- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਸ ਅੱਡੇ, ਰੇਲਵੇ ਸਟੇਸ਼ਨ, ਹਵਾਈ ਅੱਡੇ, ਫੈਕਟਰੀਆਂ ਤੇ ਉਦਯੋਗਾਂ ਨੂੰ ਰਿਹਾਇਸ਼ੀ ਖੇਤਰਾਂ ਤੋਂ ਦੂਰ ਸਥਾਪਿਤ ਕਰਨ ਦੇ ਨਿਯਮ ਬਣਾਏ ਜਾਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਆਵਾਜ਼ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਲਈ ਰਾਸ਼ਟਰ ਵਿਆਪੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।

ਜਲ ਅਤੇ ਹਵਾ ਪ੍ਰਦੂਸ਼ਣ ਵਾਂਗ ਆਵਾਜ਼ ਪ੍ਰਦੂਸ਼ਣ ਵੀ ਮਨੁੱਖੀ ਸਿਹਤ ਲਈ ਬੇਹੱਦ ਹਾਨੀਕਾਰਕ ਸਿੱਧ ਹੋ ਰਿਹਾ ਹੈ, ਪ੍ਰੰਤੂ ਬਦਕਿਸਮਤੀ ਨਾਲ ਸਾਡੀਆਂ ਸਰਕਾਰਾਂ ਇਸ ਖ਼ਤਰੇ ਪ੍ਰਤੀ ਅਵੇਸਲੀਆਂ ਹਨ। ਇਸ ਦੇ ਨਤੀਜੇ ਵਜੋਂ ਆਵਾਜ਼ ਪ੍ਰਦੂਸ਼ਣ ਦਿਨ-ਬਦਿਨ ਪੈਰ ਪਸਾਰਦਾ ਜਾ ਰਿਹਾ ਹੈ।
ਵਿਸ਼ਵ ਸਿਹਤ ਸੰਸਥਾ ਆਵਾਜ਼ ਪ੍ਰਦੂਸ਼ਣ ਨੂੰ ‘ਸਿਹਤ ਸੰਕਟ’ ਐਲਾਨ ਚੁੱਕੀ ਹੈ। ਆਮ ਤੌਰ ’ਤੇ ਮਨੁੱਖੀ ਕੰਨ 85 ਡੈਸੀਬਲ ਤੱਕ ਦੇ ਸ਼ੋਰ ਪੱਧਰ ਨੂੰ ਝੱਲ ਸਕਦਾ ਹੈ ਹਾਲਾਂਕਿ 80 ਡੈਸੀਬਲ ਤੋਂ ਉੱਪਰ ਦੀ ਆਵਾਜ਼ ਨੂੰ ‘ਉੱਚਾ’ ਮੰਨਿਆ ਜਾਂਦਾ ਹੈ, ਜਦੋਂਕਿ 100-125 ਵਿਚਕਾਰ ਦਾ ਡੈਸੀਬਲ ਪੱਧਰ ਮਨੁੱਖੀ ਸਿਹਤ ਲਈ ‘ਤਕਲੀਫ਼ਦੇਹ’ ਹੈ। ਵਧਦੀ ਆਬਾਦੀ ਅਤੇ ਆਧੁਨਿਕ ਵਿਕਾਸ ਕਾਰਨ ਵਾਹਨਾਂ ਦੀ ਗਿਣਤੀ ’ਚ ਬੇਤਹਾਸ਼ਾ ਵਾਧਾ, ਉਦਯੋਗਿਕ ਮਸ਼ੀਨਾਂ, ਘਰੇਲੂ ਮਸ਼ੀਨੀ ਉਪਕਰਨ, ਲਾਊਡ ਸਪੀਕਰ, ਉਸਾਰੀ ਕਾਰਜਾਂ ’ਚ ਭਾਰੀ ਮਸ਼ੀਨਾਂ ਦੀ ਵਰਤੋਂ, ਤਿਉਹਾਰ ਤੇ ਖ਼ੁਸ਼ੀ ਸਮਾਗਮਾਂ ’ਚ ਹੁੰਦੀ ਆਤਿਸ਼ਬਾਜ਼ੀ ਆਦਿ ਆਵਾਜ਼ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ।
ਵਿਗਿਆਨੀਆਂ ਅਨੁਸਾਰ ਆਵਾਜ਼ ਪ੍ਰਦੂਸ਼ਣ ਹਵਾ ਵਿਚ ਫ਼ੈਲੇ ਜ਼ਹਿਰੀਲੇ ਰਸਾਇਣਾਂ ਨਾਲੋਂ ਘੱਟ ਨਹੀਂ। ਇਸ ਅਦਿੱਖ ਖ਼ਤਰੇ ਦੀ ਜ਼ਦ ਵਿਚ ਆ ਕੇ ਮਨੁੱਖ ਉੱਚ ਖ਼ੂਨ-ਦਬਾਅ, ਦਿਲ ਦੀਆਂ ਬਿਮਾਰੀਆਂ, ਤਣਾਅ, ਸੁਣਨ ਸ਼ਕਤੀ ਵਿਚ ਕਮੀ, ਇਕਾਗਰਤਾ ਦੀ ਘਾਟ, ਉਨੀਂਦਰਾਪਨ ਅਤੇ ਥਕਾਵਟ ਦਾ ਸ਼ਿਕਾਰ ਹੋ ਸਕਦਾ ਹੈ। ਖ਼ਾਸਕਰ ਬਜ਼ੁਰਗ ਵਿਅਕਤੀਆਂ ਅਤੇ ਬੱਚਿਆਂ ਲਈ ਰੌਲ਼ਾ-ਰੱਪਾ ਜ਼ਿਆਦਾ ਹਾਨੀਕਾਰਕ ਹੈ। ਜ਼ਿਆਦਾਤਰ ਪੀੜਤ ਲੋਕ ਇਸ ਹਕੀਕਤ ਤੋਂ ਅਨਜਾਣ ਰਹਿੰਦੇ ਹਨ ਕਿ ਉਨ੍ਹਾਂ ਨੂੰ ਦਰਪੇਸ਼ ਉਕਤ ਸਿਹਤ ਸਮੱਸਿਆਵਾਂ ਦੀ ਤਾਰ ਆਵਾਜ਼ ਪ੍ਰਦੂਸ਼ਣ ਨਾਲ ਜੁੜੀ ਹੋਈ ਹੈ।
ਇਕ ਰਿਪੋਰਟ ਅਨੁਸਾਰ ਆਵਾਜ਼ ਪ੍ਰਦੂਸ਼ਣ ਕਾਰਨ ਹਰੇਕ ਸਾਲ ਹਜ਼ਾਰਾਂ ਲੋਕ ਸੁਣਨ ਸ਼ਕਤੀ ਗੁਆ ਬੈਠਦੇ ਹਨ। ਭਾਵੇਂ ਆਵਾਜ਼ ਪ੍ਰਦੂਸ਼ਣ ਦੇ ਕੁਦਰਤੀ ਕਾਰਨਾਂ ਵਿਚ ਬੱਦਲਾਂ ਦੀ ਗਰਜਣਾ, ਤੂਫ਼ਾਨ ਅਤੇ ਤੇਜ਼ ਹਵਾਵਾਂ ਵੀ ਸ਼ਾਮਲ ਹਨ, ਪਰ 90 ਫ਼ੀਸਦੀ ਤੋਂ ਵੱਧ ਮਨੁੱਖੀ ਸਰਗਰਮੀਆਂ ਇਸ ਲਈ ਜ਼ਿੰਮੇਵਾਰ ਮੰਨੀਆਂ ਜਾਂਦੀਆਂ ਹਨ। ਆਵਾਜ਼ ਪ੍ਰਦੂਸ਼ਣ ਰੈਗੂਲੇਸ਼ਨ ਤੇ ਕੰਟਰੋਲ ਐਕਟ ਨਿਯਮ 2000 ਤਹਿਤ ਰਾਤ ਦੇ 10 ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਦੀ ਕਿਸੇ ਵੀ ਰੂਪ ’ਚ ਵਰਤੋਂ ’ਤੇ ਪਾਬੰਦੀ ਲਾਈ ਗਈ ਹੈ। ਜੇਕਰ ਕਿਸੇ ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ ਵਿਚ ਲਾਊਡ ਸਪੀਕਰ ਦੀ ਵਰਤੋਂ ਕਰਨੀ ਹੋਵੇ ਤਾਂ ਉਸ ਲਈ ਸੰਬੰਧਿਤ ਪ੍ਰਸ਼ਾਸਨ ਪਾਸੋਂ ਮਨਜ਼ੂਰੀ ਲੈਣੀ ਪੈਂਦੀ ਹੈ, ਫੀਸ ਭਰਨੀ ਪੈਂਦੀ ਹੈ ਅਤੇ ਲਾਊਡ ਸਪੀਕਰ ਵਜਾਉਣ ਦਾ ਸਮਾਂ ਤੇ ਆਵਾਜ਼ ਦੀ ਤੀਬਰਤਾ ਤੈਅ ਕੀਤੀ ਜਾਂਦੀ ਹੈ, ਜਦੋਂਕਿ ਉਲੰਘਣਾ ਹੋਣ ’ਤੇ ਸਜ਼ਾ ਤੇ ਜੁਰਮਾਨੇ ਦਾ ਜ਼ਿਕਰ ਵੀ ਹੁੰਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵੀ ਆਵਾਜ਼ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਦੇ ਮੱਦੇਨਜ਼ਰ ਉਦਯੋਗਿਕ, ਵਪਾਰਕ, ਰਿਹਾਇਸ਼ੀ ਅਤੇ ਸ਼ਾਂਤ ਖੇਤਰਾਂ ਲਈ ਆਵਾਜ਼ ਦੀ ਤੀਬਰਤਾ ਮਿੱਥੀ ਗਈ ਹੈ। ਪ੍ਰੰਤੂ ਉਪਰੋਕਤ ਨਿਯਮਾਂ ਨੂੰ ਅਮਲੀ ਜਾਮਾ ਪਹਿਨਾਉਣ ’ਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਕਾਮ ਸਾਬਿਤ ਹੋਇਆ ਹੈ। ਅਕਸਰ ਹੀ ਪਾਬੰਦੀਸ਼ੁਦਾ ਇਲਾਕਿਆਂ ਵਿਚ ਲੋਕਾਂ ਵਲੋਂ ਲਾਊਡ ਸਪੀਕਰ ਲਾ ਕੇ ਧਾਰਮਿਕ, ਸਮਾਜਿਕ ਸਮਾਗਮ ਕਰਵਾ ਕੇ ਸ਼ਰ੍ਹੇਆਮ ਆਵਾਜ਼ ਪ੍ਰਦੂਸ਼ਣ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਸ਼ਾਇਦ ਹੀ ਕਿਸੇ ਵਲੋਂ ਪ੍ਰਸ਼ਾਸਨ ਪਾਸੋਂ ਮਨਜ਼ੂਰੀ ਲਈ ਜਾਂਦੀ ਹੋਵੇ। ਉੱਚੀ ਆਵਾਜ਼ ਦੀ ਤਕਲੀਫ਼ ਦੇ ਬਾਵਜੂਦ ਪੀੜਤ ਲੋਕ ਵਾਦ-ਵਿਵਾਦ ਦੇ ਡਰੋਂ ਕੌੜਾ ਘੁੱਟ ਭਰ ਲੈਂਦੇ ਹਨ।
ਸੜਕਾਂ ਉੱਪਰ ਆਵਾਜਾਈ ਜਾਮ ਹੋਣ ’ਤੇ ਜ਼ਿਆਦਾਤਰ ਵਾਹਨ ਚਾਲਕ ਹਾਰਨ ਤੋਂ ਹੱਥ ਨਹੀਂ ਚੁੱਕਦੇ। ਆਵਾਜ਼ ਪ੍ਰਦੂਸ਼ਣ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਬੇਵੱਸ ਪ੍ਰਤੀਤ ਹੋ ਰਿਹਾ ਹੈ ਅਤੇ ਇਹ ਸਮੱਸਿਆ ਵਿਕਰਾਲ ਰੂਪ ਧਾਰਦੀ ਜਾ ਰਹੀ ਹੈ। ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੀ ਥਾਂ ਆਵਾਜਾਈ ਅਤੇ ਜਨਤਕ ਸਥਾਨਾਂ ’ਤੇ ਹਾਰਨ ਵਜਾਉਣ ’ਤੇ ਪਾਬੰਦੀ ਦਾ ਕਾਨੂੰਨ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।
ਬੱਸ ਅੱਡੇ, ਰੇਲਵੇ ਸਟੇਸ਼ਨ, ਹਵਾਈ ਅੱਡੇ, ਫੈਕਟਰੀਆਂ ਤੇ ਉਦਯੋਗਾਂ ਨੂੰ ਰਿਹਾਇਸ਼ੀ ਖੇਤਰਾਂ ਤੋਂ ਦੂਰ ਸਥਾਪਿਤ ਕਰਨ ਦੇ ਨਿਯਮ ਬਣਾਏ ਜਾਣੇ ਚਾਹੀਦੇ ਹਨ ਅਤੇ ਲੋਕਾਂ ਨੂੰ ਆਵਾਜ਼ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਜਾਣੂੰ ਕਰਵਾਉਣ ਲਈ ਰਾਸ਼ਟਰ ਵਿਆਪੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।
ਸਾਨੂੰ ਖ਼ੁਦ ਨੂੰ ਵੀ ਸਵੈ-ਜ਼ਾਬਤਾ ਅਪਣਾਉਣਾ ਪਵੇਗਾ। ਗ਼ੈਰ-ਜ਼ਰੂਰੀ ਹਾਰਨ ਦੀ ਵਰਤੋਂ ਤੋਂ ਪ੍ਰਹੇਜ਼ ਕਰਨਾ ਪਵੇਗਾ। ਧਾਰਮਿਕ ਜਾਂ ਸਮਾਜਿਕ ਸਮਾਗਮਾਂ ਦੌਰਾਨ ਲਾਊਡ ਸਪੀਕਰ ਦੀ ਆਵਾਜ਼ ਨੂੰ ਇਕ ਦਾਇਰੇ ਤੱਕ ਸੀਮਤ ਰੱਖਣ ਦਾ ਸੰਕਲਪ ਲੈਣਾ ਪਵੇਗਾ। ਟੀਵੀ, ਸੰਗੀਤਕ ਯੰਤਰਾਂ ਦੀ ਆਵਾਜ਼ ਘਰ ਦੀ ਹੱਦ ਤੱਕ ਸੀਮਤ ਰੱਖਣੀ ਪਵੇਗੀ। ਆਵਾਜ਼ ਪ੍ਰਦੂਸ਼ਣ ਸਬੰਧੀ ਤੈਅ ਨਿਯਮ ਤੋੜਨ ਵਾਲੇ ਲੋਕਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਪਵੇਗੀ। ਸਭਨਾਂ ਦੇ ਸੁਚੇਤ ਯਤਨਾਂ ਨਾਲ ਹੀ ‘ਆਵਾਜ਼ ਪ੍ਰਦੂਸ਼ਣ’ ਦੇ ਸੰਕਟ ਨਾਲ ਨਜਿੱਠਿਆ ਜਾ ਸਕਦਾ ਹੈ।
ਧਰਮਜੀਤ ਸਿੰਘ ਸੁਰ ਸਿੰਘ
99881-56527