- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ ਇਕ ਵੱਡੀ ਚਿੰਤਾ ਇਹ ਹੈ ਕਿ ਕੁਝ ਲੋਕ ਇਤਿਹਾਸ ਦੇ ਸਭ ਤੋਂ ਦੁਖਦਾਈ ਸਮੇਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਕਿ ਪੁਰਾਣੇ ਜ਼ਖ਼ਮ ਮੁੜ ਹਰੇ ਹੋਣ ਲੱਗ ਪੈਣ। ਸਵਾਲ ਇਹ ਨਹੀਂ ਕਿ ਇਤਿਹਾਸ ਬਾਰੇ ਗੱਲ ਹੋਣੀ ਚਾਹੀਦੀ ਹੈ ਜਾਂ ਨਹੀਂ। ਸਵਾਲ ਇਹ ਹੈ ਕਿ ਕੀ ਇਤਿਹਾਸ ਦਾ ਉਦੇਸ਼ ਸਮਾਜ ਨੂੰ ਵੰਡਣਾ ਹੈ ਜਾਂ ਉਸ ਤੋਂ ਸਬਕ ਲੈ ਕੇ ਅੱਗੇ ਵਧਣਾ? ਇਤਿਹਾਸ ਨੂੰ ਯਾਦ ਰੱਖਣਾ ਜ਼ਰੂਰੀ ਹੈ ਪਰ ਨਫ਼ਰਤ ਨੂੰ ਜ਼ਿੰਦਾ ਰੱਖਣਾ ਕਿਸੇ ਵੀ ਸਮਾਜ ਲਈ ਘਾਤਕ ਹੁੰਦਾ ਹੈ।

ਡਾ. ਸੰਦੀਪ ਘੰਡ ਐਡਵੋਕੇਟ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਸਮੇਂ ਦੇ ਇਕ ਕਾਲੇ ਦੌਰ ਨੂੰ ਅਧੂਰੇ ਤੱਥਾਂ ਅਤੇ ਭਾਵਨਾਵਾਂ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਵਰਗੀ ਧਰਤੀ, ਜਿਸ ਨੇ ਜਲ੍ਹਿਆਂਵਾਲਾ ਬਾਗ਼, 1947 ਦੀ ਵੰਡ, 1984 ਦੇ ਵਿਰੋਧੀ-ਸਿੱਖ ਦੰਗੇ ਅਤੇ 1980–95 ਦੇ ਅੱਤਵਾਦ ਤੇ ਵਿਰੋਧੀ-ਅੱਤਵਾਦ ਦਾ ਦਰਦ ਹੰਢਾਇਆ ਉਸ ਸਮੇਂ ਦੇ ਇਤਿਹਾਸ ਨੂੰ ਕਿਸੇ ਇਕ ਭਾਈਚਾਰੇ ਦੇ ਦਰਦ ਤੱਕ ਸੀਮਿਤ ਨਹੀਂ ਕੀਤਾ ਜਾ ਸਕਦਾ। ਹਿੰਦੂ, ਸਿੱਖ, ਮੁਸਲਿਮ, ਈਸਾਈ, ਪੁਲਿਸ ਮੁਲਾਜ਼ਮ ਅਤੇ ਬੇਗ਼ੁਨਾਹ ਨਾਗਰਿਕ-ਸਭ ਨੇ ਆਪਣੀਆਂ ਜਾਨਾਂ ਗਵਾਈਆਂ। ਨਾਨਾਵਤੀ ਕਮਿਸ਼ਨ, ਸੁਪਰੀਮ ਕੋਰਟ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਇਤਿਹਾਸਕਾਰਾਂ ਨੇ ਇਨ੍ਹਾਂ ਘਟਨਾਵਾਂ ਦੇ ਵੱਖ-ਵੱਖ-ਪੱਖ ਸਾਹਮਣੇ ਰੱਖੇ ਹਨ। ਇਤਿਹਾਸ ਸਾਨੂੰ ਸੱਚ, ਨਿਆਂ ਅਤੇ ਜਵਾਬਦੇਹੀ ਦਾ ਸੁਨੇਹਾ ਦਿੰਦਾ ਹੈ, ਨਾ ਕਿ ਇਕ ਭਾਈਚਾਰੇ ਨੂੰ ਇਕ ਦੂਜੇ ਦੇ ਵਿਰੁੱਧ ਖੜ੍ਹਾ ਕਰਨ ਦਾ। ਪੰਜਾਬ ਦਾ ਭਵਿੱਖ ਪੁਰਾਣੇ ਜ਼ਖ਼ਮਾਂ ਨੂੰ ਦੁਬਾਰਾ ਹਰੇ ਕਰਨ ’ਚ ਨਹੀਂ, ਸਗੋਂ ਉਨ੍ਹਾਂ ਤੋਂ ਸਬਕ ਲੈ ਕੇ ਨਵਾਂ ਭਰੋਸਾ ਬਣਾਉਣ ’ਚ ਹੈ। ਅਦਾਲਤਾਂ ਨੂੰ ਨਿਆਂ ਕਰਨ ਦਿਉ, ਇਤਿਹਾਸਕਾਰਾਂ ਨੂੰ ਇਤਿਹਾਸ ਲਿਖਣ ਦਿਉ ਅਤੇ ਨਵੀਂ ਪੀੜ੍ਹੀ ਨੂੰ ਨਫ਼ਰਤ ਨਹੀਂ, ਸਾਂਝ, ਸੰਵਿਧਾਨ ਅਤੇ ਮਨੁੱਖਤਾ ਦੀ ਵਿਰਾਸਤ ਦਿਉ। ਇਹੀ ਸ਼ਹੀਦਾਂ, ਪੀੜਤਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਸਾਡੀ ਸੱਚੀ ਜ਼ਿੰਮੇਵਾਰੀ ਹੈ। ਪੰਜਾਬ ਦੀ ਧਰਤੀ ਨੇ ਬਹੁਤ ਕੁਝ ਦੇਖਿਆ ਹੈ। ਇਸ ਨੇ ਗੁਰੂਆਂ ਦੀ ਬਾਣੀ ਸੁਣੀ ਹੈ, ਸ਼ਹੀਦਾਂ ਦਾ ਲਹੂ ਵੇਖਿਆ ਹੈ, ਆਜ਼ਾਦੀ ਦੀ ਲੜਾਈ ’ਚ ਕੁਰਬਾਨੀਆਂ ਦਿੱਤੀਆਂ ਹਨ, ਵੰਡ ਦਾ ਦਰਦ ਝੱਲਿਆ ਹੈ ਅਤੇ ਫਿਰ ਅੱਤਵਾਦ ਤੇ ਵਿਰੋਧੀ-ਅੱਤਵਾਦ ਦੇ ਦੌਰ ਦੀ ਅੱਗ ਵੀ ਝੱਲੀ ਹੈ। ਅੱਜ ਜਦੋਂ ਸੋਸ਼ਲ ਮੀਡੀਆ ਦਾ ਯੁੱਗ ਹੈ, ਹਰ ਵਿਅਕਤੀ ਆਪਣੇ ਵਿਚਾਰ ਲੱਖਾਂ ਲੋਕਾਂ ਤੱਕ ਪਹੁੰਚਾ ਸਕਦਾ ਹੈ। ਇਹ ਵਿਅਕਤੀ ਦੀ ਆਜ਼ਾਦੀ ਦਾ ਯੁੱਗ ਹੈ ਪਰ ਨਾਲ ਹੀ ਇਹ ਜ਼ਿੰਮੇਵਾਰੀ ਦਾ ਵੀ ਯੁੱਗ ਹੈ। ਅੱਜ ਇਕ ਵੱਡੀ ਚਿੰਤਾ ਇਹ ਹੈ ਕਿ ਕੁਝ ਲੋਕ ਇਤਿਹਾਸ ਦੇ ਸਭ ਤੋਂ ਦੁਖਦਾਈ ਸਮੇਂ ਨੂੰ ਇਸ ਤਰ੍ਹਾਂ ਪੇਸ਼ ਕਰ ਰਹੇ ਹਨ ਕਿ ਪੁਰਾਣੇ ਜ਼ਖ਼ਮ ਮੁੜ ਹਰੇ ਹੋਣ ਲੱਗ ਪੈਣ। ਸਵਾਲ ਇਹ ਨਹੀਂ ਕਿ ਇਤਿਹਾਸ ਬਾਰੇ ਗੱਲ ਹੋਣੀ ਚਾਹੀਦੀ ਹੈ ਜਾਂ ਨਹੀਂ। ਸਵਾਲ ਇਹ ਹੈ ਕਿ ਕੀ ਇਤਿਹਾਸ ਦਾ ਉਦੇਸ਼ ਸਮਾਜ ਨੂੰ ਵੰਡਣਾ ਹੈ ਜਾਂ ਉਸ ਤੋਂ ਸਬਕ ਲੈ ਕੇ ਅੱਗੇ ਵਧਣਾ? ਇਤਿਹਾਸ ਨੂੰ ਯਾਦ ਰੱਖਣਾ ਜ਼ਰੂਰੀ ਹੈ ਪਰ ਨਫ਼ਰਤ ਨੂੰ ਜ਼ਿੰਦਾ ਰੱਖਣਾ ਕਿਸੇ ਵੀ ਸਮਾਜ ਲਈ ਘਾਤਕ ਹੁੰਦਾ ਹੈ। 1919 ਦਾ ਜਲ੍ਹਿਆਂਵਾਲਾ ਬਾਗ਼ ਕਤਲੇਆਮ ਭਾਰਤੀ ਇਤਿਹਾਸ ਦਾ ਸਭ ਤੋਂ ਕਾਲਾ ਅਧਿਆਇ ਹੈ। ਬ੍ਰਿਟਿਸ਼ ਸ਼ਾਸਨ ਨੇ ਨਿਹੱਥੇ ਲੋਕਾਂ ’ਤੇ ਗੋਲੀਆਂ ਚਲਾਈਆਂ। ਇਸ ਘਟਨਾ ਦੀ ਜ਼ਿੰਮੇਵਾਰੀ ਵਿਦੇਸ਼ੀ ਹਕੂਮਤ ਉੱਤੇ ਸੀ। ਇਸ ਨੂੰ ਕਿਸੇ ਧਰਮ ਜਾਂ ਭਾਈਚਾਰੇ ਦੇ ਟਕਰਾਅ ਵਜੋਂ ਨਹੀਂ ਵੇਖਿਆ ਗਿਆ, ਸਗੋਂ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਉੱਤੇ ਇਕ ਬੇਰਹਿਮ ਹਮਲਾ ਮੰਨਿਆ ਗਿਆ। ਇਸੇ ਲਈ ਜਲ੍ਹਿਆਂਵਾਲਾ ਬਾਗ਼ ਅੱਜ ਵੀ ਭਾਰਤ ਦੀ ਸਾਂਝੀ ਯਾਦ ਹੈ, ਨਾ ਕਿ ਕਿਸੇ ਇੱਕ ਧਰਮ ਜਾਂ ਜਾਤ ਦੀ। ਦੇਸ਼ ਦੀ ਵੰਡ ਧਾਰਮਿਕ ਆਧਾਰ ’ਤੇ ਹੋਈ। ਲੱਖਾਂ ਲੋਕ ਬੇਘਰ ਹੋਏ, ਲੱਖਾਂ ਮਾਰੇ ਗਏ ਅਤੇ ਅਣਗਿਣਤ ਪਰਿਵਾਰ ਉਜੜ ਗਏ। ਇਤਿਹਾਸਕਾਰਾਂ ਜਿਵੇਂ ਕਿ ਖੁਸ਼ਵੰਤ ਸਿੰਘ ਨੇ ਆਪਣੀ ਕਿਤਾਬ ਟਰੇਨ ਟੂ ਪਾਕਿਸਤਾਨ, ਉਰਵਸ਼ੀ ਬੁਟਾਲੀਆ ਨੇ ਦੀ ਅਦਰ ਸਾਈਡ ਆਫ਼ ਸਾਈਂਲਸ, ਯਾਸਮੀਨ ਖ਼ਾਨ ਨੇ ਦੀ ਗ੍ਰੇਟ ਪਾਰਟੀਸ਼ਨ ਨੇ ਦਰਸਾਇਆ ਹੈ ਕਿ ਉਸ ਸਮੇਂ ਦੀ ਹਿੰਸਾ ਨੇ ਮਨੁੱਖਤਾ ਦਾ ਸਭ ਤੋਂ ਵੱਡਾ ਘਾਣ ਕੀਤਾ ਪਰ ਇਸ ਦੇ ਬਾਵਜੂਦ ਆਜ਼ਾਦ ਭਾਰਤ ਨੇ ਆਪਣੇ ਸੰਵਿਧਾਨ ’ਚ ਧਰਮ ਨਿਰਪੱਖਤਾ, ਸਮਾਨਤਾ ਅਤੇ ਸਭ ਧਰਮਾਂ ਦੇ ਸਤਿਕਾਰ ਦਾ ਰਾਹ ਚੁਣਿਆ। ਇਹ ਭਾਰਤ ਦੀ ਸਭ ਤੋਂ ਵੱਡੀ ਤਾਕਤ ਰਹੀ। ਪੰਜਾਬ ਨੇ 1978 ਤੋਂ ਲੈ ਕੇ 1995 ਦੇ ਦਹਾਕੇ ਦੇ ਮੱਧ ਤੱਕ ਇਕ ਅਜਿਹਾ ਦੌਰ ਵੇਖਿਆ, ਜਿਸ ਨੇ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਬਦਲ ਦਿੱਤੀ। ਇਸ ਦੌਰ ’ਚ ਅੱਤਵਾਦੀ ਹਿੰਸਾ, ਪੁਲਿਸ ਕਾਰਵਾਈਆਂ, ਸੁਰੱਖਿਆ ਬਲਾਂ ਦੀਆਂ ਮੁਹਿੰਮਾਂ, ਨਿਰਦੋਸ਼ ਨਾਗਰਿਕਾਂ ਦੀਆਂ ਹੱਤਿਆਵਾਂ, ਪੁਲਿਸ ਮੁਲਾਜ਼ਮਾਂ ਦੀਆਂ ਸ਼ਹਾਦਤਾਂ ਅਤੇ ਬੇਸ਼ੁਮਾਰ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ। ਇਹ ਵੀ ਸੱਚ ਹੈ ਕਿ ਇਸ ਸਮੇਂ ਵਾਪਰੀਆਂ ਘਟਨਾਵਾਂ ਬਾਰੇ ਅੱਜ ਵੀ ਵੱਖ-ਵੱਖ ਧਿਰਾਂ ਦੇ ਵੱਖਰੇ ਨਜ਼ਰੀਏ/ਵਿਚਾਰ ਹਨ। ਕੋਈ ਕਹਿੰਦਾ ਹੈ ਕਿ ਹਜ਼ਾਰਾਂ ਸਿੱਖ ਨਕਲੀ ਮੁਕਾਬਲਿਆਂ ’ਚ ਮਾਰੇ ਗਏ। ਦੂਜੀ ਧਿਰ ਦਲੀਲ ਦਿੰਦੀ ਹੈ ਕਿ ਅੱਤਵਾਦ ਕਾਰਨ ਹਜ਼ਾਰਾਂ ਹਿੰਦੂ ਨਾਗਰਿਕ ਅਤੇ ਸੁਰੱਖਿਆ ਕਰਮੀ ਮਾਰੇ ਗਏ। ਇਨ੍ਹਾਂ ਅੰਕੜਿਆਂ ਅਤੇ ਦਾਵਿਆਂ ਬਾਰੇ ਵੱਖ-ਵੱਖ ਸਰੋਤ ਵੱਖਰੀ ਜਾਣਕਾਰੀ ਦਿੰਦੇ ਹਨ ਅਤੇ ਕਈ ਮਾਮਲੇ ਅਜੇ ਵੀ ਇਤਿਹਾਸਕ ਅਤੇ ਕਾਨੂੰਨੀ ਚਰਚਾ ਦਾ ਵਿਸ਼ਾ ਹਨ। ਇਸ ਲਈ ਕਿਸੇ ਇੱਕ ਪੱਖ ਦੇ ਦਾਅਵੇ ਨੂੰ ਅੰਤਿਮ ਸੱਚ ਮੰਨਣਾ ਇਤਿਹਾਸਕ ਨਿਰਪੱਖਤਾ ਦੇ ਅਨੁਕੂਲ ਨਹੀਂ ਹੋਵੇਗਾ ਪਰ ਇਹ ਸੱਚ ਹੈ ਕਿ ਉਸ ਸਮੇਂ ਜੋ ਸੰਤਾਪ ਉਸ ਸਮੇਂ ਦੇ ਨੌਜਵਾਨਾਂ ਨੇ ਹੰਢਾਇਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਸਮੇਂ ਦੇ ਨੌਜਵਾਨ ਆਪਣੇ ਵਿਕਾਸ ਤੋਂ ਵਾਂਝੇ ਰਹੇ। ਇਹ ਨਹੀਂ ਕਿ ਇਸ ਸਮੇਂ ਬਾਰੇ ਬੁੱਧੀਜੀਵੀ ਲੋਕਾਂ ਨੇ ਕੁਝ ਨਹੀਂ ਲਿਖਿਆ। ਉਸ ਸਮੇਂ ਦੌਰ ਨੂੰ ਸਮਝਣ ਲਈ ਕੁਲਦੀਪ ਨਈਅਰ, ਮਾਰਕ ਟਲੀ ਅਤੇ ਸਤੀਸ਼ ਜੈਕਬ, ਰਾਮਚੰਦਰ ਗੁਹਾ, ਕਲਪਨਾ ਸ਼ਰਮਾ, ਕ੍ਰਿਸਟੋਫ ਜੈਫਰਲੋ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਿਤ ਸੰਸਥਾਵਾਂ ਦੀਆਂ ਰਿਪੋਰਟਾਂ ਮਹੱਤਵਪੂਰਨ ਸਰੋਤ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਸਭ ’ਚ ਇੱਕ ਗੱਲ ਸਾਂਝੀ ਹੈ-ਇਸ ਦੌਰ ਨੇ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਡੂੰਘੀ ਚੋਟ ਪਹੁੰਚਾਈ। ਅੱਜ ਸੋਸ਼ਲ ਮੀਡੀਆ ’ਤੇ ਛੋਟੀਆਂ ਵੀਡੀਓਆਂ, ਅਧੂਰੀਆਂ ਕਲਿੱਪਾਂ ਅਤੇ ਭਾਵਨਾਤਮਕ ਪੋਸਟਾਂ ਰਾਹੀਂ ਪੁਰਾਣੇ ਜ਼ਖ਼ਮਾਂ ਨੂੰ ਵਾਰ-ਵਾਰ ਖੁਰੇਦਿਆ ਜਾ ਰਿਹਾ ਹੈ। ਕਈ ਵਾਰ ਪੂਰੇ ਇਤਿਹਾਸ ਦੀ ਥਾਂ ਸਿਰਫ਼ ਇਕ ਘਟਨਾ ਦਿਖਾ ਕੇ ਲੋਕਾਂ ’ਚ ਗੁੱਸਾ ਪੈਦਾ ਕੀਤਾ ਜਾਂਦਾ ਹੈ। ਇਹ ਰੁਝਾਨ ਖ਼ਤਰਨਾਕ ਹੈ। ਜੇਕਰ ਕੋਈ ਇਤਿਹਾਸਕਾਰ ਸਿਰਫ਼ ਸਿੱਖਾਂ ਨਾਲ ਹੋਈ ਬੇਇਨਸਾਫ਼ੀ ਅਨਿਆਂ ਦੀ ਗੱਲ ਕਰੇ ਅਤੇ ਹਿੰਦੂ ਨਾਗਰਿਕਾਂ, ਪੁਲਿਸ ਮੁਲਾਜ਼ਮਾਂ ਅਤੇ ਹੋਰ ਬੇਗ਼ੁਨਾਹ ਪੀੜਤਾਂ ਨੂੰ ਭੁੱਲ ਜਾਵੇ, ਤਾਂ ਉਹ ਅਧੂਰਾ ਇਤਿਹਾਸ ਹੈ। ਜੇ ਕੋਈ ਸਿਰਫ਼ ਅੱਤਵਾਦ ਦੀ ਗੱਲ ਕਰੇ ਅਤੇ ਉਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰੇ, ਜੋ ਗ਼ੈਰਕਾਨੂੰਨੀ ਕਾਰਵਾਈਆਂ ਜਾਂ ਮਨੁੱਖੀ ਅਧਿਕਾਰ ਉਲੰਘਣਾਂ ਦੇ ਦੋਸ਼ਾਂ ਨਾਲ ਪ੍ਰਭਾਵਿਤ ਹੋਏ, ਤਾਂ ਉਹ ਵੀ ਅਧੂਰਾ ਇਤਿਹਾਸ ਹੈ। ਪੂਰਾ ਸੱਚ ਹਮੇਸ਼ਾ ਔਖਾ ਹੁੰਦਾ ਹੈ, ਪਰ ਸਮਾਜ ਨੂੰ ਉਹੀ ਜੋੜਦਾ ਹੈ। ਭਾਰਤ ਇਕ ਸੰਵਿਧਾਨਕ ਲੋਕਤੰਤਰ ਹੈ। ਜਿੱਥੇ ਵੀ ਕਿਸੇ ਵਿਅਕਤੀ ਜਾਂ ਸੰਸਥਾ ’ਤੇ ਅਪਰਾਧ ਦੇ ਦੋਸ਼ ਹਨ, ਉਨ੍ਹਾਂ ਦਾ ਫ਼ੈਸਲਾ ਅਦਾਲਤਾਂ ਕਰਦੀਆਂ ਹਨ। 1984 ਨਾਲ ਸੰਬੰਧਿਤ ਕਈ ਮਾਮਲਿਆਂ ’ਚ ਸਾਲਾਂ ਬਾਅਦ ਵੀ ਅਦਾਲਤਾਂ ਨੇ ਸਜ਼ਾਵਾਂ ਸੁਣਾਈਆਂ। ਦੂਜੇ ਪਾਸੇ, ਜਿੱਥੇ ਪੁਲਿਸ ਜਾਂ ਸੁਰੱਖਿਆ ਬਲਾਂ ਵਿਰੁੱਧ ਦੋਸ਼ ਸਾਬਤ ਹੋਏ, ਉੱਥੇ ਵੀ ਕਾਨੂੰਨੀ ਕਾਰਵਾਈ ਹੋਈ। ਇਹ ਸਾਬਤ ਕਰਦਾ ਹੈ ਕਿ ਨਿਆਂ ਦੀ ਪ੍ਰਕਿਰਿਆ ਭਾਵੇਂ ਹੌਲੀ ਹੋ ਸਕਦੀ ਹੈ, ਪਰ ਲੋਕਤੰਤਰ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਅਦਾਲਤਾਂ ਹਨ, ਨਾ ਕਿ ਨਫ਼ਰਤ ਫੈਲਾਉਣ ਵਾਲੀਆਂ ਮੁਹਿੰਮਾਂ। ਪੰਜਾਬ ਦੀ ਅਸਲੀ ਪਛਾਣ ਕਦੇ ਵੀ ਨਫ਼ਰਤ ਨਹੀਂ ਰਹੀ। ਇਹ ਉਹ ਧਰਤੀ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ, ਜਿੱਥੇ ਗੁਰੂ ਅਰਜਨ ਦੇਵ ਜੀ ਨੇ ‘ਸਰਬੱਤ ਦਾ ਭਲਾ’ ਦੀ ਭਾਵਨਾ ਨੂੰ ਮਜ਼ਬੂਤ ਕੀਤਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਵਿਰੁੱਧ ਲੜਨ ਦੀ ਪ੍ਰੇਰਣਾ ਦਿੱਤੀ ਅਤੇ ਜਿੱਥੇ ਬਾਬਾ ਫ਼ਰੀਦ ਦੀ ਬਾਣੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਥਾਨ ਮਿਲਿਆ। ਇਹ ਉਹ ਧਰਤੀ ਹੈ ਜਿੱਥੇ ਹਿੰਦੂ, ਸਿੱਖ, ਮੁਸਲਿਮ ਅਤੇ ਹੋਰ ਭਾਈਚਾਰੇ ਸਦੀਆਂ ਤੱਕ ਇਕੱਠੇ ਰਹੇ ਹਨ। ਇਸ ਲਈ ਜੇ ਅੱਜ ਕੋਈ ਸਾਨੂੰ ਇੱਕ-ਦੂਜੇ ਦੇ ਵਿਰੁੱਧ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਸਾਨੂੰ ਇਤਿਹਾਸ ਤੋਂ ਸਿੱਖਣਾ ਚਾਹੀਦਾ ਹੈ-ਦੁਹਰਾਉਣਾ ਨਹੀਂ। ਅੱਜ ਦਾ ਨੌਜਵਾਨ ਬੇਰੁਜ਼ਗਾਰੀ, ਨਸ਼ਿਆਂ, ਮਾਨਸਿਕ ਤਣਾਅ, ਸਿੱਖਿਆ, ਤਕਨਾਲੋਜੀ ਅਤੇ ਰੋਜ਼ਗਾਰ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਜੇ ਅਸੀਂ ਉਸ ਨੂੰ ਸਿਰਫ਼ ਪੁਰਾਣੀਆਂ ਦੁਸ਼ਮਣੀਆਂ ਹੀ ਸੌਂਪਾਂਗੇ, ਤਾਂ ਅਸੀਂ ਉਸ ਦਾ ਭਵਿੱਖ ਕਮਜ਼ੋਰ ਕਰਾਂਗੇ। ਸਾਨੂੰ ਉਹਨਾਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਇਤਿਹਾਸ ਪੜ੍ਹੋ, ਪਰ ਉਸ ਤੋਂ ਸਬਕ ਲਵੋ; ਨਫ਼ਰਤ ਨਹੀਂ। ਜਰਮਨੀ ਨੇ ਦੂਜੇ ਵਿਸ਼ਵ ਯੁੱਧ ਦੀਆਂ ਭਿਆਨਕ ਯਾਦਾਂ ਨੂੰ ਸਵੀਕਾਰ ਕੀਤਾ, ਦੱਖਣੀ ਅਫ਼ਰੀਕਾ ਨੇ ਸੱਚ ਕਮਿਸ਼ਨ ਰਾਹੀਂ ਸਮਾਜਿਕ ਮੇਲ-ਮਿਲਾਪ ਦਾ ਰਾਹ ਚੁਣਿਆ। ਸਾਨੂੰ ਇਹ ਮੰਨਣਾ ਪਵੇਗਾ ਕਿ ਹਰ ਭਾਈਚਾਰੇ ਨੇ ਦਰਦ ਹੰਢਾਇਆ ਹੈ ਅਤੇ ਹਰ ਦਰਦ ਮੱਲ੍ਹਮ ਅਤੇ ਸਤਿਕਾਰ ਦੇ ਯੋਗ ਹੈ। ਕਿਸੇ ਇੱਕ ਦੇ ਦਰਦ ਨੂੰ ਦੂਜੇ ਦੇ ਦਰਦ ਨਾਲ ਤੁਲਨਾ ਕਰਨੀ ਨਾ ਇਨਸਾਫ਼ ਹੈ ਅਤੇ ਨਾ ਹੀ ਮਨੁੱਖਤਾ ਅਤੇ ਨਾਂ ਹੀ ਇਸ ਨਾਲ ਕੋਈ ਹੱਲ ਨਿਕਲੇਗਾ। ਅਸੀਂ ਇਤਿਹਾਸ ਨੂੰ ਭੁੱਲ ਨਹੀਂ ਸਕਦੇ, ਪਰ ਉਸ ਦੇ ਕੈਦੀ ਵੀ ਨਹੀਂ ਬਣ ਸਕਦੇ। ਅਸੀਂ ਆਪਣੇ ਬੱਚਿਆਂ ਨੂੰ ਗੁੱਸਾ ਨਹੀਂ, ਸਿਆਣਪ ਦੇਈਏ; ਵੰਡ ਨਹੀਂ, ਏਕਤਾ ਦੇਈਏ; ਸ਼ੱਕ ਨਹੀਂ, ਭਰੋਸਾ ਦੇਈਏ। ਜੇ ਕੋਈ ਹਿੰਦੂ ਭੁੱਲਣ ਅਤੇ ਅੱਗੇ ਵਧਣ ਲਈ ਤਿਆਰ ਹੈ, ਤਾਂ ਸਿੱਖਾਂ ਨੂੰ ਵੀ ਉਸੇ ਭਾਵਨਾ ਨਾਲ ਅੱਗੇ ਆਉਣਾ ਚਾਹੀਦਾ ਹੈ। ਜੇ ਕੋਈ ਸਿੱਖ ਮੇਲ-ਮਿਲਾਪ ਦਾ ਹੱਥ ਵਧਾਉਂਦਾ ਹੈ, ਤਾਂ ਹਿੰਦੂਆਂ ਨੂੰ ਵੀ ਉਹ ਹੱਥ ਫੜਨਾ ਚਾਹੀਦਾ ਹੈ। ਕਾਨੂੰਨ ਨੂੰ ਆਪਣਾ ਕੰਮ ਕਰਨ ਦੇਈਏ, ਅਦਾਲਤਾਂ ਨੂੰ ਆਪਣਾ ਫ਼ੈਸਲਾ ਕਰਨ ਦੇਈਏ ਅਤੇ ਸਮਾਜ ਨੂੰ ਆਪਣਾ ਭਵਿੱਖ ਬਣਾਉਣ ਦੇਈਏ। ਅਸੀਂ ਅਜਿਹਾ ਪੰਜਾਬ ਬਣਾਈਏ, ਜਿੱਥੇ ਇਤਿਹਾਸ ਕਿਤਾਬਾਂ ’ਚ ਪੜ੍ਹਾਇਆ ਜਾਵੇ, ਪਰ ਨਫ਼ਰਤ ਦਿਲਾਂ ’ਚ ਨਾ ਵਸੇ; ਜਿੱਥੇ ਅਤੀਤ ਦਾ ਸਤਿਕਾਰ ਹੋਵੇ, ਪਰ ਭਵਿੱਖ ਦੇ ਨਿਰਮਾਣ ਦੀ ਸਭ ਦੀ ਸਾਂਝੀ ਜ਼ਿੰਮੇਵਾਰੀ ਹੋਵੇ। ਇਤਿਹਾਸ ਤੋਂ ਸਬਕ ਲੈਣਾ ਹੀ ਸਿਆਣਪ ਹੈ; ਇਤਿਹਾਸ ਨੂੰ ਨਫ਼ਰਤ ਦਾ ਹਥਿਆਰ ਬਣਾਉਣਾ ਨਹੀਂ।
(ਸੰਪਰਕ : 9478231000)।