾ ਅਸਲ ਖਮਿਆਜ਼ਾ ਕੌਣ ਭੁਗਤਦਾ ਹੈ?
ਪਿਛਲੇ ਦੋ-ਤਿੰਨ ਸਾਲਾਂ ਤੋਂ ਫਲਸਤੀਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉੱਥੇ ਵੱਡੀ ਗਿਣਤੀ ’ਚ ਬੇਗੁਨਾਹ ਲੋਕ, ਜਿਨ੍ਹਾਂ ’ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਜੰਗ ਦੀ ਭੇਟ ਚੜ੍ਹ ਰਹੇ ਹਨ। ਹਰ ਪਾਸੇ ਗੋਲੇ-ਬਾਰੂਦ, ਬੰਬਾਂ ਦੇ ਧਮਾਕੇ, ਢਹਿ ਚੁੱਕੀਆਂ ਇਮਾਰਤਾਂ, ਸਕੂਲ ਅਤੇ ਹਸਪਤਾਲ ਨਜ਼ਰ ਆਉਂਦੇ ਹਨ ਪਰ ਇਸ ਤਬਾਹੀ ਦੇ ਵਿਚਕਾਰ ਸਭ ਤੋਂ ਵੱਡੀ ਕਮੀ ਰੋਟੀ ਦੀ ਹੈ। ਜਿੱਥੇ ਬੋਰੀਆਂ, ਬਸਤਿਆਂ ਅਤੇ ਵੱਡੇ-ਵੱਡੇ ਟਰੱਕਾਂ ’ਚ ਖਾਣ-ਪੀਣ ਦੀਆਂ ਵਸਤਾਂ ਪਹੁੰਚਣੀਆਂ ਚਾਹੀਦੀਆਂ ਹਨ, ਉੱਥੇ ਹਥਿਆਰ ਤੇ ਗੋਲਾ-ਬਾਰੂਦ ਪਹੁੰਚ ਰਿਹਾ ਹੈ। ਸਵਾਲ ਇਹ ਹੈ ਕਿ ਕੀ ਇਨਸਾਨ ਗੋਲੇ-ਬਾਰੂਦ ਖਾ ਕੇ ਜਿਉਂਦਾ ਰਹਿ ਸਕਦਾ ਹੈ? ਜਿਸ ਮਨੁੱਖ ਨੂੰ ਆਲੂ, ਗੰਢੇ, ਦਾਲਾਂ, ਅਨਾਜ, ਸਬਜ਼ੀਆਂ ਅਤੇ ਰੋਟੀ ਦੀ ਲੋੜ ਹੈ, ਜੇਕਰ ਉਸ ਦੇ ਪੱਲੇ ਹਥਿਆਰ ਪਾ ਦਿੱਤੇ ਜਾਣ ਤਾਂ ਉਸ ਦੀ ਜ਼ਿੰਦਗੀ ਕਿਵੇਂ ਬਦਲੇਗੀ?
ਅਸਲ ’ਚ ਅੱਜ ਸਾਡੇ ਸਮਾਜ ਅਤੇ ਦੁਨੀਆ ’ਚ ਕੁਝ ਅਜਿਹਾ ਹੀ ਹੋ ਰਿਹਾ ਹੈ। ਦੁਨੀਆ ਦੇ ਬਹੁਤ ਘੱਟ ਮੁਲਕ ਹੋਣਗੇ, ਜਿੱਥੇ ਕਿਸੇ ਨਾ ਕਿਸੇ ਰੂਪ ’ਚ ਨਫ਼ਰਤ, ਵੰਡ ਜਾਂ ਹਿੰਸਾ ਦੀ ਅੱਗ ਨਾ ਫੈਲੀ ਹੋਵੇ। ਵਿਸ਼ਵ ਦੀਆਂ ਵੱਡੀਆਂ ਤਾਕਤਾਂ ਅਮਨ-ਸ਼ਾਂਤੀ ਦੀਆਂ ਗੱਲਾਂ ਤਾਂ ਕਰਦੀਆਂ ਹਨ ਪਰ ਉਨ੍ਹਾਂ ਦੀਆਂ ਨੀਤੀਆਂ ਅਤੇ ਕਾਰਵਾਈਆਂ ਅਕਸਰ ਇਸ ਦੇ ਉਲਟ ਤਸਵੀਰ ਪੇਸ਼ ਕਰਦੀਆਂ ਹਨ। ਇਹ ਸਵਾਲ ਵੀ ਵਾਰ-ਵਾਰ ਉੱਠਦਾ ਹੈ ਕਿ ਜੰਗਾਂ ਦੇ ਪਿੱਛੇ ਅਸਲ ਕਾਰਨ ਕੀ ਹੁੰਦੇ ਹਨ? ਕੀ ਸੱਚਮੁੱਚ ਸਿਰਫ਼ ਸਰਹੱਦਾਂ, ਵਿਚਾਰਧਾਰਾਵਾਂ ਜਾਂ ਸੁਰੱਖਿਆ ਹੀ ਇਸ ਦਾ ਕਾਰਨ ਹੁੰਦੀ ਹੈ? ਜਾਂ ਫਿਰ ਇਸ ਦੇ ਪਿੱਛੇ ਤੇਲ, ਖਣਿਜ ਪਦਾਰਥ, ਕੁਦਰਤੀ ਸਰੋਤ, ਵਪਾਰਕ ਹਿੱਤ ਤੇ ਹਥਿਆਰਾਂ ਦਾ ਬਾਜ਼ਾਰ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ? ਦੁਨੀਆ ਦੇ ਕਈ ਹਿੱਸਿਆਂ ’ਚ ਇਹ ਦੋਸ਼ ਲੱਗਦੇ ਰਹੇ ਹਨ ਕਿ ਕੁਦਰਤੀ ਸਰੋਤਾਂ ਨਾਲ ਭਰਪੂਰ ਖੇਤਰਾਂ ’ਚ ਚੱਲ ਰਹੇ ਸੰਘਰਸ਼ਾਂ ਦੇ ਪਿੱਛੇ ਵੱਡੇ ਆਰਥਿਕ ਹਿੱਤ ਵੀ ਕੰਮ ਕਰਦੇ ਹਨ। ਜਦੋਂ ਕਿਸੇ ਮੁਲਕ ’ਚ ਜੰਗ ਲੱਗਦੀ ਹੈ ਤਾਂ ਆਮ ਲੋਕ ਮਰਦੇ ਹਨ, ਘਰ ਤਬਾਹ ਹੁੰਦੇ ਹਨ, ਬੱਚਿਆਂ ਦੀ ਪੜ੍ਹਾਈ ਰੁਕਦੀ ਹੈ, ਹਸਪਤਾਲ ਬੰਦ ਹੁੰਦੇ ਹਨ ਅਤੇ ਰੁਜ਼ਗਾਰ ਦੇ ਮੌਕੇ ਖ਼ਤਮ ਹੋ ਜਾਂਦੇ ਹਨ ਪਰ ਹਥਿਆਰ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਲਈ ਇਹੀ ਜੰਗ ਇਕ ਵੱਡਾ ਬਾਜ਼ਾਰ ਬਣ ਜਾਂਦੀ ਹੈ। ਨੌਜਵਾਨਾਂ ਦੇ ਹੱਥਾਂ ’ਚ ਕਿਤਾਬ, ਕਲਮ ਤੇ ਰੁਜ਼ਗਾਰ ਦੀ ਥਾਂ ਜਦੋਂ ਬੰਦੂਕ ਫੜਾ ਦਿੱਤੀ ਜਾਂਦੀ ਹੈ ਤਾਂ ਕਿਸੇ ਵੀ ਮੁਲਕ ਦਾ ਭਵਿੱਖ ਹਨੇਰੇ ਵੱਲ ਚਲਾ ਜਾਂਦਾ ਹੈ। ਪਹਿਲੀ ਅਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆ ਨੇ ਬਹੁਤ ਕੁਝ ਸਿੱਖਿਆ ਪਰ ਅਫ਼ਸੋਸ ਕਿ ਜੰਗਾਂ ਤੋਂ ਪੂਰੀ ਤਰ੍ਹਾਂ ਸਬਕ ਨਹੀਂ ਲਿਆ ਗਿਆ। ਅਸੀਂ ਜਾਣਦੇ ਹਾਂ ਕਿ ਜੰਗ ਕਿਸੇ ਵੀ ਮਸਲੇ ਦਾ ਸਥਾਈ ਹੱਲ ਨਹੀਂ। ਇਸ ਦੇ ਬਾਵਜੂਦ ਜੰਗਾਂ ਤੇ ਹਿੰਸਕ ਟਕਰਾਅ ਲਗਾਤਾਰ ਜਾਰੀ ਹਨ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ ਹੋਏ ਸੈਨਿਕ ਟਕਰਾਅ ਨੇ ਵੀ ਦੋਵਾਂ ਦੇਸ਼ਾਂ ਦੇ ਆਮ ਲੋਕਾਂ ’ਚ ਤਣਾਅ ਵਧਾਇਆ। ਭਾਵੇਂ ਇਹ ਟਕਰਾਅ ਬਹੁਤ ਲੰਮਾ ਨਹੀਂ ਚੱਲਿਆ ਪਰ ਇਸ ਨੇ ਲੋਕਾਂ ਦੇ ਮਨਾਂ ’ਚ ਨਫ਼ਰਤ ਅਤੇ ਬੇਭਰੋਸਗੀ ਦੀਆਂ ਕੰਧਾਂ ਹੋਰ ਉੱਚੀਆਂ ਕਰ ਦਿੱਤੀਆਂ। ਜੰਗ ਖ਼ਤਮ ਹੋ ਜਾਣ ਤੋਂ ਬਾਅਦ ਵੀ ਉਸ ਦਾ ਅਸਰ ਲੋਕਾਂ ਦੇ ਮਨਾਂ ’ਚ ਲੰਮੇ ਸਮੇਂ ਤੱਕ ਰਹਿੰਦਾ ਹੈ। ਉਨ੍ਹਾਂ ਨੂੰ ਸਿਰਫ਼ ਇਹ ਦੱਸਿਆ ਜਾਂਦਾ ਹੈ ਕਿ ਦੁਸ਼ਮਣ ਕੌਣ ਹੈ ਅਤੇ ਉਸ ਨਾਲ ਲੜਨਾ ਕਿਉਂ ਜ਼ਰੂਰੀ ਹੈ ਪਰ ਜੇਕਰ ਅਸੀਂ ਜੰਗਾਂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਕਈ ਵਾਰ ਸਿਆਸੀ ਸੱਤਾ, ਆਰਥਿਕ ਹਿੱਤ, ਸਰੋਤਾਂ ’ਤੇ ਕਬਜ਼ਾ ਅਤੇ ਵੋਟਾਂ ਦੀ ਰਾਜਨੀਤੀ ਵਰਗੇ ਕਾਰਕ ਵੀ ਸਾਹਮਣੇ ਆਉਂਦੇ ਹਨ।
ਹਾਕਮਾਂ ਨੂੰ ਅਕਸਰ ਸੱਤਾ ਦੀ ਭੁੱਖ ਹੁੰਦੀ ਹੈ ਅਤੇ ਸੱਤਾ ਹਾਸਲ ਕਰਨ ਲਈ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਚੋਣਾਂ ਦੇ ਸਮੇਂ ਨਫ਼ਰਤ ਅਤੇ ਡਰ ਨੂੰ ਹਵਾ ਦੇਣਾ ਸਭ ਤੋਂ ਆਸਾਨ ਰਾਜਨੀਤਿਕ ਹਥਿਆਰ ਬਣ ਜਾਂਦਾ ਹੈ। ਜੇਕਰ ਇਸ ਦੇ ਨਤੀਜੇ ਵਜੋਂ ਸੈਂਕੜੇ ਜਾਂ ਹਜ਼ਾਰਾਂ ਲੋਕ ਮਰ ਵੀ ਜਾਣ ਤਾਂ ਸੱਤਾ ਦੇ ਖਿਡਾਰੀਆਂ ਲਈ ਕਈ ਵਾਰ ਇਹ ਸਿਰਫ਼ ਇਕ ਅੰਕੜਾ ਬਣ ਕੇ ਰਹਿ ਜਾਂਦਾ ਹੈ। ਇਸ ਦੇ ਉਲਟ, ਅੱਜ ਦੀ ਨਵੀਂ ਪੀੜ੍ਹੀ, ਖ਼ਾਸ ਕਰਕੇ ਜੈੱਨ-ਜ਼ੀ, ਕਈ ਦੇਸ਼ਾਂ ’ਚ ਰਵਾਇਤੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਂਦੀ ਨਜ਼ਰ ਆ ਰਹੀ ਹੈ। ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਤੇ ਹੋਰ ਦੇਸ਼ਾਂ ’ਚ ਨੌਜਵਾਨਾਂ ਦੀਆਂ ਲਹਿਰਾਂ ਨੇ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਸਿਰਫ਼ ਸੱਤਾ ਬਦਲਣਾ ਹੀ ਕਾਫ਼ੀ ਹੈ ਜਾਂ ਸਿਸਟਮ ਨੂੰ ਵੀ ਬਦਲਣ ਦੀ ਲੋੜ ਹੈ? ਅੱਜ ਦਾ ਪੜ੍ਹਿਆ-ਲਿਖਿਆ ਨੌਜਵਾਨ ਇਹ ਸਮਝਣਾ ਚਾਹੁੰਦਾ ਹੈ ਕਿ ਲੋਕਤੰਤਰ ਕਿਵੇਂ ਕੰਮ ਕਰਦਾ ਹੈ, ਸੰਸਥਾਵਾਂ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ, ਭ੍ਰਿਸ਼ਟਾਚਾਰ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ ਤੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ’ਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੀ ਤਲਖੀ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੁੰਦੇ ਰਹੇ ਹਨ। ਸੁਰੱਖਿਆ ਕਿਸੇ ਵੀ ਦੇਸ਼ ਲਈ ਸਭ ਤੋਂ ਅਹਿਮ ਮਾਮਲਾ ਹੈ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਪਰ ਸਵਾਲ ਇਹ ਹੈ ਕਿ ਜੇਕਰ ਸਰਹੱਦਾਂ ਪਾਰ ਗੋਲੇ-ਬਾਰੂਦ ਅਤੇ ਬੰਬਾਂ ਦੀ ਆਵਾਜਾਈ ਹੋ ਸਕਦੀ ਹੈ ਤਾਂ ਆਮ ਲੋਕਾਂ ਵਿਚਕਾਰ ਆਲੂ, ਗੰਢੇ, ਦਾਲਾਂ, ਅਨਾਜ ਅਤੇ ਪਿਆਰ ਦੀ ਆਵਾਜਾਈ ਕਿਉਂ ਨਹੀਂ ਹੋ ਸਕਦੀ?
ਜੇਕਰ ਦੋਵਾਂ ਦੇਸ਼ਾਂ ਦੇ ਆਮ ਲੋਕ ਇਕ-ਦੂਜੇ ਨਾਲ ਵਪਾਰ ਕਰ ਸਕਣ, ਇਕ-ਦੂਜੇ ਦੇ ਸੁੱਖ-ਦੁੱਖ ’ਚ ਸ਼ਾਮਲ ਹੋ ਸਕਣ ਅਤੇ ਧਾਰਮਿਕ ਤੇ ਸੱਭਿਆਚਾਰਕ ਸਾਂਝ ਵਧਾ ਸਕਣ ਤਾਂ ਕੀ ਇਸ ਨਾਲ ਨਫ਼ਰਤ ਘੱਟ ਨਹੀਂ ਹੋਵੇਗੀ? ਅਸਲ ’ਚ ਦੁਨੀਆ ਨੂੰ ਅੱਜ ਗੋਲੇ-ਬਾਰੂਦ ਨਾਲੋਂ ਵੱਧ ਰੋਟੀ ਦੀ ਲੋੜ ਹੈ। ਲੋਕਾਂ ਨੂੰ ਬੰਦੂਕਾਂ ਨਾਲੋਂ ਵੱਧ ਸਕੂਲਾਂ ਦੀ ਲੋੜ ਹੈ। ਹਥਿਆਰਾਂ ਦੀਆਂ ਫੈਕਟਰੀਆਂ ਨਾਲੋਂ ਵੱਧ ਹਸਪਤਾਲਾਂ ਦੀ ਲੋੜ ਹੈ। ਜੰਗੀ ਜਹਾਜ਼ਾਂ ਨਾਲੋਂ ਵੱਧ ਰੁਜ਼ਗਾਰ ਦੇ ਮੌਕਿਆਂ ਦੀ ਲੋੜ ਹੈ। ਜੇਕਰ ਮਹਿੰਗਾਈ ਵਧਦੀ ਰਹੀ, ਮੁਲਕਾਂ ’ਤੇ ਕਰਜ਼ਾ ਚੜ੍ਹਦਾ ਰਿਹਾ ਅਤੇ ਹਥਿਆਰਾਂ ’ਤੇ ਖਰਬਾਂ ਰੁਪਏ ਖ਼ਰਚ ਹੁੰਦੇ ਰਹੇ ਤਾਂ ਆਮ ਆਦਮੀ ਦਾ ਲੱਕ ਹੋਰ ਟੁੱਟੇਗਾ।
ਅੱਜ ਸਵਾਲ ਸਿਰਫ਼ ਭਾਰਤ ਜਾਂ ਪਾਕਿਸਤਾਨ ਦਾ ਨਹੀਂ, ਸਗੋਂ ਪੂਰੀ ਮਨੁੱਖਤਾ ਦਾ ਹੈ। ਜੇਕਰ ਨਫ਼ਰਤ ਦੀ ਅੱਗ ’ਚ ਗੋਲੇ-ਬਾਰੂਦ ਵੰਡੇ ਜਾ ਸਕਦੇ ਹਨ ਤਾਂ ਭੁੱਖੇ ਢਿੱਡ ਭਰਨ ਲਈ ਅਨਾਜ ਕਿਉਂ ਨਹੀਂ ਵੰਡਿਆ ਜਾ ਸਕਦਾ? ਜੇਕਰ ਜੰਗ ਲਈ ਸਰਹੱਦਾਂ ਖੋਲ੍ਹੀਆਂ ਜਾ ਸਕਦੀਆਂ ਹਨ ਤਾਂ ਅਮਨ ਲਈ ਦਿਲਾਂ ਦੇ ਦਰਵਾਜ਼ੇ ਕਿਉਂ ਨਹੀਂ ਖੋਲ੍ਹੇ ਜਾ ਸਕਦੇ? ਅਸੀਂ ਕਿਸ ਦੇ ਦੁਸ਼ਮਣ ਹਾਂ- ਇੱਕ-ਦੂਜੇ ਦੇ ਜਾਂ ਆਪਣੇ ਹੀ ਭਵਿੱਖ ਦੇ? ਜਵਾਬ ਸ਼ਾਇਦ ਸਾਡੇ ਸਾਰਿਆਂ ਕੋਲ ਹੈ। ਨਫ਼ਰਤ ਦੀ ਅੱਗ ਕਿਸੇ ਇੱਕ ਘਰ ਨੂੰ ਨਹੀਂ ਸਾੜਦੀ; ਇਹ ਪੂਰੇ ਸਮਾਜ ਨੂੰ ਰਾਖ ਕਰ ਦਿੰਦੀ ਹੈ। ਇਸ ਲਈ ਅੱਜ ਲੋੜ ਹੈ ਕਿ ਗੋਲੇ-ਬਾਰੂਦ ਦੀ ਥਾਂ ਕਿਤਾਬਾਂ, ਬੰਦੂਕਾਂ ਦੀ ਥਾਂ ਰੁਜ਼ਗਾਰ, ਜੰਗ ਦੀ ਥਾਂ ਗੱਲਬਾਤ ਅਤੇ ਨਫ਼ਰਤ ਦੀ ਥਾਂ ਮਨੁੱਖਤਾ ਨੂੰ ਤਰਜੀਹ ਦਿੱਤੀ ਜਾਵੇ।
(ਸੰਪਰਕ : 95698-20314)।