
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਜਦੋਂ ਪਛਾਣ ਦੀ ਰਾਜਨੀਤੀ ਦੇ ਨਾਲ ਰਾਸ਼ਟਰਵਾਦ ਨੂੰ ਮਹੱਤਤਾ ਮਿਲ ਰਹੀ ਹੈ, ਤਾਂ ‘ਵੰਦੇ ਮਾਤਰਮ’ ਨੂੰ ਲੈ ਕੇ ਅਪਣਾਏ ਗਏ ਰੁਖ਼ ਸਬੰਧੀ ਕਾਂਗਰਸ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੇਰੁਜ਼ਗਾਰੀ, ਮਹਿੰਗਾਈ ਜਾਂ ਫਿਰ ਪੇਪਰ ਲੀਕ ਵਰਗੇ ਮੁੱਦਿਆਂ ਦੀ ਤੁਲਨਾ ’ਚ ਰਾਸ਼ਟਰਵਾਦ ਅਤੇ ਪਛਾਣ ਦੀ ਰਾਜਨੀਤੀ ਨਾਲ ਜੁੜੇ ਮੁੱਦੇ ਵਧੇਰੇ ਪ੍ਰਭਾਵਸ਼ਾਲੀ ਰਹਿੰਦੇ ਹਨ। ਲੋਕ ਬੁਨਿਆਦੀ ਸਮੱਸਿਆਵਾਂ ਨਾਲ ਜੁੜੇ ਮੁੱਦਿਆਂ ਬਾਰੇ ਸ਼ਾਇਦ ਇਹ ਸੋਚਣ ਲੱਗ ਪਏ ਹਨ ਕਿ ਇਹ ਸਮੱਸਿਆਵਾਂ ਤਾਂ ਚੱਲਦੀਆਂ ਹੀ ਰਹਿਣਗੀਆਂ।

.jpg)
ਸੰਜੇ ਗੁਪਤ
ਸੰਸਦ ਦੇ ਮਾਨਸੂਨ ਇਜਲਾਸ ’ਚ ਜਿਹੜੇ ਬਿੱਲ ਕਾਨੂੰਨ ਬਣੇ, ਉਨ੍ਹਾਂ ਚੋਂ ਇਕ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਸੰਪੂਰਨ ਗਾਇਨ ਨੂੰ ਮਨਜ਼ੂਰੀ ਦੇਣ ਤੇ ਇਸ ਨੂੰ ਰਾਸ਼ਟਰੀ ਗਾਨ ਦੇ ਬਰਾਬਰ ਕਾਨੂੰਨੀ ਸੁਰੱਖਿਆ ਅਤੇ ਦਰਜਾ ਪ੍ਰਦਾਨ ਕਰਨ ਨਾਲ ਸਬੰਧਤ ਵੀ ਸੀ।
ਜਦੋਂ ਇਸ ਬਿੱਲ ’ਤੇ ਚਰਚਾ ਹੋਈ ਤਾਂ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਸਦਨ ਦਾ ਬਾਈਕਾਟ ਕੀਤਾ। ‘ਵੰਦੇ ਮਾਤਰਮ’ ਦੇ ਦੋ ਦੀ ਥਾਂ ਸਾਰੇ ਛੇ ਅੰਤਰਿਆਂ ਦੇ ਗਾਇਨ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਇਸ ਗੀਤ ਦੇ 150 ਸਾਲ ਪੂਰੇ ਹੋਣ ਦੇ ਮੌਕੇ ’ਤੇ ਕੀਤਾ ਗਿਆ। ਉਦੋਂ ਵੀ ਵਿਵਾਦ ਪੈਦਾ ਹੋਇਆ ਸੀ ਅਤੇ ਇਹ ਇਲਜ਼ਾਮ ਲਗਾਏ ਗਏ ਸਨ ਕਿ ਕਾਂਗਰਸ ਨੇ ਮੁਸਲਿਮ ਲੀਗ ਦੇ ਦਬਾਅ ਹੇਠਾਂ ਆ ਕੇ ਇਸ ਗੀਤ ਦੇ ਸਿਰਫ਼ ਦੋ ਅੰਤਰੇ ਗਾਉਣ ਦਾ ਜੋ ਫ਼ੈਸਲਾ ਕੀਤਾ ਸੀ, ਉਸ ’ਤੇ ਤੁਸ਼ਟੀਕਰਨ ਦੀ ਰਾਜਨੀਤੀ ਤਹਿਤ ਆਜ਼ਾਦੀ ਤੋਂ ਬਾਅਦ ਵੀ ਅਮਲ ਕੀਤਾ ਗਿਆ। ‘ਵੰਦੇ ਮਾਤਰਮ’ ਨੂੰ ਲੈ ਕੇ ਹਾਲ ਹੀ ’ਚ ਵਿਵਾਦ ਉਸ ਵੇਲੇ ਮੁੜ ਉੱਭਰਿਆ, ਜਦੋਂ 15 ਅਗਸਤ ਨੂੰ ਕਾਂਗਰਸ ਦੇ ਮੁੱਖ ਦਫ਼ਤਰ ’ਚ ‘ਵੰਦੇ ਮਾਤਰਮ’ ਦੇ ਸੰਪੂਰਨ ਗਾਇਨ ਨੂੰ ਲੈ ਕੇ ਸੋਨੀਆ ਗਾਂਧੀ ਇਤਰਾਜ਼ ਦਰਜ ਕਰਦੇ ਨਜ਼ਰ ਆਏ। ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਰਾਸ਼ਟਰੀ ਗੀਤ ਦਾ ਨਿਰਾਦਰ ਦੱਸਿਆ। ਬੀਤੇ ਦਿਨੀਂ ਕਾਂਗਰਸੀ ਕਾਰਜਕਾਰੀ ਕਮੇਟੀ ਨੇ ਫ਼ੈਸਲਾ ਕੀਤਾ ਕਿ ਉਹ ‘ਵੰਦੇ ਮਾਤਰਮ’ ਦੇ ਸਾਰੇ ਅੰਤਰਿਆਂ ਦੀ ਥਾਂ ਸਿਰਫ਼ ਦੋ ਅੰਤਰੇ ਹੀ ਗਾਏਗੀ। ਭਾਜਪਾ ਨੇ ਇਸ ਨੂੰ ਦੇਸ਼ਧ੍ਰੋਹ ਕਰਾਰ ਦਿੰਦਿਆਂ ਕਾਂਗਰਸ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਲਪੇਟੇ ਵਿਚ ਲਿਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬੰਕਿਮ ਚੰਦਰ ਚੈਟਰਜੀ ਵੱਲੋਂ ਲਿਖੇ ਗਏ ‘ਵੰਦੇ ਮਾਤਰਮ’ ਨੇ ਆਜ਼ਾਦੀ ਦੀ ਅਲਖ ਜਗਾਉਣ ਦਾ ਕੰਮ ਕੀਤਾ ਸੀ। ਇਕ ਸਮੇਂ ਇਹ ਇੰਨਾ ਹਰਮਨਪਿਆਰਾ ਹੋ ਗਿਆ ਸੀ ਕਿ ਇਸ ਨੂੰ ਦੇਸ਼ ਭਰ ’ਚ ਖ਼ੁਸ਼ੀ-ਖ਼ੁਸ਼ੀ ਅਪਣਾਇਆ ਗਿਆ। ਇਹ ਆਜ਼ਾਦੀ ਘੁਲਾਟੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣਿਆ। ਇਸ ਨੂੰ ਸਮਾਜ ਦੇ ਸਾਰੇ ਵਰਗਾਂ ਨੇ ਤਹਿ-ਦਿਲੋਂ ਸਵੀਕਾਰ ਕੀਤਾ ਹੈ। ਇਸ ਦੇ ਨਾਲ ਹੀ ਆਜ਼ਾਦੀ ਦੀ ਲੜਾਈ ਦੌਰਾਨ ਇਸ ਗੀਤ ਨੂੰ ਬਹੁਤ ਹੀ ਉਤਸ਼ਾਹ ਅਤੇ ਉਮੰਗ ਨਾਲ ਰਾਸ਼ਟਰਵਾਦ ਅਤੇ ਭਾਰਤੀ ਹੋਣ ਦੀ ਪਛਾਣ ਵਜੋਂ ਵੀ ਗਾਇਆ ਜਾਂਦਾ ਸੀ। ਇਸੇ ਕਾਰਨ ਕਾਂਗਰਸ ਨੇ 1876 ਤੋਂ ਆਪਣੇ ਇਜਲਾਸਾਂ ’ਚ ਇਸ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ’ਚ ਮੁਸਲਿਮ ਲੀਗ ਨੇ ‘ਵੰਦੇ ਮਾਤਰਮ’ ਨੂੰ ਲੈ ਕੇ ਹੱਠ-ਧਰਮੀ ਵਾਲਾ ਰੁਖ਼ ਦਿਖਾਉਣਾ ਸ਼ੁਰੂ ਕੀਤਾ। ਉਸ ਨੇ ਕਹਿਣਾ ਸ਼ੁਰੂ ਕੀਤਾ ਕਿ ਇਸ ਗੀਤ ’ਚ ਭਾਰਤ ਨੂੰ ਦੁਰਗਾ, ਲਕਸ਼ਮੀ ਅਤੇ ਸਰਸਵਤੀ ਦੇ ਰੂਪ ’ਚ ਦਰਸਾਇਆ ਗਿਆ ਹੈ ਅਤੇ ਇਸ ਲਈ ਉਸ ਦੇ ਲੋਕ ਇਸ ਦਾ ਗਾਇਨ ਨਹੀਂ ਕਰ ਸਕਦੇ। ਕਾਂਗਰਸ ਦੇ ਵੀ ਕੁਝ ਮੁਸਲਿਮ ਆਗੂਆਂ ਨੇ ਇਸ ਗੀਤ ’ਤੇ ਆਪਣਾ ਇਤਰਾਜ਼ ਜਤਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਕਾਂਗਰਸੀ ਆਗੂਆਂ ਨੇ ਰਬਿੰਦਰਨਾਥ ਟੈਗੋਰ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਇਸ ਗੀਤ ਦੇ ਸਿਰਫ਼ ਦੋ ਅੰਤਰੇ ਗਾਉਣ ਲਈ ਕਿਹਾ।
1937 ਤੋਂ ਕਾਂਗਰਸ ਦੇ ਇਜਲਾਸਾਂ ’ਚ ਅਜਿਹਾ ਹੀ ਕੀਤਾ ਜਾਣ ਲੱਗਾ। ਇਸ ਤੋਂ ਬਾਅਦ ਵੀ ਮੁਸਲਿਮ ਲੀਗ ਦੀ ਇਹ ਜ਼ਿੱਦ ਘੱਟ ਹੋਣ ਦਾ ਨਾਂ ਨਹੀਂ ਸੀ ਲੈ ਰਹੀ ਅਤੇ ਇਸ ਦੇ ਨਤੀਜੇ ਵਜੋਂ ਦੇਸ਼ ਦੀ ਵੰਡ ਹੋਈ। ਸਹੀ ਮਾਅਨੇ ’ਚ ਵੰਡ ਤੋਂ ਬਾਅਦ ‘ਵੰਦੇ ਮਾਤਰਮ’ ਦੇ ਸਾਰੇ ਅੰਤਰਿਆਂ ਨੂੰ ਗਾਉਣ ਦੀ ਪਰੰਪਰਾ ਸਵੀਕਾਰ ਕਰ ਲਈ ਜਾਣੀ ਚਾਹੀਦੀ ਸੀ। ਇਸ ਦੇ ਨਾਲ-ਨਾਲ ਇਹ ਵੀ ਧਿਆਨ ਰਹਿਣਾ ਚਾਹੀਦਾ ਹੈ ਕਿ ਸੰਵਿਧਾਨ ਸਭਾ ’ਚ ਇਸ ਨੂੰ ਰਾਸ਼ਟਰੀ ਗਾਨ ਐਲਾਨਣ ਦੀ ਮੰਗ ਹੋਈ ਸੀ। ਅਜਿਹਾ ਨਹੀਂ ਹੋਇਆ ਪਰ ਇਸ ਦੀ ਮਹੱਤਤਾ ਨੂੰ ਦੇਖਦਿਆਂ ਇਸ ਨੂੰ ਰਾਸ਼ਟਰੀ ਗੀਤ ਦਾ ਦਰਜਾ ਜ਼ਰੂਰ ਮਿਲਿਆ। ‘ਵੰਦੇ ਮਾਤਰਮ’ ਦੇ ਸੰਪੂਰਨ ਗਾਇਨ ਨੂੰ ਮਨਜ਼ੂਰੀ ਅਤੇ ਇਸ ਨੂੰ ਰਾਸ਼ਟਰੀ ਗਾਨ ਵਰਗਾ ਕਾਨੂੰਨੀ ਦਰਜਾ ਦੇਣ ਤੋਂ ਬਾਅਦ ਕਾਂਗਰਸ ਦਾ ਇਹ ਕਹਿਣਾ ਅਜੀਬ ਹੈ ਕਿ ਉਹ ਇਸ ਦੇ ਸਿਰਫ਼ ਦੋ ਹੀ ਅੰਤਰੇ ਹੀ ਗਾਏਗੀ, ਕਿਉਂਕਿ ਇਸੇ 15 ਅਗਸਤ ਨੂੰ ਕਾਂਗਰਸ ਮੁੱਖ ਦਫ਼ਤਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ਦੇ ਆਜ਼ਾਦੀ ਦਿਵਸ ਸਮਾਰੋਹਾਂ ’ਚ ‘ਵੰਦੇ ਮਾਤਰਮ’ ਦਾ ਸੰਪੂਰਨ ਗਾਇਨ ਕੀਤਾ ਗਿਆ ਹੈ। ਹੁਣ ਜਦੋਂ ਉਹ ‘ਵੰਦੇ ਮਾਤਰਮ’ ਦੇ ਸਿਰਫ਼ ਦੋ ਅੰਤਰੇ ਗਾਉਣ ’ਤੇ ਅੜੀ ਹੋਈ ਹੈ ਤਾਂ ਇਸ ਤੋਂ ਇਹੀ ਪਤਾ ਲੱਗਦਾ ਹੈ ਕਿ ਸੋਨੀਆ ਗਾਂਧੀ ਨੇ 15 ਅਗਸਤ ਨੂੰ ਕਾਂਗਰਸ ਦੇ ਮੁੱਖ ਦਫ਼ਤਰ ’ਚ ਇਸ ਦੇ ਸੰਪੂਰਨ ਗਾਇਨ ’ਤੇ ਆਪਣਾ ਇਤਰਾਜ਼ ਪ੍ਰਗਟਾਇਆ ਸੀ। ‘ਵੰਦੇ ਮਾਤਰਮ’ ਦੇ ਸਿਰਫ਼ ਦੋ ਅੰਤਰੇ ਗਾਉਣ ਦੀ ਜ਼ਿੱਦ ਕਰਨਾ ਇਸ ਨਾਲ ਸਬੰਧਤ ਕਾਨੂੰਨ ਨੂੰ ਖੁੱਲ੍ਹੀ ਚੁਣੌਤੀ ਦੇਣ ਦੇ ਬਰਾਬਰ ਹੈ। ਦੂਜੇ ਪਾਸੇ ਕਾਂਗਰਸ ਅਜਿਹਾ ਕਰਦਿਆਂ ਦੇਸ਼-ਪੱਧਰੀ ਵਿਰੋਧ ਦਾ ਵੀ ਸਾਹਮਣਾ ਕਰ ਰਹੀ ਹੈ। ‘ਵੰਦੇ ਮਾਤਰਮ’ ’ਤੇ ਕਾਂਗਰਸ ਨੇ ਆਪਣੇ ਰੁਖ਼ ਦੀ ਨੁਮਾਇਸ਼ ਕਰਕੇ ਭਾਰਤੀ ਜਨਤਾ ਪਾਰਟੀ ਦੇ ਹੱਥ ਇੱਕ ਮੁੱਦਾ ਫੜਾ ਦਿੱਤਾ ਹੈ। ਉਹ ਇਸ ਮਾਮਲੇ ’ਤੇ ਕਾਂਗਰਸ ਨੂੰ ਘੇਰਨ ਦਾ ਹਰ ਹੀਲੇ ਵਿਰੋਧ ਨਾਲ ਭਰਿਆ ਕੰਮ ਜ਼ਰੂਰ ਕਰੇਗੀ। ਇਸ ਨਾਲ ਉਸ ਨੂੰ ਸਿਆਸੀ ਲਾਭ ਹੋ ਸਕਦਾ ਹੈ, ਕਿਉਂਕਿ ਕਾਂਗਰਸ ਇਕ ਵਾਰ ਫਿਰ ਤੁਸ਼ਟੀਕਰਨ ਦੀ ਰਾਜਨੀਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਦੂਜੇ ਪਾਸੇ, ਇਸ ਗੱਲ ਨੂੰ ਵੀ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਕਿ ਕੇਰਲ ’ਚ ਮੁਸਲਿਮ ਲੀਗ ਦੇ ਸਮਰਥਨ ਨਾਲ ਸਰਕਾਰ ਚਲਾ ਰਹੀ ਕਾਂਗਰਸ ਦੀ ਸਰਕਾਰ ਨੇ 15 ਅਗਸਤ ਦੇ ਸਮਾਰੋਹ ’ਚ ‘ਵੰਦੇ ਮਾਤਰਮ’ ਦਾ ਗਾਇਨ ਨਹੀਂ ਕਰਵਾਇਆ। ਜੇਕਰ ਕਾਂਗਰਸ ‘ਵੰਦੇ ਮਾਤਰਮ’ ਦੇ ਸੰਪੂਰਨ ਗਾਇਨ ਤੋਂ ਇਨਕਾਰ ਕਰਦੀ ਰਹੀ ਤਾਂ ਭਾਜਪਾ ਇਸ ਨੂੰ ਸਿਆਸੀ ਮੁੱਦਾ ਬਣਾਉਣ ਤੋਂ ਕਿਸੇ ਵੀ ਤਰੀਕ ਨਾਲ ਪਿੱਛੇ ਹਟਣ ਵਾਲੀ ਨਹੀਂ। ‘ਵੰਦੇ ਮਾਤਰਮ’ ਰਾਸ਼ਟਰਵਾਦ ਅਤੇ ਖ਼ਾਸ ਤੌਰ ’ਤੇ ਸੱਭਿਆਚਾਰਕ ਰਾਸ਼ਟਰਵਾਦ ਦਾ ਪ੍ਰਤੀਕ ਅਤੇ ਪਛਾਣ ਹੈ। ਭਾਜਪਾ ਅਜਿਹੇ ਪ੍ਰਤੀਕਾਂ ਪ੍ਰਤੀ ਹਮੇਸ਼ਾ ਮੁਖਰ ਰਹੀ ਹੈ। ਤੱਥ ਇਹ ਵੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੱਭਿਆਚਾਰਕ ਰਾਸ਼ਟਰਵਾਦ ਨੂੰ ਬਲ ਮਿਲਿਆ ਹੈ। ਇਸ ਦੇ ਨਾਲ ਹੀ ਪਛਾਣ ਦੀ ਰਾਜਨੀਤੀ ਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕੀਤਾ ਹੈ। ਸਿਆਸੀ ਪਾਰਟੀਆਂ ਆਪਣੇ-ਆਪਣੇ ਹਿਸਾਬ ਨਾਲ ਇਸ ਰਾਜਨੀਤੀ ਨੂੰ ਹਵਾ ਵੀ ਦਿੰਦੀਆਂ ਹਨ। ਇਸੇ ਕਾਰਨ ਅਜਿਹੇ ਮੁੱਦੇ ਹਮੇਸ਼ਾ ਦੇਸ਼-ਪੱਧਰ ’ਤੇ ਤੂਲ ਵੀ ਫੜਦੇ ਹਨ, ਜੋ ਜਾਤ-ਪਾਤ ਜਾਂ ਭਾਸ਼ਾ ਅਤੇ ਧਰਮ ਨਾਲ ਜੁੜੇ ਹੁੰਦੇ ਹਨ। ਕਾਂਗਰਸ ਲਈ ਰਾਸ਼ਟਰਵਾਦ ਦੇ ਪ੍ਰਤੀਕਾਂ ’ਤੇ ਭਾਜਪਾ ਨੂੰ ਚੁਣੌਤੀ ਦੇਣਾ ਆਸਾਨ ਨਹੀਂ, ਕਿਉਂਕਿ ਉਹ ਪਿਛਲੇ ਕੁਝ ਸਮੇਂ ਤੋਂ ਰਾਸ਼ਟਰਵਾਦ ਦੀ ਥਾਂ ਘੱਟਗਿਣਤੀਆਂ ਦੇ ਤੁਸ਼ਟੀਕਰਨ ਦੀ ਰਾਜਨੀਤੀ ’ਤੇ ਵਧੇਰੇ ਜ਼ੋਰ ਦੇ ਰਹੀ ਹੈ। ਇਸ ਨਾਲ ਉਸ ਨੂੰ ਨੁਕਸਾਨ ਹੋ ਸਕਦਾ ਹੈ, ਕਿਉਂਕਿ ਭਾਜਪਾ ਨੂੰ ਕਾਂਗਰਸ ਦੀ ਮੁਸਲਿਮ ਤੁਸ਼ਟੀਕਰਨ ਦੀ ਰਾਜਨੀਤੀ ਦੇ ਜਵਾਬ ’ਚ ਹਿੰਦੂਆਂ ਦਾ ਧਰੁਵੀਕਰਨ ਕਰਨ ’ਚ ਆਸਾਨੀ ਹੋਵੇਗੀ। ਅੱਜ ਜਦੋਂ ਪਛਾਣ ਦੀ ਰਾਜਨੀਤੀ ਦੇ ਨਾਲ ਰਾਸ਼ਟਰਵਾਦ ਨੂੰ ਮਹੱਤਤਾ ਮਿਲ ਰਹੀ ਹੈ, ਤਾਂ ‘ਵੰਦੇ ਮਾਤਰਮ’ ਨੂੰ ਲੈ ਕੇ ਅਪਣਾਏ ਗਏ ਰੁਖ਼ ਸਬੰਧੀ ਕਾਂਗਰਸ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੇਰੁਜ਼ਗਾਰੀ, ਮਹਿੰਗਾਈ ਜਾਂ ਫਿਰ ਪੇਪਰ ਲੀਕ ਵਰਗੇ ਮੁੱਦਿਆਂ ਦੀ ਤੁਲਨਾ ’ਚ ਰਾਸ਼ਟਰਵਾਦ ਅਤੇ ਪਛਾਣ ਦੀ ਰਾਜਨੀਤੀ ਨਾਲ ਜੁੜੇ ਮੁੱਦੇ ਵਧੇਰੇ ਪ੍ਰਭਾਵਸ਼ਾਲੀ ਰਹਿੰਦੇ ਹਨ। ਲੋਕ ਬੁਨਿਆਦੀ ਸਮੱਸਿਆਵਾਂ ਨਾਲ ਜੁੜੇ ਮੁੱਦਿਆਂ ਬਾਰੇ ਸ਼ਾਇਦ ਇਹ ਸੋਚਣ ਲੱਗ ਪਏ ਹਨ ਕਿ ਇਹ ਸਮੱਸਿਆਵਾਂ ਤਾਂ ਚੱਲਦੀਆਂ ਹੀ ਰਹਿਣਗੀਆਂ। ਇਨ੍ਹਾਂ ਮੁੱਦਿਆਂ ਦੀ ਥਾਂ ਉਹ ਭਾਵਨਾਤਮਕ ਮੁੱਦਿਆਂ ’ਤੇ ਵਧੇਰੇ ਮੁਖਰ ਅਤੇ ਸਰਗਰਮ ਰਹਿੰਦੇ ਹਨ। ਕਾਂਗਰਸ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬੀਤਿਆ ਇਕ ਦਹਾਕਾ ਇਹੀ ਦੱਸਦਾ ਹੈ ਕਿ ਰਾਸ਼ਟਰਵਾਦ ਦੇ ਮੁੱਦਿਆਂ ’ਤੇ ਭਾਜਪਾ ਦੀ ਮੁਖਰ ਰਾਜਨੀਤੀ ਉਸ ਨੂੰ ਸਿਆਸੀ ਸਫ਼ਲਤਾ ਦਿਵਾਉਣ ’ਚ ਸਹਾਇਕ ਬਣੀ ਹੈ। ਕਾਂਗਰਸ ਦੀ ਸਮੱਸਿਆ ਇਹ ਹੈ ਕਿ ਉਹ ਰੋਜ਼ਾਨਾ ਜ਼ਿੰਦਗੀ ਨਾਲ ਜੁੜੇ ਭਖਦੇ ਮੁੱਦੇ ਤਾਂ ਜ਼ੋਰ-ਸ਼ੋਰ ਨਾਲ ਉਠਾਉਂਦੀ ਹੈ, ਪਰ ਉਹ ਉਨ੍ਹਾਂ ’ਤੇ ਕਾਇਮ ਨਹੀਂ ਰਹਿ ਪਾਉਂਦੀ ਅਤੇ ਨਾ ਹੀ ਕੋਈ ਮਜ਼ਬੂਤ ਬਿਰਤਾਂਤ ਖੜ੍ਹਾ ਕਰ ਪਾਉਂਦੀ ਹੈ। ਫਿਲਹਾਲ ਦਿੱਲੀ ਤੇ ਮੁਲਕ ਦੇ ਹੋਰ ਹਿੱਸਿਆਂ ਵਿਚ ਵਿਦਿਆਰਥੀਆਂ ਦੇ ਮੁੱਦਿਆਂ ’ਤੇ ਕਾਂਗਰਸ ਸੌ ਸ਼ਹਿਰਾਂ ’ਚ ‘ਵਿਦਿਆਰਥੀਆਂ ਦੀ ਗੂੰਜ’ ਮੁਹਿੰਮ ਚਲਾ ਰਹੀ ਹੈ। ਇਹ ਦਿੱਲੀ ਵਿਚ ਕਾਕਰੋਚ ਜਨਤਾ ਪਾਰਟੀ ਯਾਨੀ ਕਿ ਸੀਜੇਪੀ ਦੇ ਅੰਦੋਲਨ ਦਾ ਨਤੀਜਾ ਹੈ। ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਮੁੱਦੇ ਰਾਜਨੀਤੀ ’ਚ ਇਕ ਅਹਿਮ ਹਿੱਸਾ ਰੱਖਦੇ ਹਨ, ਪਰ ਉਹ ਰਾਸ਼ਟਰਵਾਦ ਨਾਲ ਜੁੜੇ ਮੁੱਦਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਸਾਬਤ ਹੁੰਦੇ ਹਨ ਜਾਂ ਨਹੀਂ, ਇਸ ਦਾ ਪਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲੱਗੇਗਾ।