- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਨੂੰ ਇਹ ਨਵੀਂ ਦੁਨੀਆ ਹੋਰ ਵੀ ਬੇਰਹਿਮ ਜਾਪ ਰਹੀ ਸੀ। ਮੇਰੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸਨ ਅਤੇ ਮੈਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇ ਰਹੀ ਸੀ। ਮੈਂ ਲੁਕਣ ਲਈ ਇੱਕ ਸੁਰੱਖਿਅਤ ਖੂੰਝੇ ਦੀ ਭਾਲ ਵਿਚ ਬਿਨਾਂ ਕੁੱਝ ਸੋਚੇ ਸਮਝੇ ਸੜਕ 'ਤੇ ਇੱਧਰ ਉੱਧਰ ਭੱਜ ਰਹੀ ਸਾਂ। ਬੁਰੀ ਤਰ੍ਹਾਂ ਸਹਿਮੀ ਹੋਣ ਕਾਰਨ ਮੈਂ ਆਪਣੇ ਬਚਾਅ ਲਈ ਜ਼ੋਰ ਨਾਲ ਘੁਰਕਦੀ ਅਤੇ ਭੌਂਕਣਾ ਸ਼ੁਰੂ ਕਰ ਦਿੰਦੀ। ਮੇਰਾ ਉਹ ਭੌਂਕਣਾ ਅਤੇ ਘੁਰਕਣਾ ਕਿਸੇ ਪ੍ਰਤੀ ਨਫ਼ਰਤ ਨਹੀਂ, ਸਗੋਂ ਮੇਰੇ ਵੱਲੋਂ ਹੰਢਾਏ ਅਸਹਿ ਦਰਦ ਕਾਰਣ ਬੇਵਿਸਾਹੀ ਬਿਆਨ ਕਰਨ ਲਈ ਧੁਰ ਅੰਦਰੋਂ ਨਿਕਲਦੀਆਂ ਚੀਕਾਂ ਸਨ।


ਰਤਿਕਾ ਓਬਰਾਏ
ਸੂਰਜ ਦੀ ਰੌਸ਼ਨੀ ਕੀ ਹੁੰਦੀ ਹੈ, ਮੈਨੂੰ ਇਹ ਵੀ ਨਹੀਂ ਸੀ ਪਤਾ। ਮੈਂ ਜਿਸ ਥਾਂ ਜੰਮੀ, ਉਹ ਇਕ ਬ੍ਰੀਡਿੰਗ ਫਾਰਮ ਸੀ, ਜਿੱਥੇ ਜਜ਼ਬਾਤਾਂ ਦੀ ਨਹੀਂ, ਸਿਰਫ਼ ਸਾਡੀ ਨਸਲ ਦੀ ਕੀਮਤ ਹੁੰਦੀ ਹੈ। ਮੇਰੀ ਮਾਂ ਨੇ ਆਪਣੀ ਪੂਰੀ ਜ਼ਿੰਦਗੀ ਮਾਲਕ ਦੀਆਂ ਜੇਬਾਂ ਭਰਨ ਲਈ ਇਕ ਤੰਗ ਪਿੰਜਰੇ ਵਿਚ ਕੱਟੀ ਜਿੱਥੇ ਬੱਚੇ ਜੰਮਦਿਆਂ-ਜੰਮਦਿਆਂ ਅਖੀਰ ਉਹ ਦੁਨੀਆ ਛੱਡ ਗਈ। ਜਦੋਂ ਮੈਂ ਇਸ ਦੁਨੀਆ ਵਿੱਚ ਆਈ, ਤਾਂ ਹੋਸ਼ ਸੰਭਾਲਦਿਆਂ ਹੀ ਪਤਾ ਲੱਗਾ ਕਿ ਮੇਰੀ ਕਿਸਮਤ ਮੇਰੀ ਮਾਂ ਤੋਂ ਅੱਡ ਨਹੀਂ। ਜਦੋਂ ਮੇਰੇ ਬੱਚੇ ਹੁੰਦੇ, ਉਹ ਮੈਥੋਂ ਖੋਹ ਕੇ ਵੇਚ ਦਿੱਤੇ ਜਾਂਦੇ। ਮੈਂ ਆਪਣੇ ਬੱਚਿਆਂ ਦੇ ਵਿਛੋੜੇ ਵਿਚ ਰੋਂਦੀ ਰਹੀ, ਪਰ ਮੇਰਾ ਦੁੱਖ ਸੁਣਨ ਅਤੇ ਹੰਝੂ ਪੂੰਝਣ ਵਾਲਾ ਕੋਈ ਨਹੀਂ ਸੀ। ਹੁਣ ਤੱਕ ਮੈਂ ਸਿਰਫ਼ ਦਰਦ, ਬੇਵਸੀ ਅਤੇ ਥਕਾਵਟ ਬਾਰੇ ਹੀ ਜਾਣਦੀ ਸਾਂ। ਅਤੇ ਜਦੋਂ ਮੇਰਾ ਸਰੀਰ ਜਵਾਬ ਦੇ ਗਿਆ, ਜਦੋਂ ਮੈਂ ਹੋਰ ਪੈਸੇ ਕਮਾ ਕੇ ਦੇਣ ਦੇ ਕਾਬਲ ਨਾ ਰਹੀ, ਤਾਂ ਮੈਨੂੰ ਬੇਕਾਰ ਹੋ ਚੁੱਕੇ ਸਮਾਨ ਵਾਂਗ ਸੜਕ ਕੰਡੇ ਸੁੱਟ ਦਿੱਤਾ ਗਿਆ-ਬਿਲਕੁਲ ਉਸੇ ਤਰ੍ਹਾਂ ਜਿਵੇਂ ਪੁਰਾਣੀ ਹੋ ਚੁੱਕੀ ਕਿਸੇ ਚੀਜ਼ ਨੂੰ ਕਬਾੜ ਵਿੱਚ ਸੁੱਟ ਦਿੱਤਾ ਜਾਂਦਾ ਹੈ। ਮੈਨੂੰ ਅੱਜ ਵੀ ਉਹ ਦਿਨ ਯਾਦ ਹੈ—ਭੁੱਖ ਨਾਲ ਅੰਤੜੀਆਂ ਵਿਚ ਅੱਗ ਲੱਗੀ ਹੋਈ ਸੀ, ਮੇਰਾ ਪੂਰਾ ਸਰੀਰ ਅਤੇ ਰੂਹ ਅੰਦਰ ਤੱਕ ਜ਼ਖ਼ਮੀ ਸਨ ਅਤੇ ਤੇਜ਼ ਰਫ਼ਤਾਰ ਗੱਡੀਆਂ ਮੇਰੇ ਕੋਲੋਂ ਲੰਘ ਰਹੀਆਂ ਸਨ। ਜ਼ਿੰਦਗੀਭਰ ਲੋਹੇ ਦੇ ਪਿੰਜਰੇ ਅਤੇ ਹਨੇਰੇ ਕਮਰੇ ਵਿੱਚ ਕੈਦ ਰਹਿਣ ਤੋਂ ਬਾਅਦ, ਜਦੋਂ ਮੈਨੂੰ ਅਚਾਨਕ ਇਸ ਬੇਰਹਿਮ ਦੁਨੀਆ ਦੇ ਸਪੁਰਦ ਕਰ ਦਿੱਤਾ ਗਿਆ।
ਮੈਨੂੰ ਇਹ ਨਵੀਂ ਦੁਨੀਆ ਹੋਰ ਵੀ ਬੇਰਹਿਮ ਜਾਪ ਰਹੀ ਸੀ। ਮੇਰੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸਨ ਅਤੇ ਮੈਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇ ਰਹੀ ਸੀ। ਮੈਂ ਲੁਕਣ ਲਈ ਇੱਕ ਸੁਰੱਖਿਅਤ ਖੂੰਝੇ ਦੀ ਭਾਲ ਵਿਚ ਬਿਨਾਂ ਕੁੱਝ ਸੋਚੇ ਸਮਝੇ ਸੜਕ 'ਤੇ ਇੱਧਰ ਉੱਧਰ ਭੱਜ ਰਹੀ ਸਾਂ। ਬੁਰੀ ਤਰ੍ਹਾਂ ਸਹਿਮੀ ਹੋਣ ਕਾਰਨ ਮੈਂ ਆਪਣੇ ਬਚਾਅ ਲਈ ਜ਼ੋਰ ਨਾਲ ਘੁਰਕਦੀ ਅਤੇ ਭੌਂਕਣਾ ਸ਼ੁਰੂ ਕਰ ਦਿੰਦੀ। ਮੇਰਾ ਉਹ ਭੌਂਕਣਾ ਅਤੇ ਘੁਰਕਣਾ ਕਿਸੇ ਪ੍ਰਤੀ ਨਫ਼ਰਤ ਨਹੀਂ, ਸਗੋਂ ਮੇਰੇ ਵੱਲੋਂ ਹੰਢਾਏ ਅਸਹਿ ਦਰਦ ਕਾਰਣ ਬੇਵਿਸਾਹੀ ਬਿਆਨ ਕਰਨ ਲਈ ਧੁਰ ਅੰਦਰੋਂ ਨਿਕਲਦੀਆਂ ਚੀਕਾਂ ਸਨ। ਦੂਜੇ ਪਾਸੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਮੈਂ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵਾਂ ਜਦਕਿ ਮੈਂ ਸਿਰਫ਼ ਆਪਣੇ ਆਪ ਨੂੰ ਕਿਸੇ ਹੋਰ ਨਵੇਂ ਜ਼ਖ਼ਮ ਤੋਂ ਬਚਾਉਣਾ ਚਾਹੁੰਦੀ ਸਾਂ। ਤੇ ਫਿਰ ਉਹ ਹੋਇਆ ਜਿਸ ਦੀ ਮੈਨੂੰ ਕਦੇ ਉਮੀਦ ਵੀ ਨਹੀਂ ਸੀ, ਸ਼ਾਇਦ ਰੱਬ ਨੇ ਮੇਰੀ ਫ਼ਰਿਆਦ ਸੁਣ ਲਈ ਸੀ ਅਤੇ ਮੇਰੀ ਮਦਦ ਲਈ ਇਨਸਾਨੀ ਰੂਪ ਵਿਚ ਆਪ ਬਹੁੜਿਆ। ਮੈਂ ਦੇਖਿਆ ਕਿ ਉਸ ਭੀੜ-ਭੜੱਕੇ ਅਤੇ ਬੇਰਹਿਮ ਸ਼ੋਰ ਵਿਚ, ਇਕ ਹੱਥ ਅਜਿਹਾ ਵੀ ਸੀ ਜੋ ਮੈਨੂੰ ਫੜਨ, ਜਕੜਨ ਜਾਂ ਤਸੀਹੇ ਦੇਣ ਲਈ ਨਹੀ ਸਗੋ ਮੇਰੀ ਸੁਰੱਖਿਆ ਅਤੇ ਜਾਨ ਬਚਾਉਣ ਲਈ ਅੱਗੇ ਵਧਿਆ। ਉਸ ਦੀਆਂ ਅੱਖਾਂ ਵਿਚ ਕੋਈ ਸਵਾਲ ਜਾਂ ਡਰ ਨਹੀਂ, ਸਗੋਂ ਮੇਰੇ ਪ੍ਰਤੀ ਸੱਚੀ ਹਮਦਰਦੀ ਸੀ—ਜਿਵੇਂ ਉਹ ਮੇਰੇ ਸਾਰੇ ਅਣਕਹੇ ਦਰਦ, ਮੇਰੇ ਅੰਦਰਲੇ ਕਈ ਸਾਲਾਂ ਦੇ ਹਨੇਰੇ ਅਤੇ ਮੇਰੀ ਫੱਟੜ ਰੂਹ ਨੂੰ ਬਿਨਾਂ ਕੁਝ ਬੋਲੇ ਮਹਿਸੂਸ ਕਰ ਰਹੀ ਹੋਵੇ। ਮੇਰੇ ਡਰਾਉਣ ਦੇ ਬਾਵਜੂਦ ਉਸ ਨੇ ਆਪਣੀ ਪਰਵਾਹ ਕੀਤੇ ਬਗੈਰ ਆਪਣੇ ਸਾਥੀ ਅਤੇ ਇੱਕ ਸਮਾਜ ਸੇਵੀ ਦੀ ਮਦਦ ਨਾਲ ਮੈਨੂੰ ਬੇਹੋਸ਼ ਕਰ ਕੇ ਘਰ ਲਿਆਂਦਾ, ਡਾਕਟਰ ਤੋਂ ਇਲਾਜ ਕਰਵਾਇਆ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ, ਮੈਂ ਆਪਣੇ ਨੇੜੇ ਆਉਣ ਤੋਂ ਰੋਕਣ ਲਈ ਉਸਨੂੰ ਘੁਰਕਣਾ ਪਰ ਅੱਗੋਂ ਉਸ ਨੇ ਮੈਨੂੰ ਨਫ਼ਰਤ ਕਰਨ ਦੀ ਥਾਂ ਹੋਰ ਪਿਆਰ ਨਾਲ ਪੇਸ਼ ਆਉਣਾ। ਸੱਚ ਦੱਸਾਂ ਤਾਂ ਮੈਂ ਆਪਣੇ ਦੁਆਲੇ ਨਫ਼ਰਤ ਅਤੇ ਗੁੱਸੇ ਦੀ ਇੱਕ ਕੰਧ ਖੜ੍ਹੀ ਕਰ ਲਈ ਸੀ ਤਾਂ ਜੋ ਕੋਈ ਦੁਬਾਰਾ ਮੈਨੂੰ ਦੁੱਖ ਨਾ ਦੇ ਸਕੇ। ਮੇਰਾ ਸਹਿਮਿਆ ਹੋਇਆ, ਹੱਡੀਆਂ ਦਾ ਢਾਂਚਾ ਬਣ ਚੁੱਕਿਆ ਸਿਰ ਉਸ ਦੇ ਪੈਰਾਂ ਵਿਚ ਝੁਕਣ ਲੱਗਾ। ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਇਨਸਾਨਾਂ ਵਿੱਚ ਸਿਰਫ਼ ਜ਼ੁਲਮ ਕਰਨ ਵਾਲੇ ਹੀ ਨਹੀਂ, ਸਗੋਂ ਦਿਲੋਂ ਪਿਆਰ ਕਰਨ ਵਾਲੇ ਫ਼ਰਿਸ਼ਤੇ ਵੀ ਵੱਸਦੇ ਹਨ। ਉਸ ਨੇ ਮੈਨੂੰ ਗਲ ਨਾਲ ਲਾਇਆ, ਮੇਰੇ ਜ਼ਖ਼ਮਾਂ ’ਤੇ ਮਲ੍ਹਮ ਲਾਈ ਅਤੇ ਮੈਨੂੰ ਇੱਕ ਨਵੀਂ ਪਛਾਣ ਇੱਕ ਨਵਾਂ ਨਾਮ ਦਿੱਤਾ—‘ਡੂਡਲ’! ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰੇ ਜਖ਼ਮਾਂ 'ਤੇ ਲੱਗਦੀ ਮਲ੍ਹਮ ਮੇਰੀ ਰੂਹ ਤੱਕ ਉਤਰ ਗਈ। ਉਸ ਦੇ ਹੱਥਾਂ ਦਾ ਨਿੱਘਾ ਸਪਰਸ਼ ਮੇਰੇ ਅੰਦਰਲੇ ਸਾਰੇ ਡਰ ਅਤੇ ਸਹਿਮ ਨੂੰ ਹੌਲੀ-ਹੌਲੀ ਮਿਟਾਉਂਦਾ ਚਲਾ ਗਿਆ। ਮੇਰੀ ਰੱਖਿਆ ਕਰਨ ਵਾਲੀ ਇਸ ਮਾਂ ਨੂੰ ਸਾਰੇ "ਪਾਹੁਲ" ਕਹਿ ਕੇ ਬੁਲਾਉਂਦੇ ਤੇ ਇਹ ਨਾਂ ਮੈਨੂੰ ਦੁਨੀਆਂ ਦਾ ਸੱਭ ਤੋਂ ਸੋਹਣਾ ਨਾਂ ਲੱਗਦਾ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰੀ ਬੇਸਹਾਰਾ ਰੂਹ ਨੇ ਬਿਨਾਂ ਕਿਸੇ ਸ਼ਰਤ ਦੇ, ਉਸ ਵਿਚ ਆਪਣੀ 'ਮਾਂ' ਨੂੰ ਲੱਭ ਲਿਆ । ਮੈਨੂੰ ਯਾਦ ਹੈ ਉਹ ਦਿਨ ਜਦੋਂ ਘਰ ਵਿੱਚ ਮੇਰੇ ਆਉਣ ਨੂੰ ਲੈ ਕੇ ਬਹਿਸ ਹੋਈ ਸੀ। ਉਹ ਮੇਰੀ ਮਾਂ ਨੂੰ ਕੋਸ ਰਹੇ ਸਨ ਕਿ ਉਹ ਬਿਨਾਂ ਮਤਲਬ ਦੀ ਮੁਸੀਬਤ ਆਪਣੇ ਗਲ ਪਾ ਰਹੀ ਹੈ। ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਕਾਰਨ ਮੇਰੀ ਮਾਂ ਨੂੰ ਝਿੜਕਾਂ ਪੈਣ ਇਸ ਲਈ ਮੈਂ ਲੁਕ ਕੇ ਇੱਕ ਪਾਸੇ ਬੈਠੇ ਰਹਿਣਾ ਤਾਂ ਜੋ ਕਿਸੇ ਦੀ ਨਜ਼ਰ ਮੇਰੇ ’ਤੇ ਨਾ ਪਵੇ ਅਤੇ ਮਾਂ ਨੂੰ ਕਿਸੇ ਦੇ ਤਾਹਨੇ ਨਾ ਸੁਣਨੇ ਪੈਣ। ਖ਼ੈਰ ਮੈਂ ਇਸ ਦੁਨੀਆ ਨੂੰ ਛੱਡ ਜਾਣ ਤੋਂ ਪਹਿਲਾਂ ਸਭ ਦੇ ਦਿਲਾਂ 'ਚ ਆਪਣੀ ਥਾਂ ਬਣਾ ਲਈ ਪਰ ਮੈਂ ਇਹ ਕਦੇ ਵੀ ਨਹੀਂ ਭੁੱਲ ਸਕਦੀ ਕਿ ਜਦੋਂ ਸਾਰੀ ਦੁਨੀਆ ਮੇਰੇ ਖ਼ਿਲਾਫ਼ ਸੀ, ਤਾਂ ਮੇਰੀ ਮਾਂ ਨੇ ਮੈਨੂੰ ਆਪਣਾ ਬਣਾਉਣ ਲਈ ਹਰ ਮੁਸ਼ਕਲ ਨਾਲ ਟੱਕਰ ਲਈ ਸੀ। ਜ਼ਿੰਦਗੀ ਦੇ ਆਖ਼ਰੀ ਸਾਲ ਵਿਚ ਮੈਨੂੰ ਉਹ ਸਭ ਕੁਝ ਮਿਲਿਆ ਜਿਸਦੀ ਮੈਂ ਹੱਕਦਾਰ ਸੀ। ਮੈਨੂੰ ਲੱਗਿਆ ਕਿ ਮੇਰੀ ਕਿਸਮਤ ਇੰਨੀ ਵੀ ਮਾੜੀ ਨਹੀਂ ਸੀ, ਕਿਉਂਕਿ ਮਰਨ ਤੋਂ ਪਹਿਲਾਂ ਮੈਂ ਪਿਆਰ ਦਾ ਅਸਲੀ ਅਰਥ ਸਮਝ ਗਈ ਸਾਂ। ਜਦੋਂ ਮੇਰੀ ਸਾਹਾਂ ਦੀ ਡੋਰ ਟੁੱਟਣ ਲੱਗੀ, ਮੈਂ ਮਾਂ ਦੀ ਗੋਦ ਵਿੱਚ ਸਾਂ। ਮੇਰੀਆਂ ਅੱਖਾਂ ਵਿੱਚ ਕੋਈ ਦਰਦ ਨਹੀਂ, ਸਗੋਂ ਇਸ ਗੱਲ ਦੀ ਤਸੱਲੀ ਸੀ ਕਿ ਮੈਂ ਕਿਸੇ ਸੜਕ 'ਤੇ ਲਾਵਾਰਿਸ ਵਾਂਗ ਨਹੀਂ, ਸਗੋਂ ਦੁਨੀਆ ਦੇ ਸਭ ਤੋਂ ਪਵਿੱਤਰ ਅਤੇ ਪਿਆਰੇ ਹੱਥਾਂ ਵਿੱਚ ਆਪਣਾ ਦਮ ਤੋੜ ਰਹੀ ਹਾਂ। ਪਰ ਮੈਂਨੂੰ ਅਕਸਰ ਆਪਣੇ ਉਨ੍ਹਾਂ ਸਾਥੀਆਂ ਦਾ ਦਰਦ ਸਤਾਉਂਦਾ ਰਿਹਾ ਜੋ ਅਜੇ ਵੀ ਉਸ ਨਰਕ ਦੀ ਚਾਰ ਦੀਵਾਰੀ ਵਿੱਚ ਕੈਦ ਹਨ।
ਮੈਂ ਉੱਥੋਂ ਆ ਗਈ ਹਾਂ ਪਰ ਮੈਨੂੰ ਪਿੱਛੇ ਰਹਿ ਗਈਆਂ ਉਨ੍ਹਾਂ ਮਾਵਾਂ ਦੀਆਂ ਚੀਕਾਂ ਅਜੇ ਵੀ ਸੁਣਾਈ ਦੇ ਰਹੀਆਂ ਹਨ ਜੋ ਉਨ੍ਹਾਂ ਹਨ੍ਹੇਰੇ ਪਿੰਜਰਿਆਂ ਵਿਚ ਘੁਟ-ਘੁਟ ਕੇ ਜੀਅ ਰਹੀਆਂ ਹਨ। ਮੈਂ ਉਹਨਾਂ ਮਜ਼ਲੂਮ ਸਾਥੀਆਂ ਦੀ ਆਵਾਜ਼ ਬਣ ਕੇ ਤੁਹਾਨੂੰ ਇਹੋ ਅਰਜ਼ੋਈ ਕਰਦੀ ਹਾਂ ਕਿ ਕਿਰਪਾ ਕਰਕੇ ਕੋਈ ਵੀ ਜਾਨਵਰ ਜਾਂ ਪੰਛੀ ਨਾ ਖਰੀਦੋ, ਸਗੋਂ ਉਨ੍ਹਾਂ ਨੂੰ ਗੋਦ ਲਓ।
(ਲੇਖਿਕਾ ਬਲਾਕ ਮੀਡੀਆ ਅਫ਼ਸਰ ਹੈ। ਸੰਪਰਕ : 99888-77397)।