- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਨਾਲ ਉਹ ਹਮੇਸ਼ਾ ਹੋਰਾਂ ਦੇ ਮਨ ਦੀ ਸ਼ਾਂਤਮਈ ਅਵਸਥਾ ਭੰਗ ਕਰਦੇ ਹਨ ਪਰ ਮੈਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੇ ਆਪਣੇ ਮਨ ਦੀ ਅਵਸਥਾ ਵੀ ਕਦੇ ਸਥਿਰ ਨਹੀਂ ਹੋ ਸਕਦੀ। ਪਰਮਾਤਮਾ ਦੀ ਸਾਜੀ ਕਾਇਨਾਤ ਵਿਚ ਅਜਿਹਾ ਕਦੇ ਨਹੀਂ ਹੁੰਦਾ ਕਿ ਹਰ ਵਿਅਕਤੀ ਔਗੁਣਾਂ ਨਾਲ ਭਰਪੂਰ ਹੋਵੇ ਜਾਂ ਫਿਰ ਹਰ ਵਿਅਕਤੀ ਗੁਣਾਂ ਦੀ ਗੁਥਲੀ ਹੋਵੇ।
ਪਰਮਾਤਮਾ ਨੇ ਆਪਣੀ ਅਪਾਰ ਕਿਰਪਾ ਸਦਕਾ ਮਨੁੱਖ ਨੂੰ ਸੋਚਣ ਤੇ ਸਮਝਣ ਦੀ ਸ਼ਕਤੀ ਦਿੱਤੀ ਹੈ ਜੋ ਉਸ ਨੂੰ ਪਸ਼ੂਆਂ ਨਾਲੋਂ ਵੱਖਰਾ ਬਣਾਉਂਦੀ ਹੈ। ਇਸੇ ਸਦਕਾ ਹੀ ਮਨੁੱਖ ਆਪਣਾ ਜੀਵਨ ਵਧੀਆ ਢੰਗ ਨਾਲ ਬਸਰ ਕਰ ਸਕਦਾ ਹੈ। ਬੋਲ-ਬਾਣੀ ਹੀ ਤੁਹਾਡੀ ਸ਼ਖ਼ਸੀਅਤ ਦਾ ਸ਼ੀਸ਼ਾ ਹੁੰਦੀ ਹੈ। ਕਹਿੰਦੇ ਆ ਕਿ ‘ਕਮਲਾ ਕਿਸ ਤੋਂ ਜਾਣੀਏ, ਗੱਲਾਂ ਤੋਂ ਪਛਾਣੀਏ’...ਭਾਵ ਗੱਲਬਾਤ ਤੋਂ ਹੀ ਤੁਹਾਡੇ ਅੰਦਰੂਨੀ ਭਾਵ ਪਤਾ ਲੱਗਦੇ ਹਨ।
ਪ੍ਰੰਤੂ ਆਪਾਂ ਸਮਾਜ ਵਿਚ ਵਿਚਰਦਿਆਂ ਵੇਖਦੇ ਹਾਂ ਕਿ ਅਜਿਹਾ ਨਹੀਂ ਹੁੰਦਾ। ਬਹੁਤੇ ਲੋਕ ਆਪਣੀ ਸਮਝ ਦੀ ਵਰਤੋਂ ਇਸ ਤਰ੍ਹਾਂ ਕਰਦੇ ਹਨ ਕਿ ਉਹ ਸਿਰਫ਼ ਤੇ ਸਿਰਫ਼ ਆਪਣੇ-ਆਪ ਨੂੰ ਸਿਆਣਾ ਮੰਨਦੇ ਹਨ ਤੇ ਦੂਸਰਿਆਂ ਵਿਚ ਹਮੇਸ਼ਾ ਕਮੀਆਂ ਹੀ ਵੇਖਦੇ ਰਹਿੰਦੇ ਹਨ। ਇਸ ਨਾਲ ਉਹ ਹਮੇਸ਼ਾ ਹੋਰਾਂ ਦੇ ਮਨ ਦੀ ਸ਼ਾਂਤਮਈ ਅਵਸਥਾ ਭੰਗ ਕਰਦੇ ਹਨ ਪਰ ਮੈਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਨ੍ਹਾਂ ਦੇ ਆਪਣੇ ਮਨ ਦੀ ਅਵਸਥਾ ਵੀ ਕਦੇ ਸਥਿਰ ਨਹੀਂ ਹੋ ਸਕਦੀ। ਪਰਮਾਤਮਾ ਦੀ ਸਾਜੀ ਕਾਇਨਾਤ ਵਿਚ ਅਜਿਹਾ ਕਦੇ ਨਹੀਂ ਹੁੰਦਾ ਕਿ ਹਰ ਵਿਅਕਤੀ ਔਗੁਣਾਂ ਨਾਲ ਭਰਪੂਰ ਹੋਵੇ ਜਾਂ ਫਿਰ ਹਰ ਵਿਅਕਤੀ ਗੁਣਾਂ ਦੀ ਗੁਥਲੀ ਹੋਵੇ।
ਕਹਿਣ ਦਾ ਅਰਥ ਹੈ ਕਿ ਹਰੇਕ ਵਿਚ ਗੁਣ-ਔਗੁਣ ਦੋਵੇਂ ਹੀ ਹੁੰਦੇ ਹਨ। ਬਸ, ਇਹ ਸਭ ਸਾਡੇ ਨਜ਼ਰੀਏ ’ਤੇ ਹੀ ਨਿਰਭਰ ਕਰਦਾ ਹੈ ਕਿਉਂਕਿ ਅਜਿਹਾ ਨਾ ਹੁੰਦਾ ਤਾਂ ਸਾਰੇ ਹੀ ਵਿਅਕਤੀ ਸਾਰਿਆਂ ਨੂੰ ਸੋਹਣੇ ਤੇ ਵਧੀਆ ਲੱਗਣੇ ਸਨ ਜਾਂ ਫਿਰ ਸਾਰੇ ਵਿਅਕਤੀ ਦੂਜਿਆਂ ਨੂੰ ਮਾੜੇ ਲੱਗਣੇ ਸਨ।
ਭਿੰਨਤਾ ਸਾਡੇ ਵਿਚਾਰਾਂ ਵਿਚ ਹੁੰਦੀ ਹੈ। ਕੋਈ ਸਾਡੇ ਲਈ ਜਾਨ ਦੇਣ ਨੂੰ ਤਿਆਰ ਹੁੰਦਾ ਹੈ ਤੇ ਕੋਈ ਸਾਡੀ ਜਾਨ ਲੈਣ ਨੂੰ। ਪੰਜਾਬੀ ਕਾਵਿਧਾਰਾ ਵਿਚ ਇਸ ਦੀ ਬਹੁਤ ਸੁੰਦਰ ਉਦਾਹਰਨ ਦੇ ਕੇ ਸਮਝਾਇਆ ਹੈ ਕਿ...ਕੀਤਾ ਸਵਾਲ ਮੀਆਂ ਮਜਨੂੰ ਨੂੰ, ਤੇਰੀ ਲੈਲਾ ਤਾਂ ਰੰਗ ਦੀ ਕਾਲੀ ਏ। ਦਿੱਤਾ ਜਵਾਬ ਮੀਆਂ ਮਜਨੂੰ ਨੇ ਤੇਰੀ ਅੱਖ ਨਾ ਵੇਖਣ ਵਾਲੀ ਏ।
ਇਸ ਲਈ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਫ਼ਰਕ ਉੱਥੇ ਪੈ ਜਾਂਦਾ ਹੈ ਜਦੋਂ ਕੋਈ ਆਪਣੇ ਗੁਣ ਨੂੰ ਆਪਣਾ ਸ਼ੌਕ ਬਣਾ ਕੇ ਦੂਸਰਿਆਂ ਨਾਲੋਂ ਵੱਖਰਾ ਹੋ ਜਾਂਦਾ ਹੈ। ਪਰ ਉਸ ਦੀ ਇਹ ਵੱਖਰਤਾ ਨੂੰ ਹਜ਼ਮ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਸਗੋਂ ਲੋਕ ਈਰਖਾ, ਸਾੜੇ ਵਿਚ ਉਸ ਦੇ ਗੁਣਾਂ ਨੂੰ ਔਗੁਣ ਬਣਾ-ਬਣਾ ਕੇ ਪੇਸ਼ ਕਰਦੇ ਹੋਏ ਦੂਸਰਿਆਂ ਸਾਹਮਣੇ ਬੁਰਾ ਬਣਾਉਂਦੇ ਹਨ। ਇਹ ਵਰਤਾਰਾ ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਉਸ ਚੰਗੇ ਵਿਅਕਤੀ ਦੀ ਅੰਦਰਲੀ ਸੁੰਦਰਤਾ ਖ਼ਤਮ ਨਾ ਹੋ ਜਾਵੇ ਤੇ ਉਹ ਬੁਰੇ ਵਿਅਕਤੀਆਂ ਵਿਚ ਸ਼ਾਮਲ ਨਾ ਹੋ ਜਾਵੇ।
ਇਹ ਪ੍ਰਕਿਰਿਆ ਘਰਾਂ, ਪਰਿਵਾਰਾਂ, ਸਮਾਜ ਇੱਥੋਂ ਤੱਕ ਕਿ ਵਿੱਦਿਅਕ ਅਦਾਰਿਆਂ ਜਿੱਥੇ ਦੂਸਰਿਆਂ ਨੂੰ ਸਮਝਣ ਅਤੇ ਸਮਝਾਉਣ ਦੀ ਪ੍ਰਕਿਰਿਆ ਚੱਲਦੀ ਹੈ, ਉੱਥੇ ਵੀ ਨਿਰੰਤਰ ਵੇਖੀ ਜਾਂਦੀ ਹੈ। ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡੇ ਕਿਸੇ ਸਹਿਕਰਮੀ ਦੀ ਲਿਖਾਈ ਸੁੰਦਰ ਹੁੰਦੀ ਹੈ। ਪ੍ਰੰਤੂ ਜਦੋਂ ਉਸੇ ਲਿਖਾਈ ਦੀ ਸ਼ਲਾਘਾ ਉਸ ਸੰਸਥਾ ਦੇ ਕਿਸੇ ਸੀਨੀਅਰ ਵੱਲੋਂ ਜਾਂ ਬਾਹਰੋਂ ਆਏ ਕਿਸੇ ਉੱਚ ਅਧਿਕਾਰੀ ਵੱਲੋਂ ਕੀਤੀ ਜਾਂਦੀ ਹੈ ਤਾਂ ਈਰਖਾਲੂ ਸੁਭਾਅ ਦੇ ਵਿਅਕਤੀ ਲਈ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਉਹ ਉਸ ਵਿਚ ਨਘੋਚਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ।
ਕਈ ਵਾਰ ਤੁਹਾਡੇ ਵਿੱਚੋਂ ਕੋਈ ਚੰਗਾ ਬੁਲਾਰਾ, ਚੰਗਾ ਗਾਇਕ ਜਾਂ ਚੰਗਾ ਖਿਡਾਰੀ ਵੀ ਹੋ ਸਕਦਾ ਹੈ। ਉਸ ਨੂੰ ਉਤਸ਼ਾਹਤ ਕਰਨ ਨਾਲੋਂ ਨੀਵਾਂ ਦਿਖਾਉਣਾ ਜ਼ਿਆਦਾ ਬਿਹਤਰ ਸਮਝਿਆ ਜਾਂਦਾ ਹੈ।
ਚਾਹੀਦਾ ਤਾਂ ਇਹ ਹੈ ਕਿ ਜੇ ਸਾਨੂੰ ਮਨੁੱਖੀਜਾਮਾ ਮਿਲਿਆ ਹੈ ਤਾਂ ਅਸੀਂ ਕਿਸੇ ਦੇ ਕੀਤੇ ਕੰਮਾਂ ਦੀ ਸ਼ਲਾਘਾ ਕਰੀਏ। ਜੇਕਰ ਨਾਲ ਦੇ ਵਿਅਕਤੀ ਦਾ ਕੋਈ ਵੀ ਗੁਣ ਸਾਡੇ ਮਨ ਨੂੰ ਟੁੰਬਦਾ ਤਾਂ ਉਸ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ ਜਿਸ ਨਾਲ ਸਾਡੇ ਮਨ ਨੂੰ ਸ਼ਾਂਤੀ ਰਹੇਗੀ। ਹਰ ਸਮੇਂ ਦੂਸਰਿਆਂ ਦੀਆਂ ਬੁਰਾਈਆਂ ਕਰਨ ਵਿਚ ਸਮਾਂ ਖ਼ਰਾਬ ਨਹੀਂ ਹੋਵੇਗਾ। ਯਾਦ ਰੱਖਿਓ, ਤੁਹਾਡੇ ਦੁਆਰਾ ਬੋਲੇ ਬੋਲ ਕਿਸੇ ਦੇ ਮਨ ’ਤੇ ਚਿਰ ਸਥਾਈ ਅਸਰ ਰੱਖਦੇ ਹਨ। ਉਹ ਤੁਹਾਡਾ ਚਿਹਰਾ ਤਾਂ ਸਮਾਂ ਪਾ ਕੇ ਭੁੱਲ ਸਕਦਾ ਹੈ ਪਰ ਤੁਹਾਡੇ ਬੋਲ ਕਦੇ ਨਹੀਂ।
ਕਿਸੇ ਨੇ ਸੱਚ ਕਿਹਾ ਕਿ ‘ਬੋਲਾਂ ਦੇ ਫੱਟ ਨਹੀਂ ਮਿਟਦੇ, ਫੱਟ ਮਿਟ ਜਾਂਦੇ ਤਲਵਾਰਾਂ ਦੇ’। ਕਈ ਵਿਅਕਤੀ ਬਹੁਤ ਛੇਤੀ ਕਿਸੇ ਦੀਆਂ ਗੱਲਾਂ ਵਿਚ ਆ ਜਾਂਦੇ ਹਨ। ਨਿੰਦਿਆ-ਚੁਗਲੀ ਕਰਨ ਵਾਲਾ ਵਿਅਕਤੀ ਤੁਹਾਡੇ ਦਿਮਾਗ ਨੂੰ ਆਪਣੇ ਕਬਜ਼ੇ ‘ਚ ਕਰ ਲੈਂਦਾ ਹੈ। ਫਿਰ ਤੁਸੀਂ ਸਿਰਫ਼ ਤੇ ਸਿਰਫ਼ ਉਹੀ ਸੋਚਦੇ ਜਾਂ ਕਰਦੇ ਹੋ ਜੋ ਸਬੰਧਤ ਵਿਅਕਤੀ ਚਾਹੁੰਦਾ ਹੈ ਭਾਵੇਂ ਉਹ ਉੱਥੇ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਧੀਨ ਕੰਮ ਕਰ ਰਿਹਾ ਹੁੰਦਾ ਹੈ ਪ੍ਰੰਤੂ ਤੁਹਾਡੀ ਆਪਣੀ ਸਮਝ ਕੰਮ ਕਰਨਾ ਹੀ ਬੰਦ ਕਰ ਦਿੰਦੀ ਹੈ। ਤੁਸੀਂ ਉਸ ਦੀ ਆਖੀਆਂ ਗੱਲਾਂ ਵਿਚ ਆ ਕੇ ਦੂਸਰੇ ਨੂੰ ਬੁਰਾ-ਭਲਾ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਇਸ ਕਾਰਨ ਚੰਗਾ ਸਹਿਚਾਰ ਕਦੇ ਨਹੀਂ ਬਣਦਾ। ਤੁਹਾਡੇ ਸਾਥ ਸਦੀਵੀ ਨਹੀਂ ਹੁੰਦੇ। ਤੁਹਾਡਾ ਆਪਣੇ ਕੰਮਾਂ ਮੁਤਾਬਕ ਇਕ ਤੋਂ ਦੂਜੇ ਥਾਂ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸ਼ਬਦਾਂ ਦੀ ਚੋਣ ਬਹੁਤ ਧਿਆਨ ਨਾਲ ਕੀਤੀ ਜਾਵੇ। ਤੁਹਾਡੇ ਬੋਲੇ ਮਾੜੇ ਬੋਲਾਂ ਨਾਲ ਕਿਸੇ ਦਾ ਮਨੋਬਲ ਡਿੱਗਦਾ ਹੈ ਜਿਸ ਨਾਲ ਤੁਹਾਡੇ ਮਨ ਵਿਚ ਦੂਸਰੇ ਲਈ ਹਮੇਸ਼ਾ ਵਾਸਤੇ ਕੁੜੱਤਣ ਭਰ ਜਾਂਦੀ ਹੈ। ਕਈ ਕਮਜ਼ੋਰ ਦਿਲ ਵਾਲੇ ਲੋਕ ਦੂਸਰਿਆਂ ਦੀਆਂ ਗੱਲਾਂ ਸੁਣ-ਸੁਣ ਕੇ ਬੁਰੇ ਬਣਨ ਲਈ ਮਜਬੂਰ ਹੋ ਜਾਂਦੇ ਤੇ ਕਈ ਵਾਰ ਮਾਨਸਿਕ ਰੋਗੀ ਵੀ ਬਣ ਜਾਂਦੇ ਹਨ। ਵੈਸੇ ਤਾਂ ਕਹਿੰਦੇ ਨੇ ਕਿ ਭਾਂਡੇ ਵਿਚ ਜੋ ਹੁੰਦਾ ਹੈ, ਉਸ ਵਿੱਚੋਂ ਦੂਸਰੇ ਵਿਚ ਉਹੀ ਪਲਟਿਆ ਜਾਂਦਾ।
ਆਪਾਂ ਆਪਣੀ ਸੋਚ ਨੂੰ ਇੰਨੀ ਸੌੜੀ ਨਾ ਕਰੀਏ ਕਿ ਦੂਸਰਿਆਂ ਦੇ ਚੰਗੇ ਗੁਣ ਜਾਂ ਕੰਮ ਸਾਡੀਆਂ ਅੱਖਾਂ ਨੂੰ ਦਿਸਣੇ ਹੀ ਬੰਦ ਹੋ ਜਾਣ। ਜੇਕਰ ਸਾਡਾ ਕੋਈ ਸਹਿਕਰਮੀ ਕਿਤੇ ਗ਼ਲਤ ਪਾਸੇ ਜਾ ਰਿਹਾ ਹੈ ਤਾਂ ਉਸ ਦੀ ਖਿੱਲੀ ਹੀ ਨਾ ਉਡਾਈ ਜਾਈਏ। ਉਸ ਨੂੰ ਛੱਜ ‘ਚ ਪਾ ਕੇ ਹੀ ਨਾ ਛੱਟੀ ਜਾਈਏ। ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਸਾਨੂੰ ਵੀ ਚੰਗੇ ਕਹਾਉਣ ਦਾ ਕੀ ਹੱਕ ਹੈ? ਬੁਰੇ ਦੀ ਭੰਡੀ ਕਰਨ ਵਾਲਾ ਤਾਂ ਬੁਰੇ ਕੰਮ ਕਰਨ ਵਾਲੇ ਨਾਲੋਂ ਵੀ ਬੁਰਾ ਹੁੰਦਾ ਹੈ।
ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਜੀ ਦੀ ਬਾਣੀ ਸਾਡਾ ਮਾਰਗ-ਦਰਸ਼ਨ ਕਰਦੀ ਹੈ ‘‘ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।। ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ।।’’
ਉਸ ਵੱਲੋਂ ਹਰ ਸਮੇਂ ਦੂਸਰਿਆਂ ਦੀ ਨਿੰਦਿਆ, ਚੁਗਲੀਆਂ ਸੁਣ-ਸੁਣ ਕੇ ਲੋਕ ਅੱਕ ਜਾਂਦੇ ਹਨ। ਹਰ ਸਮੇਂ ਦੂਸਰਿਆਂ ਦੀ ਨਿੰਦਿਆ ਕਰਨ ਵਾਲਿਆਂ ਦੀ ਸਮਾਜਿਕ ਤੌਰ ’ਤੇ ਮੌਤ ਹੋ ਜਾਂਦੀ ਹੈ। ਕਿਸੇ ਦਾ ਮਨ ਨਾ ਦੁਖਾਉਣਾ ਵੀ ਬੰਦਗੀ ਹੈ। ਕਵੀ ਅੱਬੂ ਬਿਨ ਆਦਮ ਅਨੁਸਾਰ ‘ਪਰਮਾਤਮਾ ਉਨ੍ਹਾਂ ਲੋਕਾਂ ਨੂੰ ਪਿਆਰ ਕਰਦਾ ਹੈ ਜੋ ਉਸ ਦੇ ਬਣਾਏ ਲੋਕਾਂ ਨੂੰ ਪਿਆਰ ਕਰਦੇ ਹਨ।’ ਅਸੀਂ ਸੱਚੀਂ ਚੰਗੇ ਬਣੀਏ, ਨਾ ਕਿ ਹਰ ਸਮੇਂ ਕੇਵਲ ਚੰਗੇ ਹੋਣ ਦਾ ਦਿਖਾਵਾ ਹੀ ਕਰਦੇ ਰਹੀਏ। ਲਿਫ਼ਾਫ਼ੇਬਾਜ਼ੀ ਦਾ ਕੋਈ ਲਾਭ ਨਹੀਂ। ਨਿੱਜ ਨੂੰ ਪਿਆਰ ਕਰੀਏ, ਪ੍ਰੰਤੂ ਦੂਸਰਿਆਂ ਦੀਆਂ ਭਾਵਨਾਵਾਂ ਦਾ ਵੀ ਖ਼ਿਆਲ ਰੱਖੀਏ। ਨਹੀਂ ਤਾਂ ਪੜ੍ਹੇ-ਲਿਖੇ ਹੋਣ ਦਾ ਕੀ ਫ਼ਾਇਦਾ? ਜੇ ਸਾਡਾ ਵਤੀਰਾ ਚੰਗਾ ਹੋਵੇ ਤਾਂ ਇਹ ਹੋਰਾਂ ਲਈ ਇਕ ਖ਼ੂਬਸੂਰਤ ਅਹਿਸਾਸ ਹੁੰਦਾ ਹੈ। ਵੈਸੇ ਵੀ ਹੱਸ ਕੇ ਸੱਜਣ ਛੋੜੀਏ ਫਿਰ ਵੀ ਆਵੇ ਕੰਮ...।
-ਸਿਮਰਜੀਤ ਸਿੰਮੀ
-ਮੋਬਾਈਲ : 94176-71091