- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੀਨੀ ਕਹਾਵਤ ਅਨੁਸਾਰ ਜੇ ਤੁਸੀਂ ਵਾਤਾਵਰਨ ਸਬੰਧੀ 1 ਦਿਨ ਦੀ ਯੋਜਨਾ ਬਣਾ ਰਹੇ ਹੋ, ਤਾਂ ਚੌਲ਼ ਉਗਾ ਦਿਓ, ਜੇ 10 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਦਰਖ਼ਤ ਲਗਾ ਦਿਓ, ਜੇ 100 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਸਿੱਖਿਆ ਦਾ ਪਸਾਰ ਕਰੋ। ਵਾਤਾਵਰਨ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਤੋਂ ਬਾਹਰ ਨਿਕਲਣ ਲਈ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਵਿਦਿਆਰਥੀ ਵਰਗ ’ਚ ਕੁਦਰਤ ਦੇ ਅਨਮੋਲ ਤੋਹਫ਼ਿਆਂ ਪ੍ਰਤੀ ਰੁਚੀ ਪੈਦਾ ਹੁੰਦੀ ਹੈ, ਵਿਦਿਆਰਥੀਆਂ ’ਚ ਵਾਤਾਵਰਨ ਪੱਖੀ ਰਵੱਈਆ ਤੇ ਗੁਣ ਵਿਕਸਿਤ ਹੋ ਜਾਂਦੇ ਹਨ।

ਬ੍ਰਹਿਮੰਡ ਦੇ ਸਮੂਹ ਗ੍ਰਹਿਆਂ ’ਚੋਂ ਧਰਤੀ ਸਭ ਤੋਂ ਉੱਤਮ ਹੈ। ਕਿਉਂਕਿ ਧਰਤੀ ’ਤੇ ਸੁਚੱਜਾ ਜੀਵਨ ਸੰਭਵ ਹੈ। ਇੱਥੇ ਮਨੁੱਖੀ ਜ਼ਿੰਦਗੀ ਤੋਂ ਇਲਾਵਾ ਪਸ਼ੂ ਪੰਛੀ, ਦਰਖ਼ਤ, ਸੂਖ਼ਮ ਤੇ ਸਮੁੰਦਰੀ ਜੀਵਾਂ ਦਾ ਵਿਕਾਸ ਸਹੀ ਢੰਗ ਨਾਲ ਹੋਇਆ ਹੈ। ਇਸ ਜ਼ਿੰਦਗੀ ਨੂੰ ਸੁਚਾਰੂ ਰੂਪ ’ਚ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੁੱਧ ਹਵਾ, ਸਾਫ਼ ਪਾਣੀ, ਸ਼ੀਤਲ ਚਾਂਦਨੀ ਤੇ ਸੁਨਹਿਰੀ ਕਿਰਨਾਂ ਪੈਦਾ ਕੀਤੀਆਂ, ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ ਪਰ ਮਨੁੱਖ ਨੇ ਜਿਉਂ-ਜਿਉਂ ਤਰੱਕੀ ਕੀਤੀ ਨਾਲ-ਨਾਲ ਕੁਦਰਤ ਦੇ ਅਨਮੋਲ ਤੋਹਫ਼ਿਆਂ ਦਾ ਸ਼ੋਸ਼ਣ ਵੀ ਕੀਤਾ ਤੇ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ। ਮਨੁੱਖੀ ਗ਼ਲਤੀਆਂ ਕਾਰਨ ਧਰਤੀ ’ਤੇ ਵਧਦਾ ਪ੍ਰਦੂਸ਼ਣ ਬੇਹੱਦ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਮੌਜੂਦਾ ਸਮੇਂ ਵਧਦਾ ਤਾਪਮਾਨ ਤੇ ਜਲਵਾਯੂ ਤਬਦੀਲੀ ਪੂਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਪਾਣੀ ਦੇ ਸੰਕਟ ਦਾ ਖ਼ਮਿਆਜ਼ਾ ਮਨੁੱਖੀ ਜੀਵਾਂ ਦੇ ਨਾਲ-ਨਾਲ ਹੋਰ ਜੀਵ-ਜੰਤੂ ਵੀ ਭੁਗਤ ਰਹੇ ਹਨ। ਜਲਵਾਯੂ ਪਰਿਵਰਤਨ ਦਾ ਸਭ ਤੋਂ ਮਾੜਾ ਅਸਰ ਸਾਡੀ ਖੇਤੀ ਦੀ ਉਤਪਾਦਕਤਾ ’ਤੇ ਪੈ ਰਿਹਾ ਹੈ। ਵਿਕਾਸ ਦੇ ਨਾਂ ’ਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਵੱਧਦੇ ਉਦਯੋਗ, ਰਸਾਇਣਿਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ, ਮੋਟਰ-ਗੱਡੀਆਂ ਦਾ ਵੱਧਦਾ ਰੁਝਾਨ ਤੇ ਕੁਦਰਤੀ ਸਰੋਤਾਂ ਦੀ ਲੁੱਟ ਦੇ ਕਾਰਨ ਵਾਤਾਵਰਨ ਦੀ ਸੁਰੱਖਿਆ ਖ਼ਤਰੇ ’ਚ ਪੈ ਰਹੀ ਹੈ। ਚੀਨੀ ਕਹਾਵਤ ਅਨੁਸਾਰ ਜੇ ਤੁਸੀਂ ਵਾਤਾਵਰਨ ਸਬੰਧੀ 1 ਦਿਨ ਦੀ ਯੋਜਨਾ ਬਣਾ ਰਹੇ ਹੋ, ਤਾਂ ਚੌਲ਼ ਉਗਾ ਦਿਓ, ਜੇ 10 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਦਰਖ਼ਤ ਲਗਾ ਦਿਓ, ਜੇ 100 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਸਿੱਖਿਆ ਦਾ ਪਸਾਰ ਕਰੋ। ਵਾਤਾਵਰਨ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਤੋਂ ਬਾਹਰ ਨਿਕਲਣ ਲਈ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। ਵਿਦਿਆਰਥੀ ਵਰਗ ’ਚ ਕੁਦਰਤ ਦੇ ਅਨਮੋਲ ਤੋਹਫ਼ਿਆਂ ਪ੍ਰਤੀ ਰੁਚੀ ਪੈਦਾ ਹੁੰਦੀ ਹੈ, ਵਿਦਿਆਰਥੀਆਂ ’ਚ ਵਾਤਾਵਰਨ ਪੱਖੀ ਰਵੱਈਆ ਤੇ ਗੁਣ ਵਿਕਸਿਤ ਹੋ ਜਾਂਦੇ ਹਨ। ਸਕੂਲਾਂ ਤੇ ਕਾਲਜਾਂ ’ਚ ਵਾਤਾਵਰਨ ਸੁਰੱਖਿਆ ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ’ਚ ਈਕੋ ਕਲੱਬਾਂ ਦੀ ਸਰਗਰਮ ਭੂਮਿਕਾ ਹੋ ਸਕਦੀ ਹੈ। ਵਾਤਾਵਰਨ ਸਿੱਖਿਆ ਕੇਵਲ ਇਕ ਵਿਸ਼ਾ ਨਹੀਂ ਹੈ, ਸਗੋਂ ਸਾਡੇ ਭਵਿੱਖ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸੁਰੱਖਿਆ ਤੇ ਜਿੰਮੇਵਾਰ ਜੀਵਨ ਸ਼ੈਲੀ ਦੀ ਸਿੱਖਿਆ ਹੈ। ਇਸ ਲਈ ਇਹ ਸਿੱਖਿਆ ਕੇਵਲ ਜਾਣਕਾਰੀ ਦੇਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਧਰਤੀ ਨੂੰ ਬਚਾਉਣ ਲਈ ਵੱਡੇ ਇਨਕਲਾਬ ਦੀ ਨਹੀਂ, ਸਗੋਂ ਹਰ ਮਨੁੱਖ ਦੇ ਛੋਟੇ-ਛੋਟੇ ਜ਼ਿੰਮੇਵਾਰ ਕਦਮਾਂ ਦੀ ਲੋੜ ਹੈ।
-ਡਾ ਸਤਿੰਦਰ ਸਿੰਘ, ਸੰਪਰਕ : 9815427554