- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਨੀ ਸੌ ਨੱਬੇ ਤੋਂ ਪਹਿਲਾਂ ਦੀ ਪੀੜ੍ਹੀ ਨੂੰ ਯਾਦ ਹੋਵੇਗਾ ਕਿ ਘਰ ’ਚ ਇਕੋ ਦੂਰਦਰਸ਼ਨ ਹੁੰਦਾ ਸੀ। ਪ੍ਰਸਾਰਣ ਵੀ ਸੀਮਤ ਹੁੰਦਾ ਸੀ। ਇਕ ਚਿੱਤਰਹਾਰ, ਹਫ਼ਤੇ ਵਿਚ ਇਕ ਫ਼ਿਲਮ, ਰਾਤ ਦੀਆਂ ਖ਼ਬਰਾਂ ਤੇ ਵਿਚਕਾਰ-ਵਿਚਕਾਰ ਸਕਰੀਨ ’ਤੇ ਲਿਖਿਆ ਆ ਜਾਂਦਾ ਸੀ-‘ਰੁਕਾਵਟ ਲਈ ਖੇਦ ਹੈ।‘ ਅੱਜ ਲੱਗਦਾ ਹੈ ਕਿ ਉਦੋਂ ਰੁਕਾਵਟ ਪ੍ਰਸਾਰਣ ’ਚ ਸੀ ਤੇ ਹੁਣ ਰੁਕਾਵਟ ਸਾਡੀ ਸੋਚ ’ਚ ਹੈ।

ਗੋਵਰਧਨ ਗੱਬੀ
ਹਾਲ ਹੀ ’ਚ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਦੌਰਾਨ ਝੜਪਾਂ ਹੋਈਆਂ। ਪੁਲਿਸ ਵਾਲੇ ਵੀ ਜ਼ਖ਼ਮੀ ਹੋਏ। ਵਿਦਿਆਰਥੀ ਵੀ ਜ਼ਖ਼ਮੀ ਹੋਏ। ਇਸੇ ਦੋਰਾਨ ਇਕ ਬੇਨਾਮ ਜ਼ਖ਼ਮੀ ਵਿਦਿਆਰਥਣ ਦੀ ਤਸਵੀਰ ਕਿਸੇ ਨੇ ਚੁੱਕੀ, ਸੋਸ਼ਲ ਮੀਡੀਆ ਉੱਪਰ ਪਾਈ ’ਤੇ ਲਿਖ ਦਿੱਤਾ ਕਿ ਉਹ ਮਰ ਗਈ ਹੈ। ਕੁਝ ਮਿੰਟਾਂ ’ਚ ਸਣੇ ਬੁੱਧੀਜਿਵੀਆਂ, ਸਾਹਿਤਕਾਰਾਂ, ਪੱਤਰਕਾਰਾਂ ਤੇ ਹਜ਼ਾਰਾਂ ਲੋਕਾਂ ਨੇ ਉਹੀ ਪੋਸਟ ਆਪਣੇ ਆਪਣੇ ਸੋਸ਼ਲ ਮੀਡੀਆ ਉੱਪਰ ਰੀਪੋਸਟ ਕਰ ਦਿੱਤੀ। ਕਿਸੇ ਨੇ ਇਹ ਨਹੀਂ ਪੁੱਛਿਆ ਕਿ ਇਹ ਖ਼ਬਰ ਕਿਸ ਨੇ ਦਿੱਤੀ ਹੈ। ਕਿਸੇ ਨੇ ਇਹ ਨਹੀਂ ਸੋਚਿਆ ਕਿ ਜੇ ਇਹ ਝੂਠ ਹੋਈ ਤਾਂ ਉਸ ਕੁੜੀ ਦੇ ਮਾਪਿਆਂ ਉੱਤੇ ਕੀ ਬੀਤੇਗੀ। ਬਾਅਦ ’ਚ ਉਹ ਖ਼ਬਰ ਸੱਚਮੁੱਚ ਝੂਠੀ ਸਾਬਤ ਹੋ ਗਈ ਪਰ ਉਹ ਕਹਿੰਦੇ ਹਨ ਕਿ ਸ਼ਰਮ ਹੈ ਕਿ ਹਮੇਂ ਆਤੀ ਨਹੀਂ। ਕਈ ਵਾਰ ਮੈਂ ਸੋਚਦਾ ਹਾਂ ਕਿ ਅਸੀਂ ਸੱਚਮੁੱਚ ਤਰੱਕੀ ਕੀਤੀ ਹੈ ਜਾਂ ਸਿਰਫ਼ ਮਸ਼ੀਨਾਂ ਨੂੰ ਤੇਜ਼ ਕਰ ਲਿਆ ਹੈ? ਕੀ ਅਸੀਂ ਆਧੁਨਿਕ ਹੋਏ ਹਾਂ ਜਾਂ ਸਿਰਫ਼ ਅਧੀਰ? ਕੀ ਅਸੀਂ ਜਾਣਕਾਰੀ ਦੇ ਯੁੱਗ ’ਚ ਦਾਖ਼ਲ ਹੋਏ ਹਾਂ ਜਾਂ ਅਫ਼ਵਾਹਾਂ ਦੇ ਜੰਗਲ ’ਚ? ਇਹ ਸਵਾਲ ਇਸ ਲਈ ਮਨ ’ਚ ਉੱਠਦੇ ਹਨ ਕਿਉਂਕਿ ਮੈਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਖ਼ਬਰਾਂ ਦਾ ਇੰਤਜ਼ਾਰ ਕੀਤਾ ਜਾਂਦਾ ਸੀ ਤੇ ਅੱਜ ਦਾ ਸਮਾਂ ਵੀ ਦੇਖ ਰਿਹਾ ਹਾਂ ਜਦੋਂ ਖ਼ਬਰਾਂ ਇਨਸਾਨ ਦਾ ਇੰਤਜ਼ਾਰ ਨਹੀਂ ਕਰਦੀਆਂ ਸਗੋਂ ਉਸ ਦੇ ਮੋਬਾਈਲ ’ਤੇ ਹਮਲਾ ਕਰ ਦਿੰਦੀਆਂ ਹਨ।
ਉੱਨੀ ਸੌ ਨੱਬੇ ਤੋਂ ਪਹਿਲਾਂ ਦੀ ਪੀੜ੍ਹੀ ਨੂੰ ਯਾਦ ਹੋਵੇਗਾ ਕਿ ਘਰ ’ਚ ਇਕੋ ਦੂਰਦਰਸ਼ਨ ਹੁੰਦਾ ਸੀ। ਪ੍ਰਸਾਰਣ ਵੀ ਸੀਮਤ ਹੁੰਦਾ ਸੀ। ਇਕ ਚਿੱਤਰਹਾਰ, ਹਫ਼ਤੇ ਵਿਚ ਇਕ ਫ਼ਿਲਮ, ਰਾਤ ਦੀਆਂ ਖ਼ਬਰਾਂ ਤੇ ਵਿਚਕਾਰ-ਵਿਚਕਾਰ ਸਕਰੀਨ ’ਤੇ ਲਿਖਿਆ ਆ ਜਾਂਦਾ ਸੀ-‘ਰੁਕਾਵਟ ਲਈ ਖੇਦ ਹੈ।‘ ਅੱਜ ਲੱਗਦਾ ਹੈ ਕਿ ਉਦੋਂ ਰੁਕਾਵਟ ਪ੍ਰਸਾਰਣ ’ਚ ਸੀ ਤੇ ਹੁਣ ਰੁਕਾਵਟ ਸਾਡੀ ਸੋਚ ’ਚ ਹੈ। ਉਹ ਸਮਾਂ ਅਜਿਹਾ ਸੀ ਜਦੋਂ ਟੈਲੀਫ਼ੋਨ ਹਰ ਘਰ ’ਚ ਨਹੀਂ ਹੁੰਦਾ ਸੀ, ਜਿਸ ਘਰ ’ਚ ਲੈਂਡਲਾਈਨ ਟੈਲੀਫ਼ੋਨ ਲੱਗਿਆ ਹੁੰਦਾ ਸੀ ਤਾਂ ਲੋਕ ਉਸ ਘਰ ਦਾ ਪਤਾ ਵੀ ਫ਼ੋਨ ਦੇ ਹਵਾਲੇ ਨਾਲ ਦੱਸਦੇ ਸਨ।
ਅੱਜ ਵੀ ਮੈਨੂੰ ਆਪਣਾ ਉਹ ਸਮਾਂ ਯਾਦ ਹੈ। 1990 ’ਚ ਜਦੋਂ ਅਸੀਂ ਚੰਡੀਗੜ੍ਹ ’ਚ ਆਪਣਾ ਕੋਚਿੰਗ ਸੈਂਟਰ ਸ਼ੁਰੂ ਕੀਤਾ ਤਾਂ ਮਹੀਨਿਆਂ ਤੱਕ ਬਿਨਾਂ ਫ਼ੋਨ ਦੇ ਕੰਮ ਚਲਾਇਆ। ਫਿਰ ਇਕ ਮੰਤਰੀ ਦੇ ਕੋਟੇ ’ਚੋਂ ਪੰਦਰਾਂ ਹਜ਼ਾਰ ਰੁਪਏ ਰਿਸ਼ਵਤ ਦੇ ਕੇ ਲੈਂਡਲਾਈਨ ਟੈਲੀਫ਼ੋਨ ਲਗਵਾਉਣਾ ਪਿਆ ਸੀ। ਅੱਜ ਇਹ ਗੱਲ ਨੌਜਵਾਨਾਂ ਨੂੰ ਕਿਸੇ ਨਾਵਲ ਦਾ ਹਿੱਸਾ ਲੱਗ ਸਕਦੀ ਹੈ ਪਰ ਉਹ ਸਾਡੀ ਹਕੀਕਤ ਸੀ। ਫਿਰ ਸਮਾਂ ਦੌੜਿਆ। ਸੈਟੇਲਾਈਟ ਚੈਨਲ ਆਏ। ਪੇਜਰ ਆਏ ਤੇ ਇਤਿਹਾਸ ਬਣ ਗਏ। ਮੋਬਾਈਲ ਆਏ। ਸਮਾਰਟਫ਼ੋਨ ਆਏ। ਇੰਟਰਨੈੱਟ ਆਇਆ। ਫਿਰ ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਯੂਟਿਊਬ, ਐਕਸ ਤੇ ਹੁਣ ਆਰਟੀਫ਼ੀਸ਼ੀਅਲ ਇੰਟੈਲੀਜੈਂਸ। ਦੁਨੀਆ ਸੱਚਮੁੱਚ ਮੁੱਠੀ ’ਚ ਆ ਗਈ ਪਰ ਇਕ ਸਵਾਲ ਅਜੇ ਵੀ ਮੇਰੇ ਸਾਹਮਣੇ ਖੜ੍ਹਾ ਹੈ ਕਿ ਕੀ ਮੁੱਠੀ ’ਚ ਆਈ ਦੁਨੀਆ ਨਾਲ ਦਿਮਾਗ਼ ਵੀ ਵੱਡਾ ਹੋਇਆ ਹੈ? ਅੱਜ ਹਰ ਹੱਥ ’ਚ ਕੈਮਰਾ ਹੈ। ਹਰ ਜੇਬ ’ਚ ਸਟੂਡੀਓ ਹੈ। ਹਰ ਵਿਅਕਤੀ ਆਪਣੇ ਆਪ ਨੂੰ ਪੱਤਰਕਾਰ ਸਮਝਦਾ ਹੈ। ਨਾ ਕੋਈ ਸੰਪਾਦਕ, ਨਾ ਕੋਈ ਤੱਥਾਂ ਦੀ ਜਾਂਚ, ਨਾ ਕੋਈ ਨੈਤਿਕ ਜ਼ਿੰਮੇਵਾਰੀ। ਜਿਸ ਨੇ ਸਭ ਤੋਂ ਪਹਿਲਾਂ ਪੋਸਟ ਕਰ ਦਿੱਤੀ ਉਹੀ ‘ਵੱਡਾ ਪੱਤਰਕਾਰ’ ਬਣ ਗਿਆ। ਹੁਣ ਖ਼ਬਰਾਂ ਨਹੀਂ ਵਿਕਦੀਆਂ ਸਗੋਂ ਸਨਸਨੀ ਵਿਕਦੀ ਹੈ। ਸੱਚ ਨਹੀਂ ਵਿਕਦਾ ਸਗੋਂ ਸਿਰਲੇਖ ਵਿਕਦਾ ਹੈ। ਤੱਥ ਨਹੀਂ ਵਿਕਦੇ ਸਗੋਂ ਥੰਬਨੇਲ ਵਿਕਦੇ ਹਨ ਤੇ ਇਸ ਸਾਰੇ ਖੇਡ ’ਚ ਸਭ ਤੋਂ ਸਸਤੀ ਚੀਜ਼ ਬਣ ਗਿਆ ਹੈ-ਇਨਸਾਨ।
ਅੱਜ ਜੇ ਕੋਈ ਫ਼ਿਲਮੀ ਕਲਾਕਾਰ ਹਸਪਤਾਲ ’ਚ ਦਾਖ਼ਲ ਹੋ ਜਾਵੇ ਤਾਂ ਕੁਝ ਲੋਕ ਉਸ ਦੇ ਠੀਕ ਹੋਣ ਦੀ ਦੁਆ ਨਹੀਂ ਕਰਦੇ ਸਗੋਂ ਉਸ ਦੀ ਮੌਤ ਦੀ ਪੋਸਟ ਤਿਆਰ ਰੱਖਦੇ ਹਨ। ਕਿਉਂਕਿ ਉਹ ਜਾਣਦੇ ਹਨ ਕਿ ‘ਬ੍ਰੇਕਿੰਗ ਨਿਊਜ਼’ ਨਾਲ ਵਿਊਜ਼ ਆਉਣਗੇ, ਵਿਊਜ਼ ਨਾਲ ਪੈਸੇ ਆਉਣਗੇ। ਧਰਮਿੰਦਰ ਨੂੰ ਕਈ ਵਾਰ ਸੋਸ਼ਲ ਮੀਡੀਆ ਨੇ ‘ਮਾਰ’ ਦਿੱਤਾ। ਲਤਾ ਮੰਗੇਸ਼ਕਰ ਬਾਰੇ ਕਈ ਵਾਰ ਝੂਠੀਆਂ ਖ਼ਬਰਾਂ ਫੈਲੀਆਂ। ਕਈ ਹੋਰ ਕਲਾਕਾਰਾਂ ਨਾਲ ਵੀ ਇਹੀ ਹੋਇਆ। ਕਈ ਵਾਰ ਤਾਂ ਪਰਿਵਾਰ ਨੂੰ ਲੋਕ ਫ਼ੋਨ ਕਰਕੇ ਪੁੱਛਦੇ ਹਨ ਕਿ ਸਾਨੂੰ ਬਹੁਤ ਦੁੱਖ ਹੋਇਆ...ਤੇ ਉੱਧਰੋਂ ਜਵਾਬ ਆਉਂਦਾ ਹੈ ਕਿ ਦੁੱਖ ਕਿਸ ਗੱਲ ਦਾ? ਉਹ ਤਾਂ ਸਾਡੇ ਸਾਹਮਣੇ ਬੈਠੇ ਚਾਹ ਪੀ ਰਹੇ ਹਨ।’ ਇਸ ਤੋਂ ਵੱਡੀ ਬੇਹਿਸੀ ਹੋਰ ਕੀ ਹੋ ਸਕਦੀ ਹੈ?
ਅੱਜ ਸਾਡੀ ਸਭ ਤੋਂ ਵੱਡੀ ਸਮੱਸਿਆ ਅਗਿਆਨਤਾ ਨਹੀਂ ਸਗੋਂ ਅਧੂਰੀ ਜਾਣਕਾਰੀ 'ਤੇ ਪੂਰਾ ਯਕੀਨ ਹੈ। ਵ੍ਹਟਸਐਪ ’ਤੇ ਕੋਈ ਵੀ ਸੁਨੇਹਾ ਆ ਜਾਵੇ ਤਾਂ ਅਸੀਂ ਉਸ ਨੂੰ ਵੇਦਾਂ ਦੀ ਰਿਚਾ ਸਮਝ ਕੇ ਅੱਗੇ ਭੇਜ ਦਿੰਦੇ ਹਾਂ। ਕੋਈ ਵੀ ਵੀਡੀਓ ਆ ਜਾਵੇ ਤਾਂ ਅਸੀਂ ਇਹ ਨਹੀਂ ਦੇਖਦੇ ਕਿ ਉਹ ਕਦੋਂ ਦੀ ਹੈ, ਕਿੱਥੇ ਦੀ ਹੈ, ਕਿਸ ਸੰਦਰਭ ਦੀ ਹੈ। ਸਿਰਫ਼ ਇਕ ਉਂਗਲ ਹਿਲਦੀ ਹੈ ਤੇ ਝੂਠ ਹਜ਼ਾਰਾਂ ਘਰਾਂ ਤੱਕ ਪਹੁੰਚ ਜਾਂਦਾ ਹੈ। ਸੋਚੋ, ਜੇ ਕੋਈ ਤੁਹਾਡੇ ਆਪਣੇ ਬਾਰੇ ਝੂਠੀ ਖ਼ਬਰ ਫੈਲਾ ਦੇਵੇ ਤਾਂ ਤੁਹਾਨੂੰ ਕਿਵੇਂ ਲੱਗੇਗਾ? ਅਸੀਂ ਅਕਸਰ ਕਹਿੰਦੇ ਹਾਂ ਕਿ ਕਲਮ ਦੀ ਸਿਆਹੀ ਪਵਿੱਤਰ ਹੁੰਦੀ ਹੈ ਪਰ ਅੱਜ ਕੀ-ਬੋਰਡ ਦੀਆਂ ਉਂਗਲਾਂ ਵੀ ਉੰਨੀਆਂ ਹੀ ਜ਼ਿੰਮੇਵਾਰ ਹਨ। ਇਕ ਗ਼ਲਤ ਪੋਸਟ ਕਈ ਵਾਰ ਗੋਲੀ ਨਾਲੋਂ ਵੀ ਵੱਧ ਨੁਕਸਾਨ ਕਰ ਜਾਂਦੀ ਹੈ। ਗੋਲੀ ਇਕ ਸਰੀਰ ਨੂੰ ਜ਼ਖ਼ਮੀ ਕਰਦੀ ਹੈ ਤੇ ਝੂਠੀ ਖ਼ਬਰ ਹਜ਼ਾਰਾਂ ਦਿਮਾਗਾਂ ਨੂੰ। ਸਭ ਤੋਂ ਵੱਡਾ ਦੁੱਖ ਇਹ ਨਹੀਂ ਕਿ ਝੂਠ ਬੋਲਣ ਵਾਲੇ ਵਧ ਗਏ ਹਨ। ਸਭ ਤੋਂ ਵੱਡਾ ਦੁੱਖ ਇਹ ਹੈ ਕਿ ਝੂਠ ਨੂੰ ਬਿਨਾਂ ਪੁੱਛੇ ਅੱਗੇ ਭੇਜਣ ਵਾਲੇ ਲੱਖਾਂ ਹੋ ਗਏ ਹਨ। ਅੱਜ ਪੜ੍ਹਨ ਦੀ ਆਦਤ ਘਟ ਗਈ ਹੈ। ਸਿਰਲੇਖ ਪੜ੍ਹ ਕੇ ਹੀ ਲੋਕ ਫ਼ੈਸਲੇ ਕਰ ਲੈਂਦੇ ਹਨ। ਵੀਡੀਓ ਦੇਖੇ ਬਿਨਾਂ ਹੀ ਟਿੱਪਣੀ ਕਰ ਦਿੰਦੇ ਹਨ। ਲੇਖ ਸਮਝੇ ਬਿਨਾਂ ਹੀ ਬਹਿਸ ਛੇੜ ਦਿੰਦੇ ਹਨ। ਜਿਵੇਂ ਸੱਚ ਦੀ ਨਹੀਂ ਸਗੋਂ ਰਾਏ ਦੀ ਕੀਮਤ ਰਹਿ ਗਈ ਹੋਵੇ। ਤਕਨਾਲੋਜੀ ਦੋਸ਼ੀ ਨਹੀਂ ਹੈ। ਦੋਸ਼ੀ ਉਸਦੀ ਗ਼ਲਤ ਵਰਤੋਂ ਹੈ। ਛੁਰੀ ਨਾਲ ਫਲ ਵੀ ਵੱਢੇ ਜਾਂਦੇ ਹਨ ਤੇ ਕਤਲ ਵੀ ਹੋ ਜਾਂਦੇ ਹਨ। ਕਸੂਰ ਛੁਰੀ ਦਾ ਨਹੀਂ ਸਗੋਂ ਹੱਥ ਤੇ ਉਸ ਨੂੰ ਵਰਤਣ ਵਾਲੀ ਸੋਚ ਦਾ ਹੈ। ਇਸੇ ਤਰ੍ਹਾਂ ਮੋਬਾਈਲ ਵੀ ਵਰਦਾਨ ਹੈ ਪਰ ਜੇ ਉਹ ਸੱਚ ਦੀ ਥਾਂ ਝੂਠ ਵੰਡਣ ਲੱਗ ਪਏ ਤਾਂ ਉਹ ਵਰਦਾਨ ਨਹੀਂ ਰਹਿੰਦਾ। ਮੈਂ ਤਕਨਾਲੋਜੀ ਦੇ ਵਿਰੁੱਧ ਨਹੀਂ ਹਾਂ। ਮੈਂ ਤਾਂ ਖ਼ੁਦ ਮੰਨਦਾ ਹਾਂ ਕਿ ਇਸ ਨੇ ਜ਼ਿੰਦਗੀ ਆਸਾਨ ਬਣਾਈ ਹੈ ਪਰ ਆਸਾਨ ਜ਼ਿੰਦਗੀ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਅਕਲ ਵੀ ਮੋਬਾਈਲ ਦੇ ਹਵਾਲੇ ਕਰ ਦਈਏ। ਯਾਦ ਰੱਖੋ ਕਿ ਹਰ ਵਾਇਰਲ ਖ਼ਬਰ ਸੱਚ ਨਹੀਂ ਹੁੰਦੀ। ਹਰ ਚਮਕਦਾ ਸਿਰਲੇਖ ਸੱਚ ਨਹੀਂ ਹੁੰਦਾ। ਹਰ ਲੱਖਾਂ ਵਿਊਜ਼ ਵਾਲੀ ਵੀਡੀਓ ਇਮਾਨਦਾਰ ਨਹੀਂ ਹੁੰਦੀ ਤੇ ਅੰਤ ਵਿੱਚ ਇਹੀ ਕਹਾਂਗਾ ਕਿ ਇਨਸਾਨ ਦੀ ਮੌਤ ਤੋਂ ਪਹਿਲਾਂ ਉਸ ਨੂੰ ਮਾਰ ਦੇਣਾ, ਪੱਤਰਕਾਰੀ ਨਹੀਂ ਸਗੋਂ ਇਨਸਾਨੀਅਤ ਦਾ ਕਤਲ ਹੈ। ਕਿਸੇ ਦੀ ਬਿਮਾਰੀ ਨੂੰ ਆਪਣੇ ਵਿਊਜ਼ ਦੀ ਪੌੜੀ ਬਣਾ ਲੈਣਾ, ਇਹ ਆਧੁਨਿਕਤਾ ਨਹੀਂ ਸਗੋਂ ਰੂਹ ਦੀ ਗਰੀਬੀ ਹੈ।
ਅਗਲੀ ਵਾਰ ਜਦੋਂ ਤੁਹਾਡੇ ਮੋਬਾਈਲ 'ਤੇ ਕਿਸੇ ਦੀ ਮੌਤ, ਕਿਸੇ ਹਾਦਸੇ ਜਾਂ ਕਿਸੇ ਸਨਸਨੀਖੇਜ਼ ਘਟਨਾ ਦੀ ਖ਼ਬਰ ਆਵੇ, ਤਾਂ ਸਿਰਫ਼ ਇੱਕ ਮਿੰਟ ਰੁਕ ਜਾਇਓ। ਆਪਣੇ ਆਪ ਨੂੰ ਇੱਕ ਸਵਾਲ ਪੁੱਛਿਉ ਕਿ ਜੇ ਇਹ ਖ਼ਬਰ ਮੇਰੇ ਪਿਤਾ, ਮੇਰੀ ਮਾਂ, ਮੇਰੇ ਭਰਾ ਜਾਂ ਮੇਰੇ ਬੱਚੇ ਬਾਰੇ ਹੁੰਦੀ ਤਾਂ ਕੀ ਮੈਂ ਚਾਹੁੰਦਾ ਕਿ ਲੋਕ ਬਿਨਾਂ ਸੱਚ ਜਾਣੇ ਇਸਨੂੰ ਅੱਗੇ ਭੇਜ ਦਿੰਦਾ।’ ਜੇ ਇਸ ਸਵਾਲ ਦਾ ਜਵਾਬ 'ਨਹੀਂ' ਹੈ ਤਾਂ ਫਿਰ ਕਿਸੇ ਹੋਰ ਦੇ ਦਰਦ ਨੂੰ ਵੀ ਆਪਣੇ ਵਿਊਜ਼ ਦੀ ਕਮਾਈ ਨਾ ਬਣਾਓ। ਕਿਉਂਕਿ ਯਾਦ ਰੱਖੋ ਕਿ ਅੱਜਕੱਲ੍ਹ ਦੁਨੀਆ ’ਚ ਝੂਠ ਸਭ ਤੋਂ ਤੇਜ਼ ਦੌੜਦਾ ਹੈ ਪਰ ਸੱਚ ਜਦੋਂ ਵੀ ਪਹੁੰਚਦਾ ਹੈ ਤਾਂ ਉਹ ਝੂਠ ਦਾ ਚਿਹਰਾ ਨੰਗਾ ਜ਼ਰੂਰ ਕਰ ਜਾਂਦਾ ਹੈ। ਸਵਾਲ ਇਹ ਨਹੀਂ ਕਿ ਤੁਸੀਂ ਕਿੰਨੀ ਤੇਜ਼ੀ ਨਾਲ ਖ਼ਬਰ ਭੇਜੀ ਸਗੋਂ ਸਵਾਲ ਇਹ ਹੈ ਕਿ ਇਤਿਹਾਸ ਤੁਹਾਨੂੰ ਸੱਚ ਦਾ ਵਾਹਕ ਲਿਖੇਗਾ ਜਾਂ ਅਫ਼ਵਾਹ ਦਾ ਵਪਾਰੀ। (ਸੰਪਰਕ : 9417173700)