- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਗੇ ਵਿਚਾਰਾਂ, ਸਹਿਣਸ਼ੀਲਤਾ ਤੇ ਤਿਆਗ ਦੀ ਭਾਵਨਾ ਦਾ ਪ੍ਰਗਟਾਵਾ ਨਾ ਕਰਨਾ, ਬਲਕਿ ਆਪਣੇ ਨਿੱਜੀ ਵਿਚਾਰਾਂ ਤੇ ਹੈਂਕੜਬਾਜ਼ੀ ਤੇ ਨਿਜ ਪ੍ਰਸਤਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਨੇ ਰਾਜਨੀਤਕ ਪਾਰਟੀਆਂ ਤੇ ਸਮਾਜ ਵਿੱਚ ਗਿਰਾਵਟ ਲਿਆਂਦੀ ਜੋ ਕਿ ਪੰਜਾਬ ਦੇ ਭਵਿੱਖ ਲਈ ਬੇਹੱਦ ਘਾਤਕ ਸਾਬਤ ਹੋ ਰਹੀ ਹੈ। ਇਸ ਨਾਲ ਪੰਜਾਬ ਤੇ ਪੰਜਾਬੀਅਤ ਵਿਰੋਧੀਆਂ ਸ਼ਕਤੀਆਂ ਤਾਕਤਵਰ ਹੁੰਦੀਆਂ ਜਾ ਰਹੀਆਂ ਹਨ

ਬਰਤਾਨਵੀ ਹੁਕਮਰਾਨ ਤੋਂ ਦੇਸ਼ ਬਚਾਓ ਤੇ ਅਜ਼ਾਦੀ ਸਮੇ ਪ੍ਰਸਿੱਧ ਆਜ਼ਾਦੀ ਦੇ ਨਾਹਰੇ ‘ਇਨਕਲਾਬ ਜ਼ਿੰਦਾਬਾਦ!’ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੁਲੰਦ ਕੀਤਾ ਗਿਆ ਸੀ। ‘ਜੈ ਜਵਾਨ, ਜੈ ਕਿਸਾਨ!’ ਦੇਸ਼ ਦੇ ਸੈਨਿਕਾਂ ਅਤੇ ਅੰਨਦਾਤੇ ਦੇ ਹੌਸਲੇ ਨੂੰ ਵਧਾਉਣ ਲਈ ਇਹ ਨਾਹਰਾ ਲਾਲ ਬਹਾਦੁਰ ਸ਼ਾਸਤਰੀ ਨੇ ਦਿੱਤਾ ਸੀ। ‘ਕਰੋ ਜਾਂ ਮਰੋ!’ ‘ਭਾਰਤ ਛੱਡੋ ਅੰਦੋਲਨ ਦੌਰਾਨ ਇਹ ਨਾਹਰਾ ਦਿੱਤਾ ਸੀ। ‘ਸਾਈਮਨ ਕਮਿਸ਼ਨ ਗੋ ਬੈਕ!’ ਸਾਈਮਨ ਕਮਿਸ਼ਨ ਦੇ ਵਿਰੋਧ ਵੇਲੇ ਨੌਜਵਾਨਾਂ ਵੱਲੋਂ ਇਹ ਨਾਹਰਾ ਲਗਾਇਆ ਗਿਆ। ਦੇਸ਼ ਨੂੰ ਬਚਾਉਣ ਤੇ ਅਜ਼ਾਦ ਕਰਵਾਉਣ ਲਈ ਵਿੱਢੇ ਸੰਘਰਸ਼ਾਂ ’ਚ ਅਨੇਕਾਂ ਅਜ਼ਾਦੀ ਘੁਲਾਟੀਆਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਕਿ ਸਾਡੇ ਦੇਸ਼ ਤੇ ਪੰਜਾਬ ਦਾ ਭਵਿੱਖ ਬਹੁਤ ਹੀ ਮਜ਼ਬੂਤ ਤੇ ਖੁਸ਼ਹਾਲ ਰਹੇ। ਸਿਸਟਮ ਬਹੁਤ ਉਥਲ-ਪੁਥਲ ਹੋ ਰਿਹਾ ਹੈ, ਇੱਥੋਂ ਤੱਕ ਕਿ ਚੋਣਾਂ ਦੇ ਸਮੇਂ ਹਰ ਪਾਰਟੀ ਪੰਜਾਬ ਬਚਾਓ ਦੇ ਨਾਅਰੇ ਤੇ ਮੁਹਿੰਮਾਂ ਚਲਾਉਦੀਆਂ ਹਨ ਪਰ ਸਰਕਾਰਾਂ ਬਨਾੳਣ ਉਪਰੰਤ ਪੰਜਾਬ ਬਚਾਓ ਦੇ ਮੁੱਦੇ ਵਿਸਰ ਜਾਂਦੇ ਹਨ। ਇੱਥੋਂ ਤੱਕ ਕਿ ਜਿਹੜੇ ਅੰਗਰੇਜ਼ ਹੁਕਮਰਾਨਾਂ ਤੋਂ ਦੇਸ਼ ਨੂੰ ਲੱਖਾਂ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਸੀ ਅੱਜ ਪੰਜਾਬ ਤੇ ਦੇਸ਼ ਵਾਸੀ ਇੱਥੋਂ ਦੇ ਮਾੜੇ ਸਿਸਟਮ ਤੋਂ ਦੁਖੀ ਹੋ ਕੇ ਬਾਹਰਲੇ ਮੁਲਕਾਂ ’ਚ ਆਪਣੇ ਚੰਗੇ ਭਵਿੱਖ ਲਈ ਜਾਣਾ ਹੀ ਠੀਕ ਸਮਝਦੇ ਹਨ । ਜਿਵੇਂ ਹੁਣ ਕਾਂਗਰਸ ਪਾਰਟੀ ਫੁੱਟ ਦਾ ਸ਼ਿਕਾਰ ਹੋ ਕੇ ਵੱਖਰੋ-ਵੱਖਰੇ ਰਾਗ ਅਲਾਪਣ ਲੱਗੀ ਹੋਈ ਹੈ। ਅਨੁਸ਼ਾਸਨਹੀਣਤਾ ਹਮੇਸ਼ਾ ਨੁਕਸਾਨਦੇਹ ਸਾਬਤ ਹੁੰਦੀ ਹੈ। ਖੇਤਰੀ ਪਾਰਟੀਆਂ ’ਚ ਆਪੋ-ਧਾਪੀ ਪੰਜਾਬ ਤੇ ਪੰਜਾਬੀਆਂ ਲਈ ਬਹੁਤ ਹੀ ਮਾੜਾ ਸੰਕੇਤ ਹੈ । ਇਸ ਸਮੇਂ ਪੰਜਾਬ ਨੂੰ ਤਜਰਬੇਕਾਰ, ਇਮਾਨਦਾਰ ਤੇ ਲੋਕ ਹਿਤੈਸ਼ੀ ਲੀਡਰਸ਼ਿਪ ਦੀ ਅਤਿਅੰਤ ਘਾਟ ਮਹਿਸੂਸ ਹੁੰਦੀ ਹੈ ਜੋ ਕਿ ਸਮੇਂ ਦੀ ਮੁੱਖ ਲੋੜ ਹੈ ਕਿ ਪੰਜਾਬ ’ਚ ਸਮਾਜ ਤੇ ਸੂਬੇ ਦੇ ਲੋਕਾਂ ਹਿਤੈਸ਼ੀ ਲੀਡਰਸ਼ਿਪ ਹੋਵੇ ਜੋ ਅਸਲ ਮੁੱਦਿਆਂ ਦੇ ਹੱਲ ਲਈ ਯਤਨਸ਼ੀਲ ਹੋਵੇ। ਹਰ ਸਰਕਾਰ ਵੱਲੋਂ ਮੁਫ਼ਤ ਸਹੂਲਤਾਂ ਅਤੇ ਹੋਰ ਗਰੰਟੀਆਂ ਦੇਣ ਨਾਲ ਸੂਬੇ ’ਤੇ ਕਰਜ਼ੇ ਦਾ ਭਾਰ ਲਗਾਤਾਰ ਵੱਧ ਰਿਹਾ ਹੈ। ਦੂਜੇ ਪਾਸੇ ਵਿਕਾਸ ਦੇ ਮੁੱਦੇ ਖੰਭ ਲਗਾ ਕੇ ਉੱਡ ਗਏ । ਉਦਯੋਗਾਂ ਨੂੰ ਬੜ੍ਹਾਵਾ ਦੇਣ ਦੀ ਬਜਾਏ ਮੁਫ਼ਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਖ਼ਤਮ ਹੁੰਦੇ ਜਾ ਰਹੇ ਹਨ । ਸਿਆਸਤਦਾਨਾਂ ਵੱਲੋ ਇਕ ਦੂਜੇ ਤੇ ਚਿੱਕੜ ਸੁੱਟਣ ਤੋਂ ਸਿਵਾਏ ਹੋਰ ਕੁਝ ਨਹੀਂ ਹੋ ਰਿਹਾ। ਚੰਗੇ ਦੂਰਅੰਦੇਸੀ ਸੂਝਵਾਨ ਰਾਜਨੀਤਕ ਆਗੂ ਹੀ ਪੰਜਾਬ ਦੇ ਹੱਕਾਂ ਤੇ ਮੁੱਦਿਆਂ ਦਾ ਹੱਲ ਕਰਨ ਤੋਂ ਇਲਾਵਾ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ, ਮੁਫ਼ਤ ਸਹੂਲਤਾਂ ਦੀ ਬਜਾਏ ਲੋੜਵੰਦਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਸਿਸਟਮ ਨੂੰ ਮਜਬੂਤ ਕਰਨ। ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਨਵੇਂ ਉਦਯੋਗ ਲਿਆਉਣ ਦੀ ਲੋੜ ਹੈ। ਸੂਰਬੀਰਾਂ, ਬਹਾਦਰਾਂ, ਯੋਧਿਆਂ ਅਤੇ ਦੇਸ਼ ਭਗਤਾਂ ਦੀ ਧਰਤੀ ਪੰਜਾਬ ਤੇ ਪੰਜਾਬੀਆਂ ਨੂੰ ਮੁਫਤਖੋਰੀ ਦੀ ਭੈੜੀ ਆਦਤ ਨੇ ਕੰਮ-ਚੋਰ ਤੇ ਨਿਕੰਮੇ ਬਣਾ ਦਿੱਤਾ ਹੈ। ਜ਼ਰਾ ਗ਼ੌਰ ਨਾਲ ਦੇਖੀਏ, ਸੋਚੀਏ, ਸਮਝੀਏ ਤੇ ਵਿਚਾਰੀਏ ਤਾਂ ਮੁਫ਼ਤਖੋਰੀ ਪੰਜਾਬੀਆਂ ਦੀ ਮਾਨਸਿਕਤਾ ਉੱਤੇ ਇਕ ਬਹੁਤ ਵੱਡੀ ਚੋਟ ਹੈ। ਇਕ ਸਾਜ਼ਿਸ਼ ਦੇ ਤਹਿਤ ਪੰਜਾਬੀਆਂ ਦੀ ਮਾਨਸਿਕਤਾ ਨੂੰ ਵਿਗਾੜ ਕੇ, ਢਾਹ ਲਾ ਕੇ ਉਨ੍ਹਾਂ ਦੇ ਜੁਝਾਰੂਪਣ ਨੂੰ ਖ਼ਤਮ ਕੀਤਾ ਜਾ ਕਿਹਾ ਹੈ। ਚੰਗੇ ਵਿਚਾਰਾਂ, ਸਹਿਣਸ਼ੀਲਤਾ ਤੇ ਤਿਆਗ ਦੀ ਭਾਵਨਾ ਦਾ ਪ੍ਰਗਟਾਵਾ ਨਾ ਕਰਨਾ, ਬਲਕਿ ਆਪਣੇ ਨਿੱਜੀ ਵਿਚਾਰਾਂ ਤੇ ਹੈਂਕੜਬਾਜ਼ੀ ਤੇ ਨਿਜ ਪ੍ਰਸਤਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਨੇ ਰਾਜਨੀਤਕ ਪਾਰਟੀਆਂ ਤੇ ਸਮਾਜ ਵਿੱਚ ਗਿਰਾਵਟ ਲਿਆਂਦੀ ਜੋ ਕਿ ਪੰਜਾਬ ਦੇ ਭਵਿੱਖ ਲਈ ਬੇਹੱਦ ਘਾਤਕ ਸਾਬਤ ਹੋ ਰਹੀ ਹੈ। ਇਸ ਨਾਲ ਪੰਜਾਬ ਤੇ ਪੰਜਾਬੀਅਤ ਵਿਰੋਧੀਆਂ ਸ਼ਕਤੀਆਂ ਤਾਕਤਵਰ ਹੁੰਦੀਆਂ ਜਾ ਰਹੀਆਂ ਹਨ। ਸੋ ਪੰਜਾਬ ਤੇ ਸਮਾਜ ਦੇ ਭਲੇ ਲਈ ਹਰੇਕ ਖੇਤਰੀ ਪਾਰਟੀ ਦੇ ਆਗੂ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਜਿਹਾ ਕਰਨ ਨਾਲ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਪੰਜਾਬ ਦੀ ਹਾਲਤ ਹੋਰ ਵਿਗੜ ਸਕਦੀ ਹੈ । ਜਿਸ ਨਾਲ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਨੂੰ ਹੋਰ ਸੱਟ ਵੱਜੇਗੀ ਤੇ ਸੂਬੇ ’ਚ ਰਹਿ ਰਹੇ ਹਰ ਵਰਗ ਦੇ ਲੋਕਾਂ ਦਾ ਭਵਿੱਖ ਖਤਰੇ ’ਚ ਪਵੇਗਾ। ਚਾਦਰ ਦੇਖ ਕੇ ਪੈਰ ਪਸਾਰਨ ਵਾਲੇ ਅਖਾਣ ਮੁਤਾਬਕ ਸਿਰਫ਼ ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਆਪਣੇ ਰੋਜ਼ਗਾਰ ਖੜ੍ਹੇ ਕਰਨ ਲਈ ਸਮਾਂ-ਬੱਧ ਵਿਸੇਸ਼ ਆਰਥਿਕ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੇ ਰੁਜ਼ਗਾਰ ਚਲਾਉਣ ਵਾਲੀਆਂ ਨੀਤੀਆਂ ਲਿਆਉਣ ਦੀ ਲੋੜ ਹੈ । ਰਾਜਨੀਤਕ ਪਾਰਟੀਆਂ ਵੱਲੋਂ ਮੁਫ਼ਤ ਦੀਆਂ ਰਿਉੜੀਆਂ ਵੰਡਣਾ ਵਿਕਾਸ ਨਹੀਂ ਵਿਨਾਸ਼ਕਾਰੀ ਸਾਬਤ ਹੋਵੇਗਾ ।
-ਡਾ ਜਸਵਿੰਦਰ ਸਿੰਘ ਬਰਾੜ,
ਸੇਵਾ ਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ।