- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਬੱਚੇ ਨੂੰ ਬਚਪਨ ’ਚ ਇਹ ਅਨੁਭਵ ਨਾ ਕਰਵਾਇਆ ਜਾਵੇ, ਤਾਂ ਉਹ ਵੱਡਾ ਹੋ ਕੇ ਮਾਨਸਿਕ ਦਬਾਅ ਅਤੇ ਨਿਰਾਸ਼ਾ ਨੂੰ ਸਹਿਣ ’ਚ ਮੁਸ਼ਕਲ ਮਹਿਸੂਸ ਕਰਦਾ ਹੈ। ਅਕਸਰ ਅਸੀਂ ਇਹ ਟਪਲਾ ਖਾ ਜਾਂਦੇ ਹਾਂ ਕਿ ਬਾਲ-ਮਨੋਵਿਗਿਆਨ ਬੱਚਿਆਂ ਨੂੰ ਸਿਰਫ਼ ਖੁੱਲ੍ਹ ਜਾਂ ਆਜ਼ਾਦੀ ਦੇਣ ਦੀ ਹੀ ਵਕਾਲਤ ਕਰਦਾ ਹੈ। ਪਰ ਇਹ ਸਿੱਕੇ ਦਾ ਇੱਕ ਹੀ ਪਹਿਲੂ ਹੈ।

ਨਵਦੀਪ ਝੁਨੀਰ।
ਜਦੋਂ ਮਾਪੇ ਆਪਣੇ ਬੱਚਿਆਂ ਦੀਆਂ ਰਾਹਾਂ ਤੋਂ ਹਰ ਠੋਕਰ ਅਤੇ ਹਰ ਕੰਡਾ ਹਟਾਉਣ ਦੀ ਕੋਸ਼ਿਸ਼ ਕਰਨ ਲੱਗ ਪੈਂਦੇ ਹਨ, ਤਾਂ ਉਹ ਅਣਜਾਣੇ ਹੀ ਉਨ੍ਹਾਂ ਦੀਆਂ ਮੰਜ਼ਿਲਾਂ ਨੂੰ ਹੋਰ ਔਖਾ ਬਣਾ ਦਿੰਦੇ ਹਨ। ਜ਼ਿੰਦਗੀ ਦੀ ਹਰ ਚੁਣੌਤੀ ਤੋਂ ਬਚਾ ਕੇ ਪਾਲਿਆ ਗਿਆ ਬਚਪਨ ਅਕਸਰ ਹਕੀਕਤ ਦੀ ਪਹਿਲੀ ਠੋਕਰ ਅੱਗੇ ਡਗਮਗਾ ਜਾਂਦਾ ਹੈ। ਕਿਸੇ ਵੀ ਸਮਾਜ ਦਾ ਭਵਿੱਖ ਆਲੀਸ਼ਾਨ ਇਮਾਰਤਾਂ ਜਾਂ ਆਰਥਿਕ ਵਿਕਾਸ ’ਚ ਨਹੀਂ, ਸਗੋਂ ਉਸ ਦੀ ਨਵੀਂ ਪੀੜ੍ਹੀ ਦੇ ਚਰਿੱਤਰ ’ਚ ਲੁਕਿਆ ਹੁੰਦਾ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਔਲਾਦ ਸਾਡਾ ਸਭ ਤੋਂ ਵੱਡਾ ਸਰਮਾਇਆ ਹੈ, ਪਰ ਸੋਚਣਾ ਬਣਦਾ ਹੈ ਕਿ ਕੀ ਅਸੀਂ ਇਸ ਸਰਮਾਏ ਦੀ ਸੰਭਾਲ ਵੀ ਉਸੇ ਗੰਭੀਰਤਾ ਨਾਲ ਕਰ ਰਹੇ ਹਾਂ, ਜਿਸ ਗੰਭੀਰਤਾ ਨਾਲ ਆਪਣੀ ਜਾਇਦਾਦ ਜਾਂ ਕਾਰੋਬਾਰ ਦੀ ਕਰਦੇ ਹਾਂ? ਅੱਜ ਦਾ ਸਮਾਜ ਬੱਚਿਆਂ ਦੀ ਪਰਵਰਿਸ਼ ਦੇ ਇਕ ਅਜੀਬ ਦੌਰ ’ਚੋਂ ਲੰਘ ਰਿਹਾ ਹੈ। ਮਾਪੇ ਬੱਚਿਆਂ ਨੂੰ ਹਰ ਉਹ ਸਹੂਲਤ ਦੇਣ ਲਈ ਯਤਨਸ਼ੀਲ ਹਨ, ਜਿਸ ਦਾ ਉਨ੍ਹਾਂ ਨੇ ਖ਼ੁਦ ਕਦੇ ਸੁਪਨਾ ਵੀ ਨਹੀਂ ਸੀ ਦੇਖਿਆ। ਘਰਾਂ ’ਚ ਭੌਤਿਕ ਸੁਖ-ਸਾਧਨ ਤਾਂ ਲਗਾਤਾਰ ਵਧੇ ਹਨ, ਪਰ ਦੂਜੇ ਪਾਸੇ ਸਾਂਝਾ ਸਮਾਂ ਅਤੇ ਆਪਸੀ ਗੱਲਬਾਤ ਬਹੁਤ ਘਟ ਗਈ ਹੈ। ਨਤੀਜੇ ਵਜੋਂ ਬੱਚਿਆਂ ਅਤੇ ਮਾਪਿਆਂ ਵਿਚਕਾਰ ਇਕ ਭਾਵਨਾਤਮਕ ਦੂਰੀ ਪੈਦਾ ਹੋ ਰਹੀ ਹੈ, ਜੋ ਅਜੋਕੇ ਆਧੁਨਿਕ ਪਰਿਵਾਰ ਦੀ ਇੱਕ ਵੱਡੀ ਤ੍ਰਾਸਦੀ ਹੈ। ਅਸੀਂ ਅਕਸਰ ਪਿਆਰ ਨੂੰ ਸਹੂਲਤਾਂ ਦੇਣ ਨਾਲ ਜੋੜ ਲੈਂਦੇ ਹਾਂ।
ਬੱਚੇ ਦੀ ਹਰ ਮੰਗ ਪੂਰੀ ਕਰਨਾ ਤੇ ਉਸ ਦੀ ਹਰ ਜ਼ਿੱਦ ਅੱਗੇ ਝੁਕਣਾ ਸਾਨੂੰ ਆਪਣਾ ਮੁੱਖ ਫ਼ਰਜ਼ ਜਾਪਦਾ ਹੈ ਪਰ ਪਿਆਰ ਅਤੇ ਪਰਵਰਿਸ਼ ’ਚ ਬਹੁਤ ਫ਼ਰਕ ਹੁੰਦਾ ਹੈ। ਪਿਆਰ ਸੁਰੱਖਿਆ ਦਾ ਅਹਿਸਾਸ ਦਿੰਦਾ ਹੈ, ਜਦਕਿ ਪਰਵਰਿਸ਼ ਜ਼ਿੰਦਗੀ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦੀ ਹੈ। ਜਿੱਥੇ ਪਿਆਰ ’ਚ ਵਾਤਸਲਤਾ ਹੁੰਦੀ ਹੈ, ਉੱਥੇ ਪਰਵਰਿਸ਼ ’ਚ ਦੂਰਅੰਦੇਸ਼ੀ ਦੀ ਲੋੜ ਹੁੰਦੀ ਹੈ। ਛੋਟੇ ਪਰਿਵਾਰਾਂ ਅਤੇ ਇਕਲੌਤੀ ਔਲਾਦ ਵਾਲੇ ਘਰਾਂ ਵਿੱਚ ਬੱਚਿਆਂ ਦੀ ਹਰ ਖ਼ਾਹਸ਼ ਤੁਰੰਤ ਪੂਰੀ ਕਰਨ ਦੀ ਕੋਸ਼ਿਸ਼ ਵਿੱਚ ਅਸੀਂ ਕਈ ਵਾਰ ਉਨ੍ਹਾਂ ਤੋਂ ਸਬਰ, ਸੰਤੋਖ ਅਤੇ ਉਡੀਕ ਕਰਨ ਦੀ ਸਮਰੱਥਾ ਖੋਹ ਲੈਂਦੇ ਹਾਂ। ਜਿਹੜਾ ਬੱਚਾ ਹਰ ਇੱਛਾ ਦੀ ਤੁਰੰਤ ਪੂਰਤੀ ਦਾ ਆਦੀ ਹੋ ਜਾਵੇ, ਉਹ ਜ਼ਿੰਦਗੀ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰੇਗਾ? ਜ਼ਿੰਦਗੀ ਹਰ ਮੰਗ ਨੂੰ ਤੁਰੰਤ ਸਵੀਕਾਰ ਨਹੀਂ ਕਰਦੀ; ਇਸ ਵਿੱਚ ਇਨਕਾਰ ਵੀ ਹੁੰਦਾ ਹੈ, ਅਸਫ਼ਲਤਾ ਵੀ ਅਤੇ ਉਡੀਕ ਵੀ। ਜੇ ਬੱਚੇ ਨੂੰ ਬਚਪਨ ’ਚ ਇਹ ਅਨੁਭਵ ਨਾ ਕਰਵਾਇਆ ਜਾਵੇ, ਤਾਂ ਉਹ ਵੱਡਾ ਹੋ ਕੇ ਮਾਨਸਿਕ ਦਬਾਅ ਅਤੇ ਨਿਰਾਸ਼ਾ ਨੂੰ ਸਹਿਣ ’ਚ ਮੁਸ਼ਕਲ ਮਹਿਸੂਸ ਕਰਦਾ ਹੈ। ਅਕਸਰ ਅਸੀਂ ਇਹ ਟਪਲਾ ਖਾ ਜਾਂਦੇ ਹਾਂ ਕਿ ਬਾਲ-ਮਨੋਵਿਗਿਆਨ ਬੱਚਿਆਂ ਨੂੰ ਸਿਰਫ਼ ਖੁੱਲ੍ਹ ਜਾਂ ਆਜ਼ਾਦੀ ਦੇਣ ਦੀ ਹੀ ਵਕਾਲਤ ਕਰਦਾ ਹੈ। ਪਰ ਇਹ ਸਿੱਕੇ ਦਾ ਇੱਕ ਹੀ ਪਹਿਲੂ ਹੈ। ਪ੍ਰਸਿੱਧ ਮਨੋਵਿਗਿਆਨੀ ਡਾਇਨਾ ਬਾਮਰਿੰਡ ਵੱਲੋਂ ਦਿੱਤੇ ਗਏ 'ਸੰਤੁਲਿਤ ਪਰਵਰਿਸ਼' ਦੇ ਸਿਧਾਂਤ ਅਨੁਸਾਰ ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਪਿਆਰ ਦੇ ਨਾਲ-ਨਾਲ ਉਸਾਰੂ ਹੱਦਾਂ (ਅਨੁਸ਼ਾਸਨ) ਵੀ ਜ਼ਰੂਰੀ ਹਨ। ਇੱਥੇ ਹੱਦਾਂ ਤੈਅ ਕਰਨ ਦਾ ਅਰਥ ਬੱਚੇ ਨੂੰ ਡਰਾਉਣਾ ਜਾਂ ਦਬਾਉਣਾ ਨਹੀਂ, ਸਗੋਂ ਉਸ ਨੂੰ ਇਕ ਸੁਰੱਖਿਅਤ ਮਹੌਲ ਦੇਣਾ ਹੈ। ਅਸਲ ਮਨੋਵਿਗਿਆਨ ਉਹ ਹੈ ਜਿੱਥੇ ਮਾਪੇ ਬੱਚੇ ਦੀ ਆਜ਼ਾਦੀ ਦਾ ਸਤਿਕਾਰ ਕਰਦਿਆਂ ਪਿਆਰ ਅਤੇ ਸਪਸ਼ਟਤਾ ਨਾਲ ‘ਨਾਂਹ’ ਕਹਿਣਾ ਵੀ ਜਾਣਦੇ ਹੋਣ। ਜਦੋਂ ਬੱਚਾ ਕੋਈ ਨਾਜਾਇਜ਼ ਮੰਗ ਕਰੇ, ਤਾਂ ਉਸ ਨੂੰ ਤਰਕ ਨਾਲ ਸਮਝਾਇਆ ਜਾਵੇ। ਜਿਹੜਾ ਬੱਚਾ ਬਚਪਨ ਵਿੱਚ ਸੁਚੱਜੇ ਢੰਗ ਨਾਲ ‘ਨਾਂਹ’ ਸੁਣਨਾ ਨਹੀਂ ਸਿੱਖਦਾ, ਉਹ ਵੱਡਾ ਹੋ ਕੇ ਬਾਹਰੀ ਦੁਨੀਆ ਦੇ ਇਨਕਾਰਾਂ ਨੂੰ ਸਹਿਣ ਵਿੱਚ ਕਮਜ਼ੋਰ ਪੈ ਜਾਂਦਾ ਹੈ। ਅੱਜ ਬੱਚੇ ਦੇ ਹੱਥ ਵਿੱਚ ਖਿਡੌਣੇ ਨਾਲੋਂ ਪਹਿਲਾਂ ਮੋਬਾਈਲ ਫ਼ੋਨ ਆ ਜਾਂਦਾ ਹੈ। ਬੱਚੇ ਨੂੰ ਚੁੱਪ ਕਰਵਾਉਣ, ਖਾਣਾ ਖੁਆਉਣ ਜਾਂ ਰੁਝਾਈ ਰੱਖਣ ਲਈ ਮੋਬਾਈਲ ਇੱਕ ਆਸਾਨ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ ਪਰ ਹੌਲੀ-ਹੌਲੀ ਇਹੀ ਸਾਧਨ ਉਸ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ। ਮੈਡੀਕਲ ਵਿਗਿਆਨ ਅਨੁਸਾਰ ਜਦੋਂ ਬੱਚਾ ਲਗਾਤਾਰ ਸਕਰੀਨ ’ਤੇ ਗੇਮਾਂ ਖੇਡਦਾ ਹੈ ਜਾਂ ਵੀਡੀਓਜ਼ ਦੇਖਦਾ ਹੈ, ਤਾਂ ਉਸ ਦੇ ਦਿਮਾਗ ’ਚੋਂ ‘ਡੋਪਾਮੀਨ’ ਨਾਮਕ ਰਸਾਇਣ ਦਾ ਰਿਸਾਅ ਹੁੰਦਾ ਹੈ, ਜੋ ਉਸ ਨੂੰ ਤੁਰੰਤ ਖ਼ੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਕਰਵਾਉਂਦਾ ਹੈ। ਹੌਲੀ-ਹੌਲੀ ਦਿਮਾਗ ਇਸ ਉੱਚ ਪੱਧਰੀ ਡੋਪਾਮੀਨ ਦਾ ਆਦੀ ਹੋ ਜਾਂਦਾ ਹੈ। ਨਤੀਜੇ ਵਜੋਂ ਉਸ ਨੂੰ ਆਮ ਸਰੀਰਕ ਖੇਡਾਂ, ਪੜ੍ਹਾਈ ਜਾਂ ਹੋਰ ਰਵਾਇਤੀ ਗਤੀਵਿਧੀਆਂ ਨੀਰਸ ਲੱਗਣ ਲੱਗਦੀਆਂ ਹਨ। ਇਸੇ ਕਾਰਨ ਬੱਚਾ ਹਰ ਛੋਟੀ-ਛੋਟੀ ਗੱਲ ’ਤੇ ਚਿੜਚਿੜਾ ਹੋ ਜਾਂਦਾ ਹੈ। ਬਾਅਦ ’ਚ ਜਦੋਂ ਮਾਪੇ ਸ਼ਿਕਾਇਤ ਕਰਦੇ ਹਨ ਕਿ ਬੱਚਾ ਮੋਬਾਈਲ ਇਕ ਮਿੰਟ ਲਈ ਵੀ ਨਹੀਂ ਛੱਡਦਾ, ਤਾਂ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਇਸ ਵਿਨਾਸ਼ਕਾਰੀ ਆਦਤ ਦੀ ਸ਼ੁਰੂਆਤ ਕਿੱਥੋਂ ਹੋਈ ਸੀ। ਆਧੁਨਿਕ ਜੀਵਨ-ਸ਼ੈਲੀ ਨੇ ਬੱਚਿਆਂ ਦੀਆਂ ਖਾਣ-ਪੀਣ ਦੀਆਂ ਆਦਤਾਂ ’ਚ ਵੀ ਵੱਡਾ ਵਿਗਾੜ ਪੈਦਾ ਕੀਤਾ ਹੈ। ਚਿਪਸ, ਬਿਸਕੁਟ, ਕੋਲਡ ਡਰਿੰਕਸ ਅਤੇ ਫਾਸਟ ਫੂਡ ਅੱਜ ਬੱਚਿਆਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਬੱਚਿਆਂ ਦੇ ਜਨਮਦਿਨਾਂ ਅਤੇ ਹੋਰ ਸਮਾਗਮਾਂ ’ਚ ਵੀ ਦਿਖਾਵੇ ਦੀ ਸੰਸਕ੍ਰਿਤੀ ਹਾਵੀ ਹੋ ਰਹੀ ਹੈ, ਜਿੱਥੇ ਮਾਪੇ ਖ਼ੁਦ ਉਨ੍ਹਾਂ ਨੂੰ ਰਵਾਇਤੀ ਪੌਸ਼ਟਿਕ ਭੋਜਨ ਦੀ ਥਾਂ ਇਹ ਬਾਜ਼ਾਰੀ ਖਾਣਾ ਖੁਆਉਣ ’ਚ ਮਾਣ ਮਹਿਸੂਸ ਕਰਦੇ ਹਨ ਪਰ ਜਦੋਂ ਬੱਚੇ ਪੂਰੀ ਤਰ੍ਹਾਂ ਅਜਿਹੇ ਭੋਜਨ ਦੇ ਆਦੀ ਹੋ ਜਾਂਦੇ ਹਨ ਤੇ ਇਸ ਦਾ ਸਿੱਧਾ ਨਤੀਜਾ ਛੋਟੀ ਉਮਰ ’ਚ ਮੋਟਾਪੇ ਜਾਂ ਹੋਰ ਗੰਭੀਰ ਸਿਹਤ ਸਮੱਸਿਆਵਾਂ ਦੇ ਰੂਪ ’ਚ ਸਾਹਮਣੇ ਆਉਂਦਾ ਹੈ, ਤਾਂ ਮਾਪਿਆਂ ਦੀਆਂ ਸ਼ਿਕਾਇਤਾਂ ਸ਼ੁਰੂ ਹੋ ਜਾਂਦੀਆਂ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੱਚੇ ਦੀ ਇਸ ਬਿਮਾਰ ਕਰਨ ਵਾਲੀ ਆਦਤ ਦੀ ਨੀਂਹ ਕਿਸੇ ਬਾਹਰੀ ਦੁਨੀਆ ਨੇ ਨਹੀਂ, ਸਗੋਂ ਸਾਡੇ ਆਪਣੇ ਘਰ ’ਚ ਹੀ ਰੱਖੀ ਸੀ। ਸਾਡੇ ਬਜ਼ੁਰਗਾਂ ਦੀ ਪਰਵਰਿਸ਼ ਦੇ ਢੰਗ ’ਚ ਭਾਵੇਂ ਕੁਝ ਸੀਮਾਵਾਂ ਹੋ ਸਕਦੀਆਂ ਸਨ ਪਰ ਇਕ ਗੱਲ ਨਿਸ਼ਚਿਤ ਸੀ ਕਿ ਉੱਥੇ ਪਿਆਰ ਦੇ ਨਾਲ-ਨਾਲ ਦ੍ਰਿੜ ਅਨੁਸ਼ਾਸਨ ਵੀ ਮੌਜੂਦ ਸੀ। ਵਧੀਆ ਪਰਵਰਿਸ਼ ਉਹ ਹੈ, ਜਿਸ ’ਚ ਪਿਆਰ, ਸੰਵਾਦ, ਸਤਿਕਾਰ ਅਤੇ ਅਨੁਸ਼ਾਸਨ ਦਾ ਸੰਤੁਲਿਤ ਮੇਲ ਹੋਵੇ। ਬੱਚੇ ਨੂੰ ਨਾ ਤਾਂ ਡਰ ਦੇ ਸਾਏ ਹੇਠ ਪਾਲਣ ਦੀ ਲੋੜ ਹੈ ਅਤੇ ਨਾ ਹੀ ਉਸ ਨੂੰ ਇੰਨੀ ਛੋਟ ਦੇਣ ਦੀ ਕਿ ਉਹ ਸਹੀ ਅਤੇ ਗ਼ਲਤ ਦਾ ਫ਼ਰਕ ਹੀ ਭੁੱਲ ਜਾਵੇ। ਅੱਜ ਬੱਚਿਆਂ ਦੀਆਂ ਭੌਤਿਕ ਲੋੜਾਂ ਨਾਲੋਂ ਉਨ੍ਹਾਂ ਦੀਆਂ ਭਾਵਨਾਤਮਕ ਲੋੜਾਂ ਨੂੰ ਸਮਝਣ ਦੀ ਵਧੇਰੇ ਲੋੜ ਹੈ। ਮੁਕਾਬਲੇਬਾਜ਼ੀ, ਪ੍ਰੀਖਿਆਵਾਂ, ਸੋਸ਼ਲ ਮੀਡੀਆ ਅਤੇ ਬਦਲਦੇ ਸਮਾਜਿਕ ਮਾਹੌਲ ਦੇ ਦਬਾਅ ਵਿਚਕਾਰ ਕਈ ਬੱਚੇ ਅੰਦਰੋਂ ਇਕੱਲੇਪਣ ਦਾ ਸ਼ਿਕਾਰ ਹੋ ਰਹੇ ਹਨ। ਜਦੋਂ ਹਕੀਕਤ ਉਨ੍ਹਾਂ ਦੀਆਂ ਇਨ੍ਹਾਂ ਕਾਲਪਨਿਕ ਉਮੀਦਾਂ ਦੇ ਅਨੁਕੂਲ ਨਹੀਂ ਹੁੰਦੀ, ਤਾਂ ਨਿਰਾਸ਼ਾ, ਤਣਾਅ ਅਤੇ ਅਸੰਤੁਸ਼ਟੀ ਦਾ ਜਨਮ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਹਰ ਮੁਸ਼ਕਲ ਤੋਂ ਬਚਾਉਣ ਦੀ ਬਜਾਏ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣਾ ਜ਼ਿਆਦਾ ਜ਼ਰੂਰੀ ਹੈ। ਅਸਲ ਵਿੱਚ ਪਰਵਰਿਸ਼ ਬੱਚਿਆਂ ਨੂੰ ਹਰ ਸੁੱਖ ਦੇਣ ਦਾ ਨਹੀਂ, ਸਗੋਂ ਉਨ੍ਹਾਂ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਣ ਦਾ ਨਾਮ ਹੈ। ਸਾਡਾ ਫ਼ਰਜ਼ ਉਨ੍ਹਾਂ ਲਈ ਰਾਹਾਂ ਨੂੰ ਆਸਾਨ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਜ਼ਿੰਦਗੀ ਦੇ ਬਿਖੜੇ ਰਾਹਾਂ ਉੱਤੇ ਦ੍ਰਿੜਤਾ ਨਾਲ ਤੁਰਨ ਦੇ ਕਾਬਲ ਬਣਾਉਣਾ ਹੈ। ਭਵਿੱਖ ਦਾ ਸਮਾਜ ਸਾਡੇ ਘਰਾਂ ਵਿੱਚ ਪਲ ਰਿਹਾ ਹੈ। ਆਖ਼ਰਕਾਰ, ਚੰਗੇ ਬੱਚੇ ਕਿਸਮਤ ਨਾਲ ਨਹੀਂ, ਸਗੋਂ ਸੰਤੁਲਿਤ ਅਤੇ ਜ਼ਿੰਮੇਵਾਰ ਪਰਵਰਿਸ਼ ਦੀ ਬਦੌਲਤ ਬਣਦੇ ਹਨ। ਜੇ ਬੱਚੇ ਸਾਡਾ ਅਸਲ ਸਰਮਾਇਆ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਭੌਤਿਕ ਸਹੂਲਤਾਂ ਨਹੀਂ, ਸਗੋਂ ਚੰਗੀ ਜੀਵਨ-ਜਾਚ, ਸਬਰ, ਸੰਸਕਾਰ ਅਤੇ ਸੰਘਰਸ਼ ਦਾ ਸਾਹਮਣਾ ਕਰਨ ਦਾ ਹੌਸਲਾ ਦੇਣ ਦੀ ਲੋੜ ਹੈ। ਕਿਉਂਕਿ ਜਦੋਂ ਅਸੀਂ ਉਨ੍ਹਾਂ ਦੇ ਰਾਹ ਬੇਹੱਦ ਸੌਖੇ ਕਰ ਦੇਂਦੇ ਹਾਂ, ਤਾਂ ਅਣਜਾਣੇ ਹੀ ਉਨ੍ਹਾਂ ਦੀਆਂ ਮੰਜ਼ਿਲਾਂ ਔਖੀਆਂ ਕਰ ਦਿੰਦੇ ਹਾਂ।
-(ਸੰਪਰਕ : 9876968193)।