- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਦੇ ਦਿਨਾਂ 'ਚ ਖ਼ੁਰਾਕੀ ਵਸਤਾਂ 'ਚ ਮਿਲਾਵਟ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਮਠਿਆਈਆਂ ਅਤੇ ਹੋਰ ਖ਼ੁਰਾਕੀ ਵਸਤਾਂ ਦੀ ਮੰਗ 'ਚ ਹੋਏ ਇਜ਼ਾਫੇ ਦੀ ਪੂਰਤੀ ਲਈ ਮਿਲਵਟਖੋਰ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੇ ਹਨ।

ਤਿਉਹਾਰਾਂ ਦੇ ਦਿਨਾਂ 'ਚ ਖ਼ੁਰਾਕੀ ਵਸਤਾਂ 'ਚ ਮਿਲਾਵਟ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਨ੍ਹਾਂ ਦਿਨਾਂ 'ਚ ਮਠਿਆਈਆਂ ਅਤੇ ਹੋਰ ਖ਼ੁਰਾਕੀ ਵਸਤਾਂ ਦੀ ਮੰਗ 'ਚ ਹੋਏ ਇਜ਼ਾਫੇ ਦੀ ਪੂਰਤੀ ਲਈ ਮਿਲਵਟਖੋਰ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੇ ਹਨ। ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਮਠਿਆਈਆਂ 'ਚ ਮਿਲਾਵਟ ਆਮ ਹੋ ਜਾਂਦੀ ਹੈ। ਨਕਲੀ ਖੋਆ ਅਤੇ ਨਕਲੀ ਪਨੀਰ ਦੀ ਵਿਕਰੀ ਰਾਹੀਂ ਚੋਖੀ ਕਮਾਈ ਕੀਤੀ ਜਾਂਦੀ ਹੈ। ਦੀਵਾਲੀ ਮੌਕੇ ਮਠਿਆਈਆਂ ਦੀ ਮੰਗ ਪੂਰੀ ਕਰਨ ਲਈ ਮੁਨਾਫ਼ਾਖੋਰਾਂ ਵੱਲੋਂ ਕਈ ਦਿਨ ਪਹਿਲਾਂ ਹੀ ਮਠਿਆਈਆਂ ਦੇ ਭੰਡਾਰ ਇਸ ਤਰ੍ਹਾਂ ਜਮ੍ਹਾ ਕੀਤੇ ਜਾਂਦੇ ਹਨ ਕਿ ਉਹ ਇਨਸਾਨਾਂ ਦੇ ਖਾਣਯੋਗ ਹੀ ਨਹੀਂ ਰਹਿੰਦੇ। ਸਾਡੇ ਮੁਲਕ ਵਿਚ ਖ਼ੁਰਾਕੀ ਵਸਤਾਂ 'ਚ ਮਿਲਾਵਟ ਨੂੰ ਬਕਾਇਦਾ ਕਾਨੂੰਨੀ ਅਪਰਾਧ ਐਲਾਨ ਕੇ ਮਿਲਾਵਟਖੋਰਾਂ ਲਈ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਮਿਲਾਵਟਖੋਰਾਂ ਨੂੰ ਫੜਨ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਤੋਂ ਆਪਾਂ ਸਾਰੇ ਵਾਕਿਫ਼ ਹੀ ਹਾਂ। ਇਹ ਕਾਰਵਾਈਆਂ ਮਹਿਜ਼ ਰਸਮੀ ਜਿਹੀਆਂ ਬਣ ਕੇ ਰਹਿ ਗਈਆਂ ਹਨ। ਸ਼ਾਇਦ ਇਸੇ ਲਈ ਮਿਲਾਵਟਖੋਰ ਬੇਖ਼ੌਫ਼ ਹੋ ਕੇ ਘਟੀਆ ਅਤੇ ਨਕਲੀ ਸਮੱਗਰੀ ਦਾ ਇਸਤੇਮਾਲ ਕਰਦੇ ਹੋਏ ਖ਼ੁਰਾਕੀ ਵਸਤਾਂ ਬਣਾਉਂਦੇ ਹਨ। ਹੁਣ ਤਿਉਹਾਰਾਂ ਦੇ ਦਿਨਾਂ 'ਚ ਥੋੜ੍ਹੀ-ਬਹੁਤੀ ਚੁਸਤੀ-ਫੁਰਤੀ ਵਿਖਾਉਣ ਉਪਰੰਤ ਮਿਲਾਵਟਖੋਰਾਂ ਦੀਆਂ ਵਾਗਾਂ ਮੁੜ ਖੁੱਲ੍ਹੀਆਂ ਛੱਡ ਦਿੱਤੀਆਂ ਜਾਣਗੀਆਂ। ਜੇ ਮਿਲਾਵਟਖੋਰਾਂ ਨੂੰ ਸਬਕ ਸਿਖਾਉਣ ਲਈ ਅਮਲੀ ਰੂਪ 'ਚ ਕਾਰਵਾਈਆਂ ਕੀਤੀਆਂ ਜਾਂਦੀਆਂ ਤਾਂ ਇਨ੍ਹਾਂ ਸਮਾਜ ਦੇ ਦੁਸ਼ਮਣਾਂ ਦੇ ਹੌਸਲੇ ਇੰਨੇ ਜ਼ਿਆਦਾ ਨਾ ਵੱਧਦੇ। ਖ਼ੁਰਾਕੀ ਵਸਤਾਂ ਖ਼ਾਸ ਤੌਰ 'ਤੇ ਮਠਿਆਈਆਂ ਦੇ ਵਿਕਰੇਤਾਵਾਂ ਵੱਲੋਂ ਕਿਸੇ ਵੀ ਵਸਤੂ ਦੀ ਤਿਆਰ ਕਰਨ ਅਤੇ ਉਸ ਦੇ ਖਾਣਯੋਗ ਨਾ ਰਹਿਣ ਦੀ ਮਿਤੀ ਨਹੀਂ ਦਰਸਾਈ ਜਾਂਦੀ। ਗਾਹਕ ਨੂੰ ਕਿਵੇਂ ਪਤਾ ਲੱਗੇ ਕਿ ਉਸ ਵੱਲੋਂ ਖ਼ਰੀਦੀ ਜਾ ਰਹੀ ਖ਼ੁਰਾਕੀ ਵਸਤੂ ਖਾਣ ਦੇ ਯੋਗ ਵੀ ਹੈ ਜਾਂ ਨਹੀਂ? ਇਨਸਾਨਾਂ ਦੀਆਂ ਖ਼ੁਰਾਕੀ ਵਸਤਾਂ 'ਚ ਮਿਲਾਵਟ ਦਾ ਜੁਰਮ ਆਪਣੇ-ਆਪ 'ਚ ਬਹੁਤ ਵੱਡਾ ਅਪਰਾਧ ਹੈ। ਖਾਣ-ਪੀਣ ਦੀਆਂ ਵਸਤਾਂ ਖ਼ਰੀਦਣ ਆਏ ਵਿਅਕਤੀ ਨੂੰ ਮਿੱਠਾ ਜ਼ਹਿਰ ਦੇ ਕੇ ਭੇਜ ਦੇਣਾ ਕਿੱਧਰ ਦੀ ਇਨਸਾਨੀਅਤ ਹੈ? ਖ਼ੁਰਾਕੀ ਵਸਤਾਂ 'ਚ ਮਿਲਾਵਟ ਦਾ ਰੁਝਾਨ ਸਿੱਧੇ ਤੌਰ 'ਤੇ ਮੁਨਾਫ਼ਾਖੋਰੀ ਨਾਲ ਜੁੜਿਆ ਹੋਇਆ ਹੈ ਪਰ ਮੁਨਾਫ਼ਾ ਕਮਾਉਣ ਲਈ ਇਨਸਾਨਾਂ ਨੂੰ ਖ਼ਤਰਨਾਕ ਬਿਮਾਰੀਆਂ ਵੱਲ ਧੱਕਣਾ ਮਰ ਰਹੀ ਇਨਸਾਨੀਅਤ ਦਾ ਪ੍ਰਮਾਣ ਹੈ। ਬੇਸ਼ੱਕ ਖ਼ੁਰਾਕੀ ਵਸਤਾਂ 'ਚ ਮਿਲਾਵਟ ਸਾਰਾ ਸਾਲ ਚੱਲਦੀ ਰਹਿੰਦੀ ਹੈ ਅਤੇ ਇਸ ਤੋਂ ਚੌਕਸ ਰਹਿਣਾ ਚਾਹੀਦਾ ਹੈ ਪਰ ਤਿਉਹਾਰਾਂ ਦੇ ਦਿਨਾਂ 'ਚ ਮਿਲਾਵਟਖੋਰੀ 'ਚ ਹੋਣ ਵਾਲਾ ਅਸਾਧਾਰਨ ਇਜ਼ਾਫਾ ਖ਼ਾਸ ਤੌਰ 'ਤੇ ਧਿਆਨ ਦੇਣ ਦੀ ਮੰਗ ਕਰਦਾ ਹੈ। ਮਿਲਾਵਟ ਦੇ ਕਹਿਰ ਤੋਂ ਬਚਣ ਲਈ ਜਿੰਨਾ ਸੰਭਵ ਹੋਵੇ, ਬਾਜ਼ਾਰੂ ਵਸਤਾਂ ਦੀ ਖ਼ਰੀਦ ਤੋਂ ਬਚੋ ਤੇ ਘਰੇ ਹੀ ਉਨ੍ਹਾਂ ਨੂੰ ਤਿਆਰ ਕਰਨ ਦਾ ਯਤਨ ਕਰੋ। ਤਿਉਹਾਰਾਂ ਦੇ ਦਿਨਾਂ 'ਚ ਸਰਕਾਰਾਂ ਤੇ ਪ੍ਰਸ਼ਾਸਨ ਦਾ ਸਰਗਰਮੀ ਬੇਹੱਦ ਜ਼ਰੂਰੀ ਹੈ।
-ਬਿੰਦਰ ਸਿੰਘ ਖੁੱਡੀ ਕਲਾਂ।
(98786-05965)