
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਸੀਂ ਪਾਣੀ ਦੀ ਕਮੀ ਤੋਂ ਬਚਣ ਲਈ ਤਕਨੀਕ ਵਿਕਸਿਤ ਕੀਤੀ। ਸਾਨੂੰ ਪਾਣੀ ਆਸਾਨੀ ਨਾਲ ਮਿਲਣ ਲੱਗਾ। ਪਰ ਅਸੀਂ ਉਸ ਪਾਣੀ ਦੀ ਇੰਨੀ ਬੇਤਹਾਸ਼ਾ ਵਰਤੋਂ ਕੀਤੀ ਕਿ ਅੱਜ ਮੁੜ ਉਸੇ ਸੰਕਟ ਵੱਲ ਵਧ ਰਹੇ ਹਾਂ, ਜਿਸ ਨੂੰ ਸਾਡੀ ਪੀੜ੍ਹੀ ਨੇ ਆਪਣੇ ਬਚਪਨ ਵਿੱਚ ਦੇਖਿਆ ਸੀ। ਇਹੀ ਮਨੁੱਖੀ ਫ਼ਿਤਰਤ ਦੀ ਇੱਕ ਵੱਡੀ ਵਿਡੰਬਨਾ ਹੈ—ਜਦੋਂ ਕੋਈ ਚੀਜ਼ ਨਹੀਂ ਮਿਲਦੀ ਤਾਂ ਉਸ ਦੀ ਕਦਰ ਹੁੰਦੀ ਹੈ, ਪਰ ਜਦੋਂ ਉਹ ਬੇਹਿਸਾਬ ਮਿਲਣ ਲੱਗੇ ਤਾਂ ਅਸੀਂ ਉਸ ਨੂੰ ਬੇਅੰਤ ਸਮਝ ਬੈਠਦੇ ਹਾਂ। ਉਸ ਦੀ ਕਦਰ ਗਵਾ ਦਿੰਦੇ ਹਾਂ।

ਪਾਣੀ ਮਨੁੱਖੀ ਜੀਵਨ ਦੀ ਮੁੱਢਲੀ ਲੋੜ ਹੈ। ਅਕਸਰ ਕਹਿੰਦੇ ਹਾਂ ਕਿ ਪਾਣੀ ਹੀ ਜੀਵਨ ਹੈ ਪਰ ਜਿਸ ਨੇ ਪਾਣੀ ਦੀ ਕਮੀ ਨੂੰ ਆਪਣੀ ਜ਼ਿੰਦਗੀ ’ਚ ਹੰਢਾਇਆ ਹੋਵੇ, ਉਸ ਲਈ ਇਹ ਸਿਰਫ਼ ਇੱਕ ਕਹਾਵਤ ਨਹੀਂ, ਸਗੋਂ ਜ਼ਿੰਦਗੀ ਦੀ ਇੱਕ ਕੌੜੀ ਹਕੀਕਤ ਹੁੰਦੀ ਹੈ। ਮੇਰੇ ਜੀਵਨ ਦਾ ਇੱਕ ਵੱਡਾ ਹਿੱਸਾ ਪਾਣੀ ਦੀ ਕਮੀ ਦੀ ਇਸੇ ਤ੍ਰਾਸਦੀ ਨਾਲ ਜੁੜਿਆ ਹੋਇਆ ਹੈ। ਮੇਰਾ ਪਿੰਡ ਅਜਿਹੇ ਇਲਾਕੇ ’ਚ ਸੀ, ਜਿੱਥੇ ਧਰਤੀ ਹੇਠਲਾ ਪਾਣੀ ਖਾਰਾ ਸੀ। ਇਸ ਕਾਰਨ ਨਾ ਫ਼ਸਲਾਂ ਚੰਗੀ ਤਰ੍ਹਾਂ ਪੈਦਾ ਹੁੰਦੀਆਂ ਸਨ ਅਤੇ ਨਾ ਹੀ ਪਸ਼ੂਆਂ ਲਈ ਪੀਣ ਯੋਗ ਪਾਣੀ ਆਸਾਨੀ ਨਾਲ ਉਪਲਬਧ ਸੀ। ਪੀਣ ਵਾਲੇ ਅਤੇ ਘਰੇਲੂ ਵਰਤੋਂ ਦੇ ਯੋਗ ਪਾਣੀ ਲਈ ਲੋਕਾਂ ਨੂੰ ਕਈ ਕਿਲੋਮੀਟਰ ਦੂਰ ਤੁਰ ਕੇ ਜਾਣਾ ਪੈਂਦਾ ਸੀ। ਉਸ ਸਮੇਂ ਪਿੰਡ ਦੀਆਂ ਔਰਤਾਂ ਸਵੇਰ ਤੋਂ ਹੀ ਪਾਣੀ ਦੀ ਚਿੰਤਾ ’ਚ ਲੱਗ ਜਾਂਦੀਆਂ ਸਨ। ਉਹ ਤਿੰਨ-ਚਾਰ ਕਿਲੋਮੀਟਰ ਦੂਰੋਂ ਸਿਰਾਂ ’ਤੇ ਘੜੇ ਰੱਖ ਕੇ ਪਾਣੀ ਲਿਆਉਂਦੀਆਂ ਸਨ। ਇਹ ਪਾਣੀ ਇੰਨਾ ਕੀਮਤੀ ਸੀ ਕਿ ਇਸ ਨੂੰ ਮੁੱਖ ਤੌਰ ’ਤੇ ਪੀਣ ਲਈ ਸੰਭਾਲ ਕੇ ਰੱਖਿਆ ਜਾਂਦਾ ਸੀ। ਹੋਰ ਘਰੇਲੂ ਕੰਮਾਂ ਲਈ ਖਾਰਾ ਪਾਣੀ ਹੀ ਵਰਤਣਾ ਪੈਂਦਾ ਸੀ। ਬਚਪਨ ਦੀ ਇੱਕ ਤਸਵੀਰ ਅੱਜ ਵੀ ਮੇਰੇ ਮਨ ’ਚ ਬਿਲਕੁਲ ਸਾਫ਼ ਹੈ। ਪਿੰਡ ਦੀਆਂ ਛੋਟੀਆਂ-ਛੋਟੀਆਂ ਬੱਚੀਆਂ, ਜਿਨ੍ਹਾਂ ਦੀ ਉਮਰ ਨੌਂ-ਦਸ ਸਾਲ ਜਾਂ ਇਸ ਤੋਂ ਵੱਧ ਸੀ, ਆਪਣੇ ਸਿਰਾਂ ’ਤੇ ਛੋਟੇ-ਵੱਡੇ ਘੜੇ ਚੁੱਕ ਕੇ ਪਾਣੀ ਲੈਣ ਜਾਂਦੀਆਂ ਸਨ। ਹਰ ਬੱਚੀ ਦੋ-ਢਾਈ ਕਿਲੋਮੀਟਰ ਦੂਰੋਂ ਪਾਣੀ ਲਿਆਉਂਦੀ। ਕਈ ਵਾਰ ਇੱਕ ਦਿਨ ਵਿੱਚ ਦੋ ਗੇੜੇ ਵੀ ਲਗਾਉਣੇ ਪੈਂਦੇ। ਪਾਣੀ ਦਾ ਇੱਕ ਘੜਾ ਘਰ ਤੱਕ ਪਹੁੰਚਾਉਣ ਲਈ ਜਿਹੜੀ ਸਰੀਰਕ ਮਿਹਨਤ ਕਰਨੀ ਪੈਂਦੀ ਸੀ, ਉਸ ਤੋਂ ਹੀ ਪਤਾ ਲੱਗਦਾ ਸੀ ਕਿ ਸਾਡੇ ਲਈ ਪਾਣੀ ਕਿੰਨਾ ਕੀਮਤੀ ਸੀ। ਉਸ ਵੇਲੇ ਸਾਨੂੰ ਪਤਾ ਸੀ ਕਿ ਪਾਣੀ ਮੁਫ਼ਤ ਨਹੀਂ। ਪੈਸਿਆਂ ’ਚ ਨਹੀਂ, ਮਿਹਨਤ ’ਚ ਉਸ ਦੀ ਕੀਮਤ ਚੁਕਾਉਣੀ ਪੈਂਦੀ ਸੀ। ਫਿਰ ਸਮਾਂ ਬਦਲਿਆ। ਪਿੰਡ ਤੋਂ ਕਾਫ਼ੀ ਦੂਰ ਜਿੱਥੋਂ ਅਸੀਂ ਪਾਣੀ ਭਰ ਕੇ ਲਿਆਉਂਦੇ ਸਾਂ, ਉੱਥੇ ਵਾਟਰ ਵਰਕਸ ਬਣਾਇਆ ਗਿਆ। ਕੁਝ ਸਮੇਂ ਬਾਅਦ ਪਿੰਡ ’ਚ ਪਾਣੀ ਦੀਆਂ ਟੂਟੀਆਂ ਲੱਗੀਆਂ। ਸ਼ੁਰੂ ’ਚ ਹਰ ਘਰ ’ਚ ਟੂਟੀ ਨਹੀਂ ਸੀ। ਪਿੰਡ ਦੇ ਵੱਖ-ਵੱਖ ਮੋੜਾਂ ’ਤੇ ਟੂਟੀਆਂ ਲੱਗੀਆਂ ਹੁੰਦੀਆਂ ਸਨ ਅਤੇ ਦਿਨ ਵਿੱਚ ਇੱਕ ਵਾਰ ਪਾਣੀ ਆਉਂਦਾ ਸੀ। ਜਿਸ ਵੇਲੇ ਪਾਣੀ ਆਉਣਾ ਹੁੰਦਾ, ਘਰ ਦੀਆਂ ਔਰਤਾਂ ਆਪਣੇ ਹੋਰ ਸਾਰੇ ਕੰਮ ਛੱਡ ਕੇ ਪਾਣੀ ਭਰਨ ਲਈ ਤਿਆਰ ਹੋ ਜਾਂਦੀਆਂ। ਘੜੇ, ਬਾਲਟੀਆਂ ਅਤੇ ਹੋਰ ਭਾਂਡੇ ਪਾਣੀ ਨਾਲ ਭਰੇ ਜਾਂਦੇ। ਇੱਕ ਘੜਾ ਘਰ ਲਿਆਂਦਾ ਜਾਂਦਾ ਅਤੇ ਫਿਰ ਵਾਰੀ ਆਉਣ ’ਤੇ ਦੂਜਾ ਭਰਿਆ ਜਾਂਦਾ। ਇਸ ਤਰ੍ਹਾਂ ਇੱਕ ਦਿਨ ਵਿੱਚ ਪੰਜ-ਸੱਤ ਭਾਂਡੇ ਪਾਣੀ ਦੇ ਭਰ ਕੇ ਘਰ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ। ਇਹ ਪਾਣੀ ਆਉਣਾ ਸਾਡੇ ਲਈ ਕਿਸੇ ਵੱਡੀ ਖੁਸ਼ੀ ਤੋਂ ਘੱਟ ਨਹੀਂ ਸੀ। ਹੌਲੀ-ਹੌਲੀ ਜਦੋਂ ਘਰ ਵਿੱਚ ਹੀ ਪਾਣੀ ਦੀ ਟੂਟੀ ਲੱਗੀ ਤਾਂ ਉਸ ਖੁਸ਼ੀ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਸੀ। ਫਿਰ ਪੰਜਾਬ ਦੀ ਤਸਵੀਰ ਹੀ ਬਦਲ ਗਈ। ਖੇਤ ਹਰੇ-ਭਰੇ ਹੋ ਗਏ। ਘਰਾਂ ’ਚ ਪਾਣੀ ਦੀ ਕਮੀ ਘਟ ਗਈ ਪਰ ਜਿੱਥੇ ਕਦੇ ਇੱਕ ਘੜਾ ਪਾਣੀ ਵੀ ਬਹੁਤ ਕੀਮਤੀ ਸੀ, ਉੱਥੇ ਸਹੂਲਤ ਮਿਲਣ ਤੋਂ ਬਾਅਦ ਅਸੀਂ ਉਸ ਦੀ ਕੀਮਤ ਭੁੱਲਣ ਲੱਗ ਪਏ। ਅੱਜ ਜਦੋਂ ਮੈਂ ਆਪਣੇ ਬਚਪਨ ਵੱਲ ਮੁੜ ਕੇ ਵੇਖਦੀ ਹਾਂ ਤਾਂ ਇੱਕ ਅਜੀਬ ਤਸਵੀਰ ਸਾਹਮਣੇ ਆਉਂਦੀ ਹੈ। ਅਸੀਂ ਪਾਣੀ ਦੀ ਕਮੀ ਤੋਂ ਬਚਣ ਲਈ ਤਕਨੀਕ ਵਿਕਸਿਤ ਕੀਤੀ। ਸਾਨੂੰ ਪਾਣੀ ਆਸਾਨੀ ਨਾਲ ਮਿਲਣ ਲੱਗਾ। ਪਰ ਅਸੀਂ ਉਸ ਪਾਣੀ ਦੀ ਇੰਨੀ ਬੇਤਹਾਸ਼ਾ ਵਰਤੋਂ ਕੀਤੀ ਕਿ ਅੱਜ ਮੁੜ ਉਸੇ ਸੰਕਟ ਵੱਲ ਵਧ ਰਹੇ ਹਾਂ, ਜਿਸ ਨੂੰ ਸਾਡੀ ਪੀੜ੍ਹੀ ਨੇ ਆਪਣੇ ਬਚਪਨ ਵਿੱਚ ਦੇਖਿਆ ਸੀ। ਇਹੀ ਮਨੁੱਖੀ ਫ਼ਿਤਰਤ ਦੀ ਇੱਕ ਵੱਡੀ ਵਿਡੰਬਨਾ ਹੈ—ਜਦੋਂ ਕੋਈ ਚੀਜ਼ ਨਹੀਂ ਮਿਲਦੀ ਤਾਂ ਉਸ ਦੀ ਕਦਰ ਹੁੰਦੀ ਹੈ, ਪਰ ਜਦੋਂ ਉਹ ਬੇਹਿਸਾਬ ਮਿਲਣ ਲੱਗੇ ਤਾਂ ਅਸੀਂ ਉਸ ਨੂੰ ਬੇਅੰਤ ਸਮਝ ਬੈਠਦੇ ਹਾਂ। ਉਸ ਦੀ ਕਦਰ ਗਵਾ ਦਿੰਦੇ ਹਾਂ। ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਧਰਤੀ ਹੇਠਲਾ ਪਾਣੀ ਕੋਈ ਅਜਿਹਾ ਸਰੋਤ ਨਹੀਂ ਜਿਸ ਨੂੰ ਅਸੀਂ ਜਿੰਨਾ ਮਰਜ਼ੀ ਕੱਢਦੇ ਰਹੀਏ ਅਤੇ ਉਹ ਆਪਣੇ ਆਪ ਮੁੜ ਭਰਦਾ ਰਹੇ। ਕੁਦਰਤ ਦੇ ਸਰੋਤ ਸੀਮਤ ਹਨ। ਜੇ ਅਸੀਂ ਉਨ੍ਹਾਂ ਦੀ ਵਰਤੋਂ ਆਪਣੀਆਂ ਲੋੜਾਂ ਦੀ ਬਜਾਏ ਆਪਣੀ ਲਾਪਰਵਾਹੀ ਅਤੇ ਦਿਖਾਵੇ ਲਈ ਕਰਨ ਲੱਗ ਪਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਸ ਲਈ ਪਾਣੀ ਬਚਾਉਣ ਦੀ ਜ਼ਿੰਮੇਵਾਰੀ ਸਿਰਫ਼ ਕਿਸਾਨ ਦੀ ਨਹੀਂ, ਸਿਰਫ਼ ਸਰਕਾਰ ਦੀ ਨਹੀਂ ਅਤੇ ਸਿਰਫ਼ ਕਿਸੇ ਇੱਕ ਵਿਭਾਗ ਦੀ ਵੀ ਨਹੀਂ। ਇਹ ਹਰ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੈ ਜਿਸ ਦੇ ਘਰ ਦੀ ਟੂਟੀ ਵਿੱਚੋਂ ਪਾਣੀ ਵਗਦਾ ਹੈ। ਕੁਦਰਤ ਨੇ ਸਾਨੂੰ ਪਾਣੀ ਵਿਰਾਸਤ ਵਿੱਚ ਦਿੱਤਾ ਹੈ; ਇਸ ਨੂੰ ਖ਼ਤਮ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ’ਚ ਕੀ ਦੇਵਾਂਗੇ?
-ਛਿੰਦਰਪਾਲ ਕੌਰ ਸਿਵੀਆ, ਸੰਪਰਕ : 9815124450)।