- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਦੇ ਹੱਥਾਂ ਦੀ ਰੋਟੀ ’ਚ ਸਿਰਫ਼ ਆਟਾ ਤੇ ਸਬਜ਼ੀ ਨਹੀਂ ਹੁੰਦੀ, ਉਸ ’ਚ ਮਾਂ ਦਾ ਪਿਆਰ, ਫ਼ਿਕਰ ਅਤੇ ਦੁਆਵਾਂ ਵੀ ਹੁੰਦੀਆਂ ਹਨ। ਜਦੋਂ ਕਿਤੇ ਚਾਰ ਦਿਨਾਂ ਦੀ ਛੁੱਟੀ ਕੱਟਣ ਘਰ ਜਾਣ ਦਾ ਮੌਕਾ ਮਿਲਦਾ ਹੈ, ਤਾਂ ਦਿਲ ’ਚ ਵੱਖਰੀ ਹੀ ਖ਼ੁਸ਼ੀ ਹੁੰਦੀ ਹੈ। ਬੱਸ ਇਹੀ ਸੋਚਦੇ ਹਾਂ ਕਿ ਘਰ ਜਾ ਕੇ ਮੰਮੀ ਦੇ ਹੱਥ ਦੀ ਰੋਟੀ ਖਾਵਾਂਗੇ, ਪਾਪਾ ਨਾਲ ਬੈਠ ਕੇ ਗੱਲਾਂ ਕਰਾਂਗੇ। ਘਰ ਪਹੁੰਚਦਿਆਂ ਹੀ ਮਾਂ ਦਾ ਇਹ ਪੁੱਛਣਾ ਕਿ ‘ਪੁੱਤ, ਰੋਟੀ ਖਾਧੀ?’ ਦਿਲ ਨੂੰ ਅਜਿਹਾ ਸਕੂਨ ਦਿੰਦਾ ਹੈ, ਜਿਸ ਦੀ ਕੀਮਤ ਦੁਨੀਆ ਦੀ ਕੋਈ ਵੀ ਦੌਲਤ ਨਹੀਂ ਦੇ ਸਕਦੀ।

ਅਕਸਰ ਹੀ ਅਸੀਂ ਇਹ ਸੋਚ ਲੈਂਦੇ ਹਾਂ ਕਿ ਜਦੋਂ ਵੀ ਅਸੀਂ ਮਾਪਿਆਂ ਤੋਂ ਦੂਰ ਰਹਿਣ ਲੱਗ ਜਾਵਾਂਗੇ, ਫਿਰ ਸਾਨੂੰ ਆਜ਼ਾਦੀ ਮਿਲ ਜਾਵੇਗੀ। ਭਾਵੇਂ ਉਹ ਪੜ੍ਹਾਈ ਕਰ ਕੇ ਮਿਲੇ ਜਾਂ ਨੌਕਰੀ ਕਰ ਕੇ ਪਰ ਮਾਪਿਆਂ ਦੀਆਂ ਝਿੜਕਾਂ ਪਿੱਛੇ ਲੁਕੀ ਹੋਈ ਫ਼ਿਕਰ ਉਸ ਸਮੇਂ ਨਜ਼ਰ ਨਹੀਂ ਆਉਂਦੀ। ਘਰੋਂ ਬਾਹਰ ਨਿਕਲ ਕੇ ਪਤਾ ਲੱਗਦਾ ਹੈ ਕਿ ਜ਼ਿੰਦਗੀ ਸਿਰਫ਼ ਆਪਣੀ ਮਰਜ਼ੀ ਨਾਲ ਜਿਊਣ ਦਾ ਨਾਂ ਨਹੀਂ, ਸਗੋਂ ਹਰ ਹਾਲਾਤ ਨਾਲ ਸਮਝੌਤਾ ਕਰਨ ਦਾ ਨਾਂ ਵੀ ਹੈ। ਇੱਥੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਲੋਕ ਮਿਲਦੇ ਹਨ ਪਰ ਘਰ ਵਰਗਾ ਸਕੂਨ ਕਿਤੇ ਨਹੀਂ ਮਿਲਦਾ। ਘਰ ’ਚ ਤਾਂ ਬਿਨਾਂ ਕੁਝ ਕਹੇ ਵੀ ਕੋਈ ਸਾਡਾ ਚਿਹਰਾ ਪੜ੍ਹ ਲੈਂਦਾ ਹੈ ਪਰ ਬਾਹਰ ਆਪਣਾ ਦਰਦ ਦੱਸਣ ਲਈ ਵੀ ਸ਼ਬਦ ਲੱਭਣੇ ਪੈਂਦੇ ਹਨ। ਬਹੁਤ ਸਾਰੇ ਕੰਮ ਮਨ ਨਾ ਹੋਣ ’ਤੇ ਵੀ ਕਰਨੇ ਪੈਂਦੇ ਹਨ। ਕਈ ਵਾਰ ਅੰਦਰੋਂ-ਅੰਦਰੀਂ ਦੁਖੀ ਹੋਣ ਦੇ ਬਾਵਜੂਦ ਮਾਪਿਆਂ ਸਾਹਮਣੇ ਹੱਸ ਕੇ ਗੱਲ ਕਰਨੀ ਪੈਂਦੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੁੰਦੀ ਹੈ ਕਿ ਜਦੋਂ ਅਸੀਂ ਬਿਮਾਰ ਹੋ ਜਾਂਦੇ ਹਾਂ, ਤਾਂ ਆਪਣਾ ਖ਼ਿਆਲ ਵੀ ਆਪ ਹੀ ਰੱਖਣਾ ਪੈਂਦਾ ਹੈ। ਮਾਂ ਦੇ ਹੱਥਾਂ ਦੀ ਰੋਟੀ ’ਚ ਸਿਰਫ਼ ਆਟਾ ਤੇ ਸਬਜ਼ੀ ਨਹੀਂ ਹੁੰਦੀ, ਉਸ ’ਚ ਮਾਂ ਦਾ ਪਿਆਰ, ਫ਼ਿਕਰ ਅਤੇ ਦੁਆਵਾਂ ਵੀ ਹੁੰਦੀਆਂ ਹਨ। ਜਦੋਂ ਕਿਤੇ ਚਾਰ ਦਿਨਾਂ ਦੀ ਛੁੱਟੀ ਕੱਟਣ ਘਰ ਜਾਣ ਦਾ ਮੌਕਾ ਮਿਲਦਾ ਹੈ, ਤਾਂ ਦਿਲ ’ਚ ਵੱਖਰੀ ਹੀ ਖ਼ੁਸ਼ੀ ਹੁੰਦੀ ਹੈ। ਬੱਸ ਇਹੀ ਸੋਚਦੇ ਹਾਂ ਕਿ ਘਰ ਜਾ ਕੇ ਮੰਮੀ ਦੇ ਹੱਥ ਦੀ ਰੋਟੀ ਖਾਵਾਂਗੇ, ਪਾਪਾ ਨਾਲ ਬੈਠ ਕੇ ਗੱਲਾਂ ਕਰਾਂਗੇ। ਘਰ ਪਹੁੰਚਦਿਆਂ ਹੀ ਮਾਂ ਦਾ ਇਹ ਪੁੱਛਣਾ ਕਿ ‘ਪੁੱਤ, ਰੋਟੀ ਖਾਧੀ?’ ਦਿਲ ਨੂੰ ਅਜਿਹਾ ਸਕੂਨ ਦਿੰਦਾ ਹੈ, ਜਿਸ ਦੀ ਕੀਮਤ ਦੁਨੀਆ ਦੀ ਕੋਈ ਵੀ ਦੌਲਤ ਨਹੀਂ ਦੇ ਸਕਦੀ। ਕਈ ਵਾਰ ਤਾਂ ਘਰੋਂ ਵਾਪਸ ਆਉਣ ਦਾ ਸਮਾਂ ਹੋਣ ’ਤੇ ਦਿਲ ਕਰਦਾ ਹੈ ਕਿ ਕਾਸ਼, ਇਹ ਛੁੱਟੀਆਂ ਕਦੇ ਖ਼ਤਮ ਹੀ ਨਾ ਹੋਣ। ਮਾਂ ਭਾਵੇਂ ਹੱਸ ਕੇ ਵਿਦਾ ਕਰ ਦਿੰਦੀ ਹੈ, ਪਰ ਉਸ ਦੀਆਂ ਅੱਖਾਂ ਵਿਚਲੀ ਨਮੀ ਬਹੁਤ ਕੁਝ ਕਹਿ ਜਾਂਦੀ ਹੈ। ਘਰੋਂ ਦੂਰ ਰਹਿਣਾ ਸਾਨੂੰ ਸਿਰਫ਼ ਆਪਣੇ ਕੰਮ ਆਪ ਕਰਨਾ ਹੀ ਨਹੀਂ ਸਿਖਾਉਂਦਾ, ਸਗੋਂ ਰਿਸ਼ਤਿਆਂ ਦੀ ਅਸਲ ਕੀਮਤ ਵੀ ਸਮਝਾਉਂਦਾ ਹੈ। ਕੁਝ ਦਰਦ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ। ਕੁਝ ਰਾਤਾਂ ਅਜਿਹੀਆਂ ਹੁੰਦੀਆਂ ਹਨ, ਜਦੋਂ ਨੀਂਦ ਤਾਂ ਆਉਂਦੀ ਹੈ, ਪਰ ਮਨ ਘਰ ਦੀਆਂ ਯਾਦਾਂ ’ਚ ਉਲਝਿਆ ਰਹਿੰਦਾ ਹੈ। ਕਦੇ-ਕਦੇ ਸੋਚਦੀ ਹਾਂ ਕਿ ਅਸੀਂ ਵੱਡੇ ਹੋਣ ਦੀ ਇੰਨੀ ਜਲਦੀ ਕਿਉਂ ਕਰਦੇ ਹਾਂ? ਬਚਪਨ ’ਚ ਲੱਗਦਾ ਸੀ ਕਿ ਵੱਡੇ ਹੋ ਕੇ ਆਪਣੀ ਮਰਜ਼ੀ ਦੀ ਜ਼ਿੰਦਗੀ ਜੀਵਾਂਗੇ ਪਰ ਵੱਡੇ ਹੋ ਕੇ ਪਤਾ ਲੱਗਦਾ ਹੈ ਕਿ ਆਪਣੀ ਮਰਜ਼ੀ ਨਾਲ ਜੀਣ ਦੇ ਚੱਕਰ ’ਚ ਅਸੀਂ ਕਿੰਨੀਆਂ ਮਜਬੂਰੀਆਂ ਨੂੰ ਆਪਣਾ ਸਾਥੀ ਬਣਾ ਲੈਂਦੇ ਹਾਂ। ਸੱਚ ਤਾਂ ਇਹ ਹੈ ਕਿ ਘਰੋਂ ਬਾਹਰ ਆ ਕੇ ਇਨਸਾਨ ਸਿਰਫ਼ ਸਿਆਣਾ ਹੀ ਨਹੀਂ ਹੁੰਦਾ, ਸਗੋਂ ਅੰਦਰੋਂ ਬਹੁਤ ਕੁਝ ਸਹਿਣਾ ਵੀ ਸਿੱਖ ਜਾਂਦਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ, ਬੰਦਾ ਬਾਹਰ ਨਿਕਲ ਕੇ ਹੀ ਸਿਆਣਾ ਹੁੰਦਾ ਹੈ ਪਰ ਇਹ ਸਿਆਣਪ ਅਕਸਰ ਕਈ ਅਣਕਹੇ ਦਰਦਾਂ ਦੀ ਕੀਮਤ 'ਤੇ ਮਿਲਦੀ ਹੈ।
-ਜੋਤੀ ਲਾਇਬ੍ਰੇਰੀਅਨ, ਬਾਘਾ ਪੁਰਾਣਾ।