- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕਾਂਗਰਸ ਦੇ ਅੰਦਰੂਨੀ ਜਥੇਬੰਦਕ ਫੇਰਬਦਲ ਨੇ ਇਕ ਵਾਰ ਫਿਰ ਪਾਰਟੀ ਦੇ ਉਸ ਪੁਰਾਣੇ ਰੋਗ ਨੂੰ ਹਵਾ ਦੇ ਦਿੱਤੀ ਹੈ, ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਅਰਸ਼ ਤੋਂ ਫਰਸ਼ ’ਤੇ ਲਿਆ ਸੁੱਟਿਆ ਸੀ। ਕਾਂਗਰਸ ਹਾਈ ਕਮਾਂਡ ਵੱਲੋਂ ਸੂਬਾ ਇਕਾਈ ਦੇ ਢਾਂਚੇ ਵਿਚ ਕੀਤੇ ਗਏ ਤਾਜ਼ਾ ਬਦਲਾਅ ਅਤੇ ਕਮੇਟੀਆਂ ਦੇ ਗਠਨ ਨੇ ਧੜੇਬੰਦੀ ਨੂੰ ਖ਼ਤਮ ਕਰਨ ਦੀ ਬਜਾਏ ਬਗ਼ਾਵਤ ਦੇ ਸੁਰਾਂ ਨੂੰ ਹੋਰ ਤਿੱਖਾ ਕਰ ਦਿੱਤਾ ਹੈ।

ਪੰਜਾਬ ਕਾਂਗਰਸ ਦੇ ਅੰਦਰੂਨੀ ਜਥੇਬੰਦਕ ਫੇਰਬਦਲ ਨੇ ਇਕ ਵਾਰ ਫਿਰ ਪਾਰਟੀ ਦੇ ਉਸ ਪੁਰਾਣੇ ਰੋਗ ਨੂੰ ਹਵਾ ਦੇ ਦਿੱਤੀ ਹੈ, ਜਿਸ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਅਰਸ਼ ਤੋਂ ਫਰਸ਼ ’ਤੇ ਲਿਆ ਸੁੱਟਿਆ ਸੀ। ਕਾਂਗਰਸ ਹਾਈ ਕਮਾਂਡ ਵੱਲੋਂ ਸੂਬਾ ਇਕਾਈ ਦੇ ਢਾਂਚੇ ਵਿਚ ਕੀਤੇ ਗਏ ਤਾਜ਼ਾ ਬਦਲਾਅ ਅਤੇ ਕਮੇਟੀਆਂ ਦੇ ਗਠਨ ਨੇ ਧੜੇਬੰਦੀ ਨੂੰ ਖ਼ਤਮ ਕਰਨ ਦੀ ਬਜਾਏ ਬਗ਼ਾਵਤ ਦੇ ਸੁਰਾਂ ਨੂੰ ਹੋਰ ਤਿੱਖਾ ਕਰ ਦਿੱਤਾ ਹੈ। ਮੋਰਿੰਡਾ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ’ਤੇ ਅਸੰਤੁਸ਼ਟ ਸੀਨੀਅਰ ਆਗੂਆਂ ਅਤੇ ਸਾਬਕਾ ਮੰਤਰੀਆਂ ਦਾ ਲਗਾਤਾਰ ਜੁੜਨਾ ਅਤੇ ਦੂਜੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਦੀ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਪਾਰਟੀ ਦੇ ਅੰਦਰ ਡੂੰਘੀ ਹਲਚਲ ਅਤੇ ਬੇਚੈਨੀ ਦਾ ਸਪਸ਼ਟ ਸੰਕੇਤ ਹਨ। ਜਥੇਬੰਦਕ ਫੇਰਬਦਲ ਵਿਚ ਹਾਈ ਕਮਾਂਡ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਅਹੁਦਿਆਂ ’ਤੇ ਬਰਕਰਾਰ ਰੱਖ ਕੇ ਸਥਿਰਤਾ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਇਹ ਫ਼ੈਸਲਾ ਕਈ ਵੱਡੇ ਆਗੂਆਂ ਦੇ ਸਿਆਸੀ ਹਿੱਤਾਂ ਅਤੇ ਇੱਛਾਵਾਂ ਨੂੰ ਰਾਸ ਨਹੀਂ ਆਇਆ। ਚਰਨਜੀਤ ਚੰਨੀ, ਜੋ ਜਲੰਧਰ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਸੂਬਾ ਪ੍ਰਧਾਨਗੀ ਦੇ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਉੱਭਰੇ ਸਨ, ਨੂੰ ਮਹਿਜ਼ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾ ਕੇ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਨਵੀਆਂ ਕਮੇਟੀਆਂ ਵਿਚ ਸ਼ਾਮਲ ਆਗੂਆਂ ਵੱਲੋਂ ਹਾਈ ਕਮਾਂਡ ਦਾ ਜਨਤਕ ਤੌਰ ’ਤੇ ਧੰਨਵਾਦ ਨਾ ਕਰਨਾ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਵਰਗੇ ਸੀਨੀਅਰ ਨੇਤਾਵਾਂ ਵੱਲੋਂ ਮੌਜੂਦਾ ਪ੍ਰਧਾਨ ਦੀ ਅਗਵਾਈ ਹੇਠ ਕੰਮ ਕਰਨ ਤੋਂ ਸਾਫ਼ ਇਨਕਾਰ ਕਰਨਾ ਇਹ ਦਰਸਾਉਂਦਾ ਹੈ ਕਿ ਅਨੁਸ਼ਾਸਨ ਦਾ ਪੱਧਰ ਕਿੱਥੋਂ ਤੱਕ ਡਿੱਗ ਚੁੱਕਾ ਹੈ, ਜਿਸ ਕਾਰਨ ਹਾਈ ਕਮਾਂਡ ਦਾ ਇਹ ਫਾਰਮੂਲਾ ਬੁਰੀ ਤਰ੍ਹਾਂ ਫੇਲ੍ਹ ਹੁੰਦਾ ਨਜ਼ਰ ਆ ਰਿਹਾ ਹੈ।
ਇਸੇ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਦੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਨੇ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਹਾਲਾਂਕਿ, ਰੰਧਾਵਾ ਨੇ ਇਸ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੀ ਸੁਰੱਖਿਆ ਤੇ ਕਾਨੂੰਨ- ਵਿਵਸਥਾ ਨਾਲ ਜੁੜਿਆ ਇਕ ਗ਼ੈਰ-ਸਿਆਸੀ ਮੁੱਦਾ ਦੱਸ ਕੇ ਅਟਕਲਾਂ ਨੂੰ ਖ਼ਾਰਜ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੌਜੂਦਾ ਸਿਆਸੀ ਮਾਹੌਲ ਵਿਚ ਅਜਿਹੀਆਂ ਮੁਲਾਕਾਤਾਂ ਦੇ ਕਈ ਮਾਅਨੇ ਕੱਢੇ ਜਾਂਦੇ ਹਨ। ਖ਼ਾਸ ਤੌਰ ’ਤੇ ਉਦੋਂ ਜਦੋਂ ਉਹ ਆਪਣੀ ਹੀ ਪਾਰਟੀ ਦੇ ਅੰਦਰੂਨੀ ਘਟਨਾਕ੍ਰਮ ’ਤੇ ਚੁੱਪੀ ਧਾਰ ਕੇ ਇਹ ਕਹਿ ਰਹੇ ਹੋਣ ਕਿ ਉਹ ਸਿਰਫ਼ ਦਿੱਲੀ ਵਿਚ ਮਿਲੀ ਜ਼ਿੰਮੇਵਾਰੀ ਨਿਭਾ ਰਹੇ ਹਨ।
ਕਾਂਗਰਸ ਲਈ ਅਸਲ ਚੁਣੌਤੀ ਇਹ ਹੈ ਕਿ ਉਹ ਸੂਬੇ ਵਿਚ ਮੁੱਖ ਵਿਰੋਧੀ ਧਿਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਦੀਆਂ ਨਾਕਾਮੀਆਂ ’ਤੇ ਉਸ ਨੂੰ ਘੇਰਨ ਦੀ ਬਜਾਏ ਖ਼ੁਦ ਨੂੰ ਸੰਭਾਲਣ ਵਿਚ ਹੀ ਉਲਝੀ ਹੋਈ ਹੈ। ਮੋਰਿੰਡਾ ਦੀ ਮੀਟਿੰਗ ਵਿਚ ਹਾਈ ਕਮਾਂਡ ਤੱਕ ਪਹੁੰਚ ਕਰਨ ਲਈ ਬਣਾਈ ਗਈ ਵਿਸ਼ੇਸ਼ ਕਮੇਟੀ ਭਾਵੇਂ ਇਹ ਦਾਅਵਾ ਕਰ ਰਹੀ ਹੈ ਕਿ ਉਹ ‘ਆਪ’ ਨੂੰ ਹਰਾਉਣ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਇਹ ਅਹੁਦਿਆਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੀ ਲੀਡਰਸ਼ਿਪ ਵਿਚ ਪੈਦਾ ਹੋਈ ਅੰਦਰੂਨੀ ਖਿੱਚੋਤਾਣ ਦਾ ਨਤੀਜਾ ਹੈ।
ਕਾਂਗਰਸ ਹਾਈ ਕਮਾਂਡ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਪੰਜਾਬ ਵਰਗੇ ਸਿਆਸੀ ਤੌਰ ’ਤੇ ਸੰਵੇਦਨਸ਼ੀਲ ਸੂਬੇ ਵਿਚ ਸਿਰਫ਼ ਕਮੇਟੀਆਂ ਬਣਾ ਕੇ ਜਾਂ ਨਾਰਾਜ਼ ਆਗੂਆਂ ਨੂੰ ਅਹੁਦਿਆਂ ਦੀਆਂ ਰਿਓੜੀਆਂ ਵੰਡ ਕੇ ਅੰਦਰੂਨੀ ਬਗ਼ਾਵਤ ਨੂੰ ਨਹੀਂ ਦਬਾਇਆ ਜਾ ਸਕਦਾ। ਜੇ ਪਾਰਟੀ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰਨੀ ਹੈ ਤਾਂ ਹਾਈ ਕਮਾਂਡ ਨੂੰ ਸਖ਼ਤ ਫ਼ੈਸਲੇ ਲੈਣੇ ਪੈਣਗੇ ਅਤੇ ਸਾਰੇ ਧੜਿਆਂ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਲਈ ਮਜ਼ਬੂਤ ਕਰਨਾ ਪਵੇਗਾ। ਨਹੀਂ ਤਾਂ, ਇਤਿਹਾਸ ਗਵਾਹ ਹੈ ਕਿ ਅੰਦਰੂਨੀ ਫੁੱਟ ਨੇ ਹਮੇਸ਼ਾ ਕਾਂਗਰਸ ਦੀ ਬਣੀ-ਬਣਾਈ ਖੇਡ ਨੂੰ ਹੀ ਵਿਗਾੜਿਆ ਹੈ।