
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਕ ਪ੍ਰੀਖਿਆ ’ਚ ਅਸਫਲਤਾ ਜੀਵਨ ਦੀ ਅਸਫਲਤਾ ਨਹੀਂ ਹੋ ਸਕਦੀ। ਮਨੁੱਖ ਦੀਆਂ ਸੰਭਾਵਨਾਵਾਂ ਇਕ ਡਿਗਰੀ, ਇਕ ਪ੍ਰੀਖਿਆ ਜਾਂ ਇਕ ਅਹੁਦੇ ਨਾਲੋਂ ਕਿਤੇ ਵੱਡੀਆਂ ਹਨ। ਜੇ ਕੋਈ ਨੌਜਵਾਨ ਡਿਗਰੀ ਲੈਣ ਤੋਂ ਬਾਅਦ ਸਿਰਫ਼ ਇਸ ਲਈ ਨਿਰਾਸ਼ ਹੋ ਜਾਂਦਾ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਤਾਂ ਸਾਨੂੰ ਸਿਰਫ਼ ਉਸ ਦੀ ਮਨੋਵਿਰਤੀ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਸਾਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਸਾਡੀ ਸਿੱਖਿਆ ਨੇ ਉਸ ਨੂੰ ਕੀ ਦਿੱਤਾ?

ਇੰਜ. ਦਰਸ਼ਨ ਸਿੰਘ ਭੁੱਲਰ
ਜਦੋਂ ਬੱਚੇ ਹਾਲੇ ਤੋਤਲੀ ਜ਼ੁਬਾਨ ’ਚ ਬੋਲਣਾ ਹੀ ਸਿੱਖ ਰਹੇ ਹੁੰਦੇ ਹਨ, ਅਸੀਂ ਮੱਧਵਰਗੀ ਲੋਕ ਉਨ੍ਹਾਂ ਨੂੰ ਇਕ ਸਵਾਲ ਪੁੱਛਣ ਦੇ ਆਦੀ ਹੋ ਗਏ ਹਾਂ-‘ਪੜ੍ਹ-ਲਿਖ ਕੇ ਕੀ ਬਣੋਗੇ?’ ਸਾਡੀ ਇੱਛਾ ਹੁੰਦੀ ਹੈ ਕਿ ਬੱਚਾ ਇਸ ਦਾ ਜਵਾਬ ਕਿਸੇ ਅਹੁਦੇ ਜਾਂ ਨੌਕਰੀ ਦੇ ਰੂਪ ’ਚ ਦੇਵੇ—ਡਾਕਟਰ, ਇੰਜੀਨੀਅਰ, ਆਈਏਐੱਸ, ਜਾਂ ਅਜਿਹਾ ਕੁਝ ਹੋਰ ਪਰ ਇਕ ਸਵਾਲ ਜੋ ਅਸੀਂ ਪੁੱਛਦੇ ਹੀ ਨਹੀਂ ਉਹ ਹੈ-‘ਤੂੰ ਪੜ੍ਹ ਕੇ ਕਿਹੋ ਜਿਹਾ ਮਨੁੱਖ ਬਣਨਾ ਚਾਹੁੰਦਾ ਹੈਂ?’ ਪਰ ਇਹਦੇ ’ਚ ਸਾਡਾ ਕੋਈ ਕਸੂਰ ਨਹੀ। ਇਸ ਦੇ ਪਿੱਛੇ ਭਾਰਤ ਦਾ ਬਸਤੀਵਾਦੀ ਇਤਿਹਾਸ ਵੀ ਹੈ।
ਬ੍ਰਿਟਿਸ਼ ਰਾਜ ਨੂੰ ਆਪਣਾ ਵਿਸ਼ਾਲ ਪ੍ਰਸ਼ਾਸਕੀ ਢਾਂਚਾ ਚਲਾਉਣ ਲਈ ਅਜਿਹੇ ਲੋਕਾਂ ਦੀ ਲੋੜ ਸੀ, ਜੋ ਪੜ੍ਹ-ਲਿਖ ਸਕਣ, ਅੰਗਰੇਜ਼ੀ ’ਚ ਕੰਮ ਕਰ ਸਕਣ, ਸਰਕਾਰੀ ਰਿਕਾਰਡ ਸੰਭਾਲ ਸਕਣ, ਹਿਸਾਬ-ਕਿਤਾਬ ਕਰ ਸਕਣ ਅਤੇ ਹੁਕਮਾਂ ਨੂੰ ਸਮਝ ਕੇ ਲਾਗੂ ਕਰ ਸਕਣ। 1830 ਅਤੇ 1840 ਦੇ ਦਹਾਕਿਆਂ ਤੋਂ ਅੰਗਰੇਜ਼ੀ ਸਿੱਖਿਆ ਅਤੇ ਪੱਛਮੀ ਪਾਠਕ੍ਰਮ ਦਾ ਵਿਸਥਾਰ ਇਸ ਲੋੜ ਨਾਲ ਜੁੜਦਾ ਗਿਆ। 1835 ਦੇ ਮੈਕਾਲੇ ਨੇ ਇਸ ਪ੍ਰਕਿਰਿਆ ਨੂੰ ਹੋਰ ਸੰਸਥਾਗਤ ਰੂਪ ਦਿੱਤਾ। ਯੂਨੀਵਰਸਿਟੀਆਂ, ਪ੍ਰੀਖਿਆਵਾਂ, ਸਰਟੀਫਿਕੇਟਾਂ ਤੇ ਸਰਕਾਰੀ ਭਰਤੀਆਂ ਦੀ ਪ੍ਰਣਾਲੀ ਦੇ ਫੈਲਾਅ ਨਾਲ ਇਹ ਧਾਰਨਾ ਮਜ਼ਬੂਤ ਹੁੰਦੀ ਗਈ-ਪੜ੍ਹਾਈ ਕਰੋ, ਪ੍ਰੀਖਿਆ ਪਾਸ ਕਰੋ, ਸਰਟੀਫਿਕੇਟ ਲਵੋ ਅਤੇ ਨੌਕਰੀ ਹਾਸਲ ਕਰੋ। ਬ੍ਰਿਟਿਸ਼ ਰਾਜ ਲਈ ਇਹ ਪ੍ਰਸ਼ਾਸਨਿਕ ਲੋੜ ਸੀ ਪਰ ਸਮੇਂ ਦੇ ਨਾਲ ਇਹ ਸਮਾਜਿਕ ਮਨੋਵਿਰਤੀ ਬਣ ਗਈ। ਆਜ਼ਾਦੀ ਤੋਂ ਬਾਅਦ ਵੀ ਇਹ ਸੋਚ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਸਰਕਾਰੀ ਨੌਕਰੀ ਸਥਿਰ ਆਮਦਨ, ਸਮਾਜਿਕ ਸੁਰੱਖਿਆ ਤੇ ਇੱਜ਼ਤ ਦਾ ਪ੍ਰਤੀਕ ਬਣ ਗਈ ਅਤੇ ‘ਚੰਗੀ ਪੜ੍ਹਾਈ’ ਦਾ ਅਰਥ ਅਕਸਰ ‘ਚੰਗੀ ਨੌਕਰੀ’ ਹੀ ਮੰਨਿਆ ਜਾਣ ਲੱਗਾ ਪਰ ਕੀ ਬਦਲ ਚੁੱਕੀ ਦੁਨੀਆ ’ਚ ਅਸੀਂ ਅਜੇ ਵੀ ਸਿੱਖਿਆ ਨੂੰ ਉਸੇ ਪੁਰਾਣੇ ਨਜ਼ਰੀਏ ਨਾਲ ਦੇਖ ਸਕਦੇ ਹਾਂ? ਉਪਲਬਧ ਅੰਕੜਿਆਂ ਅਨੁਸਾਰ ਹਰ ਸਾਲ ਲਗਭਗ 1.5 ਕਰੋੜ ਗ੍ਰੈਜੂਏਟ ਤਿਆਰ ਹੁੰਦੇ ਹਨ, ਜਦਕਿ ਸਰਕਾਰੀ ਅਤੇ ਨਿੱਜੀ ਖੇਤਰ ’ਚ ਕੁੱਲ ਮਿਲਾ ਕੇ ਲਗਭਗ 8 ਲੱਖ ਲੋਕ ਰਿਟਾਇਰ ਹੁੰਦੇ ਹਨ। ਭਾਵੇਂ ਇਨ੍ਹਾਂ ਅੰਕੜਿਆਂ ਦੀ ਤੁਲਨਾ ਨੂੰ ਸਿੱਧੇ ਤੌਰ ’ਤੇ ਨਵੀਆਂ ਭਰਤੀਆਂ ਦੇ ਬਰਾਬਰ ਨਹੀਂ ਮੰਨਿਆ ਜਾ ਸਕਦਾ ਪਰ ਇਹ ਇਕ ਤਲਖ਼ ਹਕੀਕਤ ਵੱਲ ਜ਼ਰੂਰ ਇਸ਼ਾਰਾ ਕਰਦੇ ਹਨ-ਹਰ ਪੜ੍ਹੇ-ਲਿਖੇ ਨੌਜਵਾਨ ਲਈ ਇਕ ਨਿਯਮਤ ਤਨਖ਼ਾਹ ਵਾਲੀ ਨੌਕਰੀ ਉਪਲਬਧ ਨਹੀਂ ਹੋ ਸਕਦੀ। ਸਾਡੇ ਦੇਸ਼ ’ਚ 15 ਤੋਂ 29 ਸਾਲ ਦੀ ਉਮਰ ਦੇ ਲਗਭਗ 31 ਕਰੋੜ ਨੌਜਵਾਨਾਂ ’ਚੋਂ ਕਰੀਬ 14 ਕਰੋੜ ਕਿਰਤ-ਸ਼ਕਤੀ ਦਾ ਹਿੱਸਾ ਹਨ ਤੇ ਲਗਭਗ 13 ਕਰੋੜ ਰੁਜ਼ਗਾਰ ’ਚ ਹਨ ਪਰ ਇਨ੍ਹਾਂ ’ਚੋਂ ਕੇਵਲ ਲਗਭਗ 1.5 ਕਰੋੜ ਲੋਕਾਂ ਕੋਲ ਅਜਿਹੀ ਨਿਯਮਤ ਤਨਖ਼ਾਹ ਵਾਲੀ ਨੌਕਰੀ ਹੈ, ਜਿਸ ’ਚ ਸਮਾਜਿਕ ਸੁਰੱਖਿਆ, ਉਚਿਤ ਕੰਮਕਾਜੀ ਹਾਲਾਤ ਤੇ ਤਰੱਕੀ ਵਰਗੀਆਂ ਵਿਸ਼ੇਸ਼ਤਾਵਾਂ ਹਨ।
ਇਸ ਲਈ ਜੇ ਅਸੀਂ ਹਰ ਬੱਚੇ ਨੂੰ ਇਹੀ ਸਿਖਾਉਂਦੇ ਰਹੇ ਕਿ ‘ਪੜ੍ਹੋ ਤਾਂ ਜੋ ਨੌਕਰੀ ਮਿਲੇ’, ਤਾਂ ਅਸੀਂ ਉਸ ਨੂੰ ਅਜਿਹੀ ਦੌੜ ’ਚ ਧੱਕ ਰਹੇ ਹਾਂ, ਜਿਸ ’ਚ ਪਹਿਲਾਂ ਤਾਂ ਹਾਰਨ ਦੇ ਜ਼ਿਆਦਾ ਮੌਕੇ ਹਨ ਤੇ ਫਿਰ ਇਸ ਹਾਰ ਤੋਂ ਨਿਰਾਸ਼ਾ ਪੈਦਾ ਹੋਣ ਦੇ। ਇਸ ਮਨੋਵਿਰਤੀ ਦਾ ਸਭ ਤੋਂ ਸਪੱਸ਼ਟ ਰੂਪ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਦਿਖਾਈ ਦਿੰਦਾ ਹੈ। ਲੱਖਾਂ ਨੌਜਵਾਨ ਕੁਝ ਗਿਣਤੀ ਦੀਆਂ ਪ੍ਰੀਖਿਆਵਾਂ ਨੂੰ ਆਪਣੀ ਜ਼ਿੰਦਗੀ ਦੀ ਆਖ਼ਰੀ ਮੰਜ਼ਿਲ ਸਮਝ ਲੈਂਦੇ ਹਨ। ਇਨ੍ਹਾਂ ਪ੍ਰੀਖਿਆਵਾਂ ’ਚ ਮੁਕਾਬਲਾ ਇੰਨਾ ਤੀਬਰ ਹੈ ਕਿ ਬਹੁਤ ਵੱਡੀ ਗਿਣਤੀ ’ਚ ਉਮੀਦਵਾਰਾਂ ’ਚੋਂ ਬਹੁਤ ਥੋੜ੍ਹੇ ਹੀ ਚੁਣੇ ਜਾਂਦੇ ਹਨ। 2026 ’ਚ ਜੇਈਈ ਮੇਨਜ਼ ਲਈ 15.38 ਲੱਖ ਉਮੀਦਵਾਰਾਂ ਨੇ ਇਮਤਿਹਾਨ ਦਿੱਤਾ ਅਤੇ 56,880 ਉਮੀਦਵਾਰ ਯੋਗ ਪਾਏ ਗਏ, ਜਦਕਿ ਆਈਆਈਟੀ ਦੀਆਂ ਸੀਟਾਂ ਲਗਭਗ 18,000 ਹਨ। ਨੀਟ ’ਚ ਤਕਰੀਬਨ 22 ਲੱਖ ਬੱਚੇ ਬੈਠਦੇ ਹਨ, ਜਦਕਿ ਕੁੱਲ ਸੀਟਾਂ ਲਗਭਗ 1,16,000 ਹਨ। ਸਫ਼ਲਤਾ ਦੀ ਸੰਭਾਵਨਾ ਸਿਰਫ਼ 0.1 ਫ਼ੀਸਦ ਹੈ। ਇੱਥੇ ਇਕ ਗੰਭੀਰ ਸਵਾਲ ਪੈਦਾ ਹੁੰਦਾ ਹੈ-ਕੀ ਸੀਟਾਂ ਦਾ ਘੱਟ ਹੋਣਾ ਕਾਬਲੀਅਤ ਦਾ ਸਬੂਤ ਹੈ? ਅਤੇ ਜੋ ਸਫ਼ਲ ਨਹੀਂ ਹੋਏ, ਕੀ ਉਹ ਨਲਾਇਕ ਹਨ? ਬਿਲਕੁਲ ਨਹੀਂ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਇੱਕ ਪ੍ਰੀਖਿਆ ਦਾ ਨਤੀਜਾ ਨੌਜਵਾਨ ਦੀ ਪੂਰੀ ਯੋਗਤਾ ਅਤੇ ਭਵਿੱਖ ਦਾ ਫ਼ੈਸਲਾ ਬਣ ਜਾਂਦਾ ਹੈ।
ਇਕ ਪ੍ਰੀਖਿਆ ’ਚ ਅਸਫਲਤਾ ਜੀਵਨ ਦੀ ਅਸਫਲਤਾ ਨਹੀਂ ਹੋ ਸਕਦੀ। ਮਨੁੱਖ ਦੀਆਂ ਸੰਭਾਵਨਾਵਾਂ ਇਕ ਡਿਗਰੀ, ਇਕ ਪ੍ਰੀਖਿਆ ਜਾਂ ਇਕ ਅਹੁਦੇ ਨਾਲੋਂ ਕਿਤੇ ਵੱਡੀਆਂ ਹਨ। ਜੇ ਕੋਈ ਨੌਜਵਾਨ ਡਿਗਰੀ ਲੈਣ ਤੋਂ ਬਾਅਦ ਸਿਰਫ਼ ਇਸ ਲਈ ਨਿਰਾਸ਼ ਹੋ ਜਾਂਦਾ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਤਾਂ ਸਾਨੂੰ ਸਿਰਫ਼ ਉਸ ਦੀ ਮਨੋਵਿਰਤੀ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਸਾਨੂੰ ਇਹ ਵੀ ਪੁੱਛਣਾ ਚਾਹੀਦਾ ਹੈ ਕਿ ਸਾਡੀ ਸਿੱਖਿਆ ਨੇ ਉਸ ਨੂੰ ਕੀ ਦਿੱਤਾ? ਕੀ ਅਸੀਂ ਉਸ ਨੂੰ ਸਿਰਫ਼ ਕਿਸੇ ਇਕ ਅਹੁਦੇ ਲਈ ਯੋਗ ਬਣਾਇਆ ਜਾਂ ਉਸ ਨੂੰ ਇਹ ਸਿਖਾਇਆ ਕਿ ਬਦਲਦੀ ਦੁਨੀਆ ’ਚ ਆਪਣੀ ਯੋਗਤਾ, ਗਿਆਨ ਤੇ ਹੁਨਰ ਨਾਲ ਨਵੇਂ ਮੌਕੇ ਕਿਵੇਂ ਪੈਦਾ ਕਰਨੇ ਹਨ? ਅਸਲ ਸਿੱਖਿਆ ਵਿਅਕਤੀ ਨੂੰ ਸਿਰਫ਼ ਨੌਕਰੀ ਲੱਭਣ ਵਾਲਾ ਨਹੀਂ ਬਣਾਉਂਦੀ; ਇਹ ਉਸ ਨੂੰ ਸਮੱਸਿਆਵਾਂ ਦਾ ਹੱਲ ਲੱਭਣ ਵਾਲਾ ਬਣਾਉਂਦੀ ਹੈ। ਇਹ ਉਸ ਨੂੰ ਸਿਰਫ਼ ਹੁਕਮ ਮੰਨਣ ਵਾਲਾ ਕਰਮਚਾਰੀ ਨਹੀਂ, ਸਗੋਂ ਸੋਚਣ, ਸਵਾਲ ਕਰਨ, ਫ਼ੈਸਲਾ ਲੈਣ ਅਤੇ ਨਵਾਂ ਰਸਤਾ ਬਣਾਉਣ ਵਾਲਾ ਮਨੁੱਖ ਬਣਾਉਂਦੀ ਹੈ।
ਅੱਜ ਗਿਆਨ, ਤਕਨਾਲੋਜੀ ਅਤੇ ਬਨਾਵਟੀ ਬੁੱਧੀ ਨੇ ਕੰਮ ਦੀ ਪ੍ਰਕਿਰਤੀ ਹੀ ਬਦਲ ਦਿੱਤੀ ਹੈ। ਇਸ ਲਈ ਸਫਲਤਾ ਨੂੰ ਸਿਰਫ਼ ਇਸ ਗੱਲ ਨਾਲ ਨਹੀਂ ਮਾਪਿਆ ਜਾ ਸਕਦਾ ਕਿ ਕਿਸੇ ਸੰਸਥਾ ’ਚ ਨੌਕਰੀ ਮਿਲੀ ਜਾਂ ਨਹੀਂ। ਅਸਲ ਤਾਕਤ ਇਹ ਹੈ ਕਿ ਵਿਅਕਤੀ ਕਿੰਨਾ ਸਿੱਖ ਸਕਦਾ ਹੈ, ਕਿੰਨੀ ਤੇਜ਼ੀ ਨਾਲ ਬਦਲ ਸਕਦਾ ਹੈ ਤੇ ਆਪਣੀ ਯੋਗਤਾ ਨੂੰ ਕਿੰਨੇ ਵੱਖ-ਵੱਖ ਢੰਗਾਂ ਨਾਲ ਵਰਤ ਸਕਦਾ ਹੈ। ਇਸ ਲਈ ਸਿੱਖਿਆ ਬਾਰੇ ਸਵਾਲ ਇਹ ਨਹੀਂ ਹੋਣਾ ਚਾਹੀਦਾ-‘ਇਹ ਡਿਗਰੀ ਮੈਨੂੰ ਕਿਹੜੀ ਨੌਕਰੀ ਦਿਵਾਏਗੀ?’ ਸਗੋਂ ਇਹ ਹੋਣਾ ਚਾਹੀਦਾ ਹੈ-‘ਇਹ ਸਿੱਖਿਆ ਮੈਨੂੰ ਕਿਹੋ ਜਿਹਾ ਮਨੁੱਖ ਬਣਾਏਗੀ ਅਤੇ ਮੈਂ ਇਸ ਗਿਆਨ ਨਾਲ ਆਪਣੀ ਜ਼ਿੰਦਗੀ ਅਤੇ ਸਮਾਜ ’ਚ ਕੀ ਕਰ ਸਕਾਂਗਾ?’ ਵਿਦਿਆ ਦੇ ਅਸਲ ਮਕਸਦ ਨੂੰ ਸਮਝਣ ਲਈ ਸ੍ਰੀ ਵਿਸ਼ਣੂ ਪੁਰਾਣ ਵਿੱਚ ਕਿਹਾ ਗਿਆ ਹੈ-‘ਸਾ ਵਿਦਿਆ ਯਾ ਵਿਮੁਕਤਯੇ।’ ਅਰਥਾਤ, ਉਹੀ ਵਿਦਿਆ ਅਸਲ ਵਿਦਿਆ ਹੈ ਜੋ ਮਨੁੱਖ ਨੂੰ ਮੁਕਤੀ ਵੱਲ ਲੈ ਕੇ ਜਾਵੇ। ਇਹ ਮੁਕਤੀ ਕੇਵਲ ਧਾਰਮਿਕ ਜਾਂ ਆਧਿਆਤਮਿਕ ਅਰਥਾਂ ’ਚ ਨਹੀਂ, ਸਗੋਂ ਅਗਿਆਨਤਾ, ਡਰ, ਅੰਦਰੂਨੀ ਕਲੇਸ਼, ਅੰਧਵਿਸ਼ਵਾਸ ਅਤੇ ਹੰਕਾਰ ਦੇ ਬੰਧਨਾਂ ਤੋਂ ਮੁਕਤੀ ਵੀ ਹੈ। ਵਿਦਿਆ ਦਾ ਕੰਮ ਮਨੁੱਖ ਦੇ ਬੰਧਨ ਕੱਟਣਾ ਹੈ ਪਰ ਅੱਜ ਦੀ ਸਿੱਖਿਆ ਉਸ ਨੂੰ ਇਕ ਜਾਲ ’ਚ ਫਸਾ ਰਹੀ ਹੈ-ਡਿਗਰੀ, ਨੌਕਰੀ, ਅਹੁਦੇ, ਮੁਕਾਬਲੇ ਅਤੇ ਸਮਾਜਿਕ ਦਿਖਾਵੇ ਦੇ ਜਾਲ ’ਚ। ਅਸੀਂ ਸਿੱਖਿਆ ਨੂੰ ਜੀਵਨ ਨੂੰ ਸਮਝਣ ਅਤੇ ਸੰਵਾਰਨ ਦਾ ਸਾਧਨ ਬਣਾਉਣ ਦੀ ਬਜਾਏ ਉਸ ਨੂੰ ਸਿਰਫ਼ ਬਾਜ਼ਾਰ ਲਈ ਤਿਆਰ ਕਰਨ ਦਾ ਮਾਧਿਅਮ ਬਣਾ ਦਿੱਤਾ ਹੈ। ਸਿੱਖਿਆ ਵਿਅਕਤੀ ਨੂੰ ਸਿਰਫ਼ ਬਾਜ਼ਾਰ ਲਈ ਨਹੀਂ, ਜੀਵਨ ਲਈ ਤਿਆਰ ਕਰਦੀ ਹੈ।
ਇਹ ਸਾਨੂੰ ਸਿਰਫ਼ ਰੋਜ਼ੀ-ਰੋਟੀ ਕਮਾਉਣੀ ਨਹੀਂ ਸਿਖਾਉਂਦੀ, ਸਗੋਂ ਇਹ ਵੀ ਸਿਖਾਉਂਦੀ ਹੈ ਕਿ ਜੀਵਨ ਨੂੰ ਕਿਵੇਂ ਜੀਉਣਾ ਹੈ। ਅਸਲ ਸਿੱਖਿਆ ਮਨੁੱਖ ਨੂੰ ਇਹ ਸਮਰੱਥਾ ਦਿੰਦੀ ਹੈ ਕਿ ਉਹ ਮੁਸ਼ਕਲਾਂ, ਨਿਰਾਸ਼ਾਵਾਂ ਅਤੇ ਅਸਫਲਤਾਵਾਂ ਦੇ ਬਾਵਜੂਦ ਟੁੱਟੇ ਨਾ; ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲੇ, ਨਵੇਂ ਰਸਤੇ ਲੱਭੇ ਅਤੇ ਜੀਵਨ ਨੂੰ ਹੋਰ ਦ੍ਰਿੜਤਾ ਨਾਲ ਅੱਗੇ ਵਧਾਏ। ਪ੍ਰੀਖਿਆ ’ਚ ਅਸਫਲ ਹੋ ਜਾਣਾ ਜੀਵਨ ਦੀ ਅਸਫਲਤਾ ਨਹੀਂ ਅਤੇ ਨੌਕਰੀ ਰੂਪੀ ਰੋਜ਼ੀ ਨਾ ਮਿਲਣਾ ਜੀਵਨ ਦਾ ਅੰਤ ਨਹੀਂ। ਮਨੁੱਖ ਦੀ ਯੋਗਤਾ ਇਕ ਪ੍ਰੀਖਿਆ ਜਾਂ ਇਕ ਅਹੁਦੇ ਨਾਲੋਂ ਕਿਤੇ ਵੱਡੀ ਹੈ। ਰੋਜ਼ੀ ਜੀਵਨ ਦੀ ਲੋੜ ਹੈ ਪਰ ਸਿੱਖਿਆ ਜੀਵਨ ਨੂੰ ਸਮਝਣ ਦੀ ਸਮਰੱਥਾ ਹੈ। ਨੌਕਰੀ ਰੋਜ਼ੀ ਦਿੰਦੀ ਹੈ; ਸਿੱਖਿਆ ਇਹ ਸਮਝ ਦਿੰਦੀ ਹੈ ਕਿ ਉਸ ਰੋਜ਼ੀ ਨੂੰ ਕਿਵੇਂ ਅਰਥਪੂਰਨ ਬਣਾਉਣਾ ਹੈ। ਨੌਕਰੀ ਸਾਨੂੰ ਕਿਸੇ ਸੰਸਥਾ ਦਾ ਹਿੱਸਾ ਬਣਾ ਸਕਦੀ ਹੈ; ਸਿੱਖਿਆ ਸਾਨੂੰ ਸਮਾਜ ਦਾ ਜ਼ਿੰਮੇਵਾਰ ਮੈਂਬਰ ਬਣਾਉਂਦੀ ਹੈ। ਇਸ ਲਈ ਸਿੱਖਿਆ ਨੀਤੀ, ਮਾਪਿਆਂ, ਅਧਿਆਪਕਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਆਪਣੇ ਬੱਚਿਆਂ ਨੂੰ ਸਿਰਫ਼ ਰੋਜ਼ਗਾਰ ਲਈ ਮੁਕਾਬਲੇ ਦੀ ਦੌੜ ਲਈ ਤਿਆਰ ਕਰਨ ਦੀ ਬਜਾਏ ਜ਼ਿੰਦਗੀ ਲਈ ਤਿਆਰ ਕਰਨਾ ਹੋਵੇਗਾ। ਸਾਡਾ ਮਕਸਦ ਸਿਰਫ਼ ਇਹ ਨਹੀਂ ਹੋਣਾ ਚਾਹੀਦਾ ਕਿ ਬੱਚਾ ‘ਕੀ ਬਣੇਗਾ’, ਸਗੋਂ ਇਹ ਹੋਣਾ ਚਾਹੀਦਾ ਹੈ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ। ਇਹੀ ਵਿਦਿਆ ਦਾ ਅਸਲ ਮਕਸਦ ਹੈ–‘ਵਿਦਿਆ ਵਿਚਾਰੀ ਤਾਂ ਪਰਉਪਕਾਰੀ।’
-ਲੇਖਕ ਪੀਐੱਸਪੀਸੀਐੱਲ ਦੇ ਰਿਟਾਇਰਡ ਉਪ ਮੁੱਖ ਇੰਜਨੀਅਰ ਹਨ, ਸੰਪਰਕ 9417428643