- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿੱਲੀ ’ਚ ਉਨ੍ਹਾਂ ਦੀ ਗ਼ੈਰ-ਹਾਜ਼ਰੀ ਇਹ ਵੀ ਦਰਸਾਉਂਦੀ ਹੈ ਕਿ ਕਾਂਗਰਸ ਦਾ ਨੌਜਵਾਨ ਸੰਗਠਨ ਸੁਸਤ ਤੇ ਉਤਸ਼ਾਹਹੀਣ ਹੈ। ਸੰਭਵ ਹੈ ਕਿ ਇਸ ਦਾ ਕਾਰਨ ਰਾਹੁਲ ਗਾਂਧੀ ਵੱਲੋਂ ਐੱਸਆਈਆਰ ਨੂੰ ਵੋਟਾਂ ਦੀ ਚੋਰੀ ਕਰਾਰ ਦੇ ਕੇ ਬੇਲੋੜੀ ਹਵਾ ਦੇਣਾ ਹੋਵੇ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਾਹੁਲ ਨੇ ਅਜਿਹਾ ਮੁੱਦਾ ਉਠਾਇਆ ਹੋਵੇ, ਜੋ ਆਮ ਲੋਕਾਂ ਦਾ ਧਿਆਨ ਖਿੱਚਣ ’ਚ ਨਾਕਾਮ ਰਿਹਾ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਫੇਲ ਸੌਦੇ ਨੂੰ ਲੈ ਕੇ ‘ਚੌਕੀਦਾਰ ਚੋਰ ਹੈ’ ਦਾ ਨਾਅਰਾ ਘੜਿਆ ਸੀ ਪਰ ਉਹ ਵੀ ਅਸਫਲ ਰਹੇ।

ਕਾਂਗਰਸ ਨੇ ਆਪਣੀਆਂ ਸਹਿਯੋਗੀ ਧਿਰਾਂ ਨਾਲ ਰਲ਼ ਕੇ ਦਿੱਲੀ ਦੇ ਰਾਮਲੀਲਾ ਮੈਦਾਨ ’ਚ ‘ਵੋਟ ਬਚਾਓ-ਦੇਸ਼ ਬਚਾਓ’ ਰੈਲੀ ਕੀਤੀ। ਇਸ ਰੈਲੀ ’ਚ ਦਾਅਵਿਆਂ ਤੇ ਉਮੀਦਾਂ ਦੇ ਮੁਕਾਬਲੇ ਕਿਤੇ ਘੱਟ ਇਕੱਠ ਹੋਣ ਕਾਰਨ ਉਸ ਨੇ ਜਿਸ ਤਰ੍ਹਾਂ ਕਈ ਸੂਬਿਆਂ ਦੇ 200 ਤੋਂ ਵੱਧ ਅਹੁਦੇਦਾਰਾਂ ਨੂੰ ਮੁਅੱਤਲ ਕਰ ਦਿੱਤਾ, ਉਸ ਤੋਂ ਉਸ ਦੀ ਨਿਰਾਸ਼ਾ ਤੇ ਖਿੱਝ ਹੀ ਸਪੱਸ਼ਟ ਝਲਕਦੀ ਹੈ। ਮੁਅੱਤਲ ਕੀਤੇ ਗਏ ਜ਼ਿਆਦਾਤਰ ਅਹੁਦੇਦਾਰ ਯੂਥ ਕਾਂਗਰਸ ਨਾਲ ਸਬੰਧਤ ਹਨ। ਇਨ੍ਹਾਂ ’ਚ ਸੂਬਾਈ ਯੂਥ ਕਾਂਗਰਸ ਦੇ ਉਪ ਪ੍ਰਧਾਨ, ਜਨਰਲ ਸਕੱਤਰ ਤੇ ਸਕੱਤਰ ਪੱਧਰ ਦੇ ਆਗੂ ਸ਼ਾਮਲ ਹਨ। ਇਨ੍ਹਾਂ ਉੱਤੇ ਗਾਜ਼ ਇਸ ਲਈ ਡਿੱਗੀ, ਕਿਉਂਕਿ ਉਹ ਦਿੱਲੀ ਪਹੁੰਚੇ ਹੀ ਨਹੀਂ। ਰਾਮਲੀਲਾ ਮੈਦਾਨ ’ਚ ਕਾਂਗਰਸ ਦੇ ਨੌਜਵਾਨ ਆਗੂਆਂ ਦੀ ਗ਼ੈਰ-ਹਾਜ਼ਰੀ ਸਿਰਫ਼ ਇਹੀ ਸੰਕੇਤ ਨਹੀਂ ਦੇ ਰਹੀ ਕਿ ਉਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਤੇ ਖ਼ਾਸ ਕਰ ਕੇ ਰਾਹੁਲ ਗਾਂਧੀ ਦੇ ਇਸ ਬਿਰਤਾਂਤ ’ਚ ਕੋਈ ਦਮ ਨਜ਼ਰ ਨਹੀਂ ਆਇਆ ਕਿ ਵੋਟਰ ਸੂਚੀਆਂ ਦੀ ਮੁੜ ਤੀਬਰ ਸੁਧਾਈ ਦੀ ਪ੍ਰਕਿਰਿਆ ਅਰਥਾਤ ਐੱਸਆਈਆਰ ਰਾਹੀਂ ਵੋਟਾਂ ਦੀ ਚੋਰੀ ਕੀਤੀ ਜਾ ਰਹੀ ਹੈ। ਦਿੱਲੀ ’ਚ ਉਨ੍ਹਾਂ ਦੀ ਗ਼ੈਰ-ਹਾਜ਼ਰੀ ਇਹ ਵੀ ਦਰਸਾਉਂਦੀ ਹੈ ਕਿ ਕਾਂਗਰਸ ਦਾ ਨੌਜਵਾਨ ਸੰਗਠਨ ਸੁਸਤ ਤੇ ਉਤਸ਼ਾਹਹੀਣ ਹੈ। ਸੰਭਵ ਹੈ ਕਿ ਇਸ ਦਾ ਕਾਰਨ ਰਾਹੁਲ ਗਾਂਧੀ ਵੱਲੋਂ ਐੱਸਆਈਆਰ ਨੂੰ ਵੋਟਾਂ ਦੀ ਚੋਰੀ ਕਰਾਰ ਦੇ ਕੇ ਬੇਲੋੜੀ ਹਵਾ ਦੇਣਾ ਹੋਵੇ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਾਹੁਲ ਨੇ ਅਜਿਹਾ ਮੁੱਦਾ ਉਠਾਇਆ ਹੋਵੇ, ਜੋ ਆਮ ਲੋਕਾਂ ਦਾ ਧਿਆਨ ਖਿੱਚਣ ’ਚ ਨਾਕਾਮ ਰਿਹਾ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਫੇਲ ਸੌਦੇ ਨੂੰ ਲੈ ਕੇ ‘ਚੌਕੀਦਾਰ ਚੋਰ ਹੈ’ ਦਾ ਨਾਅਰਾ ਘੜਿਆ ਸੀ ਪਰ ਉਹ ਵੀ ਅਸਫਲ ਰਹੇ। ਈਵੀਐੱਮ ਵਿਰੁੱਧ ਮੋਰਚਾ ਖੋਲ੍ਹਣ ਨਾਲ ਵੀ ਉਨ੍ਹਾਂ ਨੂੰ ਕੁਝ ਹਾਸਲ ਨਹੀਂ ਹੋਇਆ। ਉਨ੍ਹਾਂ ਦੇ ਇਸ ਦੋਸ਼ ਦਾ ਵੀ ਲੋਕਾਂ ’ਚ ਕੋਈ ਅਸਰ ਦਿਖਾਈ ਨਹੀਂ ਦਿੱਤਾ ਕਿ ਮੋਦੀ ਸਰਕਾਰ ਸਿਰਫ਼ ਕੁਝ ਕੁ ਉਦਯੋਗਪਤੀਆਂ ਲਈ ਹੀ ਕੰਮ ਕਰ ਰਹੀ ਹੈ। ਰਾਹੁਲ ਗਾਂਧੀ ਤੇ ਉਨ੍ਹਾਂ ਦੇ ਸਾਥੀ ਇਹ ਸਮਝਣ ਲਈ ਤਿਆਰ ਨਹੀਂ ਕਿ ਕਿਸੇ ਬੇਬੁਨਿਆਦ ਮੁੱਦੇ ਨੂੰ ਬੇਲੋੜੀ ਹਵਾ ਦੇਣ ਤੇ ਅਸ਼ਲੀਲ ਭਾਸ਼ਾ ਵਰਤਣ ਨਾਲ ਉਹ ਪ੍ਰਭਾਵਸ਼ਾਲੀ ਮੁੱਦਾ ਨਹੀਂ ਬਣ ਜਾਂਦਾ। ਜਦੋਂ ਕੋਈ ਮੁੱਦਾ ਲੋਕਾਂ ਦਾ ਧਿਆਨ ਖਿੱਚਣ ’ਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਲੈ ਕੇ ਪਾਰਟੀ ਦੇ ਛੋਟੇ-ਵੱਡੇ ਆਗੂਆਂ ਲਈ ਲੋਕਾਂ ਨੂੰ ਆਪਣੇ ਨਾਲ ਜੋੜਨਾ ਔਖਾ ਹੋ ਜਾਂਦਾ ਹੈ। ਕਾਂਗਰਸ ਤੇ ਉਸ ਦੇ ਸਹਿਯੋਗੀ ਦਲਾਂ ਨਾਲ ਵੀ ਇਹੀ ਕੁਝ ਵਾਪਰ ਰਿਹਾ ਹੈ। ਸਮੱਸਿਆ ਇਹ ਹੈ ਕਿ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਣ ਦੀ ਬਜਾਏ ਕਾਂਗਰਸ ਅਤਿਵਾਦੀ ਸੋਚ ਵਾਲੇ ਖੱਬੇ-ਪੱਖੀਆਂ ਤੇ ਅਜਿਹੇ ਲੋਕਾਂ ਨੂੰ ਆਪਣੇ ਨਾਲ ਲੈਣਾ ਪਸੰਦ ਕਰ ਰਹੀ ਹੈ, ਜੋ ਅਰਾਜਕਤਾ ਦੀ ਸਿਆਸਤ ਕਰਨ ਲਈ ਜਾਣੇ ਜਾਂਦੇ ਹਨ। ਹਾਲ ਹੀ ਤੱਕ ਕਾਕਰੋਚ ਜਨਤਾ ਪਾਰਟੀ ਤੋਂ ਦੂਰੀ ਬਣਾਈ ਰੱਖਣ ਵਾਲੀ ਕਾਂਗਰਸ ਨੇ ਦਿੱਲੀ ਦੀ ਆਪਣੀ ਰੈਲੀ ਲਈ ਉਸ ਨੂੰ ਵੀ ਨਾਲ ਲੈਣਾ ਜ਼ਰੂਰੀ ਸਮਝਿਆ। ਇਹ ਉਹ ਸਮੂਹ ਹੈ, ਜਿਸ ’ਤੇ ਵਿਦੇਸ਼ੀ ਸੰਗਠਨਾਂ ਦੇ ਪ੍ਰਭਾਵ ਹੇਠ ਕੰਮ ਕਰਨ ਦੇ ਦੋਸ਼ ਲੱਗਦੇ ਰਹੇ ਹਨ। ਸ਼ਾਇਦ ਇਸੇ ਕਾਰਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਭਾਰਤ ਵਿਰੋਧੀ ਤਾਕਤਾਂ ਨਾਲ ਮਿਲ ਕੇ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੀ ਹੈ। ਬੀਤੇ ਦਿਨੀਂ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਵੀ ਕਿਹਾ ਕਿ ਸੀਜੇਪੀ ਦੇ ਆਗੂਆਂ ਨੂੰ ਵਿਦੇਸ਼ਾਂ ਤੋਂ ਵਿੱਤੀ ਮਦਦ ਮਿਲ ਰਹੀ ਹੈ। ਜੇਕਰ ਅਜਿਹਾ ਕੁਝ ਹੈ ਤਾਂ ਸਿਰਫ਼ ਦੋਸ਼ ਲਾਉਣ ਨਾਲ ਗੱਲ ਨਹੀਂ ਬਣੇਗੀ। ਸਰਕਾਰ ਨੂੰ ਆਪਣੇ ਦੋਸ਼ਾਂ ਦੇ ਸਮਰਥਨ ’ਚ ਤੱਥ ਸਾਹਮਣੇ ਰੱਖਣੇ ਪੈਣਗੇ।